ਰਾਗੁ ਗੂਜਰੀ ਮਹਲਾ ੩ ਘਰੁ ੧
ਰਾਗੁ ਗੂਜਰੀ। ਤੀਜੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ ॥ ਲਾਨ੍ਹਤ ਹੈ ਐਸੀ ਜਿੰਦਗੀ ਨੂੰ, ਜਿਸ ਵਿੱਚ ਹਰੀ ਦਾ ਪ੍ਰੇਮ ਪਰਾਪਤ ਨਹੀਂ ਹੁੰਦਾ, ਜਿਤੁ ਕੰਮਿ ਹਰਿ ਵੀਸਰੈ ਦੂਜੈ ਲਗੈ ਜਾਇ ॥੧॥ ਅਤੇ ਐਸੇ ਕਾਰ-ਵਿਹਾਰ ਨੂੰ ਜਿਸ ਵਿੱਚ ਰੱਬ ਭੁੱਲ ਜਾਂਦਾ ਹੈ ਤੇ ਬੰਦਾ ਦਵੈਤ-ਭਾਵ ਨਾਲ ਜੁੜ ਜਾਂਦਾ ਹੈ। ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥ ਹੇ ਮੇਰੀ ਜਿੰਦੜੀਏ! ਸੱਚੇ ਗੁਰਾਂ ਦੀ ਐਸ ਤਰ੍ਹਾਂ ਘਾਲ ਕਮਾ, ਜਿਸ ਘਾਲ ਕਮਾਉਣ ਦੁਆਰਾ ਪ੍ਰਭੂ ਦਾ ਪ੍ਰੇਮ ਉਤਪੰਨ ਵੰਞੇ ਤੇ ਹੋਰ ਸਾਰੇ ਪਿਆਰ ਭੁੱਲ ਜਾਣ। ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥੧॥ ਰਹਾਉ ॥ ਐਸ ਤਰ੍ਹਾਂ ਆਤਮਾ ਵਾਹਿਗੁਰੂ ਨਾਲ ਜੁੜੀ ਰਹੇਗੀ, ਬੁਢੇਪੇ ਦਾ ਡਰ ਨਹੀਂ ਵਾਪਰੇਗਾ ਅਤੇ ਇਨਸਾਨ ਅਬਿਨਾਸ਼ੀ ਦਰਜੇ ਨੂੰ ਪਾ ਲਵੇਗਾ। ਠਹਿਰਾਉ। ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ ਵੇਖੁ ਜੈਸੀ ਭਗਤਿ ਬਨੀ ॥ ਦੇਖ! ਜਿਸ ਤਰ੍ਹਾਂ ਦੀ ਘਾਲ ਕਮਾਈ ਹੋਈ ਹੈ, ਉਸੇ ਤਰ੍ਹਾਂ ਦੀ ਹੀ ਇਕ ਈਸ਼ਵਰੀ ਆਰਾਮ ਪ੍ਰਭੂ ਦੇ ਪ੍ਰੇਮ ਤੋਂ ਉਤਪੰਨ ਹੁੰਦਾ ਹੈ। ਆਪ ਸੇਤੀ ਆਪੁ ਖਾਇਆ ਤਾ ਮਨੁ ਨਿਰਮਲੁ ਹੋਆ ਜੋਤੀ ਜੋਤਿ ਸਮਈ ॥੨॥ ਸਵੈ-ਯਤਨ ਨਾਲ ਜਦ ਮੈਂ ਆਪਣੀ ਸਵੈ-ਹੰਗਤਾ ਮਾਰ ਸੁੱਟੀ, ਤਦ ਮੇਰਾ ਚਿੱਤ ਪਵਿੱਤਰ ਹੋ ਗਿਆ ਅਤੇ ਮੇਰਾ ਪ੍ਰਕਾਸ਼ ਈਸ਼ਵਰੀ ਪ੍ਰਕਾਸ਼ ਨਾਲ ਅਭੇਦ ਹੋ ਗਿਆ। ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ ਜੇ ਲੋਚੈ ਸਭੁ ਕੋਇ ॥ ਚੰਗੇ ਨਸੀਬਾਂ ਦੇ ਬਗੈਰ ਐਹੋ ਜਿਹੇ ਸੱਚਾ ਗੁਰੂ ਪਰਾਪਤ ਨਹੀਂ ਹੋ ਸਕਦਾ, ਜਿੰਨੀ ਚਾਹੇ, ਸਾਰੇ ਜਣੇ ਤਾਂਘ ਕਰ ਲੈਣ। ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥੩॥ ਜੇਕਰ ਝੂਠ ਦਾ ਪੜਦਾ ਅੰਦਰ ਵਾਰੋਂ ਦੂਰ ਹੋ ਜਾਵੇ, ਤਦ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ। ਨਾਨਕ ਐਸੇ ਸਤਿਗੁਰ ਕੀ ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੈ ਜੀਉ ਧਰੇਇ ॥ ਨਾਨਕ, ਐਹੋ ਜਿਹੇ ਸੱਚੇ ਗੁਰਾਂ ਦੀ ਉਹ ਟਹਿਲੂਆਂ ਕੀ ਟਹਿਲ ਕਮਾ ਸਕਦਾ ਹੈ? ਗੁਰਾਂ ਦੇ ਮੂਹਰੇ ਉਸ ਨੂੰ ਆਪਣਾ ਜੀਵਨ ਭੇਟ ਕਰ ਦੇਣਾ ਹੀ ਸਹੀ ਸੇਵਾ ਟਹਿਲ ਹੈ। ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥੩॥ ਜੇਕਰ ਬੰਦਾ ਸੱਚੇ ਗੁਰਾਂ ਦੀ ਰਜ਼ਾ ਚੇਤੇ ਰੱਖ, ਤਦ ਸੱਚੇ ਗੁਰੂ ਜੀ ਖੁਦ ਹੀ ਉਸ ਉਤੇ ਰਹਿਮ ਕਰਦੇ ਹਨ। ਗੂਜਰੀ ਮਹਲਾ ੩ ॥ ਗੂਜਰੀ ਤੀਜੀ ਪਾਤਿਸ਼ਾਹੀ। ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥ ਤੂੰ ਵਾਹਿਗੁਰੂ ਦੀ ਘਾਲ ਕਮਾ। ਕੋਈ ਹੋਰ ਘਾਲ ਨਾਂ ਕਮਾ। ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥ ਵਾਹਿਗੁਰੂ ਦੀ ਚਾਕਰੀ ਕਰਨ ਦੁਆਰਾ ਤੂੰ ਆਪਣੇ ਚਿੱਤ ਚਾਹੁਦੇ ਮੇਵੇ ਹਾਸਲ ਕਰ ਲਵੇਂਗਾ। ਹੋਰਸ ਦੀ ਚਾਕਰੀ ਕਰਨ ਦੁਆਰਾ ਤੇਰਾ ਜੀਵਨ ਬੇਅਰਥ ਬੀਤ ਜਾਵੇਗਾ। ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥ ਸੁਆਮੀ ਹੀ ਮੇਰਾ ਪ੍ਰੇਮ ਹੈ, ਸੁਆਮੀ ਮੇਰੀ ਜੀਵਨ ਰਹੁ ਰੀਤੀ ਹੈ ਅਤੇ ਸੁਆਮੀ ਹੀ ਮੇਰੀ ਗਿਆਨ ਗੋਸ਼ਟ ਅਤੇ ਵਾਰਤਾ ਹੈ। ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਮੇਰਾ ਚਿੱਤ ਪ੍ਰਭੂ ਦੇ ਪਿਆਰ ਨਾਲ ਗੱਚ ਹੋ ਗਿਆ ਹੈ। ਏਹੋ ਹੀ ਹੈ ਬਣਤਰ ਮੇਰੇ ਜੀਵਨ ਦੀ। ਠਹਿਰਾਉ। ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥ ਹਰੀ ਮੇਰੀਆਂ ਸਿਮ੍ਰਤੀਆਂ ਹੈ, ਹਰੀ ਮੇਰੇ ਸ਼ਾਸਤਰ ਹੈ, ਹਰੀ ਮੇਰਾ ਸਨਬੰਧੀ ਹੈ ਅਤੇ ਹਰੀ ਹੀ ਮੇਰਾ ਭਰਾ। ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥੨॥ ਪ੍ਰਭੂ ਦੀ ਮੈਨੂੰ ਖੁਦਿਆ ਲੱਗੀ ਹੈ। ਪ੍ਰਭੂ ਦੇ ਨਾਮ ਨਾਲ ਮੇਰੀ ਆਤਮਾ ਰੱਜ ਗਈ ਹੈ। ਪ੍ਰਭੂ ਮੇਰਾ ਰਿਸ਼ਤੇਦਾਰ ਹੈ, ਜੋ ਅਖੀਰ ਦੇ ਵੇਲੇ ਮੇਰਾ ਸਹਾਇਕ ਹੋਵੇਗਾ। ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਨ ਜਾਈ ॥ ਪ੍ਰਭੂ ਦੇ ਬਾਝੋਂ ਹੋਰਸ ਪੂੰਜੀ ਝੂਠੀ ਹੈ। ਜਦੋਂ ਪ੍ਰਾਣੀ ਤੁਰਦਾ ਹੈ, ਇਹ ਉਸ ਦੇ ਸਾਥ ਨਹੀਂ ਜਾਂਦੀ। ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤਹ ਜਾਈ ॥੩॥ ਵਾਹਿਗੁਰੂ ਮੇਰੀ ਦੌਲਤ ਹੈ, ਜੋ ਮੇਰੇ ਨਾਲ ਚੱਲੂਗੀ, ਜਿਥੇ ਕਿਤੇ ਮੈਂ ਜਾਵਾਂਗਾ, ਉਥੇ ਹੀ ਇਹ ਜਾਊਗੀ। ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥ ਜਿਹੜਾ ਕੂੜ ਨਾਲ ਜੁੜਿਆ ਹੋਇਆ ਹੈ, ਉਹ ਕੂੜਾ ਹੈ ਅਤੇ ਕੂੜੇ ਹਨ ਕੰਮ ਜੋ ਉਹ ਕਰਦਾ ਹੈ। ਕਹੈ ਨਾਨਕੁ ਹਰਿ ਕਾ ਭਾਣਾ ਹੋਆ ਕਹਣਾ ਕਛੂ ਨ ਜਾਈ ॥੪॥੨॥੪॥ ਗੁਰੂ ਜੀ ਫੁਰਮਾਉਂਦੇ ਹਨ, ਹਰ ਸ਼ੈਅ ਵਾਹਿਗੁਰੂ ਦੀ ਰਜ਼ਾ ਅਨੁਸਾਰ ਹੁੰਦੀ ਹੈ। ਜੀਵ ਦਾ ਇਸ ਵਿੱਚ ਕੋਈ ਦਖਲ ਨਹੀਂ। ਗੂਜਰੀ ਮਹਲਾ ੩ ॥ ਗੂਜਰੀ ਤੀਜੀ ਪਾਤਿਸ਼ਾਹੀ। ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ ॥ ਇਸ ਯੁੱਗ ਅੰਦਰ ਦੁਰਲੱਭ ਹੈ ਪ੍ਰਭੂ ਦਾ ਨਾਮ। ਗੁਰਾਂ ਦੇ ਰਾਹੀਂ ਇਹ ਪਾਇਆ ਜਾਂਦਾ ਹੈ। ਬਿਨੁ ਨਾਵੈ ਮੁਕਤਿ ਨ ਹੋਵਈ ਵੇਖਹੁ ਕੋ ਵਿਉਪਾਇ ॥੧॥ ਨਾਮ ਦੇ ਬਗੈਰ ਆਦਮੀ ਦੀ ਕਲਿਆਣ ਨਹੀਂ ਹੁੰਦੀ, ਕੋਈ ਜਣਾ ਹੋਰ ਉਪਰਾਲੇ ਕਰ ਕੇ ਦੇਖ ਲਵੇ। ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥ ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ। ਹਮੇਸ਼ਾਂ ਹੀ ਕੁਰਬਾਨ ਵੰਞਦਾ ਹਾਂ, ਮੈਂ ਉਨ੍ਹਾਂ ਤੋਂ। ਸਤਿਗੁਰ ਮਿਲਿਐ ਹਰਿ ਮਨਿ ਵਸੈ ਸਹਜੇ ਰਹੈ ਸਮਾਇ ॥੧॥ ਰਹਾਉ ॥ ਸੱਚੇ ਗੁਰਾਂ ਨੂੰ ਭੇਟਣ ਦੁਆਰਾ, ਵਾਹਿਗੁਰੂ ਮਨੁੱਖ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਤਦ ਉਹ ਸੁਖੈਨ ਹੀ ਉਸ ਵਿੱਚ ਲੀਨ ਰਹਿੰਦਾ ਹੈ। ਠਹਿਰਾਉ। ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ ॥ ਜਦ ਪ੍ਰਭੂ ਆਪਣਾ ਡਰ ਬੰਦੇ ਦੇ ਅੰਦਰ ਫੂਕਦਾ ਹੈ, ਪ੍ਰਭੂ ਦੀ ਪ੍ਰੀਤ ਉਸ ਦੇ ਚਿੱਤ ਵਿੱਚ ਉਤਪੰਨ ਹੋ ਜਾਂਦੀ ਹੈ। ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੨॥ ਸੰਸਾਰੀ-ਤਿਆਗ ਰਾਹੀਂ ਸੁਆਮੀ ਪ੍ਰਾਪਤ ਹੁੰਦਾ ਹੈ ਅਤੇ ਪ੍ਰਾਣੀ ਸੁਆਮੀ ਨਾਲ ਅਭੇਦ ਹੋਇਆ ਰਹਿੰਦਾ ਹੈ। ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ ॥ ਕੇਵਲ ਓਹੀ ਬੰਦਖਲਾਸ ਹੈ, ਜੋ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ। ਮਾਇਆ ਉਸ ਨੂੰ, ਮੁੜ ਕੇ ਚਿਮੜਦੀ ਨਹੀਂ। ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ ਪਾਇ ॥੩॥ ਉਹ ਦਸਵਨੂੰ ਦੁਵਾਰੇ ਅੰਦਰ ਵਸਦਾ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ। ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ ॥ ਗੁਰੂ ਨਾਨਕ ਦੀ ਰਹਿਮਤ ਸਦਕਾ, ਲਹਿਣਾ ਗੁਰੂ ਹੋ ਗਿਆ ਉਸ ਦੇ ਅਸਚਰਜ ਭਾਣੇ ਨੂੰ ਤੱਕੋ। copyright GurbaniShare.com all right reserved. Email |