ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਆਪਣੇ ਧਰਮ ਨੂੰ ਚੇਤੇ ਕਰਦਾ ਹੋਇਆ, ਸੁਆਮੀ ਆਪਣੇ ਗੋਲੇ ਨੂੰ ਔਖਾ ਵੇਲਾ ਨਹੀਂ ਦੇਖਣ ਦਿੰਦਾ। ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਆਪਣਾ ਹੱਥ ਦੇ ਕੇ, ਉਹ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਤੇ ਹਰ ਸਾਹ ਨਾਲ ਉਸ ਦੀ ਪਾਲਣ-ਪੋਸਣਾ ਕਰਦਾ ਹੈ। ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਮੈਂਡਾ ਮਨ ਸੁਆਮੀ ਨਾਲ ਜੁੜਿਆ ਰਹਿੰਦਾ ਹੈ। ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮੁੱਢ ਤੋਂ ਲੈ ਕੇ ਅਖੀਰ ਤਾਂਈਂ ਸੁਆਮੀ ਮੇਰਾ ਸਦਾ ਹੀ ਸਹਾਇਕ ਹੈ, ਧਨਤਾ ਜੋਗ ਅਤੇ ਸਮਰਥ ਹੈ ਮੇਰਾ ਮਿੱਤਰ! ਠਹਿਰਾਉ। ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਪ੍ਰਭੂ ਦੀ ਅਲੋਕਿਕ ਵਿਸ਼ਾਲਤਾ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਨਾਨਕ ਅਨੰਦ (ਸਦੀਵੀ ਖੇੜੇ) ਮਾਣਦਾ ਹੈ। ਸਰਬ ਵਿਆਪਕ ਸੁਆਮੀ ਨੇ ਉਸ ਦੀ ਲੱਜਿਆ ਰੱਖ ਲਈ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਜੋ ਜੀਵਨ ਦੇ ਦਾਤਾਰ ਸੁਆਮੀ ਨੂੰ ਭੁਲਾਉਂਦਾ ਹੈ, ਤੂੰ ਉਸ ਨੂੰ ਨਿਕਰਮਣ ਗਿਣ ਲੈ। ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਜਿਸ ਦੇ ਚਿੱਤ ਦਾ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੇਮ ਹੈ ਉਹ ਅੰਮ੍ਰਿਤ ਦੇ ਸਰੋਵਰ ਨੂੰ ਪਾ ਲੈਂਦਾ ਹੈ। ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਤੇਰਾ ਗੋਲਾ ਰਾਮ ਨਾਮ ਦੇ ਪ੍ਰੇਮ ਅੰਦਰ ਜਾਗਦਾ ਹੈ। ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਉਸ ਦੇ ਸਰੀਰ ਤੋਂ ਸਾਰੀ ਸੁਸਤੀ ਦੂਰ ਹੋ ਗਈ ਹੈ ਅਤੇ ਉਸ ਦੀ ਜਿੰਦੜੀ ਪਿਆਰੇ ਨਾਲ ਜੁੜ ਗਈ ਹੈ। ਠਹਿਰਾਉ। ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਵਿਆਪਕ ਸੁਆਮੀ ਮਾਲਾ ਦੇ ਧਾਗੇ ਸਮਾਨ ਹੈ, ਜਿਸ ਵਿੱਚ ਸਾਰੇ ਦਿਲ ਪਰੋਏ ਹਨ। ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥ ਹਰੀ ਨਾਮ ਦੇ ਪਾਣੀ ਨੂੰ ਪੀ ਕੇ ਗੋਲੇ ਨਾਨਕ ਨੇ ਹੋਰ ਸਾਰੀਆਂ ਪ੍ਰੀਤਾਂ ਛੱਡ ਦਿੱਤੀਆਂ ਹਨ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਜਨ ਕੇ ਪੂਰਨ ਹੋਏ ਕਾਮ ॥ ਸਾਹਿਬ ਦੇ ਗੋਲੇ ਦੇ ਸਾਰੇ ਕਾਰਜ ਰਾਸ ਹੋ ਗਏ ਹਨ। ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥ ਪਰਮ ਜ਼ਹਿਰੀਲੇ ਕਲਯੁੱਗ ਅੰਦਰ ਪ੍ਰਮੇਸ਼ਰ ਨੇ ਉਸ ਦੀ ਇੱਜ਼ਤ ਆਬਰੂ ਰੱਖ ਲਈ ਹੈ। ਠਹਿਰਾਉੇ। ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ ਉਹ ਆਪਣੇ ਪ੍ਰਭੂ ਪ੍ਰਮੇਸ਼ਰ ਦਾ ਆਰਾਧਨ ਦੇ ਚਿੰਤਨ ਕਰਦਾ ਹੈ ਅਤੇ ਇਸ ਲਈ ਮੌਤ ਦਾ ਫਰੇਸ਼ਤਾ ਉਸ ਦੇ ਲਾਗੇ ਨਹੀਂ ਫਟਕਦਾ। ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥ ਵਾਹਿਗੁਰੂ ਦਾ ਗੋਲਾ, ਕਲਿਆਣ ਦੇ ਬਿਸਰਾਮ ਅਸਥਾਨ, ਸਤਿ ਸੰਗਤ, ਅੰਦਰ ਵਾਹਿਗੁਰੂ ਦੇ ਘਰ ਨੂੰ ਪਾ ਲੈਂਦਾ ਹੈ। ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ ਸਾਹਿਬ ਦੇ ਕੰਵਲ ਪੈਰ ਹੀ ਉਸ ਦੇ ਗੁਮਾਸ਼ਤੇ ਲਈ ਧਨ ਦੀ ਥੈਲੀ ਹਨ, ਉਨ੍ਹਾਂ ਅੰਦਰ ਉਸ ਨੂੰ ਕ੍ਰੋੜਾਂ ਹੀ ਖੁਸ਼ੀਆਂ ਤੇ ਸੁਖ ਪ੍ਰਾਪਤ ਹੁੰਦੇ ਹਨ। ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥ ਦਿਹੁੰ ਰਾਤ ਉਹ ਸੁਆਮੀ ਮਾਲਕ ਦਾ ਆਰਾਧਨ ਕਰਦਾ ਹੈ। ਨਾਨਕ ਉਸ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਮਾਂਗਉ ਰਾਮ ਤੇ ਇਕੁ ਦਾਨੁ ॥ ਮੈਂ ਆਪਣੇ ਮਾਲਕ ਪਾਸੋਂ ਇਕ ਬਖਸ਼ੀਸ਼ ਮੰਗਦਾ ਹਾਂ। ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥ ਤੇਰੇ ਨਾਮ ਦਾ ਆਰਾਧਨ ਕਰਨ ਦੁਆਰਾ, ਹੇ ਪ੍ਰਭੂ! ਮੈਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ। ਠਹਿਰਾਉ। ਚਰਨ ਤੁਮ੍ਹ੍ਹਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥ ਤੇਰੇ ਪੈਰ ਮੇਰੇ ਮਨ ਅੰਦਰ ਨਿਵਾਸ ਕਰਨ, ਅਤੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋਵੇ। ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥ ਮੇਰਾ ਮਨ ਪਛਤਾਵੇ ਦੀ ਅੱਗ ਅੰਦਰ ਖੱਚਤ ਨਾਂ ਹੋਵੇ ਅਤੇ ਮੈਂ ਦਿਨ ਦੇ ਅੱਠੇ ਪਹਿਰ ਹੀ ਤੇਰਾ ਜੱਸ ਗਾਇਨ ਕਰਦਾ ਰਹਾਂ। ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧ੍ਯ੍ਯੰਤ ਪ੍ਰਭ ਜਾਪਣ ॥ ਮੈਂ ਆਪਣੀ ਬਾਲ ਅਵਸਥਾ ਵਿੱਚ ਵਾਹਿਗੁਰੂ ਦੀ ਟਹਿਲ ਕਮਾਵਾਂ ਅਤੇ ਆਪਣੀ ਵਿਚਕਾਰਲੀ ਤੇ ਅਖੀਰਲੀ ਆਰਬਲਾ ਵਿੱਚ ਸਾਹਿਬ ਦਾ ਸਿਮਰਨ ਕਰਾਂ। ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥ ਨਾਨਕ, ਜੋ ਸ਼੍ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ, ਉਹ ਮੁੜ ਕੇ, ਨਾਂ ਹੀ ਗਰਭ ਵਿੱਚ ਪੈਂਦਾ ਹੈ ਤੇ ਨਾਂ ਹੀ ਛੁਪਦਾ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਮਾਂਗਉ ਰਾਮ ਤੇ ਸਭਿ ਥੋਕ ॥ ਸਾਰੀਆਂ ਵਸਤੂਆਂ ਲਈ ਮੈਂ ਆਪਣੇ ਸੁਆਮੀ ਅੱਗੇ ਹੀ ਪ੍ਰਾਰਥਨਾ ਕਰਦਾ ਹਾਂ। ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥ ਮਨੁੱਖ ਕੋਲੋਂ ਮੰਗਦਿਆਂ ਮੈਨੂੰ ਲੱਜਿਆ ਆਉਂਦੀ ਹੈ। ਸੁਆਮੀ ਦੇ ਆਰਾਧਨ ਦੁਆਰਾ ਕਲਿਆਣ ਪ੍ਰਾਪਤ ਹੁੰਦੀ ਹੈ। ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥ ਮੈਂ ਰਿਸ਼ੀਆਂ ਮੁਨੀਆਂ ਦੀਆਂ ਉਚਾਰੀਆਂ ਹੋਈਆਂ ਸਿੰਮਰਤੀਆਂ ਅਤੇ ਪੁਰਾਣ ਗਹੁ ਨਾਲ ਪੜ੍ਹੇ ਹਨ ਤੇ ਭੇਦ ਭੀ ਖੋਜੇ ਹਨ। ਉਹ ਸਾਰੇ ਕੂਕਦੇ ਹਨ: ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥ ਰਹਿਮਤ ਦੇ ਸਮੁੰਦਰ, ਸੁਆਮੀ ਦੀ ਘਾਲ ਕਮਾਉਣ ਦੁਆਰਾ ਸੱਚ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਾਣੀ ਦੇ ਦੋਵਨੂੰ ਜਹਾਨ (ਲੋਕ ਪ੍ਰਲੋਕ) ਸੌਰ ਜਾਂਦੇ ਹਨ। ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥ ਪ੍ਰਭੂ ਦੀ ਬੰਦਗੀ ਦੇ ਬਾਝੋਂ ਹੋਰ ਸਾਰੇ ਕਰਮ ਕਾਂਡ ਤੇ ਕੰਮ ਕਾਜ ਵਿਅਰਥ ਹਨ। ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥ ਸੰਤ ਗੁਰਦੇਵ ਦੇ ਮਿਲਣ ਨਾਲ ਸੋਗ ਮਿੱਟ ਜਾਂਦਾ ਹੈ ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ! ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥ ਪ੍ਰਭੂ ਦੇ ਨਾਮ ਨਾਲ ਖਾਹਿਸ਼ ਮਿੱਟ ਜਾਂਦੀ ਹੈ। ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥ ਗੁਰਬਾਣੀ ਰਾਹੀਂ ਪਰਮ ਸੰਤੁਸ਼ਟਤਾ ਉਤਪੰਨ ਹੁੰਦੀ ਹੈ ਅਤੇ ਇਨਸਾਨ ਦੀ ਬਿਰਤੀ ਪੂਰੀ ਤਰ੍ਹਾਂ ਪ੍ਰਭੂ ਨਾਲ ਜੁੜ ਜਾਂਦੀ ਹੈ। ਠਹਿਰਾਉ। copyright GurbaniShare.com all right reserved. Email |