ਸੁਣਿਐ ਦੂਖ ਪਾਪ ਕਾ ਨਾਸੁ ॥੯॥
ਸੁਆਮੀ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਬੀਮਾਰੀ ਤੇ ਗੁਨਾਹ ਦੂਰ ਹੋ ਜਾਂਦੇ ਹਨ। ਸੁਣਿਐ ਸਤੁ ਸੰਤੋਖੁ ਗਿਆਨੁ ॥ ਸਾਹਿਬ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਸਚਾਈ ਸਬੂਰੀ ਅਤੇ ਬ੍ਰਹਮ ਵੀਚਾਰ ਪਰਾਪਤ ਹੋ ਜਾਂਦੇ ਹਨ। ਸੁਣਿਐ ਅਠਸਠਿ ਕਾ ਇਸਨਾਨੁ ॥ ਪ੍ਰਭੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਅਠਾਹਠ ਤੀਰਥਾਂ ਉਤੇ ਨ੍ਹਾਉਣ ਦਾ ਫਲ ਪਰਾਪਤ ਹੋ ਜਾਂਦਾ ਹੈ। ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਹਰੀ ਦੇ ਨਾਮ ਨੂੰ ਸੁਣਨ ਅਤੇ ਇਕ ਰਸ ਵਾਚਣ ਦੁਆਰਾ ਆਦਮੀ ਇੱਜ਼ਤ ਪਾਉਂਦਾ ਹੈ। ਸੁਣਿਐ ਲਾਗੈ ਸਹਜਿ ਧਿਆਨੁ ॥ ਸਾਹਿਬ ਦੇ ਨਾਮ ਨੂੰ ਸੁਣਨ ਦੁਆਰਾ ਆਦਮੀ ਨੂੰ ਸੁਖੈਨ ਹੀ ਸਾਹਿਬ ਦਾ ਸਿਮਰਨ ਪਰਾਪਤ ਹੋ ਜਾਂਦਾ ਹੈ। ਨਾਨਕ ਭਗਤਾ ਸਦਾ ਵਿਗਾਸੁ ॥ ਹੇ ਨਾਨਕ! ਅਨੁਰਾਗੀ ਹਮੇਸ਼ਾਂ ਅਨੰਦ ਮਾਣਦੇ ਹਨ। ਸੁਣਿਐ ਦੂਖ ਪਾਪ ਕਾ ਨਾਸੁ ॥੧੦॥ ਮਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਅਤੇ ਕਸਮਲ ਤਬਾਹ ਹੋ ਜਾਂਦੇ ਹਨ। ਸੁਣਿਐ ਸਰਾ ਗੁਣਾ ਕੇ ਗਾਹ ॥ ਸੁਆਮੀ ਦੇ ਨਾਮ ਨੂੰ ਸਰਵਣ ਦੁਆਰਾ ਆਦਮੀ ਨੇਕੀਆਂ ਦੇ ਸਮੁੰਦਰ ਵਿੱਚ ਡੂੰਘੀ ਚੁੱਭੀ ਲਾਉਂਦਾ ਹੈ। ਸੁਣਿਐ ਸੇਖ ਪੀਰ ਪਾਤਿਸਾਹ ॥ ਸੁਆਮੀ ਦੇ ਨਾਮ ਦਾ ਸਰਵਣ ਕਰਨਾ ਪ੍ਰਾਨੀ ਨੂੰ ਵਿਦਵਾਨ, ਰੂਹਾਨੀ ਰਹਬਰ ਅਤੇ ਬਾਦਸ਼ਾਹ ਬਣਾ ਦਿੰਦਾ ਹੈ। ਸੁਣਿਐ ਅੰਧੇ ਪਾਵਹਿ ਰਾਹੁ ॥ ਮਾਲਕ ਦੇ ਨਾਮ ਨੂੰ ਸੁਣਨ ਦੁਆਰਾ ਅੰਨ੍ਹੇ ਇਨਸਾਨ ਰਸਤਾ ਲੱਭ ਲੈਂਦੇ ਹਨ। ਸੁਣਿਐ ਹਾਥ ਹੋਵੈ ਅਸਗਾਹੁ ॥ ਰੱਬ ਦਾ ਨਾਮ ਸਰਵਣ ਕਰਨ ਦੁਆਰਾ ਅਥਾਹ ਸਾਹਿਬ ਦੀ ਥਾਹਿ ਆ ਜਾਂਦੀ ਹੈ। ਨਾਨਕ ਭਗਤਾ ਸਦਾ ਵਿਗਾਸੁ ॥ ਹੇ ਨਾਨਕ! ਅਨੁਰਾਗੀ ਹਮੇਸ਼ਾਂ ਅਨੰਦ ਮਾਣਦੇ ਹਨ। ਸੁਣਿਐ ਦੂਖ ਪਾਪ ਕਾ ਨਾਸੁ ॥੧੧॥ ਮਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਅਤੇ ਕਸਮਲ ਤਬਾਹ ਹੋ ਜਾਂਦੇ ਹਨ। ਮੰਨੇ ਕੀ ਗਤਿ ਕਹੀ ਨ ਜਾਇ ॥ ਜੋ ਪ੍ਰਾਨੀ ਸਾਹਿਬ ਦੀ ਤਾਬੇਦਾਰੀ ਕਰਦਾ ਹੈ ਉਸ ਦੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਦੀ। ਜੇ ਕੋ ਕਹੈ ਪਿਛੈ ਪਛੁਤਾਇ ॥ ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਮਗਰੋਂ ਪਛਤਾਉਂਦਾ ਹੈ। ਕਾਗਦਿ ਕਲਮ ਨ ਲਿਖਣਹਾਰੁ ॥ ਕੋਈ ਕਾਗਜ਼, ਲੇਖਣੀ ਤੇ ਲਿਖਾਰੀ ਨਹੀਂ, ਮੰਨੇ ਕਾ ਬਹਿ ਕਰਨਿ ਵੀਚਾਰੁ ॥ ਜਿਸ ਨਾਲ ਬੈਠ ਕੇ ਰੱਬ ਦੇ ਫਰਮਾਬਰਦਾਰ ਦੀ ਦਸ਼ਾ ਲਿਖੀ ਜਾਂ ਸੋਚੀ ਵਿਚਾਰੀ ਜਾਵੇ। ਐਸਾ ਨਾਮੁ ਨਿਰੰਜਨੁ ਹੋਇ ॥ ਇਹੋ ਜਿਹਾ ਹੈ ਪਵਿੱਤਰ ਪ੍ਰਭੂ ਦਾ ਨਾਮ। ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥ ਜੇਕਰ ਕੋਈ ਜਣਾ ਰੱਬ ਦੀ ਤਾਬੇਦਾਰੀ ਕਰੇ, ਐਸਾ ਵਿਰਲਾ ਜੀਵ ਆਪਣੇ ਚਿੱਤ ਅੰਦਰ ਹੀ ਉਸ ਦੀ ਖੁਸ਼ੀ ਨੂੰ ਸਮਝਦਾ ਹੈ। ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਨਾਮ ਵਿੱਚ ਸੱਚਾ ਭਰੋਸਾ ਕਰਨ ਦੁਆਰਾ ਇਨਸਾਨ ਦੇ ਚਿੱਤ ਤੇ ਸਮਝ ਅੰਦਰ ਈਸ਼ਵਰੀ ਗਿਆਤ ਪਰਵੇਸ਼ ਕਰ ਜਾਂਦੀ ਹੈ। ਮੰਨੈ ਸਗਲ ਭਵਣ ਕੀ ਸੁਧਿ ॥ ਨਾਮ ਵਿੱਚ ਦਿਲੀ ਨਿਸਚਾ ਕਰਣ ਨਾਲ ਸਾਰੀਆਂ ਪੁਰੀਆਂ ਦੀ ਗਿਆਤ ਪਰਾਪਤ ਹੋ ਜਾਂਦੀ ਹੈ। ਮੰਨੈ ਮੁਹਿ ਚੋਟਾ ਨਾ ਖਾਇ ॥ ਵਾਹਿਗੁਰੂ ਦਾ ਉਪਾਸ਼ਕ ਆਪਣੇ ਚਿਹਰੇ ਉਤੇ ਸੱਟਾਂ ਨਹੀਂ ਸਹਾਰਦਾ। ਮੰਨੈ ਜਮ ਕੈ ਸਾਥਿ ਨ ਜਾਇ ॥ ਸਾਈਂ ਦੇ ਨਾਮ ਵਿੱਚ ਅੰਤ੍ਰੀਵ ਇਤਬਾਰ ਰਾਹੀਂ ਬੰਦਾ ਮੌਤ ਦੇ ਦੂਤ ਦੇ ਨਾਲ ਨਹੀਂ ਜਾਂਦਾ। ਐਸਾ ਨਾਮੁ ਨਿਰੰਜਨੁ ਹੋਇ ॥ ਇਹੋ ਜੇਹਾ ਹੈ ਵਾਹਿਗੁਰੂ ਦਾ ਬੇ-ਦਾਗ ਨਾਮ। ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥ ਜੇਕਰ ਕੋਈ ਜਣਾ ਸਾਈ ਦੇ ਨਾਮ ਉਤੇ ਭਰੋਸਾ ਧਾਰਨ ਕਰ ਲਵੇ, ਤਦ ਉਹ ਆਪਣੇ ਚਿੱਤ ਅੰਦਰ ਇਸ ਨੂੰ ਸਮਝ ਲਵੇਗਾ। ਮੰਨੈ ਮਾਰਗਿ ਠਾਕ ਨ ਪਾਇ ॥ ਹਰੀ-ਨਾਮ ਉਤੇ ਭਰੋਸਾ ਰੱਖਣ ਵਾਲੇ ਨੂੰ ਰਾਹ ਵਿੱਚ ਰੁਕਾਵਟ ਨਹੀਂ ਵਾਪਰਦੀ। ਮੰਨੈ ਪਤਿ ਸਿਉ ਪਰਗਟੁ ਜਾਇ ॥ ਨਾਮ ਉਤੇ ਨਿਸਚਾ ਰੱਖਣ ਵਾਲਾ ਇੱਜ਼ਤ ਅਤੇ ਪਰਸਿੱਧਤਾ ਨਾਲ ਜਾਂਦਾ ਹੈ। ਮੰਨੈ ਮਗੁ ਨ ਚਲੈ ਪੰਥੁ ॥ ਨਾਮ ਉਤੇ ਭਰੋਸਾ ਰੱਖਣ ਵਾਲਾ ਸੰਸਾਰੀ ਰਾਹਾਂ ਅਤੇ ਕਰਮਕਾਂਡੀ ਧਾਰਮਕ ਰਸਤਿਆਂ ਤੇ ਨਹੀਂ ਟੁਰਦਾ। ਮੰਨੈ ਧਰਮ ਸੇਤੀ ਸਨਬੰਧੁ ॥ ਹਰੀ ਨਾਮ ਅੰਦਰ ਭਰੋਸਾ ਧਾਰਨ ਕਰਨ ਵਾਲੇ ਦਾ ਸਚਾਈ ਨਾਲ ਮੇਲ ਹੁੰਦਾ ਹੈ। ਐਸਾ ਨਾਮੁ ਨਿਰੰਜਨੁ ਹੋਇ ॥ ਇਹੋ ਜਿਹਾ ਹੈ ਵਾਹਿਗੁਰੂ ਦਾ ਬੇਦਾਗ ਨਾਮ। ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥ ਜੇਕਰ ਕੋਈ ਜਣਾ ਸਾਈਂ ਦੇ ਨਾਮ ਉਤੇ ਭਰੋਸਾ ਧਾਰਨ ਕਰ ਲਵੇ, ਤਦ ਉਹ ਆਪਣੇ ਚਿੱਤ ਅੰਦਰ ਇਸ ਨੂੰ ਸਮਝ ਲਵੇਗਾ। ਮੰਨੈ ਪਾਵਹਿ ਮੋਖੁ ਦੁਆਰੁ ॥ ਪ੍ਰਭੂ ਦੀ ਆਗਿਆ ਦਾ ਪਾਲਣ ਕਰਨ ਵਾਲਾ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ। ਮੰਨੈ ਪਰਵਾਰੈ ਸਾਧਾਰੁ ॥ ਪ੍ਰਭੂ ਦੀ ਆਗਿਆ ਦਾ ਪਾਲਣ ਕਰਨਹਾਰ ਆਪਣੇ ਸਾਕਸੈਨ ਨੂੰ ਸੁਧਾਰ ਲੈਂਦਾ ਹੈ। ਮੰਨੈ ਤਰੈ ਤਾਰੇ ਗੁਰੁ ਸਿਖ ॥ ਪ੍ਰਭੂ ਦਾ ਹੁਕਮ ਮੰਨਣ ਵਾਲਾ ਆਪਣੇ ਆਪ ਨੂੰ ਬਚਾ ਲੈਂਦਾ ਹੈ ਅਤੇ ਗੁਰੂ ਦੇ ਸਿੱਖਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਮੰਨੈ ਨਾਨਕ ਭਵਹਿ ਨ ਭਿਖ ॥ ਪ੍ਰਭੂ ਦਾ ਹੁਕਮ ਮੰਨਣ ਵਾਲਾ ਮੰਗਦਾ ਪਿੰਨਦਾ ਨਹੀਂ ਫਿਰਦਾ। ਐਸਾ ਨਾਮੁ ਨਿਰੰਜਨੁ ਹੋਇ ॥ ਐਹੋ ਜਿਹਾ ਹੈ ਵਾਹਿਗੁਰੂ ਦਾ-ਬੇਦਾਗ ਨਾਮ। ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥ ਜੇਕਰ ਕੋਈ ਜਣਾ ਸਾਈਂ ਦੇ ਨਾਮ ਉਤੇ ਭਰੋਸਾ ਧਾਰੇ, ਤਾਂ ਉਹ ਇਸ ਨੂੰ ਆਪਣੇ ਚਿੱਤ ਵਿੱਚ ਸਮਝ ਲਵੇਗਾ। ਪੰਚ ਪਰਵਾਣ ਪੰਚ ਪਰਧਾਨੁ ॥ ਮੁਖੀਏ ਮਕਬੂਲ ਹਨ ਤੇ ਮੁਖੀਏ ਹੀ ਮਹਾਨ। ਪੰਚੇ ਪਾਵਹਿ ਦਰਗਹਿ ਮਾਨੁ ॥ ਸਾਧੂ ਸੁਆਮੀ ਦੇ ਦਰਬਾਰ ਅੰਦਰ ਆਦਰ ਪਾਉਂਦੇ ਹਨ। ਪੰਚੇ ਸੋਹਹਿ ਦਰਿ ਰਾਜਾਨੁ ॥ ਰੱਬ ਦੇ ਗੋਲੇ ਰਾਜਿਆਂ ਦਿਆਂ ਦਰਬਾਰਾਂ ਅੰਦਰ ਸੁੰਦਰ ਲੱਗਦੇ ਹਨ। ਪੰਚਾ ਕਾ ਗੁਰੁ ਏਕੁ ਧਿਆਨੁ ॥ ਚੁਣੇ ਹੋਏ ਕੇਵਲ ਗੁਰੂ ਉਤੇ ਹੀ ਆਪਣੀ ਬਿਰਤੀ ਇਕੱਤਰ ਕਰਦੇ ਹਨ। ਜੇ ਕੋ ਕਹੈ ਕਰੈ ਵੀਚਾਰੁ ॥ ਜਿਨ੍ਹਾਂ ਦੀ ਚਾਹੇ ਭਾਵੇਂ ਕੋਈ ਜਣਾ ਵਰਨਣ ਤੇ ਸੋਚ ਵਿਚਾਰ ਪਿਆ ਕਰੇ, ਕਰਤੇ ਕੈ ਕਰਣੈ ਨਾਹੀ ਸੁਮਾਰੁ ॥ ਪ੍ਰੰਤੂ ਸਿਰਜਨਹਾਰ ਦੇ ਕੰਮਾਂ ਦੀ ਗਿਣਤੀ ਨਹੀਂ ਹੋ ਸਕਦੀ। ਧੌਲੁ ਧਰਮੁ ਦਇਆ ਕਾ ਪੂਤੁ ॥ ਕਲਪਤ ਬਲਦ ਦਿਆਲਤਾ ਦਾ ਪੁੱਤਰ ਪਵਿੱਤ੍ਰਤਾ ਹੈ, ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜਿਸ ਨੇ ਸਹਨਸ਼ੀਲਤਾ ਨਾਲ ਠੀਕ ਤੌਰ ਤੇ ਧਰਤੀ ਨੂੰ ਠਲਿ੍ਹਆ ਹੋਇਆ ਹੈ। ਜੇ ਕੋ ਬੁਝੈ ਹੋਵੈ ਸਚਿਆਰੁ ॥ ਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ ਤਾਂ, ਉਹ ਸੱਚਾ ਇਨਸਾਨ ਥੀਵੰਞਦਾ (ਬਣ ਜਾਦਾ) ਹੈ। ਧਵਲੈ ਉਪਰਿ ਕੇਤਾ ਭਾਰੁ ॥ ਕਿ ਬਲਦ ਉਤੇ ਕਿੰਨਾ ਕੁ ਬੋਝ ਹੈ? ਧਰਤੀ ਹੋਰੁ ਪਰੈ ਹੋਰੁ ਹੋਰੁ ॥ ਇਸ ਧਰਤੀ ਤੋਂ ਪਰੇ ਘਨੇਰੇ ਆਲਮ ਹਨ, ਘਨੇਰੇ ਅਤੇ ਘਨੇਰੇ। ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ ਉਹ ਕਿਹੜੀ ਤਾਕਤ ਹੈ, ਜੋ ਉਨ੍ਹਾਂ ਦੇ ਬੋਝ ਨੂੰ ਹੇਠੋਂ ਚੁੱਕੀ ਹੋਈ ਹੈ? ਜੀਅ ਜਾਤਿ ਰੰਗਾ ਕੇ ਨਾਵ ॥ ਸਾਰੇ ਜੀਵਾਂ ਦੀਆਂ ਵੰਨਗੀਆਂ, ਰੰਗਤਾ ਅਤੇ ਨਾਮ ਉਕਰੇ ਹਨ ਸਭਨਾ ਲਿਖਿਆ ਵੁੜੀ ਕਲਾਮ ॥ ਵਾਹਿਗੁਰੂ ਦੀ ਸਦਾ-ਵਗਦੀ ਹੋਈ ਕਲਮ ਦੇ ਨਾਲ। ਏਹੁ ਲੇਖਾ ਲਿਖਿ ਜਾਣੈ ਕੋਇ ॥ ਇਹ ਹਿਸਾਬ ਕਿਤਾਬ ਵਿਰਲੇ ਹੀ ਲਿਖਣਾ ਜਾਣਦੇ ਹਨ। ਲੇਖਾ ਲਿਖਿਆ ਕੇਤਾ ਹੋਇ ॥ ਨਿਵਿਸਤ ਸ਼ੁਦਾ ਲੇਖਾ-ਪਤ, ਇਹ ਕਿੱਡਾ ਵੱਡਾ ਹੋਵੇਗਾ? ਕੇਤਾ ਤਾਣੁ ਸੁਆਲਿਹੁ ਰੂਪੁ ॥ ਤੇਰੀ ਕਿੰਨੀ ਸ਼ਕਤੀ ਅਤੇ ਮਨਮੋਹਣੀ ਸੁੰਦ੍ਰਤਾ ਹੈ, ਹੇ ਸਾਹਿਬ? ਕੇਤੀ ਦਾਤਿ ਜਾਣੈ ਕੌਣੁ ਕੂਤੁ ॥ ਕਿੱਡੀ ਵੱਡੀ ਹੈ ਤੇਰੀ ਬਖਸ਼ੀਸ਼? ਇਸ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ? ਕੀਤਾ ਪਸਾਉ ਏਕੋ ਕਵਾਉ ॥ ਇਕ ਸ਼ਬਦ ਨਾਲ ਤੂੰ ਜਗਤ ਦਾ ਖਿਲਾਰਾ ਕਰ ਦਿਤਾ ਤਿਸ ਤੇ ਹੋਏ ਲਖ ਦਰੀਆਉ ॥ ਤੇ ਇਸ ਦੁਆਰਾ ਲਖਾਂ ਦਰਿਆ ਵਹਿਣੇ ਸ਼ੁਰੂ ਹੋ ਗਏ। ਕੁਦਰਤਿ ਕਵਣ ਕਹਾ ਵੀਚਾਰੁ ॥ ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ? ਵਾਰਿਆ ਨ ਜਾਵਾ ਏਕ ਵਾਰ ॥ ਮੈਂ ਇਕ ਵਾਰੀ ਵੀ ਤੇਰੇ ਉਤੇ ਕੁਰਬਾਨ ਨਹੀਂ ਹੋ ਸਕਦਾ। ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ। ਤੂ ਸਦਾ ਸਲਾਮਤਿ ਨਿਰੰਕਾਰ ॥੧੬॥ ਤੂੰ ਸਦੀਵ ਹੀ ਨਵਾਂ ਨਰੋਆਂ ਹੈ, ਹੇ ਸਰੂਪ-ਰਹਿਤ ਪੁਰਖ! ਅਸੰਖ ਜਪ ਅਸੰਖ ਭਾਉ ॥ ਅਣਗਿਣਤ ਹਨ ਤੇਰੇ ਭਜਨ ਪਾਠ ਤੇ ਅਣਗਿਣਤ ਹਨ ਉਹ ਜੋ ਪ੍ਰੇਮ ਨਾਲ ਤੇਰਾ ਭਜਨ ਪਾਠ ਕਰਦੇ ਹਨ। ਅਸੰਖ ਪੂਜਾ ਅਸੰਖ ਤਪ ਤਾਉ ॥ ਅਣਗਿਣਤ ਹਨ ਤੇਰੀਆਂ ਉਪਾਸ਼ਨਾਂ ਅਤੇ ਅਣਗਿਣਤ ਹਨ ਜੋ ਤਪੱਸਿਆ ਕਰਦੇ ਹਨ। ਅਸੰਖ ਗਰੰਥ ਮੁਖਿ ਵੇਦ ਪਾਠ ॥ ਅਣਗਿਣਤ ਹਨ ਧਾਰਮਕ ਪੁਸਤਕਾਂ ਅਤੇ ਵੇਦਾਂ ਦਾ ਮੂੰਹ ਜਬਾਨੀ ਪਾਠ ਕਰਨ ਵਾਲੇ। ਅਸੰਖ ਜੋਗ ਮਨਿ ਰਹਹਿ ਉਦਾਸ ॥ ਅਣਗਿਣਤ ਹਨ ਯੋਗੀ ਚਿੱਤ ਵਿੱਚ, ਜੋ ਦੁਨੀਆਂ ਵਲੋਂ ਉਪਰਾਮ ਰਹਿੰਦੇ ਹਨ। copyright GurbaniShare.com all right reserved. Email:- |