ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥
ਸਿਰੀ ਰਾਗੁ ਬਾਨੀ, ਸੰਤ ਬੇਣੀ। ਪਹਿਰੇ ਦੀ ਸੁਰ ਵਿੱਚ ਗਾਇਨ ਕਰਨਾ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ। ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥ ਹੇ ਇਨਸਾਨ! ਜਦ ਤੂੰ ਪੇਟ ਦੇ ਵਲ ਅੰਦਰ ਸੈਂ, ਤੂੰ ਸਿਰ ਦੇ ਭਾਰ ਖੜਾ ਹੋ ਕੇ ਸਾਹਿਬ ਦਾ ਸਿਮਰਨ ਕਰਦਾ ਅਤੇ ਉਸ ਉਤੇ ਆਪਣੀ ਬ੍ਰਿਤੀ ਜੋੜਦਾ ਸੈਂ। ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥ ਤੇਰੇ ਵਿੱਚ ਤੇਰੀ ਨਾਸਵੰਤ ਦੇਹਿ ਦੇ ਰੁਤਬੇ ਦਾ ਗਰੂਰ ਨਹੀਂ ਸੀ ਅਤੇ ਬੇਸਮਝੀ ਤੋਂ ਮੁਕੰਮਲ ਸੱਖਣਾ ਹੋਣ ਕਰਕੇ ਤੂੰ ਦਿਨ ਰੈਣ ਵਿੱਚ ਹਰੀ ਦਾ ਅਰਾਧਨ ਕਰਦਾ ਸੈਂ। ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥ ਤਸੀਹੇ ਅਤੇ ਪਰਮ ਤਕਲੀਫ ਦੇ ਉਹ ਦਿਹਾੜੇ ਯਾਦ ਕਰ। ਹੁਣ ਤੂੰ ਆਪਣੇ ਮਨ ਦੇ ਜਾਲ ਨੂੰ ਘਨੇਰਾ ਖਿਲਾਰ ਲਿਆ ਹੈ। ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥੧॥ ਕੁੱਖ ਨੂੰ ਤਿਆਗ ਕੇ ਤੂੰ ਇਸ ਫਾਨੀ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਤਦ ਤੂੰ ਹੇ ਬੰਦੇ! ਵਾਹਿਗੁਰੂ ਨੂੰ ਆਪਣੇ ਮਨ ਵਿੱਚ ਭੁਲਾ ਦਿਤਾ। ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥ ਤੂੰ ਮਗਰੋਂ ਪਸਚਾਤਾਪ ਕਰੇਗਾ, ਹੇ ਮੂਰਖਾ! ਕਿਹੜੀ ਮੰਦੀ ਬੁਧੀ ਰਾਹੀਂ ਤੂੰ ਸ਼ੱਕ ਸ਼ੁੱਭੇ ਨਾਲ ਚਿਮੜ ਗਿਆ ਹੈਂ? ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥੧॥ ਰਹਾਉ ॥ ਵਿਆਪਕ ਸੁਆਮੀ ਨੂੰ ਚੇਤੇ ਕਰ, ਨਹੀਂ ਤਾਂ ਤੂੰ ਮੌਤ ਦੇ ਦੂਤਾਂ ਦੇ ਸ਼ਹਿਰ ਨੂੰ ਜਾਵੇਗਾ, ਹੇ ਬੰਦੇ! ਤੂੰ ਕਿਉਂ ਅਮੋੜ ਭਟਕਦਾ ਫਿਰਦਾ ਹੈ? ਠਹਿਰਾਉ। ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ ॥ ਬੱਚਾ ਖੇਡ ਅਤੇ ਮਿਠਾਸਾਂ ਦੇ ਫਿਕਰ ਵਿੱਚ ਲੱਗਾ ਰਹਿੰਦਾ ਹੈ ਅਤੇ ਧੀਰੇ ਧੀਰੇ ਸੰਸਾਰੀ ਮਮਤਾ ਅੰਦਰ ਉਲਝ ਜਾਂਦਾ ਹੈ। ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ ॥ ਸੁਆਦਲੇ ਤੇ ਪਵਿਤ੍ਰ ਆਬਿ-ਹਿਯਾਤ ਦੀ ਗਲਤ ਫਹਿਮੀ ਅੰਦਰ ਇਨਸਾਨ ਜਹਿਰ ਖਾਂਦਾ ਹੈ ਅਤੇ ਫਿਰ ਪੰਜ ਮੰਦ-ਵਿਸ਼ੇ ਆ ਜ਼ਾਹਿਰ ਹੁੰਦੇ ਹਨ ਅਤੇ ਉਸ ਨੂੰ ਦੁਖ ਦਿੰਦੇ ਹਨ। ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮ ਨਾਮੁ ਨ ਅਰਾਧਿਆ ॥ ਆਦਮੀ ਸਿਮਰਨ ਕਰੜੀ ਘਾਲ, ਸਵੈ-ਰੋਕਥਾਮ ਅਤੇ ਨੇਕ ਅਮਲਾਂ ਵਲ ਦੀ ਰੁਚੀ ਨੂੰ ਤਿਆਗ ਦਿੰਦਾ ਹੈ ਅਤੇ ਵਿਆਪਕ ਸਾਈਂ ਦੇ ਨਾਮ ਦਾ ਜਾਪ ਨਹੀਂ ਕਰਦਾ। ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥੨॥ ਉਸ ਦਾ ਭੋਗ ਬਿਲਾਸ ਦਾ ਵੇਗ ਛੱਲਾਂ ਮਾਰਦਾ ਹੈ, ਉਸ ਦੀ ਸਮਝ ਨੂੰ ਕਾਲਖ ਲੱਗ ਜਾਂਦੀ ਹੈ ਅਤੇ ਤਦ ਉਹ ਹੋਰਨਾਂ ਦੀ ਜ਼ਨਾਨੀ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ। ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ ਜੁਆਨੀ ਦੇ ਜੋਸ਼ ਅੰਦਰ ਉਹ ਹੋਰਨਾਂ ਦੀਆਂ ਵਹੁਟੀਆਂ ਦੇ ਮੂੰਹ ਤੱਕਦਾ ਹੈ ਅਤੇ ਭਲੇ ਤੇ ਬੁਰੇ ਦੀ ਪਛਾਣ ਨਹੀਂ ਕਰਦਾ। ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ ॥ ਸ਼ਹਿਵਤ ਤੇ ਹੋਰ ਮਹਾਨ ਪਾਪਾਂ ਦੇ ਨਸ਼ੇ ਅੰਦਰ ਉਹ ਕੁਰਾਹੇ ਪੈ ਜਾਂਦਾ ਹੈ ਅਤੇ ਬਦੀ ਤੇ ਨੇਕੀ ਦੀ ਸਿੰਞਾਣ ਨਹੀਂ ਕਰਦਾ। ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ ॥ ਆਪਣੇ ਪੁਤ੍ਰਾਂ ਤੇ ਦੌਲਤ ਨੂੰ ਵੇਖਣ ਦੁਆਰਾ ਉਸ ਦਾ ਇਹ ਮਨੂਆ ਹੰਕਾਰੀ ਹੋ ਜਾਂਦਾ ਹੈ ਅਤੇ ਆਪਣੇ ਦਿਲ ਤੋਂ ਉਹ ਵਿਆਪਕ ਸੁਆਮੀ ਨੂੰ ਭੁਲਾ ਦਿੰਦਾ ਹੈ। ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥੩॥ ਹੋਰਸ ਦੀ ਮੌਤ ਤੇ ਉਹ ਆਪਣੇ ਦਿਲ ਅੰਦਰ ਉਸ ਦੀ ਦੌਲਤ ਨੂੰ ਜੋਖਦਾ ਹੈ। ਤੂੰ ਹੇ ਬੰਦੇ! ਆਪਣਾ ਜੀਵਨ ਪਿਸ਼ਾਬ ਵਾਲੀ ਮੋਰੀ (ਜਨ੍ਹਾਹਕਾਰੀ) ਅਤੇ ਮੂੰਹ ਦੇ ਸੁਆਦਾਂ (ਨਿਆਮ੍ਹਤਾਂ) ਅੰਦਰ ਗੁਆ ਲਿਆ ਹੈ। ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥ ਉਸ ਦੇ ਚਿਟੇ ਵਾਲ ਚੰਬੇਲੀ ਦੇ ਫੁੱਲ ਨਾਲੋਂ ਭੀ ਵਧੇਰੇ ਸੁਫੈਦ ਹਨ ਅਤੇ ਉਸ ਦੀ ਆਵਾਜ ਐਨੀ ਮੱਧਮ ਪੈ ਜਾਂਦੀ ਹੈ ਜਿਸ ਤਰ੍ਹਾਂ ਉਹ ਸੱਤਵੇਂ ਹੇਠਲੇ ਲੋਕ ਤੋਂ ਆਉਂਦੀ ਹੋਵੇ। ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥ ਜਦ ਉਸ ਦੀਆਂ ਅੱਖਾਂ ਵਗਦੀਆਂ ਹਨ ਅਤੇ ਉਸਦੀ ਅਕਲ ਤੇ ਤਾਕਤ ਦੌੜ ਜਾਂਦੀਆਂ ਹਨ, ਤਦ ਕਾਮਨਾਵਾਂ ਉਸ ਨੂੰ ਰਿੜਕਣ ਲੱਗ ਜਾਂਦੀਆਂ ਹਨ। ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥ ਇਸ ਲਈ ਵਿਸ਼ਿਆਂ ਨਾਲ, ਉਸ ਦੀ ਆਤਮਾ ਸੁਕ ਸੜ ਗਈ ਹੈ ਅਤੇ ਉਸ ਦੀ ਦੇਹਿ ਦਾ ਕੰਵਲ ਫੁਲ ਮੁਰਝਾ ਗਿਆ ਹੈ। ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥੪॥ ਇਸ ਫਾਨੀ ਸੰਸਾਰ ਅੰਦਰ ਅਮਰ ਮਾਲਕ ਦੀ ਬਾਣੀ ਨੂੰ ਤਿਆਗ ਕੇ, ਤੂੰ ਹੇ ਇਨਸਾਨ ਮਗਰੋਂ ਅਫਸੋਸ ਕਰੇਗਾ। ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ ਛੋਟੀਆਂ ਦੇਹਾਂ (ਬੱਚਿਆਂ) ਨੂੰ ਵੇਖ ਕੇ ਮਨੁੱਖ ਦੇ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ ਅਤੇ ਉਹ ਉਨ੍ਹਾਂ ਉਤੇ ਫ਼ਖ਼ਰ ਕਰਦਾ ਹੈ ਪ੍ਰੰਤੂ ਸਾਈਂ ਨੂੰ ਨਹੀਂ ਸਮਝਦਾ। ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥ ਭਾਵੇਂ ਉਸ ਨੂੰ ਆਪਣੀਆਂ ਅੱਖਾਂ ਤੋਂ ਕੁਝ ਭੀ ਦਿਸਦਾ ਨਹੀਂ ਫਿਰ ਭੀ ਉਹ ਲੰਮੀ ਉਮਰ ਦੇ ਮਰਤਬੇ ਵਾਸਤੇ ਲਾਲਸਾ ਕਰਦਾ ਹੈ। ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ ਅੱਗ ਬੁਝ ਗਈ ਹੈ, ਭਉਰ ਪੰਛੀ ਉਡ ਗਿਆ ਹੈ ਅਤੇ ਉਸ ਦੀ ਲੋਥ ਹੁਣ ਗ੍ਰਹਿ ਤੇ ਵਿਹੜੇ ਵਿੱਚ ਨਹੀਂ ਸੁਖਾਉਂਦੀ। ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥ ਬੇਣੀ (ਜੀ) ਆਖਦੇ ਹਨ, ਸ੍ਰਵਣ ਕਰੋ, ਹੇ ਸਾਧੂਓ! (ਐਹੋ ਜੇਹੀ ਪਲੀਤ) ਮੌਤ ਮਗਰੋਂ ਕਿਸ ਨੂੰ ਕਲਿਆਣ ਪਰਾਪਤ ਹੋਈ ਹੈ? ਸਿਰੀਰਾਗੁ ॥ ਸਿਰੀ ਰਾਗ। ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ ਤੂੰ ਮੈਂ ਹਾਂ, ਮੈਂ ਤੂੰ ਹੈਂ। ਕੀ ਫਰਕ ਹੈ? ਕਨਕ ਕਟਿਕ ਜਲ ਤਰੰਗ ਜੈਸਾ ॥੧॥ ਐਹੋ ਜੇਹਾ ਜਿਹਾ ਕਿ ਸੋਨੇ ਤੇ ਇਸ ਦੇ ਕੜੇ ਵਿੱਚ ਅਤੇ ਪਾਣੀ ਤੇ ਇਸ ਦੀਆਂ ਲਹਿਰਾਂ ਵਿੱਚ। ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥ ਜੇਕਰ ਮੈਂ ਗੁਨਾਹ ਨਾਂ ਕਮਾਉਂਦਾ ਹੇ ਮੇਰੇ ਬੇਅੰਤ ਸੁਆਮੀ! ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥ ਤਾਂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇਰਾ ਨਾਮ ਕਿਸ ਤਰ੍ਰਾਂ ਪਰਾਪਤ ਹੁੰਦਾ? ਠਹਿਰਾਉ। ਤੁਮ੍ਹ੍ਹ ਜੁ ਨਾਇਕ ਆਛਹੁ ਅੰਤਰਜਾਮੀ ॥ ਤੂੰ ਜੋ ਮੇਰਾ ਮਾਲਕ ਹੈ, ਦਿਲਾਂ ਦੀਆਂ ਜਾਣਨਹਾਰ ਹੈ। ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥ ਸਾਹਿਬ ਤੋਂ ਉਸ ਦਾ ਨੌਕਰ ਜਾਣਿਆ ਜਾਂਦਾ ਹੈ ਅਤੇ ਨੌਕਰ ਤੋਂ ਉਸ ਦਾ ਮਾਲਿਕ। ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥ ਮੈਨੂੰ ਸਿਆਣਪ ਬਖਸ਼ ਤਾਂ ਜੋ ਆਪਣੀ ਦੇਹਿ ਨਾਲ ਤੇਰਾ ਸਿਮਰਨ ਕਰਾਂ। ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥ ਕੋਈ ਵਿਰਲਾ ਪੁਰਸ਼ ਹੀ ਮੈਨੂੰ ਦਰਸਾ ਸਕਦਾ ਹੈ ਕਿ ਸਾਹਿਬ ਸਮੁਦਾਵਾਂ (ਸਾਰਿਆਂ) ਅੰਦਰ ਇਕ ਸੁਰ ਰਮਿਆ ਹੋਇਆ ਹੈ, ਹੇ ਰਵਿਦਾਸ!
|