Page 794

ਕਿਆ ਤੂ ਸੋਇਆ ਜਾਗੁ ਇਆਨਾ ॥
ਤੂੰ ਜਾਗ ਪਉ ਹੇ ਨਦਾਨ ਬੰਦੇ! ਤੂੰ ਕਿਉਂ ਸੁੱਤਾ ਪਿਆ ਹੈ?

ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥
ਤੂੰ ਸੰਸਾਰੀ ਜਿੰਦਗੀ ਨੂੰ ਸੱਚੀ ਕਰ ਕੇ ਜਾਣਦਾ ਹੈਂ। ਠਹਿਰਾਉ।

ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥
ਜਿਸ ਨੇ ਤੈਨੂੰ ਜਿੰਦ-ਜਾਨ ਬਖਸ਼ੀ ਹੈ, ਉਹ ਹੀ ਤੈਨੂੰ ਰੋਜ਼ੀ ਪੁਚਾਵੇਗਾ।

ਸਭ ਘਟ ਭੀਤਰਿ ਹਾਟੁ ਚਲਾਵੈ ॥
ਹਰ ਦਿਲ ਅੰਦਰ ਉਹ ਦੁਕਾਨ ਚਲਾ ਰਿਹਾ ਹੈ।

ਕਰਿ ਬੰਦਿਗੀ ਛਾਡਿ ਮੈ ਮੇਰਾ ॥
ਤੂੰ ਸਾਹਿਬ ਦਾ ਸਿਮਰਨ ਧਾਰਨ ਕਰ ਅਤੇ ਆਪਣੀ ਹੰਗਤਾ ਅਤੇ ਅਪਣੱਤ ਤਿਆਗ ਕੇ।

ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾ ॥੨॥
ਆਪਣੇ ਮਨ ਅੰਦਰ ਤੂੰ ਪ੍ਰਭੂ ਤੇ ਨਾਮ ਦਾ ਵੇਲੇ ਸਿਰ ਆਰਾਧਨ ਕਰ।

ਜਨਮੁ ਸਿਰਾਨੋ ਪੰਥੁ ਨ ਸਵਾਰਾ ॥
ਤੇਰੀ ਆਉਧ ਵਿਹਾ ਗਈ ਹੈ ਪਰ ਤੂੰ ਆਪਣੇ ਮਾਰਗ ਨੂੰ ਦਰੁਸਤ ਨਹੀਂ ਕੀਤਾ।

ਸਾਂਝ ਪਰੀ ਦਹ ਦਿਸ ਅੰਧਿਆਰਾ ॥
ਸ਼ਾਮ ਹੋ ਗਈ ਹੈ ਅਤੇ ਛੇਤੀ ਹੀ ਦੱਸੀਂ ਪਾਸੀਂ ਅਨ੍ਹੇਰਾ ਪੈ ਜਾਏਗਾ।

ਕਹਿ ਰਵਿਦਾਸ ਨਿਦਾਨਿ ਦਿਵਾਨੇ ॥
ਰਵਿਦਾਸ ਜੀ ਫੁਰਮਾਉਂਦੇ ਹਨ, ਹੇ ਬੇਸਮਝ ਪਗਲੇ ਪੁਰਸ਼!

ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥
ਤੂੰ ਖਿਆਲ ਨਹੀਂ ਕਰਦਾ ਕਿ ਇਹ ਜਹਾਨ ਮੌਤ ਦਾ ਘਰ ਹੈ।

ਸੂਹੀ ॥
ਸੂਹੀ।

ਊਚੇ ਮੰਦਰ ਸਾਲ ਰਸੋਈ ॥
ਇਨਸਾਨ ਪਾਸ ਉਚੇ ਮਹਿਲ, ਦਾਲਾਨ ਅਤੇ ਲੰਗਰਖਾਨੇ ਹਨ।

ਏਕ ਘਰੀ ਫੁਨਿ ਰਹਨੁ ਨ ਹੋਈ ॥੧॥
ਮੌਤ ਦੇ ਮਗਰੋਂ ਉਹ ਉਨ੍ਹਾਂ ਵਿੱਚ ਇਕ ਮੁਹਤ ਭਰ ਲਈ ਭੀ ਰਹਿ ਨਹੀਂ ਸਕਦਾ।

ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥
ਇਹ ਦੇਹ ਕੱਖਾਂ ਦੀ ਕੁੱਲੀ ਦੀ ਤਰ੍ਹਾਂ ਹੈ।

ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥੧॥ ਰਹਾਉ ॥
ਜਦ ਘਾਅ ਸੜ ਜਾਂਦਾ ਹੈ ਤਾਂ ਇਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ।

ਭਾਈ ਬੰਧ ਕੁਟੰਬ ਸਹੇਰਾ ॥
ਉਸ ਦੇ ਸਨਬੰਧੀ, ਵਹੁਟੀ ਅਤੇ ਮਿੱਤਰ, ਕਹਿਣ ਲੱਗ ਜਾਂਦੇ ਹਨ,

ਓਇ ਭੀ ਲਾਗੇ ਕਾਢੁ ਸਵੇਰਾ ॥੨॥
ਇਸ ਨੂੰ ਛੇਤੀ ਬਾਹਰ ਲੈ ਜਾਓ"।

ਘਰ ਕੀ ਨਾਰਿ ਉਰਹਿ ਤਨ ਲਾਗੀ ॥
ਉਸ ਦੇ ਗ੍ਰਿਹ ਦੀ ਵਹੁਟੀ ਜੋ ਉਸ ਦੇ ਸਰੀਰ ਤੇ ਦਿਲ ਨਾਲ ਲੱਗੀ ਰਹਿੰਦੀ ਸੀ,

ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥
ਉਹ ਤਾਂ "ਪ੍ਰੇਤ ਪ੍ਰੇਤ" ਪੁਕਾਰਦੀ ਹੋਈ ਉਸ ਕੋਲੋਂ ਦੂਰ ਭੱਜ ਜਾਂਦੀ ਹੈ।

ਕਹਿ ਰਵਿਦਾਸ ਸਭੈ ਜਗੁ ਲੂਟਿਆ ॥
ਰਵਿਦਾਸ ਜੀ ਆਖਦੇ ਹਨ, ਮੌਤ ਨੇ ਸਾਰੇ ਜਹਾਨ ਨੂੰ ਲੁੱਟ ਲਿਆ ਹੈ,

ਹਮ ਤਉ ਏਕ ਰਾਮੁ ਕਹਿ ਛੂਟਿਆ ॥੪॥੩॥
ਪ੍ਰੰਤੂ ਮੈਂ ਇਕ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਗਿਆ ਹਾਂ।

ੴ ਸਤਿਗੁਰ ਪ੍ਰਸਾਦਿ ॥
ਰਾਗੁ ਸੂਹੀ ਸ਼ਬਦ। ਸ਼ੇਖ ਫਰੀਦ ਜੀ ਦੇ।

ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥
ਲਗਾਤਾਰ ਸੜਦੀ ਤੇ ਮਚਦੀ ਹੋਈ, ਮੈਂ ਆਪਣੇ ਹੱਥ ਮਰੋੜਦੀ ਹਾਂ।

ਬਾਵਲਿ ਹੋਈ ਸੋ ਸਹੁ ਲੋਰਉ ॥
ਉਸ ਆਪਣੇ ਕੰਤ ਨੂੰ ਭਾਲਦੀ ਹੋਈ ਮੈਂ ਕਮਲੀ ਹੋ ਗਈ ਹਾਂ।

ਤੈ ਸਹਿ ਮਨ ਮਹਿ ਕੀਆ ਰੋਸੁ ॥
ਤੂੰ, ਹੇ ਕੰਤ! ਆਪਣੇ ਚਿੱਤ ਵਿੱਚ ਮੇਰੇ ਨਾਲ ਗੁੱਸੇ ਹੈਂ।

ਮੁਝੁ ਅਵਗਨ ਸਹ ਨਾਹੀ ਦੋਸੁ ॥੧॥
ਮੇਰੇ ਵਿੱਚ ਬਦੀਆਂ ਹਨ। ਮੇਰੇ ਕੰਤ ਦਾ ਕੋਈ ਕਸੂਰ ਨਹੀਂ।

ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥
ਮੇਰੇ ਸੁਆਮੀ ਮੈਂ ਤੈਰੀ ਕਦਰ ਨਹੀਂ ਜਾਣਦੀ।

ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥
ਆਪਣੀ ਜੁਆਨੀ ਗੁਆ ਕੇ, ਮੈਂ ਮਗਰੋਂ ਪਸਚਾਤਾਪ ਕਰਦੀ ਹਾਂ। ਠਹਿਰਾਉ।

ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥
ਹੇ ਕਾਲੀ ਕੋਕਲੇ! ਕਿਹੜਿਆਂ ਲੱਛਣਾਂ ਨੇ ਤੈਨੂੰ ਸਿਆਹ ਕਰ ਦਿੱਤਾ ਹੈ।

ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥
ਮੈਨੂੰ ਮੇਰੇ ਪਿਆਰੇ ਦੇ ਵਿਛੋੜੇ ਨੇ ਸਾੜ ਸੁੱਟਿਆ ਹੈ।

ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥
ਆਪਣੇ ਵਰਤੇ ਦੇ ਬਿਨਾਂ, ਉਹ ਕਦੇ ਕਿਸ ਤਰ੍ਹਾਂ ਆਰਾਮ ਪਾ ਸਕਦੀ ਹੈ?

ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥
ਜਦ ਸਾਹਿਬ ਮਿਹਰਬਾਨ ਹੋ ਜਾਂਦਾ ਹੈ ਤਦ ਉਹ ਮੈਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਵਿਧਣ ਖੂਹੀ ਮੁੰਧ ਇਕੇਲੀ ॥
ਸੰਸਾਰ ਦੇ ਖੂਹ ਵਿੱਚ ਕੱਲਮਕੱਲੀ ਪਤਨੀ ਦੁੱਖ ਭੋਗ ਰਹੀ ਹੈ।

ਨਾ ਕੋ ਸਾਥੀ ਨਾ ਕੋ ਬੇਲੀ ॥
ਉਸ ਦੀ ਨਾਂ ਕੋਈ ਸਾਥਣ ਹੈ, ਨਾਂ ਹੀ ਸੱਜਣੀ।

ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥
ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਸਤਿ ਸੰਗਤ ਨਾਲ ਮਿਲਾ ਦਿੱਤਾ ਹੈ।

ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥
ਜਦ ਮੈਂ ਮੁੜ ਕੇ ਵੇਖਦਾ ਹਾਂ, ਤਦ ਮੈਂ ਵਾਹਿਗੁਰੂ ਨੂੰ ਆਪਣਾ ਮਦਦਗਾਰ ਪਾਉਂਦਾ ਹਾਂ।

ਵਾਟ ਹਮਾਰੀ ਖਰੀ ਉਡੀਣੀ ॥
ਬੜਾ ਉਦਾਸ ਕਰਨ ਵਾਲਾ ਹੈ ਮਾਰਗ, ਜਿਸ ਤੇ ਮੈਂ ਟੁਰਨਾ ਹੈ।

ਖੰਨਿਅਹੁ ਤਿਖੀ ਬਹੁਤੁ ਪਿਈਣੀ ॥
ਇਹ ਖੰਡੇ ਨਾਲੋਂ ਤੇਜ਼ ਹੈ ਅਤੇ ਨਿਹਾਇਤ ਹੀ ਤੰਗ ਹੈ।

ਉਸੁ ਊਪਰਿ ਹੈ ਮਾਰਗੁ ਮੇਰਾ ॥
ਉੇਸ ਦੇ ਉਪਰ ਹੈ ਮੇਰਾ ਰਸਤਾ।

ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥
ਹੇ ਸ਼ੇਖ ਫਰੀਦ! ਜਿੰਨੀ ਛੇਤੀ ਹੋ ਸਕੇ ਤੂੰ ਆਪਣੇ ਰਸਤੇ ਨੂੰ ਖਿਆਲ ਕਰ।

ਸੂਹੀ ਲਲਿਤ ॥
ਸੂਹੀ ਲਲਿਤ।

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
ਤੂੰ ਉਸ ਵਕਤ ਤੁਲਹੜਾ ਨਹੀਂ ਬਣਾ ਸਕਿਆ ਜਦੋਂ ਤੈਨੂੰ ਬਣਾਉਣਾ ਚਾਹੀਦਾ ਸੀ।

ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥
ਜਦ ਸਮੁੰਦਰ ਪਰੀਪੂਰਨ ਹੋ ਉਛਲਦਾ ਹੈ, ਤਦ ਇਸ ਨੂੰ ਪਾਰ ਕਰਨਾ ਕਠਨ ਹੈ।

ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ ॥
ਤੂੰ ਕਸੁੰਭੇ ਦੇ ਫੁੱਲ ਨੂੰ ਆਪਣਾ ਹੱਥ ਨਾਂ ਲਾ, ਇਸ ਦਾ ਰੰਗ ਨਾਸ ਹੋ ਜਾਏਗਾ, ਮੇਰਿਆ ਪ੍ਰੀਤਮਾਂ! ਠਹਿਰਾਉ।

ਇਕ ਆਪੀਨ੍ਹ੍ਹੈ ਪਤਲੀ ਸਹ ਕੇਰੇ ਬੋਲਾ ॥
ਇਕ ਤਾਂ ਪਤਨੀ ਖੁਦ ਹੀ ਕਮਜ਼ੋਰ ਹੈ ਅਤੇ ਇਸ ਤੋਂ ਉਪਰ ਉੇਸ ਦੇ ਪਤੀ ਦਾ ਹੁਕਮ ਸਹਾਰਨਾਂ ਕਰਨ ਹੈ।

ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥
ਜਿਸ ਤਰ੍ਹਾਂ ਦੁੱਧ ਥਣਾਂ ਵਿੱਚ ਵਾਪਸ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਰੂਹ ਮੁੜ ਉੇਸੇ ਦੇਹ ਦੇ ਨਾਲ ਨਹੀਂ ਮਿਲਦੀ।

ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥
ਫਰੀਦ ਜੀ ਆਖਦੇ ਹਨ, ਹਹੇ ਮੇਰੀਓ ਸਖੀਓ! ਜਦ ਭਰਤਾ ਬੁਲਾਉਂਦਾ ਹੈ,

ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥
ਆਤਮਾ ਨਿਮੌਝੂਣੀ ਹੋ ਟੁਰ ਪੈਂਦੀ ਹੈ ਅਤੇ ਇਹ ਸਰੀਰ ਸੁਆਹ ਹੀ ਢੇਰੀ ਹੋ ਜਾਂਦਾ ਹੈ।

copyright GurbaniShare.com all right reserved. Email