Page 538
ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥
ਹੇ ਮੇਰੀ ਆਤਮਾ! ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਆਪਣੇ ਮਨ ਨੂੰ ਅਸਥਿਰ ਰੱਖ ਅਤੇ ਇਹ ਮੁੜ ਕੇ ਕਿਸੇ ਹੋਰਸ ਜਗ੍ਹਾ ਅੰਦਰ ਡਿੱਕੋਡੋਲੇ ਨਹੀਂ ਖਾਵੇਗਾ।

ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ ॥੧॥
ਜੋ ਕੋਈ ਵਾਹਿਗੁਰੂ ਸੁਆਮੀ ਦੀ ਉਪਮਾ-ਯੋਗ ਗੁਰਬਾਣੀ ਦਾ ਉਚਾਰਨ ਕਰਦਾ ਹੈ, ਹੇ ਨਾਨਕ! ਉਹ ਆਪਣੇ ਦਿਲ-ਚਾਹੁੰਦੇ ਮੇਵੇ ਪਾ ਲੈਦਾ ਹੈ।

ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥
ਹੇ ਮੇਰੀ ਜਿੰਦੇ! ਗੁਰਾਂ ਦੀ ਸਿਖ-ਮੱਤ ਦੁਆਰਾ ਅੰਮ੍ਰਿਤ ਨਾਮ ਜੀਵ ਦੇ ਚਿੱਤ ਵਿੱਚ ਵੱਸ ਜਾਂਦਾ ਹੈ ਅਤੇ ਤਦ ਉਹ, ਆਪਣੇ ਮੂੰਹ ਨਾਲ ਅੰਮ੍ਰਿਤ ਬਚਨ ਉਚਾਰਨ ਕਰਦਾ ਹੈ।

ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥
ਅੰਮ੍ਰਿਤ ਵਰਗੀ ਮਿੱਠੜੀ ਹੈ ਗੁਰਬਾਣੀ ਸਾਧੂ-ਸਰੂਪ ਪੁਰਸ਼ਾਂ ਦੀ, ਹੇ ਮੇਰੀ ਜਿੰਦੇ! ਉਸ ਨੂੰ ਦਿਲੋ ਸ੍ਰਵਣ ਕਰਨ ਦੁਆਰਾ ਬੰਦੇ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।

ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ ਗਲਿ ਮਿਲਿਆ ਸਹਜਿ ਸੁਭਾਏ ਰਾਮ ॥
ਮੇਰੇ ਨਾਲੋਂ ਦੇਰ ਤੋਂ ਵਿਛੁੜਿਆ ਹੋਇਆ ਸੁਆਮੀ ਵਾਹਿਗੁਰੂ ਮੈਂ ਪ੍ਰਾਪਤ ਕਰ ਲਿਆ ਹੈ। ਉਸ ਨੇ ਸੁਭਾਵਕ ਹੀ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ।

ਜਨ ਨਾਨਕ ਮਨਿ ਅਨਦੁ ਭਇਆ ਹੈ ਮੇਰੀ ਜਿੰਦੁੜੀਏ ਅਨਹਤ ਸਬਦ ਵਜਾਏ ਰਾਮ ॥੨॥
ਦਾਸ ਨਾਨਕ ਦੇ ਚਿੱਤ ਅੰਦਰ ਖੁਸ਼ੀ ਹੋ ਗਈ ਹੈ, ਹੇ ਮੇਰੀ ਜਿੰਦੇ! ਅਤੇ ਬੈਕੁੰਠੀ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ।

ਸਖੀ ਸਹੇਲੀ ਮੇਰੀਆ ਮੇਰੀ ਜਿੰਦੁੜੀਏ ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥
ਹੇ ਮੈਡੇ ਜੀਉੜਿਆ! ਮੇਰੀ ਕੋਈ ਸਾਥਣ ਅਤੇ ਹਮਜੋਲਣ ਆ ਕੇ ਮੈਨੂੰ ਮੇਰੇ ਪਾਰਬ੍ਰਹਮ ਪਰਮੇਸ਼ਰ ਨਾਲ ਜੋੜ ਦੇਵੇ।

ਹਉ ਮਨੁ ਦੇਵਉ ਤਿਸੁ ਆਪਣਾ ਮੇਰੀ ਜਿੰਦੁੜੀਏ ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥
ਮੈਂ ਆਪਣਾ ਮਨ ਉਸ ਨੂੰ ਸਮਰਪਣ ਕਰਦਾ ਹਾਂ, ਹੇ ਮੇਰੀ ਜਿੰਦੇ! ਜਿਹੜਾ ਮੈਨੂੰ ਸੁਆਮੀ ਵਾਹਿਗੁਰੂ ਦੀ ਈਸ਼ਵਰੀ ਕਥਾ-ਵਾਰਤਾ ਸੁਣਾਉਂਦਾ ਹੈ।

ਗੁਰਮੁਖਿ ਸਦਾ ਅਰਾਧਿ ਹਰਿ ਮੇਰੀ ਜਿੰਦੁੜੀਏ ਮਨ ਚਿੰਦਿਅੜਾ ਫਲੁ ਪਾਵੈ ਰਾਮ ॥
ਗੁਰਾਂ ਦੇ ਜ਼ਰੀਏ ਤੂੰ ਹਮੇਸ਼ਾਂ ਰੱਬ ਦਾ ਚਿੰਤਨ ਕਰ, ਹੇ ਮੇਰੀ ਜਿੰਦੇ! ਅਤੇ ਤੂੰ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲਵੇਗੀ।

ਨਾਨਕ ਭਜੁ ਹਰਿ ਸਰਣਾਗਤੀ ਮੇਰੀ ਜਿੰਦੁੜੀਏ ਵਡਭਾਗੀ ਨਾਮੁ ਧਿਆਵੈ ਰਾਮ ॥੩॥
ਗੁਰੂ ਜੀ ਫੁਰਮਾਉਂਦੇ ਹਨ, ਤੂੰ ਦੌੜ ਕੇ ਪ੍ਰਭੂ ਦੀ ਪਨਾਹ ਪਕੜ ਲੈ, ਹੇ ਮੇਰੀ ਜਿੰਦੇ! ਕੇਵਲ ਪਰਮ ਚੰਗੇ ਕਰਮਾਂ ਵਾਲੇ ਹੀ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹਨ।

ਕਰਿ ਕਿਰਪਾ ਪ੍ਰਭ ਆਇ ਮਿਲੁ ਮੇਰੀ ਜਿੰਦੁੜੀਏ ਗੁਰਮਤਿ ਨਾਮੁ ਪਰਗਾਸੇ ਰਾਮ ॥
ਹੇ ਮੈਡੇ ਜੀਉੜਿਆ! ਮਿਹਰ ਧਾਰ ਕੇ ਸੁਆਮੀ ਪ੍ਰਾਣੀ ਨੂੰ ਆ ਮਿਲਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਆਪਣਾ ਨਾਮ ਉਸ ਉਤੇ ਪ੍ਰਗਟ ਕਰਦਾ ਹੈ।

ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ ॥
ਵਾਹਿਗੁਰੂ ਦੇ ਬਗੈਰ ਮੈਂ ਐਉ ਨਿਮੋਝੂਣੀ ਹਾਂ, ਹੇ ਮੇਰੇ ਜੀਉੜਿਆ। ਜਿਸ ਤਰ੍ਹਾਂ ਪਾਣੀ ਦੇ ਬਗੈਰ ਕੰਵਲ ਉਦਾਸਹੀਨ ਹੁੰਦਾ ਹੈ।

ਗੁਰਿ ਪੂਰੈ ਮੇਲਾਇਆ ਮੇਰੀ ਜਿੰਦੁੜੀਏ ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥
ਪੂਰਨ ਗੁਰਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਮਾਲਕ, ਮਿੱਤ੍ਰ ਨਾਲ ਜੋੜ ਦਿੱਤਾ ਹੈ, ਹੇ ਮੇਰੇ ਜੀਵੜਿਆ!

ਧਨੁ ਧਨੁ ਗੁਰੂ ਹਰਿ ਦਸਿਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਬਿਗਾਸੇ ਰਾਮ ॥੪॥੧॥
ਮੁਬਾਰਕ! ਮੁਬਾਰਕ! ਹਨ ਗੁਰਦੇਵ ਜੀ, ਹੇ ਮੇਰੀ ਜਿੰਦੇ! ਜਿਨ੍ਹਾਂ ਨੇ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ, ਜਿਸ ਦੇ ਨਾਮ ਨਾਲ ਗੋਲਾ ਨਾਨਕ ਪ੍ਰਫੁੱਲਤ ਹੋ ਗਿਆ ਹੈ।

ਰਾਗੁ ਬਿਹਾਗੜਾ ਮਹਲਾ ੪ ॥
ਰਾਗ ਬਿਹਾਗੜਾ ਚੋਥੀ ਪਾਤਿਸ਼ਾਹੀ।

ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ ॥
ਸੁਧਾਰਸ ਹੈ ਵਾਹਿਗੁਰੂ ਸੁਆਮੀ ਦਾ ਨਾਮ, ਹੇ ਮੇਰੀ ਜਿੰਦੇ! ਗੁਰੂ ਦੀ ਸਿਖਮੱਤ ਦੁਆਰਾ ਇਹ ਅੰਮ੍ਰਿਤ ਨਾਲ ਪਾਇਆ ਜਾਂਦਾ ਹੈ।

ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥
ਜ਼ਹਿਰੀਲਾ ਹੈ ਸੰਸਾਰੀ ਪਦਾਰਥਾਂ ਦਾ ਹੰਕਾਰ, ਹੇ ਮੇਰੀ ਜਿੰਦੇ! ਵਾਹਿਗੁਰੂ ਦੇ ਨਾਮ-ਅੰਮ੍ਰਿਤ ਰਾਹੀਂ ਇਹ ਜ਼ਹਿਰ ਉੱਤਰ ਜਾਂਦੀ ਹੈ।

ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ ॥
ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੇ ਮੇਰੇ ਜੀਵੜਿਆ! ਇਹ ਖੁਸ਼ਕ ਹੋ ਚੁੱਕੀ ਆਤਮਾ ਹਰੀ ਭਰੀ ਹੋ ਜਾਂਦੀ ਹੈ।

ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਸਮਾਏ ਰਾਮ ॥੧॥
ਆਪਣੀ ਲਿਖਤ ਦੁਆਰਾ ਪ੍ਰਭੂ ਨੇ ਮੇਰੀ ਕਿਸਮਤ ਵਿਸ਼ਾਲ ਕਰ ਦਿੱਤੀ ਹੈ, ਹੇ ਮੇਰੀ ਜਿੰਦੇ! ਅਤੇ ਗੋਲਾ ਨਾਨਕ ਨਾਮ ਅੰਦਰ ਲੀਨ ਹੋ ਗਿਆ ਹੈ।

ਹਰਿ ਸੇਤੀ ਮਨੁ ਬੇਧਿਆ ਮੇਰੀ ਜਿੰਦੁੜੀਏ ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥
ਮੇਰਾ ਚਿੱਤ ਇਸ ਤਰ੍ਹਾਂ ਸੁਆਮੀ ਨਾਲ ਜੁੜਿਆ ਹੈ, ਹੇ ਮੇਰੀ ਜਿੰਦੇ! ਜਿਸ ਤਰ੍ਹਾਂ ਦੁੱਧ ਚੁੰਘਣ ਵਾਲਾ ਬੱਚਾ ਦੁੱਧ ਨਾਲ।

ਹਰਿ ਬਿਨੁ ਸਾਂਤਿ ਨ ਪਾਈਐ ਮੇਰੀ ਜਿੰਦੁੜੀਏ ਜਿਉ ਚਾਤ੍ਰਿਕੁ ਜਲ ਬਿਨੁ ਟੇਰੇ ਰਾਮ ॥
ਜਿਸ ਤਰ੍ਹਾਂ ਮੀਂਹ ਦੀਆਂ ਕਣੀਆਂ ਦੇ ਬਾਝੋਂ ਬਬੀਹਾ ਕੁਰਲਾਉਂਦਾ ਹੈ, ਤਿਵੇਂ, ਵਾਹਿਗੁਰੂ ਦੇ ਬਾਝੋਂ ਮੈਨੂੰ ਵੀ ਸੁੱਖ ਆਰਾਮ ਨਹੀਂ ਆਉਂਦਾ, ਹੇ ਮੇਰੀ ਜਿੰਦ!

ਸਤਿਗੁਰ ਸਰਣੀ ਜਾਇ ਪਉ ਮੇਰੀ ਜਿੰਦੁੜੀਏ ਗੁਣ ਦਸੇ ਹਰਿ ਪ੍ਰਭ ਕੇਰੇ ਰਾਮ ॥
ਜਾ ਕੇ ਸੱਚੇ ਗੁਰਾਂ ਦੀ ਪਨਾਹ ਲੈ, ਹੇ ਮੇਰੀ ਜਿੰਦੇ! ਅਤੇ ਉਹ ਤੈਨੂੰ ਸੁਆਮੀ ਵਾਹਿਗੁਰੂ ਦੀਆਂ ਖੂਬੀਆਂ ਬਾਰੇ ਦੱਸਣਗੇ।

ਜਨ ਨਾਨਕ ਹਰਿ ਮੇਲਾਇਆ ਮੇਰੀ ਜਿੰਦੁੜੀਏ ਘਰਿ ਵਾਜੇ ਸਬਦ ਘਣੇਰੇ ਰਾਮ ॥੨॥
ਦਾਸ ਨਾਨਕ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੈ, ਹੇ ਮੇਰੇ ਜੀਵੜਿਆਂ ਅਤੇ ਉਸ ਦੇ ਗ੍ਰਿਹ (ਹਿਰਦੇ) ਵਿੱਚ ਬਹੁਤੇ ਖੁਸ਼ੀ ਦੇ ਗੀਤ ਗੂੰਜਦੇ, ਹਨ।

ਮਨਮੁਖਿ ਹਉਮੈ ਵਿਛੁੜੇ ਮੇਰੀ ਜਿੰਦੁੜੀਏ ਬਿਖੁ ਬਾਧੇ ਹਉਮੈ ਜਾਲੇ ਰਾਮ ॥
ਸਵੈ-ਹੰਗਤਾ ਨੇ ਆਪ-ਹੁਦਰਿਆਂ ਨੂੰ ਸਾਹਿਬ ਨਾਲੋਂ ਵਿਛੋੜ ਦਿੱਤਾ ਹੈ ਅਤੇ ਉਹ ਜ਼ਹਿਰੀਲੇ ਪਾਪਾਂ ਨਾਲ ਬੱਧੇ ਹਉਮੈਂ ਅਤੇ ਹੰਕਾਰ ਦੀ ਅੱਗ ਵਿੱਚ ਸੜ ਰਹੇ ਹਨ।

ਜਿਉ ਪੰਖੀ ਕਪੋਤਿ ਆਪੁ ਬਨ੍ਹ੍ਹਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ ॥
ਜਿਸ ਤਰ੍ਹਾਂ ਕਬੂਤਰ ਵਰਗਾ ਪੰਛੀ, ਖੁਦ ਬਖੁਦ ਜਾਲ ਅੰਦਰ ਜਾ ਫਸਦਾ ਹੈ, ਹੇ ਮੇਰੀ ਜਿੰਦੇ! ਏਸੇ ਤਰ੍ਹਾਂ ਹੀ ਸਮੁਹ ਆਪ-ਹੁਦਰੇ ਮੌਤ ਦੇ ਇਖਤਿਆਰ ਵਿੱਚ ਆ ਡਿਗਦੇ ਹਨ।

ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ॥
ਸ਼ਰਧਾ-ਹੀਣ, ਬੇਵਕੂਫ ਤੇ ਭੂਤਨੇ ਹਨ ਉਹ ਪ੍ਰਾਣੀ, ਹੇ ਮੇਰੇ ਜਿਊੜਿਆ! ਜੋ ਆਪਣੇ ਮਨ ਨੂੰ ਸੰਸਾਰੀ ਮਮਤਾ ਤੇ ਧਨ-ਦੌਲਤ ਨਾਲ ਜੋੜਦੇ ਹਨ।

copyright GurbaniShare.com all right reserved. Email