ਦੂਖਾ ਤੇ ਸੁਖ ਊਪਜਹਿ ਸੂਖੀ ਹੋਵਹਿ ਦੂਖ ॥ ਪੀੜ ਤੋਂ ਖੁਸ਼ੀ ਉਤਪੰਨ ਹੁੰਦੀ ਹੈ ਅਤੇ ਖੁਸ਼ੀ ਮਗਰੋ ਪੀੜ ਆਉਂਦੀ ਹੈ। ਜਿਤੁ ਮੁਖਿ ਤੂ ਸਾਲਾਹੀਅਹਿ ਤਿਤੁ ਮੁਖਿ ਕੈਸੀ ਭੂਖ ॥੩॥ ਜਿਸ ਮੂੰਹ ਨਾਲ ਤੇਰਾ ਜੱਸ ਕੀਤਾ ਜਾਂਦਾ ਹੈ, ਉਸ ਮੂੰਹ ਵਿੱਚ ਕਿਹੜੀ ਭੁਖ ਰਹਿ ਸਕਦੀ ਹੈ? ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ ॥ ਕੇਵਲ ਤੂੰ ਹੀ ਬੇਸਮਝ ਹੈ, ਹੇ ਨਾਨਕ! ਸ਼੍ਰੇਸ਼ਟ ਹੈ ਬਾਕੀ ਦੀ ਦੁਨੀਆਂ। ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ ॥੪॥੨॥ ਜਿਸ ਦੇਹ ਦੇ ਅੰਦਰ ਨਾਮ ਉਤਪੰਨ ਨਹੀਂ ਹੁੰਦਾ ਅਵਾਜ਼ਾਰ ਹੋ ਜਾਂਦੀ ਹੈ ਉਹ ਦੇਹ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ ॥ ਜਿਸ ਦੇ ਵਾਸਤੇ ਬ੍ਰਹਮੇ ਨੇ ਵੇਦ ਉਚਾਰਨ ਕੀਤੇ ਅਤੇ ਸ਼ਿਵਜੀ ਨੇ ਮੋਹਨੀ ਦਾ ਤਿਆਗ ਕੀਤਾ। ਜੈ ਕਾਰਣਿ ਸਿਧ ਭਏ ਉਦਾਸੀ ਦੇਵੀ ਮਰਮੁ ਨ ਪਾਇਆ ॥੧॥ ਜਿਸ ਦੀ ਖਾਤਰ ਪੂਰਨ ਪੁਰਸ਼ ਤਿਆਗੀ ਹੋ ਗਏ ਅਤੇ ਜਿਸ ਦੇ ਭੇਤ ਦਾ ਦੇਵਤਿਆਂ ਨੂੰ ਭੀ ਪਤਾ ਨਹੀਂ ਲੱਗਾ। ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥ ਹੇ ਪਿਤਾ! ਉਸ ਸੱਚੇ ਸਾਈਂ ਨੂੰ ਤੂੰ ਆਪਣੇ ਹਿਰਦੇ ਅੰਦਰ ਟਿਕਾ, ਆਪਣੇ ਮੂੰਹ ਨਾਲ ਤੂੰ ਉਸ ਸੱਚੇ ਸਾਈਂ ਦੇ ਨਾਮ ਨੂੰ ਉਚਾਰ ਅਤੇ ਉਸ ਸੱਚੇ ਸਾਈਂ ਦੇ ਰਾਹੀਂ ਤੂੰ ਪਾਰ ਉਤਰ ਜਾਵੇਗਾ। ਦੁਸਮਨੁ ਦੂਖੁ ਨ ਆਵੈ ਨੇੜੈ ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥ ਵੈਰੀ ਅਤੇ ਪੀੜ ਤੇਰੇ ਲਾਗੇ ਨਹੀਂ ਲਗਣਗੇ। ਕੋਈ ਵਿਰਲਾ ਜਣਾ ਹੀ ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੁੰਦਾ ਹੈ। ਠਹਿਰਾਉ। ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥ ਸੰਸਾਰ ਅੱਗ, ਪਾਣੀ ਅਤੇ ਹਵਾ ਦਾ ਬਣਿਆ ਹੋਇਆ ਹੈ ਅਤੇ ਇਹ ਤਿੰਨੇ ਹੀ ਪ੍ਰਭੂ ਦੇ ਨਾਮ ਦੇ ਗੋਲੇ ਹਨ। ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ ॥੨॥ ਜੋ ਪ੍ਰਭੂ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਉਹ ਉਸ ਚੋਰ ਸਮਾਨ ਹੈ ਜੋ ਪੰਜ ਖਾਹਿਸ਼ਾਂ (ਕਾਮ ਕ੍ਰੋਧ ਲੋਭ ਮੋਹ ਹੰਕਾਰ) ਦੇ ਕਿਲ੍ਹੇ ਵਿੱਚ ਫਸਿਆ ਹੋਇਆ ਹੈ। ਜੇ ਕੋ ਏਕ ਕਰੈ ਚੰਗਿਆਈ ਮਨਿ ਚਿਤਿ ਬਹੁਤੁ ਬਫਾਵੈ ॥ ਜੇਕਰ ਕੋਈ ਜਣਾ ਕਿਸੇ ਨਾਲ ਇਕ ਨੇਕੀ ਕਰੇ, ਤਾਂ ਉਹ ਆਪਣੇ ਮਨੂਏ ਤੇ ਦਿਲ ਅੰਦਰ ਘਣੇਰਾ ਹੀ ਫੁਲਿਆ ਫਿਰਦਾ ਹੈ। ਏਤੇ ਗੁਣ ਏਤੀਆ ਚੰਗਿਆਈਆ ਦੇਇ ਨ ਪਛੋਤਾਵੈ ॥੩॥ ਪਰ ਤੂੰ ਹੇ ਸਾਈਂ! ਜੋ ਐਨੀਆਂ ਨੇਕੀਆਂ ਅਤੇ ਭਲਿਆਈਆਂ ਬਖਸ਼ਦਾ ਹੈ, ਪਸ਼ਚਾਤਾਪ ਨਹੀਂ ਕਰਦਾ। ਤੁਧੁ ਸਾਲਾਹਨਿ ਤਿਨ ਧਨੁ ਪਲੈ ਨਾਨਕ ਕਾ ਧਨੁ ਸੋਈ ॥ ਹੇ ਪ੍ਰਭੂ! ਜੋ ਤੇਰਾ ਜੱਸ ਕਰਦੇ ਹਨ, ਉਨ੍ਹਾਂ ਦੀ ਝੋਲੀ ਵਿੱਚ ਤੇਰੇ ਨਾਮ ਦਾ ਪਦਾਰਥ ਪੈ ਜਾਂਦਾ ਹੈ। ਤੇਰੇ ਉਹ ਨਾਮ ਦੀ ਨਾਨਕ ਦਾ ਮਾਲ-ਧਨ ਹੈ। ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ ॥੪॥੩॥ ਜੇਕਰ ਕੋਈ ਜਣਾ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ, ਤਦ ਮੌਤ ਦਾ ਦੂਤ ਉਸ ਨੂੰ ਪੁਛ-ਗਿਤ ਲਈ ਨਹੀਂ ਬੁਲਾਉਂਦਾ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਜਾ ਕੈ ਰੂਪੁ ਨਾਹੀ ਜਾਤਿ ਨਾਹੀ ਨਾਹੀ ਮੁਖੁ ਮਾਸਾ ॥ ਜਿਸ ਦਾ ਕੋਈ ਸਰੂਪ ਨਹੀਂ, ਜਾਤੀ ਨਹੀਂ, ਨਾਂ ਹੀ ਮੂੰਹ ਅਤੇ ਮਾਸ ਹੈ; ਸਤਿਗੁਰਿ ਮਿਲੇ ਨਿਰੰਜਨੁ ਪਾਇਆ ਤੇਰੈ ਨਾਮਿ ਹੈ ਨਿਵਾਸਾ ॥੧॥ ਸੱਚੇ ਗੁਰਾਂ ਨਾਲ ਮਿਲ ਕੇ, ਮੈਂ ਉਸ ਪਵਿੱਤਰ ਪ੍ਰਭੂ ਨੂੰ ਪਾ ਲਿਆ ਹੈ। ਮੈਂ ਹੁਣ ਸਦਾ ਹੀ ਤੈਡੇ ਅੰਦਰ ਵਸਦਾ ਹਾਂ, ਹੇ ਮੇਰੇ ਵਾਹਿਗੁਰੂ! ਅਉਧੂ ਸਹਜੇ ਤਤੁ ਬੀਚਾਰਿ ॥ ਹੇ ਵਿਰਕਤ ਯੋਗੀ! ਤੂੰ ਅਡੋਲਤਾ ਦੀ ਅਵਸਥਾ ਅੰਦਰ ਅਸਲੀਅਤ ਦੀ ਸੋਚ ਵਿਚਾਰ ਕਰ, ਜਾ ਤੇ ਫਿਰਿ ਨ ਆਵਹੁ ਸੈਸਾਰਿ ॥੧॥ ਰਹਾਉ ॥ ਜਿਸ ਦੁਆਰਾ ਤੂੰ ਮੁੜ ਕੇ ਜਗਤ ਅੰਦਰ ਨਹੀਂ ਆਵੇਗਾ। ਠਹਿਰਾਉ। ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ ॥ ਜੇ ਕੋਈ ਚੰਗੇ ਅਮਲ ਨਾਂ ਕਰਦਾ ਹੋਵੇ, ਧਰਮ ਕਰਮ ਵਿੱਚ ਰੁਚੀ ਨਾਂ ਰਖਦਾ ਹੋਵੇ, ਨਾਂ ਪਵਿੱਤ੍ਰ ਤਸਬੀਹ ਦੁਆਰਾ ਅਕਾਲ ਪੁਰਖ ਦਾ ਜਾਪ ਕਰਦਾ ਹੋਵੇ, ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ ॥੨॥ ਜੇ ਉਹ ਵੀ ਸੱਚੇ ਗੁਰੂ ਰਖਿਅਕ ਦੀ ਸ਼ਰਣਾਗਤ ਅੰਦਰ ਆ ਜਾਵੇ ਤਾਂ ਉਹ ਵੀ ਉਸ ਤੋਂ ਯਥਾਰਥ ਸਮਝ ਅਤੇ ਪ੍ਰਭੂ ਦੇ ਦੀਦਾਰ ਦੀ ਬਖਸ਼ਸ਼ ਪ੍ਰਾਪਤ ਕਰ ਲੈਂਦਾ ਹੈ। ਜਾ ਕੈ ਬਰਤੁ ਨਾਹੀ ਨੇਮੁ ਨਾਹੀ ਨਾਹੀ ਬਕਬਾਈ ॥ ਜੋ ਰੋਜ਼ਾ ਨਹੀਂ ਰਖਦਾ, ਜਿਸ ਦੀ ਕੋਈ ਧਾਰਮਕ ਕ੍ਰਿਆ ਨਹੀਂ ਨਾਂ ਹੀ ਜੋ ਰੱਬ ਦਾ ਨਾਂ ਬੋਲਦਾ ਹੈ; ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥੩॥ ਸੱਚੇ ਗੁਰੂ ਦੀ ਸਿਖਮਤ ਦੁਆਰਾ ਉਹ ਵੀ ਆਪਣੇ ਚੰਗੇ ਯਾ ਮੰਦੇ ਅੰਤ ਤੋਂ ਨਿਸਚਿੰਤ ਹੋ ਜਾਂਦਾ ਹੈ। ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ ॥ ਜੋ ਨਾਂ ਉਮੈਦ ਤੇ ਨਾਂ ਹੀ ਬੇ-ਉਮੈਦੀ ਅੰਦਰ ਵਸਦਾ ਹੈ ਤੇ ਉਸ ਮਨ ਅਤੇ ਸਮਝ ਨੂੰ ਸੁਧਾਰ ਲਿਆ ਹੈ, ਤੰਤ ਕਉ ਪਰਮ ਤੰਤੁ ਮਿਲਿਆ ਨਾਨਕਾ ਬੁਧਿ ਪਾਈ ॥੪॥੪॥ ਉਸ ਦੀ ਮੁਨਸ਼ੀ ਆਤਮਾ ਉਸ ਮਹਾਨ ਆਤਮਾ ਨਾਲ ਮਿਲ ਜਾਂਦੀ ਹੈ, ਹੇ ਨਾਨਕ, ਜਿਸ ਨੇ ਗੁਰੂ ਜੀ ਤੋਂ ਪ੍ਰਾਪਤ ਕੀਤੀ ਯਥਾਰਥ ਸਮਝ ਦੁਆਰਾ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਤਾ ਕਾ ਕਹਿਆ ਦਰਿ ਪਰਵਾਣੁ ॥ ਕੇਵਲ ਉਸ ਦਾ ਆਖਿਆ ਹੀ ਪ੍ਰਭੂ ਦੇ ਦਰਬਾਰ ਅੰਦਰ ਕਬੂਲ ਪੈਦਾ ਹੈ, ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥੧॥ ਜੋ ਜ਼ਹਿਰ ਅਤੇ ਸੁਧਾਰਸ ਦੋਨਾਂ ਨੂੰ ਇਕ ਸਮਾਨ ਸਮਝਦਾ ਹੈ। ਕਿਆ ਕਹੀਐ ਸਰਬੇ ਰਹਿਆ ਸਮਾਇ ॥ ਮੈਂ ਇਸ ਦੇ ਬਗੈਰ ਕੀ ਆਖਾਂ ਹੇ ਸੁਆਮੀ, ਕਿ ਤੂੰ ਸਾਰਿਆਂ ਅੰਦਰ ਰਮ ਰਿਹਾ ਹੈ, ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਰਹਾਉ ॥ ਅਤੇ ਜਿਹੜਾ ਕੁਛ ਭੀ ਹੁੰਦਾ ਹੈ, ਉਹ ਸਾਰਾ ਕੁਛ ਤੇਰੇ ਭਾਣੇ ਅੰਦਰ ਹੈ। ਠਹਿਰਾਉ। ਪ੍ਰਗਟੀ ਜੋਤਿ ਚੂਕਾ ਅਭਿਮਾਨੁ ॥ ਉਸ ਉਤੇ ਰੱਬੀ ਨੂਰ ਨਾਜਲ ਹੋ ਜਾਂਦਾ ਹੈ ਅਤੇ ਉਹ ਆਪਣੀ ਸਵੈ-ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ, ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥੨॥ ਜਦ ਸੱਚੇ ਗੁਰਦੇਵ ਜੀ ਬੰਦੇ ਨੂੰ ਨਾਮ ਸੁਧਾਰਸ ਬਖਸ਼ ਦਿੰਦੇ ਹਨ। ਕਲਿ ਮਹਿ ਆਇਆ ਸੋ ਜਨੁ ਜਾਣੁ ॥ ਇਸ ਕਲਯੁਗ ਅੰਦਰ ਕੇਵਲ ਉਸ ਪੁਰਸ਼ ਦਾ ਆਉਣਾ ਹੀ ਲਾਭਦਾਇਕ ਜਾਣਿਆ ਜਾਂਦਾ ਹੈ, ਸਾਚੀ ਦਰਗਹ ਪਾਵੈ ਮਾਣੁ ॥੩॥ ਜੋ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹੈ। ਕਹਣਾ ਸੁਨਣਾ ਅਕਥ ਘਰਿ ਜਾਇ ॥ ਉਸ ਦੀਆਂ ਸਿਫਤਾਂ ਉਚਾਰਨ ਤੇ ਸ੍ਰਵਨ ਕਰਨ ਦੁਆਰਾ ਬੰਦਾ ਅਕਹਿ ਸੁਆਮੀ ਦੇ ਧਾਮ ਤੇ ਅੱਪੜ ਜਾਂਦਾ ਹੈ। ਕਥਨੀ ਬਦਨੀ ਨਾਨਕ ਜਲਿ ਜਾਇ ॥੪॥੫॥ ਨਿਰੀਆਂ ਪੁਰੀਆਂ ਮੂੰਹ-ਜਬਾਨੀ ਗੱਲਾਂ, ਹੇ ਨਾਨਕ! ਸੜ ਕੇ ਸੁਆਹ ਹੋ ਜਾਂਦੀਆਂ ਹਨ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥ ਜਿਹੜਾ ਇਨਸਾਨ, ਬ੍ਰਹਮ-ਵੀਚਾਰ ਦੇ ਸੁਧਾਸਰੂਪ-ਪਾਣੀ ਅੰਦਰ ਨ੍ਹਾਉਂਦਾ ਹੈ, ਉਹ ਅਠਾਹਟ ਧਰਮ ਅਸਥਾਨਾਂ ਤੇ ਨ੍ਹਾਉਣ ਦੇ ਫਲ ਨੂੰ ਆਪਣੇ ਨਾਲ ਲੈ ਜਾਂਦਾ ਹੈ। ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੋੁ ਖੋਜਿ ਲਹੈ ॥੧॥ ਗੁਰਾ ਦੀ ਸਿਖਮਤ ਹੀਰੇ ਅਤੇ ਜਵਾਹਰਾਤ ਹਨ। ਗੁਰਾਂ ਦਾ ਮੁਰੀਦ ਜੋ ਉਨ੍ਹਾਂ ਦੀ ਘਾਲ ਕਮਾਉਂਦਾ ਹੈ, ਢੂੰਡ ਭਾਲ ਰਾਹੀਂ ਉਨ੍ਹਾਂ ਨੂੰ ਪਾ ਲੈਂਦਾ ਹੈ। ਗੁਰ ਸਮਾਨਿ ਤੀਰਥੁ ਨਹੀ ਕੋਇ ॥ ਕੋਈ ਯਾਤ੍ਰਾ ਅਸਥਾਨ ਭੀ ਗੁਰਾਂ ਦੇ ਤੁਲ ਨਹੀਂ। ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ ॥ ਉਸ ਗੁਰਦੇਵ ਜੀ ਅੰਦਰ ਸੰਤੁਸ਼ਟਤਾ ਦਾ ਸਮੁੰਦਰ ਹੈ। ਠਹਿਰਾਉ। copyright GurbaniShare.com all right reserved. Email |