Page 993

ਰਾਗੁ ਮਾਰੂ ਮਹਲਾ ੧ ਘਰੁ ੫
ਰਾਗੁ ਮਾਰੂ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਅਹਿਨਿਸਿ ਜਾਗੈ ਨੀਦ ਨ ਸੋਵੈ ॥
ਜੋ ਪ੍ਰੇਮ ਕਰਦਾ ਹੈ, ਉਹ ਦਿਹੁੰ ਰੈਣ ਜਾਗਦਾ ਹੈ। ਉਹ ਸੌਂਦਾ ਅਤੇ ਉਂਘਲਾਉਂਦਾ ਨਹੀਂ।

ਸੋ ਜਾਣੈ ਜਿਸੁ ਵੇਦਨ ਹੋਵੈ ॥
ਕੇਵਲ ਉਹ ਹੀ ਇਸ ਅਵਸਥਾ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਵਿਛੋੜੇ ਦੀ ਪੀੜ ਲੱਗੀ ਹੋਈ ਹੈ।

ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥੧॥
ਮੇਰੀ ਦੇਹ ਈਸ਼ਵਰੀ ਪ੍ਰੀਤ ਦੇ ਬਾਣਾਂ ਨੇ ਵਿੰਨ੍ਹ ਸੁੱਟੀ ਹੈ। ਹਕੀਮ ਇਸ ਦੇ ਇਲਾਜ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ।

ਜਿਸ ਨੋ ਸਾਚਾ ਸਿਫਤੀ ਲਾਏ ॥
ਜਿਸ ਨੂੰ ਸੱਚਾ ਸੁਆਮੀ ਆਪਣੀ ਸਿਫ਼ਤ-ਸਲਾ ਨਾਲ ਜੋੜਦਾ ਹੈ,

ਗੁਰਮੁਖਿ ਵਿਰਲੇ ਕਿਸੈ ਬੁਝਾਏ ॥
ਅਤੇ ਈਸ਼ਵਰੀ ਗਿਆਤ ਦਰਸਾਉਂਦਾ ਹੈ; ਕੋਈ ਇਕ ਅੱਧਾ ਹੀ ਐਹੋ ਜੇਹਾ ਗੁਰੂ-ਅਨੁਸਾਰੀ ਹੈ।

ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ ॥
ਕੇਵਲ ਉਹ ਹੀ ਨਾਮ ਦੇ ਅੰਮ੍ਰਿਤ ਦੀ ਕਦਰ ਨੂੰ ਅਨੁਭਵ ਕਰਦਾ ਹੈ, ਜੋ ਨਾਮ ਦੇ ਸੁਧਾਰਸ ਦਾ ਵਣਜਾਰਾ ਹੈ। ਠਹਿਰਾਉ।

ਪਿਰ ਸੇਤੀ ਧਨ ਪ੍ਰੇਮੁ ਰਚਾਏ ॥
ਪਤਨੀ ਆਪਣੇ ਪਤੀ ਨਾਲ ਪਿਆਰ ਕਰਦੀ ਹੈ,

ਗੁਰ ਕੈ ਸਬਦਿ ਤਥਾ ਚਿਤੁ ਲਾਏ ॥
ਅਤੇ ਆਪਣੇ ਮਨ ਨੂੰ ਗੁਰਾਂ ਦੀ ਬਾਣੀ ਨਾਲ ਜੋੜਦੀ ਹੈ।

ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸਨਾ ਤਿਖਾ ਨਿਵਾਰੀ ਜੀਉ ॥੨॥
ਬ੍ਰਹਮ ਗਿਆਤ ਨਾਲ ਪਤਨੀ ਬਹੁਤ ਹੀ ਸ਼ਸ਼ੋਭਤ ਥੀ ਵੰਝਦੀ ਹੈ ਅਤੇ ਉਸ ਦੀ ਲਾਲਸਾ ਅਤੇ ਤ੍ਰੇਹ ਦੂਰ ਹੋ ਜਾਂਦੀਆਂ ਹਨ।

ਸਹਸਾ ਤੋੜੇ ਭਰਮੁ ਚੁਕਾਏ ॥
ਬੰਦੇ ਨੂੰ ਆਪਣੇ ਵਹਿਮ ਨੂੰ ਛੱਡਣਾ, ਗਲਤ ਫ਼ਹਿਮੀ ਨੂੰ ਤਿਆਗਣਾ,

ਸਹਜੇ ਸਿਫਤੀ ਧਣਖੁ ਚੜਾਏ ॥
ਤੇ ਸਾਈਂ ਦੀ ਕੀਰਤੀ ਦੀ ਕਮਾਨ ਨੂੰ ਚਿੱਲਾ ਚੜ੍ਹਾਉਣਾ ਚਾਹੀਦਾ ਹੈ,

ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥੩॥
ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਆਪਣੇ ਆਪ ਨੂੰ ਮੇਟਣਾ ਤੇ ਮਨੂਏ ਨੂੰ ਵਸ ਕਰਨਾ ਉਚਿਤ ਹੈ; ਤਦ ਉਸ ਨੂੰ ਆਪਣੇ ਸੋਹਣੇ ਸੁਨੱਖੇ ਸਾਈਂ ਦੇ ਮਿਲਾਪ ਦੇ ਆਸਰੇ ਦੀ ਦਾਤ ਮਿਲਦੀ ਹੈ।

ਹਉਮੈ ਜਲਿਆ ਮਨਹੁ ਵਿਸਾਰੇ ॥
ਪ੍ਰਾਣੀ ਹੰਕਾਰ ਨਾਲ ਸੜਿਆ ਬਲਿਆ ਹੋਇਆ ਹੈ ਅਤੇ ਆਪਣੇ ਚਿੱਤੋਂ ਉਹ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ।

ਜਮ ਪੁਰਿ ਵਜਹਿ ਖੜਗ ਕਰਾਰੇ ॥
ਮੌਤ ਦੇ ਦੂਤਾਂ ਦੇ ਸ਼ਹਿਰ ਅੰਦਰ ਉਸ ਨੂੰ ਭਾਰੀਆਂ ਤਲਵਾਰਾਂ ਦੇ ਫੱਟ ਲਗਦੇ ਹਨ।

ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥੪॥
ਹੁਣ, ਮੰਗਣ ਦੁਆਰਾ ਸੁਆਮੀ ਦਾ ਨਾਮ ਪ੍ਰਾਪਤ ਨਹੀਂ ਹੁੰਦਾ! ਹੇ ਜਿੰਦੜੀਏ! ਤੂੰ ਹੁਣ ਸਖਤ ਸਜ਼ਾ ਸਹਾਰ।

ਮਾਇਆ ਮਮਤਾ ਪਵਹਿ ਖਿਆਲੀ ॥
ਇਨਸਾਨ ਧਨ-ਦੌਲਤ ਤੇ ਸੰਸਾਰੀ ਮੋਹ ਦੇ ਖ਼ਿਆਲਾਂ ਅੰਦਰ ਗ਼ਲਤਾਨ ਹੈ।

ਜਮ ਪੁਰਿ ਫਾਸਹਿਗਾ ਜਮ ਜਾਲੀ ॥
ਮੌਤ ਦੇ ਸ਼ਹਿਰ ਅੰਦਰੇ ਉਹ ਯਮ ਦੀ ਫਾਹੀ ਵਿੱਚ ਫਸ ਜਾਂਦਾ ਹੈ।

ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥੫॥
ਦੁਨਿਆਵੀ ਲਗਨ ਦੀਆਂ ਬੇੜੀਆਂ ਨੂੰ ਤੂੰ ਕੱਟ ਨਹੀਂ ਸਕਦਾ, ਇਸ ਲਈ ਮੌਤ ਦਾ ਫ਼ਰੇਸਤਾ ਤੈਨੂੰ ਅਵਾਜ਼ਾਰ ਕਰੇਗਾ।

ਨਾ ਹਉ ਕਰਤਾ ਨਾ ਮੈ ਕੀਆ ॥
ਨਾਂ ਮੈਂ ਕੁੱਛ ਕੀਤਾ ਹੈ, ਨਾਂ ਹੀ ਮੈਂ ਹੁਣ ਕੁਛ ਕਰ ਸਕਦਾ ਹਾਂ।

ਅੰਮ੍ਰਿਤੁ ਨਾਮੁ ਸਤਿਗੁਰਿ ਦੀਆ ॥
ਸੱਚੇ ਗੁਰਦੇਵ ਜੀ ਨੇ ਮੈਨੂੰ ਸੁਧਾ ਸਰੂਪ-ਨਾਮ ਪ੍ਰਦਾਨ ਕੀਤਾ ਹੈ।

ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ਨਾਨਕ ਸਰਣਿ ਤੁਮਾਰੀ ਜੀਉ ॥੬॥੧॥੧੨॥
ਜਿਸ ਕਿਸੇ ਨੂੰ ਤੂੰ, ਹੇ ਸੱਚੇ ਗੁਰਦੇਵ, ਪ੍ਰਭੂ ਦਾ ਨਾਮ ਪ੍ਰਦਾਨ ਕਰਦਾ ਹੈ; ਉਹ ਹੋਰ ਕਿਹੜਾ ਹੀਲਾ ਕਰੇ? ਨਾਨਕ ਤੈਂਡੀ ਪਨਾਹ ਲੋੜਦਾ ਹੈ, ਹੇ ਗੁਰਦੇਵ ਜੀ!

ਮਾਰੂ ਮਹਲਾ ੩ ਘਰੁ ੧
ਮਾਰੂ ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥
ਜਿੱਥੇ ਤੂੰ ਮੈਨੂੰ ਬਹਾਲਦਾ ਹੈਂ, ਉਥੋ ਹੀ ਮੈਂ ਬੈਠਦਾ ਹਾਂ ਅਤੇ ਜਿਥੇ ਕਿਤੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦਾ ਹਾਂ, ਹੇ ਸਾਈਂ।

ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥
ਸਮੂਹ ਸੰਸਾਰ ਦੇ ਪਿੰਡ ਅੰਦਰ ਕੇਵਲ ਇਕ ਹੀ ਪਾਤਿਸ਼ਾਹ ਹੈ ਅਤੇ ਸਾਰੇ ਅਸਥਾਨ, ਤੇਰੇ ਹੋਣ ਕਰਕੇ ਪਵਿੱਤਰ ਹਨ, ਹੇ ਪ੍ਰਭੂ!

ਬਾਬਾ ਦੇਹਿ ਵਸਾ ਸਚ ਗਾਵਾ ॥
ਹੇ ਪਿਤਾ! ਮੈਨੂੰ ਬਰਕਤ ਬਖ਼ਸ਼ ਕਿ ਤਦ ਤਾਂਈਂ ਮੈਂ ਇਸ ਸਰੀਰ ਅੰਦਰ ਰਹਾਂ, ਮੈਂ ਤੇਰੀ ਸੱਚੀ ਮਹਿਮਾਂ ਗਾਇਨ ਕਰਦਾ ਰਹਾਂ,

ਜਾ ਤੇ ਸਹਜੇ ਸਹਜਿ ਸਮਾਵਾ ॥੧॥ ਰਹਾਉ ॥
ਜਿਸ ਦੁਆਰਾ ਮੈਂ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਵਾਂਗਾ। ਠਹਿਰਾਉ।

ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ ॥
ਜਿਹੜਾ ਕੁਝ ਭੀ ਮੰਦਾ ਜਾ ਚੰਗਾ ਕਰਮ ਹੁੰਦਾ ਹੈ; ਉਸ ਦਾ ਕਰਤਾ ਮੈਂ ਆਪਣੇ ਆਪ ਨੂੰ ਜਾਣਦਾ ਹਾਂ। ਇਹ ਅਪਣਤ ਹੀ ਸਾਰੀ ਬਦੀ ਦਾ ਮੁੱਢ ਹੈ।

ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥੨॥
ਜੋ ਕੁੱਛ ਇਸ ਜਗਤ ਵਿੱਚ ਹੋ ਰਿਹਾ ਹੈ; ਇਹ ਸਾਰਾ ਸੁਆਮੀ ਦੀ ਰਜ਼ਾ ਅੰਦਰ ਹੋ ਰਿਹਾ ਹੈ।

ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ ॥
ਕਾਮ ਵੇਗ ਬੜੀ ਜ਼ਬਰਦਸਤ ਕਾਂਗ ਆਖੀ ਜਾਂਦੀ ਹੈ, ਪ੍ਰੰਤੂ ਇਹ ਕਾਮ ਵੇਗ ਕਿਥੋਂ ਉਤਪੰਨ ਹੋਇਆ ਹੈ?

ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥੩॥
ਖ਼ੁਦ ਹੀ ਸਿਰਜਣਹਾਰ ਸਾਰੀਆਂ ਖੇਡਾਂ ਖੇਡਦਾ ਹੈ, ਪਰ ਕੋਈ ਵਿਰਲਾ ਜਣਾ ਹੀ ਇਸ ਤਰ੍ਹਾਂ ਅਨੁਭਵ ਕਰਦਾ ਹੈ।

ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥
ਗੁਰਾਂ ਦੀ ਮਿਹਰ ਸਦਕਾ ਬੰਦੇ ਦਾ ਇਕ ਸਾਈਂ ਨਾਲ ਪ੍ਰੇਮ ਪੈਂਦਾ ਹੈ। ਤਦ ਹੀ ਉ ਦੀ ਦਵੈਤ ਭਾਵ ਤੋਂ ਖ਼ਲਾਸੀ ਹੁੰਦੀ ਹੈ।

ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥੪॥
ਜੋ ਕੁੱਛ ਭੀ ਉਸ ਦੀ ਰਜ਼ਾ ਹੈ, ਉਸ ਨੂੰ ਉਹ ਸੱਚੀ ਕਰਕੇ ਸਵੀਕਾਰ ਕਰਦਾ ਹੈ ਅਤੇ ਉਸ ਲਈ ਮੌਤ ਦੀ ਫ਼ਾਹੀ ਕੱਟੀ ਜਾਂਦੀ ਹੈ।

ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ ॥
ਗੁਰੂ ਜੀ ਫ਼ਰਮਾਉਂਦੇ ਹਨ, ਜਦ ਉਸ ਦੇ ਚਿੱਤ ਦਾ ਹੰਕਾਰ ਨਵਿਰਤ ਹੋ ਗਿਆ ਹੈ, ਉਸ ਤੋਂ ਹਿਸਾਬ ਕਿਤਾਬ ਕੌਣ ਮੰਗ ਸਕਦਾ ਹੈ।

ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥੫॥੧॥
ਉਸ ਨੇ ਸੱਚੇ ਸੁਆਮੀ ਦੀ ਪਨਾਹ ਲਈ ਹੈ ਅਤੇ ਧਰਮਰਾਜਾ ਭੀ ਉਸ ਪਾਸੋਂ ਬਹੁਤ ਭੈ ਖਾਂਦਾ ਹੈ।

ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।

ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥
ਜਦ ਇਨਸਾਨ ਨੂੰ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਪ੍ਰਾਪਤ ਹੋ ਜਾਂਦਾ ਹੈ, ਤਦ ਉਸ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।

ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥
ਸਾਈਂ ਪ੍ਰਾਣੀ ਨੂੰ ਸੱਚਾ ਖ਼ਜ਼ਾਨਾ ਪ੍ਰਦਾਨ ਕਰਦਾ ਹੈ, ਤੇ ਉਹ ਸਾਈਂ ਖ਼ੁਦ ਹੀ ਜਾਣਦਾ ਹੈ ਕਿ ਉਸ ਨੇ ਕਿਸ ਨੂੰ ਦਾਤ ਦੇਣੀ ਹੈ।

copyright GurbaniShare.com all right reserved. Email