ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥
ਮੈਂ ਅਨੇਕਾਂ ਤੇ ਬਹੁਤ ਢੰਗ ਕਰ ਕੇ ਹਾਰ ਹੁਟ ਗਿਆ ਹਾਂ, ਪਰ ਉਹ ਕਿਸੇ ਤਰ੍ਹਾਂ ਭੀ ਮੇਰਾ ਖਹਿੜਾ ਨਹੀਂ ਛਡਦੇ। ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥੨॥ ਮੈਂ ਇਕ ਗੱਲ ਸੁਣੀ ਹੈ ਕਿ ਸੰਤਾਂ ਦੀ ਸੰਗਤਿ ਅੰਦਿਰ ਉਨ੍ਹਾਂ ਦੀ ਜੜ੍ਹ ਪੁਟੀ ਜਾਂਦੀ ਹੈ। ਇਸ ਲਈ ਮੈਂ ਉਨ੍ਹਾਂ ਦੀ ਪਨਾਹ ਲਈ ਹੈ। ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥ ਦਇਆ ਧਾਰ ਕੇ ਸਾਧੂ ਮੈਨੂੰ ਮਿਲ ਪਏ ਹਨ। ਉਨ੍ਹਾਂ ਪਾਸੋਂ ਮੈਨੂੰ ਤਸੱਲੀ ਪ੍ਰਾਪਤ ਹੋ ਗਈ ਹੈ। ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩॥ ਸਾਧੂਆਂ ਨੇ ਮੈਨੂੰ ਭੈ-ਰਹਿਤ ਸੁਆਮੀ ਦਾ ਨਾਮ ਦਿਤਾ ਹੈ, ਅਤੇ ਮੈਂ ਗੁਰਾਂ ਦੇ ਬਚਨ ਦੀ ਕਮਾਈ ਕੀਤੀ ਹੈ। ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥ ਮੈਂ ਉਨ੍ਹਾਂ ਵਡੇ ਭੈੜਿਆਂ ਉਤੇ ਫਤਿਹ ਪਾ ਲਈ ਹੈ ਅਤੇ ਕੁਦਰਤੀ ਤੌਰ ਤੇ ਮੇਰੀ ਬੋਲ ਬਾਣੀ ਮਿਠੜੀ ਹੋ ਗਈ ਹੈ। ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੪॥੪॥੧੨੫॥ ਗੁਰੂ ਜੀ ਫੁਰਮਾਊਦੇ ਹਨ, ਮੇਰੇ ਚਿੱਤ ਤੇ ਰੱਬੀ ਨੂਰ ਉਦੇ ਹੋ ਆਇਆ ਹੈ ਅਤੇ ਮੈਂ ਭੈ-ਰਹਿਤ ਮਰਤਬਾ ਪ੍ਰਾਪਤ ਕਰ ਲਿਆ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਓਹੁ ਅਬਿਨਾਸੀ ਰਾਇਆ ॥ ਓ ਮੇਰੇ ਸਦੀਵੀ ਸਥਿਰ ਪਾਤਸ਼ਾਹ, ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥੧॥ ਰਹਾਉ ॥ ਅਸੀਂ ਨਿਡੱਰ ਹੋ ਤੇਰੇ ਨਾਲ ਵਸਦੇ ਹਾਂ, ਇਹ ਡਰ ਕਿੱਥੋ ਆਉਂਦਾ ਹੈ? ਠਹਿਰਾਉ। ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ ਇਕ ਸਰੀਰ ਵਿੱਚ ਤੂੰ ਆਕੜ ਖਾਂ ਹੈ ਅਤੇ ਹੋਰਸ ਸਰੀਰ ਅੰਦਰ ਮਸਕੀਨ। ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥੧॥ ਇਕ ਪੁਰਸ਼ ਅੰਦਰ ਤੂੰ ਸਾਰਾ ਕੁਛ ਆਪ ਹੀ ਹੈ ਅਤੇ ਹੋਰਸ ਪੁਰਸ਼ ਅੰਦਰ ਤੂੰ ਗਰੀਬ ਹੈ। ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥ ਇਕ ਪੁਰਸ਼ ਅੰਦਰ ਤੂੰ ਵਿਦਵਾਨ ਅਤੇ ਪ੍ਰਚਾਰਕ ਹੈ। ਇਕ ਪੁਰਸ਼ ਅੰਦਰ ਤੂੰ ਮੂਰਖ ਹੈ। ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥੨॥ ਇਕ ਦੇਹਿ ਅੰਦਰ ਤੂੰ ਸਾਰਾ ਕੁਝ ਗ੍ਰਹਿਣ ਕਰ ਲੈਂਦਾ ਹੈ ਤੇ ਇਕ ਦੇਹਿ ਅੰਦਰ ਤੂੰ ਕੁਝ ਭੀ ਅੰਗੀਕਾਰ ਨਹੀਂ ਕਰਦਾ। ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ ਵਿਚਾਰੀ ਲਕੜ ਦੀ ਗੁਡੀ ਕੀ ਕਰ ਸਕਦੀ ਹੈ? ਖਿਡਾਉਣ ਵਾਲਾ ਸਭ ਕੁਝ ਜਾਣਦਾ ਹੈ। ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥੩॥ ਜੇਹੋ ਜੇਹੀ ਪੁਸ਼ਾਕ ਗੁੱਡੀਆਂ ਨੂੰ ਨਚਾਉਣ ਵਾਲਾ ਗੁੱਡੀ ਨੂੰ ਪਾਉਂਦਾ ਹੈ, ਉਹੋ ਜੇਹਾ ਹੀ ਕਿਰਦਾਰ ਉਹ ਗੁੱਡੀ ਅਦਾ ਕਰਦੀ ਹੈ। ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥ ਸਾਹਿਬ ਨੇ ਅਨੇਕਾਂ ਕੋਠੜੀਆਂ, ਬੜੀਆਂ ਵੰਨਗੀਆਂ ਦੀਆਂ ਸਾਜੀਆਂ ਹਨ ਅਤੇ ਖੁਦ ਉਨ੍ਹਾਂ ਦਾ ਰਖਵਾਲਾ ਹੈ। ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥੪॥ ਜੇਹੋ ਜੇਹੇ ਮੰਦਰ ਵਿੱਚ ਪ੍ਰਭੂ ਪ੍ਰਾਣੀ ਨੂੰ ਰਖਦਾ ਹੈ, ਉਹੋ ਜੇਹੇ ਵਿੱਚ ਹੀ ਉਹ ਵਸਦਾ ਹੈ। ਇਹ ਗਰੀਬ ਪ੍ਰਾਣੀ ਕੀ ਕਰ ਸਕਦਾ ਹੈ? ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥ ਜਿਸ ਨੇ ਕੁਝ ਬਣਾਇਆ ਹੈ ਅਤੇ ਜਿਸ ਨੇ ਇਹ ਸਾਰੀ ਬਨਾਵਟ ਰਚੀ ਹੈ, ਉਹੀ ਇਸ ਨੂੰ ਸਮਝਦਾ ਹੈ। ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ ॥੫॥੫॥੧੨੬॥ ਗੁਰੂ ਜੀ ਫੁਰਮਾਉਂਦੇ ਹਨ, ਬੇਅੰਤ ਹੈ ਪ੍ਰਭੂ। ਆਪਣੇ ਕੰਮਾਂ ਦਾ ਮੁਲ ਉਹ ਆਪ ਹੀ ਜਾਣਦਾ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥ ਤਿਆਗ ਦੇ, ਤਿਆਗ ਦੇ, ਤੂੰ ਹੇ ਬੰਦੇ! ਵਿਸ਼ਿਆਂ ਦੇ ਸੁਆਦ। ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥ ਹੈ ਮੂਰਖ ਤੇ ਝੱਲੇ ਬੰਦੇ! ਹਰਿਆਏ ਡੰਗਰ ਦੇ ਪੈਲੀ ਨਾਲ ਚਿਮੜਨ ਦੀ ਤਰ੍ਹਾਂ, ਤੂੰ ਮੰਦ ਅਮਲਾ ਅੰਦਰ, ਫਾਬਾ ਹੋਇਆ ਹੈ। ਠਹਿਰਾਉ। ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥ ਜਿਸ ਨੂੰ ਤੂੰ ਆਪਣੇ ਕਾਰ-ਆਮਦ ਖਿਆਲ ਕਰਦਾ ਹੈ, ਉਹ ਇੰਚ ਭਰ ਭੀ ਤੇਰੇ ਨਾਲ ਨਹੀਂ ਜਾਂਦੀ। ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥ ਨੰਗਾ ਤੂੰ ਆਇਆ ਸੈ ਅਤੇ ਨਾਗੜਾ ਹੀ ਟੁਰ ਜਾਏਗਾ। ਤੂੰ ਜੰਮਣ ਮਰਣ ਦੇ ਗੇੜ ਵਿੱਚ ਚੱਕਰ ਕੱਟੇਗਾ ਅਤੇ ਮੌਤ ਦੀ ਗਰਾਹੀ ਹੋ ਜਾਵੇਗਾ। ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥ ਹੈ ਬੰਦੇ! ਕਸੁੰਭ ਦੇ ਫੁਲ ਵਾਂਙੂ ਛਿਨ-ਭੰਗਰ ਸੰਸਾਰੀ ਖੇਡਾਂ ਨੂੰ ਤਕ ਕੇ ਵੇਖ ਕੇ ਤੂੰ ਉਨ੍ਹਾਂ ਨਾਲ ਘਿਓ ਖਿਚੜੀ ਹੋਇਆ ਹੋਇਆ ਹੈ ਤੇ ਜਦ ਤੋੜੀ ਉਹ ਕਾਇਮ ਹਨ ਤੂੰ ਹਸਦਾ ਤੇ ਖੇਡਦਾ ਹੈ। ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥੨॥ ਆਰਬਲਾ ਦੀ ਰੱਸੀ ਦਿਨ ਅਤੇ ਰੈਣ ਭੁਰਦੀ ਜਾ ਰਹੀ ਹੈ, ਅਤੇ ਤੂੰ ਆਪਣੀ ਆਤਮਾ ਲਈ ਕੋਈ ਗੱਲ ਭੀ ਨਹੀਂ ਕੀਤੀ। ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥ ਸੰਸਾਰੀ ਕੰਮ ਕਰਦਾ ਹੋਇਆ ਤੂੰ ਇਸ ਤਰ੍ਹਾਂ ਬੁੱਢਾ ਹੋ ਗਿਆ ਹੈ ਤੇਰੀ ਬੋਲ-ਬਾਣੀ ਹਾਰ ਹੁੱਟ ਗਈ ਹੈ ਅਤੇ ਤੇਰਾ ਸਰੀਰ ਕਮਜ਼ੋਰ ਹੋ ਗਿਆ ਹੈ। ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥ ਜਿਸ ਤਰ੍ਹਾਂ ਤੈਨੂੰ ਉਸ ਮਾਇਆ ਨੇ ਬਚਪਣ ਵਿੱਚ ਫ਼ਰੇਫ਼ਤਾ ਕਰ ਲਿਆ ਸੀ, ਉਸ ਲੋਭ ਵਿੱਚ ਹੁਣ ਤਾਂਈ ਇਕ ਭੋਰਾ ਭਰ ਭੀ ਕਮੀ ਨਹੀਂ ਹੋਈ। ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥ ਜਦ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਕਿ ਸੰਸਾਰ ਇਹੋ ਜਿਹਾ ਹੈ ਤਾਂ ਮੈਂ ਹੰਕਾਰ ਦੀ ਥਾਂ ਨੂੰ ਤਲਾਂਜਲੀ ਦੇ ਕੇ ਤੇਰੀ ਪਨਾਹ ਆ ਲਈ, ਹੈ ਸੁਆਮੀ। ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੪॥੬॥੧੨੭॥ ਸਾਧੂ ਨੇ ਮੈਨੂੰ ਸਾਹਿਬ ਦਾ ਰਸਤਾ ਵਿਖਾਲ ਦਿਤਾ ਹੈ। ਗੋਲੇ ਨਾਨਕ ਨੇ ਆਪਣੇ ਅੰਦਰ ਰਬ ਦੀ ਸੇਵਾ ਤੇ ਜੱਸ ਪੱਕਾ ਕਰ ਲਿਆ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਤੁਝ ਬਿਨੁ ਕਵਨੁ ਹਮਾਰਾ ॥ ਤੇਰੇ ਬਾਝੋਂ ਹੇ ਸੁਆਮੀ! ਹੋਰ ਕੌਣ ਮੇਰਾ ਹੈ? ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ ॥ ਮੇਰੇ ਦਿਲਬਰ ਤੂੰ ਮੇਰੀ ਜਿੰਦ ਜਾਨ ਦਾ ਆਸਰਾ ਹੈ। ਠਹਿਰਾਉ। ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥ ਮੇਰੇ ਦਿਲ ਦੀ ਦਸ਼ਾ ਨੂੰ ਕੇਵਲ ਤੂੰ ਹੀ ਜਾਣਦਾ ਹੈ ਤੂੰ ਹੀ ਮੇਰਾ ਸ਼ੁਭਾਇਮਾਨ ਮਿੱਤ੍ਰ ਹੈ। ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥ ਸਮੂਹ ਆਰਾਮ ਮੈਂ ਤੇਰੇ ਪਾਸੋਂ ਪ੍ਰਾਪਤ ਕੀਤੇ ਹਨ ਮੇਰੇ ਅਥਾਹ ਅਤੇ ਅਮਾਪ ਪ੍ਰਭੂ। copyright GurbaniShare.com all right reserved. Email:- |