Page 859

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਨੀ ਰਹਿਤ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥
ਰਾਗ ਗੋਂਡ ਚਉਪਜੇ ਚੌਥੀ ਪਾਤਿਸ਼ਾਹੀ।

ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥
ਹੇ ਬੰਦੇ! ਆਪਣੇ ਮਨ ਅੰਦਰ; ਜੇਕਰ ਤੂੰ ਆਪਣੀ ਉਮੀਦ ਵਾਹਿਗੁਰੂ ਉਤੇ ਰੱਖੇ, ਤਦ ਤੂੰ ਆਪਣੇ ਚਿੱਤ-ਚਾਹੁੰਦੇ ਬੜੇ ਬੜੇ ਹੀ ਮੇਵੇ ਲਵੇਂਗਾ।

ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥
ਜੋ ਕੁਛ ਮਨ ਅੰਦਰ ਬੀਤਦਾ ਹੈ, ਵਾਹਿਗੁਰੂ ਸਾਰਾ ਕੁਝ ਜਾਣਦਾ ਹੈ। ਸੁਆਮੀ ਕਿਸੇ ਦੀ ਮਿਹਨਤ ਮੁਸ਼ਕਤ ਜ਼ਰਾ ਮਾਤਰ ਭੀ ਨਹੀਂ ਗੁਆਉਂਦਾ।

ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥
ਹੇ ਮੇਰੀ ਜਿੰਦੜੀਏ! ਤੂੰ ਆਪਣੀ ਉਮੀਦ ਉਸ ਵਾਹਿਗੁਰੂ ਸੁਆਮੀ ਉਤੇ ਲਾ ਜੋ ਸਾਰਿਆਂ ਅੰਦਰ ਰਮ ਰਿਹਾ ਹੈ।

ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥
ਹੇ ਮੇਰੀ ਜਿੰਦੜੀਏ! ਤੂੰ ਆਪਣੀ ਆਸ ਉਮੀਦ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਮਾਲਕ ਉਤੇ ਬੰਨ੍ਹ।

ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥੧॥ ਰਹਾਉ ॥
ਜੋ ਉਮੀਦ ਵਾਹਿਗੁਰੂ ਦੇ ਬਗੈਰ ਕਿਸੇ ਹੋਰਸ ਤੇ ਲਾਈ ਜਾਂਦੀ ਹੈ; ਉਹ ਉਮੀਦ ਨਿਸਫਲ ਹੈ ਅਤੇ ਸਾਰੀ ਵਿਅਰਥ ਜਾਂਦੀ ਹੈ। ਠਹਿਰਾਉ।

ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥
ਧਨ-ਦੌਲਤ, ਸੰਸਾਰੀ ਮਮਤਾ ਅਤੇ ਸਮੂਹ ਟੱਬਰ ਕਬੀਲਾ, ਜਿਹੜਾ ਤੂੰ ਦੇਖਦਾ ਹੈ, ਉਨ੍ਹਾਂ ਉਤੇ ਤੂੰ ਆਪਣੀ ਉਮੀਦ ਨਾਂ ਬੰਨ੍ਹ, ਇਸ ਤਰ੍ਹਾਂ ਤੂੰ ਆਪਣੇ ਜੀਵਨ ਦੇ ਗੁਣ ਨੂੰ ਗੁਆ ਲਵੇਂਗਾ।

ਇਨ੍ਹ੍ਹ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ੍ਹ੍ਹ ਕਾ ਵਾਹਿਆ ਕਛੁ ਨ ਵਸਾਈ ॥
ਉਨ੍ਹਾਂ ਦੇ ਹੱਥ ਵਿੱਚ ਕੁਝ ਨਹੀਂ। ਇਹ ਵੀਚਾਰੇ ਕੀ ਕਰ ਸਕਦੇ ਹਨ? ਉਨ੍ਹਾਂ ਦੇ ਕਰਨ ਦੁਆਰਾ ਕੁਝ ਭੀ ਨਹੀਂ ਸੌਰ ਸਕਦਾ।

ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ ॥੨॥
ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਆਪਣੇ ਮਿੱਤਰ ਉਤੇ ਭਰੋਸਾ ਧਾਰ ਜੋ ਤੇਰਾ ਪਾਰ ਉਤਾਰਾ ਕਰ ਦੇਵੇਗਾ ਅਤੇ ਤੇਰੇ ਸਾਰੇ ਆਰ ਪਰਵਾਰ ਨੂੰ ਭੀ ਬੰਦ-ਖਲਾਸ ਕਰ ਦੇਵੇਗਾ।

ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ ॥
ਜੇਕਰ ਤੂੰ ਕੋਈ ਉਮੀਦ ਕਿਸੇ ਹੋਰਸ ਵਿੱਚ ਜਾਂ ਸੁਆਮੀ ਦੇ ਬਾਝੋਂ ਹੋਰ ਮਿਤ੍ਰ ਵਿੱਚ ਧਾਰਦਾ ਹੈਂ, ਜਾਣ ਲੈ ਕਿ ਇਹ ਤੇਰੇ ਕਿਧਰੇ ਭੀ ਕੰਮ ਨਹੀਂ ਆਉਣੀ।

ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥
ਹੋਰਸ ਮਿਤ੍ਰ ਦੀ ਉਮੀਦ ਦਵੈਤ-ਭਾਵ ਤੋਂ ਉਤਪੰਨ ਹੁੰਦੀ ਹੈ। ਕੂੜੀ ਹੋਣ ਕਾਰਨ ਇਹ ਸਾਰੀ ਇਕ ਮੁਹਤ ਵਿੱਚ ਨਾਸ ਹੋ ਜਾਂਦੀ ਹੈ।

ਮੇਰੇ ਮਨ ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭੁ ਥਾਇ ਪਾਈ ॥੩॥
ਹੇ ਮੇਰੀ ਜਿੰਦੜੀਏ! ਤੂੰ ਸੱਚੇ ਪਿਆਰੇ ਪ੍ਰਭੂ ਅੰਦਰ ਭਰੋਸਾ ਧਾਰ ਜੋ ਤੇਰੀ ਸਾਰੀ ਟਹਿਲ ਸੇਵਾ ਨੂੰ ਪਰਵਾਨ ਕਰ ਲਵੇਗਾ।

ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ ਕਰਾਈ ॥
ਉਮੀਦ ਅਤੇ ਅਭਿਲਾਸ਼ਾ ਸਮੂੲ ਤੇਰੀਆਂ ਹਨ, ਹੇ ਮੇਰੇ ਮਾਲਕ! ਇਹੋ ਜਿਹੀ ਉਮੀਦ ਤੂੰ ਬੰਦੇ ਪਾਸੋਂ ਕਰਵਾਉਂਦਾ ਹੈਂ ਉਹੋ ਜਿਹੀ ਹੀ ਉਮੀਦ ਉਹ ਕਰਦਾ ਹੈ।

copyright GurbaniShare.com all right reserved. Email