ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
ਨਾਨਕ! ਸਾਰੇ ਤੇਰੀ ਕਥਾ ਵਰਨਣ ਕਰਦੇ ਹਨ ਤੇ ਇਕ ਨਾਲੋ ਇਕ ਵਧੇਰੇ ਅਕਲਮੰਦ ਹੈ। ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਵਿਸ਼ਾਲ ਹੈ ਮਾਲਕ ਤੇ ਵਿਸ਼ਾਲ ਉਸ ਦਾ ਨਾਮ ਅਤੇ ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ। ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥ ਨਾਨਕ! ਜੇਕਰ ਕੋਈ ਜਾਣਾ ਆਪਣੇ ਆਪ ਨੂੰ ਕਰਣ-ਯੋਗ ਮੰਨ ਲਵੇ, ਅਗਲੇ ਲੋਕ ਵਿੱਚ ਪੁੱਜਣ ਤੇ ਉਹ ਸੁਭਾਇਮਾਨ ਨਹੀਂ ਲੱਗੇਗਾ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਪਇਆਲਾ ਦੇ ਹੇਠਾਂ ਪਇਆਲ ਹਨ ਅਤੇ ਲਖੂਖ਼ਾ (ਲਖਾਂ) ਅਸਮਾਨਾ ਉਤੇ ਅਸਮਾਨ। ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਧਾਰਮਕ ਗ੍ਰੰਥ ਇਕ ਗੱਲ ਆਖਦੇ ਹਨ ਰੱਬ ਦੇ ਅੰਤ ਅਤੇ ਹੱਦ ਬੰਨਿਆਂ ਨੂੰ ਲੱਭਦੇ ਹੋਏ, ਨਾਕਾਮਯਾਬ ਹੋ, ਲੋਕ ਹਾਰ ਹੁਟ ਗਏ ਹਨ। ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਯਹੁਦੀ, ਈਸਾਈ ਤੇ ਮੁਸਲਿਮ ਧਾਰਮਕ ਗਰੰਥ ਆਖਦੇ ਹਨ, ਕਿ ਅਠਾਰਾ ਹਜ਼ਾਰ ਆਲਮ ਹਨ, ਪ੍ਰੰਤੂ ਅਸਲ ਵਿੱਚ ਇਕੋ ਹੀ ਸਾਰ-ਤਤ ਹੈ, ਕਿ ਪ੍ਰਭੂ ਬੇਅੰਤ ਹੈ। ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਜੇਕਰ ਉਸਦਾ ਕੋਈ ਹਿਸਾਬ ਕਿਤਾਬ ਹੋਵੇ, ਕੇਵਲ ਤਾ ਹੀ ਇਨਸਾਨ ਉਸਨੂੰ ਲਿਖ ਸਕਦਾ ਹੈ ਕਿ ਵਾਹਿਗੁਰੂ ਦਾ ਹਿਸਾਬ ਕਿਤਾਬ ਮੁਕਦਾ ਨਹੀਂ ਅਤੇ ਹਿਸਾਬ ਕਿਤਾਬ ਨੂੰ ਬਿਆਨ ਕਰਦਾ ਹੋਇਆ ਇਨਸਾਨ ਖੁਦ ਹੀ ਮੁਕ ਜਾਂਦਾ ਹੈ। ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥ ਹੇ ਨਾਨਕ! ਉਸਨੂੰ ਵਿਸ਼ਾਲ ਵਰਨਣ ਕਰ। ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ ਸ਼ਲਾਘਾ ਕਰਨ ਵਾਲੇ ਸਾਹਿਬ ਦੀ ਸ਼ਲਾਘਾ ਕਰਦੇ ਹਨ, ਪਰ ਉਨ੍ਹਾਂ ਨੂੰ ਏਨੀ ਸਮਝ ਪ੍ਰਾਪਤ ਨਹੀਂ ਹੁੰਦੀ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥ ਕਿ ਉਸਦੀ ਵਿਸ਼ਾਲਤਾ ਨੂੰ ਜਾਣ ਲੈਣਾ ਹੈ ਇਸ ਤਰਾਂ ਹੈ ਜਿਸ ਤਰ੍ਹਾਂ ਸਮੁੰਦਰ ਵਿੱਚ ਡਿੱਗਣ ਵਾਲੇ ਨਾਲੇ ਤੇ ਦਰਿਆ ਇਸਦੇ ਵਿਸਥਾਰ ਨੂੰ ਨਹੀਂ ਸਮਝਦੇ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਜਾਇਦਾਦ ਅਤੇ ਦੌਲਤ ਦੇ ਸਮੁੰਦਰਾਂ ਤੇ ਪਹਾੜਾਂ ਦੇ ਸਮੇਤਿ, ਰਾਜੇ ਅਤੇ ਮਹਾਰਾਜੇ, ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥ ਕੀੜੀ ਦੇ ਬਰਾਬਰ ਨਹੀਂ ਹੁੰਦੇ ਜੋ ਆਪਣੇ ਚਿੱਤ ਅੰਦਰ ਪ੍ਰਭੂ ਨਾ ਭੁਲੇ। ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਸੁਆਮੀ ਦੀ ਸਿਫ਼ਤ ਸ਼ਲਾਘਾ ਦਾ ਕੋਈ ਓੜਕ ਨਹੀਂ ਤੇ ਨਾਹੀ ਓੜਕ ਹੈ ਇਸ ਦੇ ਆਖਣ ਵਾਲਿਆਂ ਦਾ। ਅੰਤੁ ਨ ਕਰਣੈ ਦੇਣਿ ਨ ਅੰਤੁ ॥ ਬੇ-ਅੰਦਾਜ਼ ਹਨ ਉਸਦੇ ਕੰਮ ਅਤੇ ਬੇ-ਅੰਦਾਜ਼ਾ ਉਸ ਦੀਆਂ ਦਾਤਾਂ। ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਵਾਹਿਗੁਰੂ ਦੇ ਦੇਖਣ ਦਾ ਕੋਈ ਓੜਕ ਨਹੀਂ ਅਤੇ ਨਾਂ ਹੀ ਓੜਕ ਹੈ ਉਸਦੇ ਸਰਵਣ ਕਰਨ ਦਾ। ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਸਾਹਿਬ ਦੇ ਦਿਲ ਦਾ ਕੀ ਮਨੋਰਥ ਹੈ? ਇਸ ਦਾ ਓੜਕ ਜਾਣਿਆ ਨਹੀਂ ਜਾਂਦਾ। ਅੰਤੁ ਨ ਜਾਪੈ ਕੀਤਾ ਆਕਾਰੁ ॥ ਉਸਦੀ ਰਚੀ ਹੋਈ ਰਚਨਾ ਦਾ ਓੜਕ ਮਲੂਮ ਨਹੀਂ ਹੁੰਦਾ। ਅੰਤੁ ਨ ਜਾਪੈ ਪਾਰਾਵਾਰੁ ॥ ਉਸਦੇ ਇਸ ਤੇ ਉਸ ਕਿਨਾਰੇ ਦਾ ਥਹੁ ਪਤਾ ਜਾਣਿਆ ਨਹੀਂ ਜਾਂਦਾ। ਅੰਤ ਕਾਰਣਿ ਕੇਤੇ ਬਿਲਲਾਹਿ ॥ ਉਸਦਾ ਹੱਦ-ਬੰਨਾ ਜਾਣਨ ਲਈ ਘਨੇਰੇ ਵਿਰਲਾਪ ਕਰਦੇ ਹਨ, ਤਾ ਕੇ ਅੰਤ ਨ ਪਾਏ ਜਾਹਿ ॥ ਪ੍ਰੰਤੂ ਉਸਦੇ ਓੜਕਾਂ ਦਾ ਪਤਾ ਨਹੀਂ ਲੱਗਦਾ। ਏਹੁ ਅੰਤੁ ਨ ਜਾਣੈ ਕੋਇ ॥ ਇਹ ਪਾਰਾਵਾਰ ਕੋਈ ਨਹੀਂ ਜਾਣ ਸਕਦਾ। ਬਹੁਤਾ ਕਹੀਐ ਬਹੁਤਾ ਹੋਇ ॥ ਜਿੰਨਾ ਵਧੇਰੇ ਅਸੀਂ ਬਿਆਨ ਕਰਦੇ ਹਾਂ, ਓਨਾ ਵਧੇਰੇ ਅਪਰਸਿਧ ਉਹ ਹੋ ਜਾਂਦਾ ਹੈ। ਵਡਾ ਸਾਹਿਬੁ ਊਚਾ ਥਾਉ ॥ ਵਿਸ਼ਾਲ ਹੈ ਸੁਆਮੀ ਅਤੇ ਬੁਲੰਦ ਉਸ ਦਾ ਆਸਣ। ਊਚੇ ਉਪਰਿ ਊਚਾ ਨਾਉ ॥ ਉਸਦਾ ਨਾਮ ਉਚਿਆਂ ਤੋਂ ਮਹਾਨ ਉੱਚਾ ਹੈ। ਏਵਡੁ ਊਚਾ ਹੋਵੈ ਕੋਇ ॥ ਜੇਕਰ ਕੋਈ ਜਣਾ ਐਡਾ ਵੱਡਾ ਤੇ ਉੱਚਾ ਹੋਵੇ, ਜਿੱਡਾ ਉਹ ਹੈ, ਤਿਸੁ ਊਚੇ ਕਉ ਜਾਣੈ ਸੋਇ ॥ ਤਦ ਹੀ ਉਹ ਉਸ ਨੂੰ ਜਾਣ ਸਕੇਗਾ। ਜੇਵਡੁ ਆਪਿ ਜਾਣੈ ਆਪਿ ਆਪਿ ॥ ਉਹ ਕਿੱਡਾ ਵੱਡਾ ਹੈ, ਉਹ ਖੁਦ ਹੀ ਜਾਣਦਾ ਹੈ। ਨਾਨਕ ਨਦਰੀ ਕਰਮੀ ਦਾਤਿ ॥੨੪॥ ਹੇ ਨਾਨਕ! ਕ੍ਰਿਪਾਲੂ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ੀਸ਼ਾ ਬਖਸ਼ਦਾ ਹੈ। ਬਹੁਤਾ ਕਰਮੁ ਲਿਖਿਆ ਨਾ ਜਾਇ ॥ ਘਨੇਰੀਆਂ ਹਨ ਉਸ ਦੀਆਂ ਬਖਸ਼ਿਸ਼ਾਂ ਇਹ ਲਿਖੀਆਂ ਨਹੀਂ ਜਾ ਸਕਦੀਆਂ। ਵਡਾ ਦਾਤਾ ਤਿਲੁ ਨ ਤਮਾਇ ॥ ਉਹ ਭਾਰਾ ਦਾਤਾਰ ਹੈ ਅਤੇ ਉਸਨੂੰ ਭੋਰਾ ਭੀ ਤਮ੍ਹਾ ਨਹੀਂ। ਕੇਤੇ ਮੰਗਹਿ ਜੋਧ ਅਪਾਰ ॥ ਸੂਰਮਿਆਂ ਦੇ ਸਮੂਦਾਇ ਬੇ-ਅੰਤ ਸਾਹਿਬ ਦੇ ਦਰ ਤੇ ਖੈਰ ਮੰਗਦੇ ਹਨ। ਕੇਤਿਆ ਗਣਤ ਨਹੀ ਵੀਚਾਰੁ ॥ ਘਣੇ ਹੀ ਗਿਣਤੀ ਤੋਂ ਬਾਹਰ ਉਸਨੂੰ ਸੋਚਦੇ ਸਮਝਦੇ ਹਨ। ਕੇਤੇ ਖਪਿ ਤੁਟਹਿ ਵੇਕਾਰ ॥ ਬਹੁਤੇ ਵੈਲ ਅੰਦਰ ਖੁਰ ਕੇ ਖਤਮ ਹੋ ਜਾਂਦੇ ਹਨ। ਕੇਤੇ ਲੈ ਲੈ ਮੁਕਰੁ ਪਾਹਿ ॥ ਕਈ ਲਗਾਤਾਰ ਦਾਤਾਂ ਲੈਂਦੇ ਹਨ ਅਤੇ ਤਾਂ ਭੀ ਉਨ੍ਹਾਂ ਤੋਂ ਮਨੁਕਰ ਹੋ ਜਾਂਦੇ ਹਨ। ਕੇਤੇ ਮੂਰਖ ਖਾਹੀ ਖਾਹਿ ॥ ਕਈ ਬੇ-ਸਮਝ ਖਾਣ ਵਾਲੇ ਖਾਈ ਹੀ ਜਾਂਦੇ ਹਨ। ਕੇਤਿਆ ਦੂਖ ਭੂਖ ਸਦ ਮਾਰ ॥ ਘਣੇ ਹੀ ਤਕਲੀਫ ਫਾਕਾ-ਕਸ਼ੀ ਅਤੇ ਹਮੇਸ਼ਾਂ ਦੀ ਕੁਟਫਾਟ ਸਹਾਰਦੇ ਹਨ। ਏਹਿ ਭਿ ਦਾਤਿ ਤੇਰੀ ਦਾਤਾਰ ॥ ਇਹ ਭੀ ਤੇਰੀਆਂ ਬਖਸ਼ੀਸ਼ਾਂ ਹਨ, ਹੇ ਦਾਤੇ! ਬੰਦਿ ਖਲਾਸੀ ਭਾਣੈ ਹੋਇ ॥ ਕੈਦ ਤੋਂ ਰਿਹਾਈ ਹਰੀ ਦੇ ਹੁਕਮ ਨਾਲ ਹੁੰਦੀ ਹੈ। ਹੋਰੁ ਆਖਿ ਨ ਸਕੈ ਕੋਇ ॥ ਹੋਰਸ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ। ਜੇ ਕੋ ਖਾਇਕੁ ਆਖਣਿ ਪਾਇ ॥ ਜੇਕਰ ਕੋਈ ਮੂਰਖ ਦਖਲ ਦੇਣ ਦਾ ਹੀਆ ਕਰੇ, ਓਹੁ ਜਾਣੈ ਜੇਤੀਆ ਮੁਹਿ ਖਾਇ ॥ ਉਹੀ ਜਾਣੇਗਾ ਕਿ ਉਸ ਦੇ ਮੂੰਹ ਉਤੇ ਕਿੰਨੀਆਂ ਕੁ ਸੱਟਾਂ ਪੈਦੀਆਂ ਹਨ। ਆਪੇ ਜਾਣੈ ਆਪੇ ਦੇਇ ॥ ਸਾਈਂ ਸਾਰਾ ਕੁਛ ਖੁਦ ਜਾਣਦਾ ਹੈ ਤੇ ਖੁਦ ਹੀ ਦਿੰਦਾ ਹੈ। ਆਖਹਿ ਸਿ ਭਿ ਕੇਈ ਕੇਇ ॥ ਪੁਨਾਂ, ਵਿਰਲੇ ਹਨ ਉਹ ਜੋ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ। ਜਿਸ ਨੋ ਬਖਸੇ ਸਿਫਤਿ ਸਾਲਾਹ ॥ ਜਿਸ ਨੂੰ ਸਾਹਿਬ ਆਪਣੀ ਕੀਰਤੀ ਅਤੇ ਸ਼ਲਾਘਾ ਕਰਨੀ ਪਰਦਾਨ ਕਰਦਾ ਹੈ, ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥ ਹੇ ਨਾਨਕ! ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਅਮੁਲ ਗੁਣ ਅਮੁਲ ਵਾਪਾਰ ॥ ਅਨਮੁਲ ਹਨ ਤੇਰੀਆਂ ਚੰਗਿਆਈਆਂ, ਹੇ ਸਾਹਿਬ! ਅਤੇ ਅਨਮੁਲ ਤੇਰਾ ਵਣਜ। ਅਮੁਲ ਵਾਪਾਰੀਏ ਅਮੁਲ ਭੰਡਾਰ ॥ ਅਨਮੁਲ ਹਨ ਤੇਰੇ ਵੱਣਜਾਰੇ ਤੇ ਅਨਮੁਲ ਤੇਰੇ ਖਜਾਨੇ। ਅਮੁਲ ਆਵਹਿ ਅਮੁਲ ਲੈ ਜਾਹਿ ॥ ਅਨਮੁਲ ਹਨ ਜੋ ਤੇਰੇ ਕੋਲ ਆਉਂਦੇ ਹਨ ਅਤੇ ਅਨਮੁਲ ਉਹ ਜੋ ਤੇਰੇ ਕੋਲੋ ਸੌਦਾ ਖਰੀਦ ਕੇ ਲੈ ਜਾਂਦੇ ਹਨ। ਅਮੁਲ ਭਾਇ ਅਮੁਲਾ ਸਮਾਹਿ ॥ ਅਨਮੁਲ ਹੈ ਤੇਰੀ ਪ੍ਰੀਤ ਅਤੇ ਅਨਮੁਲ ਤੇਰੇ ਅੰਦਰ ਲੀਨਤਾ। ਅਮੁਲੁ ਧਰਮੁ ਅਮੁਲੁ ਦੀਬਾਣੁ ॥ ਅਨਮੁਲ ਹੈ ਤੇਰਾ ਈਸ਼ਵਰੀ ਕਾਨੂੰਨ ਅਤੇ ਅਨਮੁਲ ਤੇਰਾ ਦਰਬਾਰ। ਅਮੁਲੁ ਤੁਲੁ ਅਮੁਲੁ ਪਰਵਾਣੁ ॥ ਅਨਮੁਲ ਹੈ ਤੇਰੀ ਤਕੜੀ ਅਤੇ ਅਨਮੁਲ ਤੇਰੇ ਵੱਟੇ! ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਨਮੁਲ ਹਨ ਤੇਰੀਆਂ ਦਾਤਾਂ ਅਤੇ ਅਨਮੁਲ ਹੈ ਤੇਰੀ ਪਰਵਾਨਗੀ ਦਾ ਚਿੰਨ੍ਹ! ਅਮੁਲੁ ਕਰਮੁ ਅਮੁਲੁ ਫੁਰਮਾਣੁ ॥ ਅਨਮੁਲ ਹੈ ਤੇਰੀ ਰਹਿਮਤ ਅਤੇ ਅਨਮੁਲ ਤੇਰਾ ਹੁਕਮ। ਅਮੁਲੋ ਅਮੁਲੁ ਆਖਿਆ ਨ ਜਾਇ ॥ ਮੁਲ ਤੋਂ ਪਰੇ ਅਤੇ ਅਮੋਲਕ, ਸਾਹਿਬ ਬਿਆਨ ਨਹੀਂ ਕੀਤਾ ਜਾ ਸਕਦਾ। ਆਖਿ ਆਖਿ ਰਹੇ ਲਿਵ ਲਾਇ ॥ ਲਗਾਤਾਰ ਤੇਰਾ ਉਚਾਰਣ ਕਰਨ ਦੁਆਰਾ, ਹੇ ਮਾਲਕ! ਮੈਂ ਤੇਰੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ। ਆਖਹਿ ਵੇਦ ਪਾਠ ਪੁਰਾਣ ॥ ਵੇਦਾਂ ਅਤੇ ਪੁਰਾਣਾ ਦੇ ਪਾਠੀ ਤੈਨੂੰ ਹੀ ਪੁਕਾਰਦੇ ਹਨ। ਆਖਹਿ ਪੜੇ ਕਰਹਿ ਵਖਿਆਣ ॥ ਪੜ੍ਹੇ ਲਿਖੇ ਤੇਰਾ ਨਾਮ ਉਚਾਰਦੇ ਅਤੇ ਤੇਰੇ ਬਾਰੇ ਭਾਸ਼ਨ ਦਿੰਦੇ ਹਨ। ਆਖਹਿ ਬਰਮੇ ਆਖਹਿ ਇੰਦ ॥ ਬਰ੍ਹਮੇ ਤੇਰਾ ਜ਼ਿਕਰ ਕਰਦੇ ਹਨ ਅਤੇ ਇੰਦ੍ਰ ਭੀ ਤੇਰਾ ਹੀ ਜ਼ਿਕਰ ਕਰਦੇ ਹਨ। copyright GurbaniShare.com all right reserved. Email:- |