Page 150
ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥
ਰੱਬ ਦੇ ਮਾਰੇ ਹੋਏ ਉਹ ਬੇਇਜਤ ਹੋਏ ਫਿਰਦੇ ਹਨ ਅਤੇ ਉਹਨਾਂ ਦਾ ਸਮੂਹ ਸਮੂਦਾਅ ਭਰਿਸ਼ਟ ਹੋ ਜਾਂਦਾ ਹੈ।

ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥
ਪ੍ਰਾਣ ਧਾਰੀਆਂ ਨੂੰ ਕੇਵਲ ਓਹੀ ਸੁਆਮੀ ਮਾਰਦਾ ਹੈ ਤੇ ਸੁਰਜੀਤ ਕਰਦਾ ਹੈ। ਹੋਰ ਕੋਈ ਉਨ੍ਹਾਂ ਨੂੰ ਬਚਾ ਨਹੀਂ ਸਕਦਾ।

ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥
ਉਹ ਪੁੰਨ ਕਰਨੋਂ ਅਤੇ ਮੱਜਨ ਸਾਧਣੋਂ ਵਾਂਞੇ ਰਹਿ ਜਾਂਦੇ ਹਨ। ਉਨ੍ਹਾਂ ਦੇ ਨੋਚਿਆਂ ਮੂੰਡਾਂ ਉਤੇ ਖੇਹ ਪੈਦੀ ਹੈ।

ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥
ਜਦ ਸੁਮੇਰ ਪਰਬਤ ਨੂੰ ਮਧਾਣੀ ਬਣਾਇਆ ਗਿਆ ਤਾਂ ਜਲ ਵਿੱਚੋਂ ਜਵੇਹਰ ਨਿਕਲੇ।

ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥
ਦੇਵਤਿਆਂ ਨੇ ਅਠਾਹਟ ਯਾਤਰਾ ਅਸਥਾਨ ਮੁਕੱਰਰ ਕੀਤੇ ਹਨ, ਜਿਥੇ ਤਿਉਹਾਰ ਮਨਾਏ ਅਤੇ ਭਜਨ ਗਾਏ ਜਾਂਦੇ ਹਨ।

ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥
ਗੁਸਲ ਮਗਰੋਂ ਮੁਸਲਮਾਨ ਨਿਮਾਜ ਪੜ੍ਹਦੇ ਹਨ, ਇਸ਼ਨਾਨ ਮਗਰੋਂ ਹਿੰਦੂ ਉਪਾਸ਼ਨਾਂ ਕਰਦੇ ਹਨ ਅਤੇ ਸਿਆਣੇ, ਸਦੀਵ ਹੀ ਨ੍ਹਾਉਂਦੇ ਹਨ।

ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥
ਮਰੇ ਹੋਏ ਤੇ ਜੀਉਂਦੇ ਪਵਿੱਤਰ ਹੋ ਜਾਂਦੇ ਹਨ, ਜਦ ਉਹਨਾਂ ਦੇ ਸੀਸਾਂ ਉਤੇ ਜਲ ਪਾਇਆ ਜਾਂਦਾ ਹੈ।

ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥
ਨਾਨਕ ਮੂੰਡ ਖੁਹਾਉਣ ਵਾਲੇ ਭੂਤਨੇ ਹਨ। ਮੱਤ ਦੀ ਗੱਲਬਾਤ ਉਹਨਾਂ ਨੂੰ ਚੰਗੀ ਨਹੀਂ ਲੱਗਦੀ।

ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥
ਜਦ ਪਾਣੀ ਵੱਸਦਾ ਹੈ, ਖੁਸ਼ੀ ਹੁੰਦੀ ਹੈ। ਜੀਵਾਂ ਦੀ ਜਿੰਦਗੀ ਦੀ ਕੁੰਜੀ ਪਾਣੀ ਵਿੱਚ ਸਮਾਈ ਹੋਈ ਹੈ।

ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥
ਜਦ ਪਾਣੀ ਵੱਸਦਾ ਹੈ, ਅਨਾਜ, ਗੰਨਾ ਅਤੇ ਕਪਾਸ ਹੁੰਦੀ ਹੈ, ਜੋ ਸਾਰਿਆਂ ਨੂੰ ਕੱਜਣ ਵਾਲੀ ਚਾਦਰ ਬਣਦੀ ਹੈ।

ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥
ਜਦ ਮੀਹ ਵਰ੍ਹਦਾ ਹੈ, ਗਾਈਆਂ ਸਦਾ ਘਾਸ ਚਰਦੀਆਂ ਹਨ ਅਤੇ ਸੁਆਣੀਆਂ ਉਨ੍ਹਾਂ ਦੇ ਦੁੱਧ ਦਾ ਖੱਟਾ ਰਿੜਕਦੀਆਂ ਹਨ।

ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥
ਉਸ ਘਿਓ ਦੇ ਪਾਣ ਦੁਆਰਾ ਹਵਨ ਪਵਿੱਤਰ ਭੰਡਾਰੇ ਅਤੇ ਉਪ੍ਰਾਸ਼ਨਾਵਾ ਨਿੱਤ ਹੀ ਸਰੰਜਾਮ ਦਿੱਤੇ ਜਾਂਦੇ ਹਨ ਤੇ ਹੋਰ ਸੰਸਕਾਰ ਸੁਸ਼ੋਭਤ ਹੁੰਦੇ ਹਨ।

ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥
ਗੁਰੂ ਸਮੁੰਦਰ ਹੈ ਅਤੇ ਉਸ ਦੀਆਂ ਸਾਰੀਆਂ ਸਿਖਸ਼ਾਵਾਂ ਦਰਿਆ ਹਨ, ਜਿਨ੍ਹਾਂ ਵਿੱਚ ਨ੍ਹਾਉਣ ਦੁਆਰਾ ਬਜੁਰਗੀ ਪ੍ਰਾਪਤ ਹੁੰਦੀ ਹੈ।

ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥
ਨਾਨਕ ਜੇਕਰ ਮੂੰਡ ਨੁਚਵਾਉਣ ਵਾਲੇ ਇਸ਼ਨਾਨ ਨਾਂ ਕਰਨ, ਤਦ ਸਤ ਬੁੱਕ ਸੁਆਹ ਦੇ ਉਹਨਾਂ ਦੇ ਝਾਟੇ ਉਤੇ ਪੈਣ।

ਮਃ ੨ ॥
ਦੂਜੀ ਪਾਤਸ਼ਾਹੀ।

ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥
ਠੰਢ ਅੱਗ ਨੂੰ ਕੀ ਕਰ ਸਕਦੀ ਹੈ ਅਤੇ ਰੈਣ ਸੂਰਜ ਤੇ ਕਿਸ ਤਰ੍ਹਾਂ ਅਸਰ ਕਰ ਸਕਦੀ ਹੈ?

ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥
ਅੰਧੇਰਾ ਚੰਨ ਤੇ ਕੀ ਅਸਰ ਕਰ ਸਕਦਾ ਹੈ? ਜਾਤੀ ਦਾ ਹਵਾ ਅਤੇ ਜਲ ਤੇ ਕੀ ਅਸਰ ਹੈ?

ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥
ਜਮੀਨ ਵਸਤੂਆਂ ਨੂੰ ਕੀ ਕਰੇ, ਜੀਹਦੇ ਅੰਦਰ ਸਾਰਾ ਕੁਝ ਪੈਦਾ ਹੁੰਦਾ ਹੈ?

ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥
ਨਾਨਕ, ਪ੍ਰਾਣੀ ਕੇਵਲ ਤਦ ਹੀ ਪਤਵੰਤਾ ਸਮਝਿਆ ਜਾਂਦਾ ਹੈ, ਜਦ ਉਹ ਸਾਹਿਬ ਊਸ ਦੀ ਇਜਤ ਆਬਰੂ ਬਰਕਰਾਰ ਰੱਖੇ।

ਪਉੜੀ ॥
ਪਉੜੀ।

ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥
ਤੇਰੀ, ਹੇ ਮੇਰੇ ਅਸਚਰਜ ਸੱਚੇ ਸੁਆਮੀ! ਮੈਂ ਹਮੇਸ਼ਾਂ ਕੀਰਤੀ ਗਾਇਨ ਕੀਤੀ ਹੈ।

ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥
ਤੇਰਾ ਸਦੀਵੀ ਸਥਿਰ ਦਰਬਾਰ ਹੈ। ਹੋਰ ਸਾਰੇ ਆਉਣ ਤੇ ਜਾਣ ਦੇ ਅਧੀਨ ਹਨ।

ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥
ਜੋ ਸਤਿਨਾਮ ਦੀ ਦਾਤ ਦੀ ਯਾਚਨਾ ਕਰਦੇ ਹਨ, ਊਹ ਤੇਰੇ ਵਰਗੇ ਹੀ ਹਨ।

ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥
ਸਤਿ ਹੈ ਤੇਰਾ ਹੁਕਮ। ਤੇਰੇ ਨਾਮ ਨਾਲ ਇਨਸਾਨ ਸ਼ਿੰਗਾਰਿਆ ਜਾਂਦਾ ਹੈ।

ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥
ਤੇਰੇ ਤੇ ਭਰੋਸਾ ਲਿਆਉਣ ਦੁਆਰਾ, ਹੇ ਸਾਈਂ! ਬੰਦਾ ਤੇਰੇ ਪਾਸੋਂ ਬ੍ਰਹਿਮ ਬੋਧ ਅਤੇ ਤੇਰਾ ਸਿਮਰਨ ਪ੍ਰਾਪਤ ਕਰ ਲੈਂਦਾ ਹੈ।

ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥
ਤੇਰੀ ਦਇਆ ਦੁਆਰਾ, ਆਦਮੀ ਤੇ ਇਜਤ ਆਬਰੂ ਦਾ ਚਿੰਨ੍ਹ ਪੈ ਜਾਂਦਾ ਹੈ, ਜਿਹੜਾ ਮਿਟਾਉਣ ਦੁਆਰਾ ਮਿਟਦਾ ਨਹੀਂ।

ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥
ਤੂੰ ਸੱਚਾ ਦਾਤਾ ਹੈਂ ਅਤੇ ਸਦੀਵ ਹੀ ਦਿੰਦਾ ਹੈਂ। ਤੇਰੀਆਂ ਦਾਤਾਂ ਵਧੇਰੇ ਹੀ ਵਧੇਰੇ ਹੁੰਦੀਆਂ ਜਾਂਦੀਆਂ ਹਨ।

ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥
ਨਾਨਕ ਤੇਰੇ ਪਾਸੋਂ ਇੱਕ ਦਾਤ ਦੀ ਯਾਚਨਾ ਕਰਦਾ ਹੈ, ਜਿਹੜੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ!

ਸਲੋਕੁ ਮਃ ੨ ॥
ਸਲੋਕ, ਦੂਜੀ ਪਾਤਸ਼ਾਹੀ।

ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਜਿਨ੍ਹਾਂ ਨੂੰ (ਗੁਰੂ ਨਾਨਕ ਦੀ) ਸਿੱਖਿਆ ਨੇ ਪੜ੍ਹਾਇਆ ਅਤੇ ਠੀਕ ਰਸਤੇ ਪਾਇਆ ਹੈ, ਉਹ ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਅੰਦਰ ਲੀਨ ਰਹਿੰਦੇ ਹਨ।

ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥
ਉਨ੍ਹਾਂ ਨੂੰ ਕਿਹੜੀ ਸਿੱਖ-ਮਤ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਦਾ ਗੁਰੂ ਰਬ-ਰੂਪ ਨਾਨਕ ਹੈ।

ਮਃ ੧ ॥
ਪਹਿਲੀ ਪਾਤਸ਼ਾਹੀ।

ਆਪਿ ਬੁਝਾਏ ਸੋਈ ਬੂਝੈ ॥
ਜਿਸ ਨੂੰ ਉਹ ਖੁਦ ਸਮਝਾਉਂਦਾ ਹੈ, ਉਹੀ ਉਸ ਨੂੰ ਸਮਝਦਾ ਹੈ।

ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥
ਜਿਸ ਨੂੰ ਸਾਹਿਬ ਆਪੇ ਗਿਆਤ ਦਿੰਦੇ ਹਨ, ਉਹ ਸਾਰਾ ਕੁਝ ਜਾਣ ਲੈਂਦਾ ਹੈ।

ਕਹਿ ਕਹਿ ਕਥਨਾ ਮਾਇਆ ਲੂਝੈ ॥
ਪ੍ਰਚਾਰਕ ਬਰਾਬਰ ਉਪਦੇਸ਼ ਕਰਦਾ ਤੇ ਧਰਮ ਪ੍ਰਚਾਰਦਾ ਹੈ, ਪ੍ਰੰਤੂ ਧੰਨ ਦੋਲਤ ਨੂੰ ਤਰਸਦਾ ਹੈ।

ਹੁਕਮੀ ਸਗਲ ਕਰੇ ਆਕਾਰ ॥
ਹਾਕਮ ਨੂੰ ਸਮੁਹ ਰਚਨਾ ਰਚੀ ਹੈ।

ਆਪੇ ਜਾਣੈ ਸਰਬ ਵੀਚਾਰ ॥
ਉਹ ਖੁਦ ਹੀ ਸਰਿਆਂ ਦੇ ਆਤਮਕ ਨੁਕਤਾ-ਨਿਗਾਹ ਨੂੰ ਸਮਝਦਾ ਹੈ।

ਅਖਰ ਨਾਨਕ ਅਖਿਓ ਆਪਿ ॥
ਨਾਨਕ, ਪ੍ਰਭੂ ਨੇ ਆਪੇ ਹੀ ਬਾਣੀ ਦਾ ਉਚਾਰਣ ਕੀਤਾ ਹੈ।

ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥
ਜਿਸ ਨੂੰ ਬਖਸ਼ੀਸ਼ ਪਰਾਪਤ ਹੁੰਦੀ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ।

ਪਉੜੀ ॥
ਪਊੜੀ।

ਹਉ ਢਾਢੀ ਵੇਕਾਰੁ ਕਾਰੈ ਲਾਇਆ ॥
ਮੈਂ ਨਿੰਕਮੇ ਭੱਟ ਨੂੰ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾ ਲਿਆ ਹੈ।

ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਐਨ ਆੰਰਭ ਵਿੱਚ ਉਸ ਨੇ ਰੈਣ ਦਿਨ ਆਪਣਾ ਜੱਸ ਗਾਹਿਨ ਕਰਨ ਦਾ ਹੁਕਮ ਮੈਨੂੰ ਦੇ ਦਿੱਤਾ।

ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
ਮਾਲਕ ਨੇ ਭੱਟ ਨੂੰ ਆਪਣੇ ਸੱਚੇ ਦਰਬਾਰ ਅੰਦਰ ਸੱਦ ਘਲਿਆ।

ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
ਉਸ ਨੇ ਆਪਣੀ ਸੱਚੀ ਕੀਰਤੀ ਤੇ ਜੱਸ ਦੀ ਪੁਸ਼ਾਕ ਮੈਨੂੰ ਪਵਾ ਦਿੱਤੀ ਹੈ।

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
ਤਦ ਤੋਂ ਸਤਿਨਾਮ ਮੇਰਾ ਸੁਧਾ ਸਰੁਪ ਖਾਣਾ ਬਣ ਗਿਆ ਹੈ।

ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥
ਜੋ ਗੁਰਾਂ ਦੇ ਉਪਦੇਸ਼ ਤਾਬੇ ਇਸ ਖਾਣੇ ਨੂੰ ਰੱਜ ਕੇ ਛਕਦੇ ਹਨ ਉਹ ਆਰਾਮ ਪਾਉਂਦੇ ਹਨ।

ਢਾਢੀ ਕਰੇ ਪਸਾਉ ਸਬਦੁ ਵਜਾਇਆ ॥
ਗੁਰਬਾਣੀ ਗਾਹਿਨ ਕਰਨ ਦੁਆਰਾ, ਮੈਂ ਜੱਸ ਗਾਉਂਦ ਵਾਲਾ ਸਾਹਿਬ ਦੀ ਵਡਿਆਈ ਵਿਸਤਾਰਦਾ ਹਾਂ।

ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ
ਨਾਨਕ, ਸੱਚੇ ਨਾਮ ਦੀ ਉਸਤਤੀ ਕਰਨ ਦੁਆਰਾ ਮੈਂ ਮੁਕੰਮਲ ਮਾਲਕ ਨੂੰ ਪਰਾਪਤ ਕਰ ਲਿਆ ਹੈ।

copyright GurbaniShare.com all right reserved. Email:-