ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1 ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਪਦ ਅਰਥ: ੴ ਉੱਚਾਰਨ ਵੇਲੇ ਇਸ ਦੇ ਤਿੰਨ ਹਿੱਸੇ ਕੀਤੇ ਜਾਂਦੇ ਹਨ- ੧, ਓ ਅਤੇ ; ਇਸ ਦਾ ਪਾਠ ਹੈ 'ਇਕ ਓਅੰਕਾਰ'। ਤਿੰਨ ਹਿੱਸੇ ਵੱਖੋ ਵੱਖਰੇ ਉੱਚਾਰਿਆਂ ਇਉਂ ਬਣਦੇ ਹਨ: ੧ = ਇੱਕ। ਓ = ਓਅੰ। = ਕਾਰ। 'ਓ' ਸੰਸਕ੍ਰਿਤ ਦਾ ਸ਼ਬਦ ਹੈ। ਅਮਰ ਕੋਸ਼ ਅਨੁਸਾਰ ਇਸ ਦੇ ਤਿੰਨ ਅਰਥ ਹਨ: (1) ਵੇਦ ਆਦਿ ਧਰਮ-ਪੁਸਤਕਾਂ ਦੇ ਅਰੰਭ ਅਤੇ ਅਖ਼ੀਰ ਵਿਚ, ਅਰਦਾਸ ਜਾਂ ਕਿਸੇ ਪਵਿੱਤਰ ਧਰਮ-ਕਾਰਜ ਦੇ ਅਰੰਭ ਵਿਚ ਅੱਖਰ 'ਓਂ' ਪਵਿੱਤਰ ਅੱਖਰ ਜਾਣ ਕੇ ਵਰਤਿਆ ਜਾਂਦਾ ਹੈ। (2) ਕਿਸੇ ਹੁਕਮ ਜਾਂ ਪ੍ਰਸ਼ਨ ਆਦਿਕ ਦੇ ਉੱਤਰ ਵਿਚ ਆਦਰ ਅਤੇ ਸਤਿਕਾਰ ਨਾਲ 'ਜੀ ਹਾਂ' ਆਖਣਾ। ਸੋ, 'ਓਂ' ਦਾ ਅਰਥ ਹੈ 'ਜੀ ਹਾਂ'। (3) ਓਂ = ਬ੍ਰਹਮ। ਇਹਨਾਂ ਵਿਚੋਂ ਕਿਹੜਾ ਅਰਥ ਇਸ ਸ਼ਬਦ ਦਾ ਇੱਥੇ ਲਿਆ ਜਾਣਾ ਹੈ-ਇਸ ਨੂੰ ਦ੍ਰਿੜ੍ਹ ਕਰਨ ਲਈ ਸ਼ਬਦ 'ਓਂ' ਦੇ ਪਹਿਲਾਂ '੧' ਲਿਖ ਦਿੱਤਾ ਹੈ। ਇਸ ਦਾ ਭਾਵ ਇਹ ਹੈ ਕਿ ਇੱਥੇ 'ਓਂ' ਦਾ ਅਰਥ ਹੈ 'ਉਹ ਹਸਤੀ ਜੋ ਇਕ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ ਅਤੇ ਜਿਸ ਵਿਚ ਇਹ ਸਾਰਾ ਜਗਤ ਸਮਾ ਜਾਂਦਾ ਹੈ। ' ਤੀਜਾ ਹਿੱਸਾ ਹੈ, ਜਿਸ ਦਾ ਉੱਚਾਰਨ ਹੈ 'ਕਾਰ'। 'ਕਾਰ' ਸੰਸਕ੍ਰਿਤ ਦਾ ਇਕ ਪਿਛੇਤਰ ਹੈ। ਆਮ ਤੌਰ ਤੇ ਇਹ ਪਿਛੇਤਰ 'ਨਾਂਵ' ਦੇ ਅਖ਼ੀਰ ਵਿਚ ਵਰਤਿਆ ਜਾਂਦਾ ਹੈ। ਇਸ ਦਾ ਅਰਥ ਹੈ 'ਇਕ-ਰਸ, ਜਿਸ ਵਿਚ ਤਬਦੀਲੀ ਨਾ ਆਵੇ। ' ਇਸ 'ਪਿਛੇਤਰ' ਦੇ ਲਾਣ ਨਾਲ 'ਨਾਂਵ' ਦੇ ਲਿੰਗ ਵਿਚ ਕੋਈ ਫ਼ਰਕ ਨਹੀਂ ਪੈਂਦਾ; ਭਾਵ, ਜੇ 'ਨਾਂਵ' ਪਹਿਲਾਂ ਪੁਲਿੰਗ ਹੈ, ਤਾਂ ਇਸ 'ਪਿਛੇਤਰ' ਦੇ ਲਗਾਇਆਂ ਭੀ ਪੁਲਿੰਗ ਹੀ ਰਹਿੰਦਾ ਹੈ, ਜੇ ਪਹਿਲਾਂ ਇਸਤ੍ਰੀ ਲਿੰਗ ਹੋਵੇ ਤਾਂ ਇਸ ਪਿਛੇਤਰ ਦੇ ਸਮੇਤ ਭੀ ਇਸਤ੍ਰੀ ਲਿੰਗ ਹੀ ਰਹਿੰਦਾ ਹੈ; ਜਿਵੇਂ, ਪੁਲਿੰਗ: ਨੰਨਾਕਾਰੁ ਨ ਕੋਇ ਕਰੇਈ। ਕੀਮਤਿ ਸੋ ਪਾਵੈ ਆਪਿ ਜਾਣਾਵੈ ਸਹਜੇ ਰੁਣਝੁਣਕਾਰੁ ਸੁਹਾਇਆ। ਇਸਤ੍ਰੀ ਲਿੰਗ: ਦਇਆ ਧਾਰੀ ਤਿਨਿ ਧਾਰਣਹਾਰ। ਮੇਘ ਸਮੈ ਮੋਰ ਨਿਰਤਿਕਾਰ। ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ। ਇਸ ਪਿਛੇਤਰ ਦੇ ਲੱਗਣ ਨਾਲ ਇਹਨਾਂ ਸ਼ਬਦਾਂ ਦੇ ਅਰਥ ਇਉਂ ਕਰਨੇ ਹਨ: ਨੰਨਾਕਾਰੁ = ਇਕ-ਰਸ ਇਨਕਾਰ, ਸਦਾ ਲਈ ਇਨਕਾਰ। ਜੈਕਾਰੁ = ਲਗਾਤਾਰ 'ਜੈ ਜੈ' ਦੀ ਗੂੰਜ। ਨਿਰਤਿਕਾਰ = ਇਕ ਰਸ ਨਾਚ। ਝਨਤਕਾਰ = ਇਕ-ਰਸ ਸੋਹਣੀ ਆਵਾਜ਼। ਪਿਛੇਤਰ 'ਕਾਰ' ਦੇ ਲਾਣ ਤੋਂ ਬਿਨਾ ਅਤੇ ਲਗਾਣ ਨਾਲ, ਦੋਹਾਂ ਤਰ੍ਹਾਂ ਦੇ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਹਠ ਲਿਖੇ ਪ੍ਰਮਾਣ ਤੋਂ ਸਪੱਸ਼ਟ ਹੋ ਜਾਂਦਾ ਹੈ: "ਘਰ ਮਹਿ ਘਰੁ ਦਿਖਾਇ ਦੇਇ, ਸੋ ਸਤਿਗੁਰੁ ਪੁਰਖੁ ਸੁਜਾਣੁ। ਪੰਚ ਸਬਦਿ ਧੁਨਿਕਾਰ ਧੁਨਿ, ਤਹ ਬਾਜੈ ਸਬਦੁ ਨੀਸਾਣੁ।1।27। ਧੁਨਿ = ਆਵਾਜ਼। ਧੁਨਿਕਾਰ = ਲਗਾਤਾਰ ਨਾਦ, ਅਤੁੱਟ ਆਵਾਜ਼। ਇਸੇ ਤਰ੍ਹਾਂ: ਮਨੁ ਭੂਲੋ ਸਿਰਿ ਆਵੈ ਭਾਰੁ। ਏਕੰਕਾਰੁ = ਏਕ ਓਅੰਕਾਰ, ਉਹ ਇਕ ਓਅੰ ਜੋ ਇਕ-ਰਸ ਹੈ, ਜੋ ਹਰ ਥਾਂ ਵਿਆਪਕ ਹੈ। ਸੋ, "ੴ" ਦਾ ਉੱਚਾਰਨ ਹੈ " ਇਕ (ਏਕ) ਓਅੰਕਾਰ" ਅਤੇ ਇਸਦਾ ਅਰਥ ਹੈ "ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ"। ਸਤਿਨਾਮੁ = ਜਿਸ ਦਾ ਨਾਮ 'ਸਤਿ' ਹੈ। ਲਫ਼ਜ਼ 'ਸਤਿ' ਦਾ ਸੰਸਕ੍ਰਿਤ ਸਰੂਪ 'ਸਤਯ' ਹੈ, ਇਸ ਦਾ ਅਰਥ ਹੈ 'ਹੋਂਦ ਵਾਲਾ'। ਇਸ ਦਾ ਧਾਤੂ 'ਅਸ' ਹੈ, ਜਿਸ ਦਾ ਅਰਥ ਹੈ 'ਹੋਣਾ'। ਸੋ 'ਸਤਿਨਾਮ' ਦਾ ਅਰਥ ਹੈ "ਉਹ ਇਕ ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ"। ਪੁਰਖੁ = ਸੰਸਕ੍ਰਿਤ ਵਿਚ ਵਿਉਤਪੱਤੀ ਅਨੁਸਾਰ ਇਸ ਲਫ਼ਜ ਦਾ ਅਰਥ ਇਉਂ ਕੀਤਾ ਗਿਆ ਹੈ, 'ਪੂਰਿ ਸ਼ੇਤੇ ਇਤਿ ਪੁਰੁਸ਼ਹ', ਭਾਵ, ਜੋ ਸਰੀਰ ਵਿਚ ਲੇਟਿਆ ਹੋਇਆ ਹੈ'। ਸੰਸਕ੍ਰਿਤ ਵਿਚ ਆਮ ਪ੍ਰਚਲਤ ਅਰਥ ਹੈ 'ਮਨੁੱਖ'। ਭਗਵਤ ਗੀਤਾ ਵਿਚ 'ਪੁਰਖੁ' 'ਆਤਮਾ' ਦੇ ਅਰਥਾਂ ਵਿਚ ਵਰਤਿਆ ਗਿਆ ਹੈ। 'ਰਘੂਵੰਸ਼' ਵਿਚ ਇਹ ਸ਼ਬਦ 'ਬ੍ਰਹਮਾਂਡ ਵਾ ਆਤਮਾ' ਦੇ ਅਰਥਾਂ ਵਿਚ ਆਇਆ ਹੈ, ਇਸੇ ਤਰ੍ਹਾਂ ਪੁਸਤਕ "ਸ਼ਿਸ਼ੂਪਾਲ ਵਧ" ਵਿਚ ਭੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਪੁਰਖੁ' ਦਾ ਅਰਥ ਹੈ 'ਓਹੁ ਓਅੰਕਾਰ ਜੋ ਸਾਰੇ ਜਗਤ ਵਿਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਰਮ ਰਿਹਾ ਹੈ'। 'ਮਨੁੱਖ' ਅਤੇ 'ਆਤਮਾ' ਅਰਥ ਵਿਚ ਭੀ ਇਹ ਸ਼ਬਦ ਕਈ ਥਾਈਂ ਆਇਆ ਹੈ। ਅਕਾਲ ਮੂਰਤਿ = ਸ਼ਬਦ 'ਮੂਰਤਿ' ਇਸਤ੍ਰੀ ਲਿੰਗ ਹੈ, 'ਅਕਾਲ' ਇਸ ਦਾ ਵਿਸ਼ੇਸ਼ਣ ਹੈ, ਇਹ ਭੀ ਇਸਤ੍ਰੀ ਲਿੰਗ ਰੂਪ ਵਿਚ ਲਿਖਿਆ ਗਿਆ ਹੈ। ਜੇ ਸ਼ਬਦ 'ਅਕਾਲ' ਇਕੱਲਾ ਹੀ 'ਪੁਰਖੁ', 'ਨਿਰਭਉ', ਨਿਰਵੈਰੁ' ਵਾਂਗ ੴ ਦਾ ਗੁਣ-ਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿਚ ਹੁੰਦਾ; ਤਾਂ ਇਸ ਦੇ ਅੰਤ ਵਿਚ (ੁ) ਹੁੰਦਾ। ਨੋਟ: ਸ਼ਬਦ 'ਮੂਰਤਿ' ਤੇ 'ਮੂਰਤੁ' ਦਾ ਭੇਦ ਜਾਨਣਾ ਜ਼ਰੂਰੀ ਹੈ। 'ਮੂਰਤਿ' ਸਦਾ (ਿ) ਨਾਲ ਲਿਖੀਦਾ ਹੈ ਅਤੇ ਇਸਤ੍ਰੀ ਲਿੰਗ ਹੈ। ਇਸ ਦਾ ਅਰਥ ਹੈ 'ਸਰੂਪ'। ਸੰਸਕ੍ਰਿਤ ਦਾ ਸ਼ਬਦ ਹੈ। ਲਫ਼ਜ਼ 'ਮੂਰਤੁ' ਸੰਸਕ੍ਰਿਤ ਦਾ ਲਫ਼ਜ਼ 'ਮੁਹੂਰਤ' ਹੈ। ਚਸਾ, ਮੁਹੂਰਤ ਆਦਿਕ ਸ਼ਬਦ ਸਮੇਂ ਦੀ ਵੰਡ ਵਿਚ ਵਰਤੀਂਦੇ ਹਨ। ਇਹ ਸ਼ਬਦ ਪੁਲਿੰਗ ਹਨ। ਅਜੂਨੀ = ਜੂਨਾਂ ਤੋਂ ਰਹਿਤ, ਜੋ ਜਨਮ ਵਿਚ ਨਹੀਂ ਆਉਂਦਾ। ਸੈਭੰ = ਸ੍ਵਯੰਭੂ (ਸ੍ਵ = ਸ੍ਵਯੰ। ਭੰ = ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਗੁਰ ਪ੍ਰਸਾਦਿ = ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ, ਭਾਵ, ਉਪਰੋਕਤ 'ੴ' ਗੁਰੂ ਦੀ ਕਿਰਪਾ ਨਾਲ (ਮਿਲਦਾ ਹੈ) । ਅਰਥ: ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ) , ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਨੋਟ: ਇਹ ਉਪਰੋਕਤ ਗੁਰਸਿੱਖੀ ਦਾ ਮੂਲ-ਮੰਤਰ ਹੈ। ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ 'ਜਪੁ'। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ-ਮੰਤਰ ਵੱਖਰੀ ਚੀਜ਼ ਹੈ ਤੇ ਬਾਣੀ 'ਜਪੁ' ਵੱਖਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਇਹ ਮੂਲ-ਮੰਤਰ ਲਿਖਿਆ ਹੈ, ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿਚ ਭੀ ਲਿਖਿਆ ਮਿਲਦਾ ਹੈ। ਬਾਣੀ 'ਜਪੁ' ਲਫ਼ਜ਼ 'ਆਦਿ ਸਚੁ' ਤੋਂ ਸ਼ੁਰੂ ਹੁੰਦੀ ਹੈ। ਆਸਾ ਦੀ ਵਾਰ ਦੇ ਸ਼ੁਰੂ ਵਿਚ ਭੀ ਇਹੀ ਮੂਲ-ਮੰਤਰ ਹੈ, ਪਰ 'ਵਾਰ' ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ, ਤਿਵੇਂ ਹੀ ਇੱਥੇ ਹੈ। 'ਜਪੁ' ਦੇ ਅਰੰਭ ਵਿਚ ਮੰਗਲਾਚਰਨ ਦੇ ਤੌਰ ਤੇ ਇਕ ਸਲੋਕ ਉਚਾਰਿਆ ਗਿਆ ਹੈ। ਫਿਰ 'ਜਪੁ' ਸਾਹਿਬ ਦੀਆਂ 38 ਪਉੜੀਆਂ ਹਨ। ॥ ਜਪੁ ॥ ਇਸ ਸਾਰੀ ਬਾਣੀ ਦਾ ਨਾਮ 'ਜਪੁ' ਹੈ। ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ਪਦ ਅਰਥ: ਆਦਿ = ਮੁੱਢ ਤੋਂ। ਸਚੁ = ਹੋਂਦ ਵਾਲਾ। ਸ਼ਬਦ 'ਸਚੁ' ਸੰਸਕ੍ਰਿਤ ਦੇ 'ਸਤਯ' ਦਾ ਪ੍ਰਾਕ੍ਰਿਤ ਹੈ, ਜਿਸ ਦਾ ਧਾਤੂ 'ਅਸ' ਹੈ। 'ਅਸ' ਦਾ ਅਰਥ ਹੈ 'ਹੋਣਾ'। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਹੈ– ਭਾਵ, ਇਸ ਵੇਲੇ ਭੀ ਹੈ। ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ।1। ਅਰਥ: ਹੇ ਨਾਨਕ! ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ।1। ਨੋਟ: ਇਹ ਸ਼ਲੋਕ ਮੰਗਲਾਚਰਨ ਵਜੋਂ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਸਰੂਪ ਬਿਆਨ ਕੀਤਾ ਹੈ, ਜਿਸ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਇਸ ਸਾਰੀ ਬਾਣੀ 'ਜਪੁ' ਵਿਚ ਕੀਤਾ ਗਿਆ ਹੈ। ਇਸ ਤੋਂ ਅਗਾਂਹ ਬਾਣੀ 'ਜਪੁ' ਦਾ ਮਜ਼ਮੂਨ ਸ਼ੁਰੂ ਹੁੰਦਾ ਹੈ। ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਪਦ ਅਰਥ: ਸੋਚੈ = ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ। ਸੋਚਿ = ਸੁਚਿ, ਪਵਿੱਤਰਤਾ, ਸੁੱਚ। ਨ ਹੋਵਈ = ਨਹੀਂ ਹੋ ਸਕਦੀ। ਸੋਚੀ = ਮੈਂ ਸੁੱਚ ਰੱਖਾਂ। ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ = ਤਾਰ ਸਮਾਧੀ। ਨੋਟ: ਇਸ ਪਉੜੀ ਦੀ ਪੰਜਵੀਂ ਤੁਕ ਪੜ੍ਹਿਆਂ ਇਹ ਪਤਾ ਲੱਗਦਾ ਹੈ ਕਿ ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਮਨ ਨੂੰ 'ਸਚਿਆਰਾ' ਕਰਨ ਦਾ ਤਰੀਕਾ ਦੱਸ ਰਹੇ ਹਨ। ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ। ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿਚ ਜਾ ਕੇ ਸਮਾਧੀ ਲਾਉਣੀ, ਮਨ ਨੂੰ ਮਾਇਆ ਵਿਚ ਪਹਿਲਾਂ ਰਜਾ ਲੈਣਾ, ਸ਼ਾਸਤ੍ਰਾਂ ਦੀ ਫਿਲਾਸਫ਼ੀ-ਇਹ ਆਮ ਪਰਚਲਤ ਤਰੀਕੇ ਸਨ। ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਸ ਨੂੰ ਗੁਰਸਿੱਖੀ ਦਾ ਮੁੱਢਲਾ ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ। ਪਹਿਲੀਆਂ ਚੌਹਾਂ ਤੁਕਾਂ ਦੇ ਠੀਕ ਅਰਥ ਸਮਝਣ ਲਈ ਪੰਜਵੀਂ ਤੁਕ ਵਲ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ। 'ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ। ' ਇਸ ਤੁਕ ਨੂੰ ਪਹਿਲੀ ਹਰੇਕ ਤੁਕ ਦੇ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੀ ਹਰੇਕ ਤੁਕ ਵਿਚ 'ਮਨ' ਦਾ ਹੀ ਜ਼ਿਕਰ ਹੈ। ਪਹਿਲੀ ਤੁਕ ਵਿਚ 'ਮਨ ਦੀ ਸੁੱਚ', ਦੂਜੀ ਵਿਚ 'ਮਨ ਦੀ ਚੁੱਪ', ਤੀਜੀ ਵਿਚ 'ਮਨ ਦੀ ਭੁੱਖ' ਅਤੇ ਚੌਥੀ ਵਿਚ 'ਮਨ ਦੀ ਸਿਆਣਪ' ਦਾ ਹਾਲ ਦੱਸਿਆ ਹੈ। (ਪ੍ਰ:) ਲਫ਼ਜ਼ 'ਸੋਚਿ' ਦੇ ਅਰਥ 'ਸੁੱਚ' ਕਿਉਂ ਕੀਤੇ ਗਏ ਹਨ? (ਉ:) ਮਨ ਦੀਆਂ ਸੋਚਾਂ ਤੇ ਸਿਆਣਪਾਂ ਨੂੰ ਤਾਂ ਚੌਥੀ ਤੁਕ ਵਿਚ ਵਰਣਨ ਕਰ ਦਿੱਤਾ ਗਿਆ ਹੈ, ਇਸ ਵਾਸਤੇ ਪਹਿਲੀ ਤੁਕ ਵਿਚ ਕੁਝ ਹੋਰ ਖ਼ਿਆਲ ਹੈ, ਜੋ ਹੇਠਲੀਆਂ ਤੁਕਾਂ ਗਹੁ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ: (1) ਕਹੁ ਨਾਨਕ ਸਚੁ ਧਿਆਈਐ ॥ (2) ਸੋਚ ਕਰੈ ਦਿਨਸੁ ਅਰੁ ਰਾਤਿ ॥ (3) ਨ ਸੁਚਿ ਸੰਜਮੁ ਤੁਲਸੀ ਮਾਲਾ ॥ 'ਸੋਚ' ਦਾ ਅਰਥ ਹੈ 'ਇਸ਼ਨਾਨ', ਅਤੇ 'ਸੁਚਿ' ਦਾ ਅਰਥ ਹੈ 'ਪਵਿੱਤਰਤਾ'। ਇਹਨਾਂ ਹੀ ਦੋ ਸ਼ਬਦਾਂ ਦੀ ਮਿਲਾਵਟ ਦਾ ਸ਼ਬਦ ਹੈ 'ਸੋਚਿ', ਜਿਸ ਦਾ ਅਰਥ ਹੈ ਸੁੱਚ, ਪਵਿੱਤਰਤਾ, ਇਸ਼ਨਾਨ। ਸ਼ਬਦ 'ਸੁਚਿ' ਇਸਤ੍ਰੀ ਲਿੰਗ ਹੈ। ਸੰਸਕ੍ਰਿਤ ਵਿਚ ਭੀ ਇਹ ਇਸੇ ਹੀ ਸ਼ਕਲ ਵਿਚ ਹੈ। ਜਿਵੇਂ ਸ਼ਬਦ 'ਮਨ' ਤੋਂ 'ਮਨਿ' ਬਣਿਆ ਹੈ, ਜਿਸ ਦਾ ਅਰਥ ਹੈ 'ਮਨ ਵਿਚ', ਇਸ ਤਰ੍ਹਾਂ 'ਸੋਚ' ਤੋਂ 'ਸੋਚਿ' ਨਹੀਂ ਬਣ ਸਕਦਾ, ਕਿਉਂਕਿ ਲਫ਼ਜ਼ 'ਮਨੁ' ਪੁਲਿੰਗ ਹੈ ਤੇ 'ਸੋਚ' (ਜਿਸ ਦਾ ਅਰਥ 'ਵਿਚਾਰ' ਹੈ) ਇਸਤ੍ਰੀ ਲਿੰਗ ਹੈ। ਸੋ, ਸ਼ਬਦ 'ਸੋਚਿ' ਅਧਿਕਰਨ ਕਾਰਕ ਦੀ (ਿ) ਤੋਂ ਬਿਨਾ ਹੀ ਅਸਲ ਸਰੂਪ ਵਾਲਾ ਸੰਸਕ੍ਰਿਤ ਦਾ ਹੀ ਲਫ਼ਜ਼ 'ਸੁਚਿ' ਹੈ, ਜਿਸ ਦਾ ਅਰਥ ਹੈ ਪਵਿੱਤਰਤਾ। ਅਰਥ: ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ। ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ। ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਪਦ ਅਰਥ: ਭੁਖ = ਤ੍ਰਿਸ਼ਨਾ, ਲਾਲਚ। ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਉਤਰੀ = ਦੂਰ ਨਹੀਂ ਹੋ ਸਕਦੀ। ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ। ਪੁਰੀ = ਲੋਕ, ਭਵਣ। ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ। ਭਾਰ = ਪਦਾਰਥਾਂ ਦੇ ਸਮੂਹ। ਸਹਸ = ਹਜ਼ਾਰਾਂ। ਸਿਆਣਪਾ = ਚਤੁਰਾਈਆਂ। ਹੋਹਿ = ਹੋਵਣ। ਇਕ = ਇਕ ਭੀ ਚਤੁਰਾਈ। ਅਰਥ: ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ਪਦ ਅਰਥ: ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ। ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਵਾਲਾ, ਅਕਾਲ ਪੁਰਖ। ਨਾਲਿ = ਜੀਵ ਦੇ ਨਾਲ ਹੀ, ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ।1। ਅਰਥ: (ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ) । ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।1। ਭਾਵ: ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਪਿਤਾ ਦੇ ਕਹੇ ਵਿਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ। ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਪਦ ਅਰਥ: ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ। ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ = ਸਰੂਪ, ਸ਼ਕਲਾਂ, ਸਰੀਰ। ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ। ਜੀਅ = ਜੀਅ ਜੰਤ। ਹੁਕਮਿ = ਹੁਕਮ ਅਨੁਸਾਰ। ਵਡਿਆਈ = ਆਦਰ, ਸ਼ੋਭਾ। ਅਰਥ: ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ। ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਪਦ ਅਰਥ: ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ। ਇਕਨਾ = ਕਈ ਮਨੁੱਖਾਂ ਨੂੰ। ਬਖਸੀਸ = ਦਾਤ, ਬਖ਼ਸ਼ਸ਼। ਇਕਿ = ਕਈ ਮਨੁੱਖ। ਭਵਾਈਅਹਿ = ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ। ਅਰਥ: ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ। ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ ਪਦ ਅਰਥ: ਅੰਦਰਿ = ਰੱਬ ਦੇ ਹੁਕਮ ਵਿਚ ਹੀ। ਸਭੁ ਕੋ = ਹਰੇਕ ਜੀਵ। ਬਾਹਰਿ ਹੁਕਮ = ਹੁਕਮ ਤੋਂ ਬਾਹਰ। ਹੁਕਮੈ = ਹੁਕਮ ਨੂੰ। ਬੁਝੈ = ਸਮਝ ਲਏ। ਹਉਮੈ ਕਹੈ ਨ = ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਮੈਂ ਨਹੀਂ ਆਖਦਾ, ਸੁਆਰਥੀ ਨਹੀਂ ਬਣਦਾ। ਅਰਥ: ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ। ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ।2। ਭਾਵ: ਪ੍ਰਭੂ ਦੇ ਹੁਕਮ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਉਹ ਥੋੜ੍ਹ = ਵਿਤਾ ਨਹੀਂ ਰਹਿੰਦਾ। ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥ ਪਦ ਅਰਥ: ਕੋ = ਕੋਈ ਮਨੁੱਖ। ਤਾਣੁ = ਬਲ, ਅਕਾਲ ਪੁਰਖ ਦੀ ਤਾਕਤ। ਕਿਸੈ = ਜਿਸ ਕਿਸੇ ਮਨੁੱਖ ਨੂੰ। ਤਾਣੁ = ਸਮਰਥਾ। ਦਾਤਿ = ਬਖਸ਼ੇ ਹੋਏ ਪਦਾਰਥ। ਨੀਸਾਣੁ = (ਬਖ਼ਸ਼ਸ਼ ਦਾ) ਨਿਸ਼ਾਨ। ਅਰਥ: ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ) । ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ, (ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ) ਨਿਸ਼ਾਨ ਸਮਝਦਾ ਹੈ। ਗਾਵੈ ਕੋ ਗੁਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ ਪਦ ਅਰਥ: ਚਾਰ = ਸੁੰਦਰ, ਸੋਹਣੀਆਂ। ਵਿਦਿਆ = ਵਿੱਦਿਆ ਦੁਆਰਾ। ਵਿਖਮੁ = ਕਠਨ, ਔਖਾ। ਵੀਚਾਰੁ = ਗਿਆਨ। ਸ਼ਬਦ 'ਚਾਰ' ਵਿਸ਼ੇਸ਼ਣ ਹੈ, ਜੋ ਇਕ = ਵਚਨ ਪੁਲਿੰਗ ਨਾਲ 'ਚਾਰੁ' ਹੋ ਜਾਂਦਾ ਹੈ ਤੇ ਬਹੁ-ਵਚਨ ਨਾਲ ਜਾਂ ਇਸਤ੍ਰੀ-ਲਿੰਗ ਨਾਲ 'ਚਾਰ' ਰਹਿੰਦਾ ਹੈ। ਪਰ ਸ਼ਬਦ 'ਚਾਰਿ' 'ਚਹੁੰ' ਦੀ ਗਿਣਤੀ ਦਾ ਵਾਚਕ ਹੈ। ਜਿਵੇਂ: (1) ਚਾਰਿ ਕੁੰਟ ਦਹ ਦਿਸ ਭ੍ਰਮੇ, ਥਕਿ ਆਏ ਪ੍ਰਭ ਕੀ ਸਾਮ। (2) ਚਾਰਿ ਪਦਾਰਥ ਕਹੈ ਸਭੁ ਕੋਈ। (3) ਚਚਾ ਚਰਨ ਕਮਲ ਗੁਰ ਲਾਗਾ। (4) ਤਟਿ ਤੀਰਥਿ ਨਹੀ ਮਨੁ ਪਤੀਆਇ। ਅਰਥ: ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ। ਕੋਈ ਮਨੁੱਖ ਵਿੱਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ (ਭਾਵ, ਸ਼ਾਸਤਰ ਆਦਿਕ ਦੁਆਰਾ ਆਤਮਕ ਫ਼ਿਲਾਸਫ਼ੀ ਦੇ ਔਖੇ ਵਿਸ਼ਿਆਂ 'ਤੇ ਵਿਚਾਰ ਕਰਦਾ ਹੈ) । ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਪਦ ਅਰਥ: ਸਾਜਿ = ਪੈਦਾ ਕਰਕੇ, ਬਣਾ ਕੇ। ਤਨੁ = ਸਰੀਰ ਨੂੰ। ਖੇਹ = ਸੁਆਹ। ਜੀਅ = ਜੀਵਾਤਮਾ, ਜਿੰਦਾਂ। ਲੈ = ਲੈ ਕੇ। ਦੇਹ = ਦੇ ਦੇਂਦਾ ਹੈ। ਨੋਟ: 'ਜੀਉ' ਤੋਂ 'ਜੀਅ' ਬਹੁ-ਵਚਨ ਹੈ। ਇੱਥੇ ਸ਼ਬਦ 'ਦੇਹ' ਦਾ 'ਹ' ਪਹਿਲੀ ਤੁਕ ਦੇ 'ਖੇਹ' ਨਾਲ ਮਿਲਾਉਣ ਲਈ ਵਰਤਿਆ ਹੈ। ਉਂਞ ਸ਼ਬਦ 'ਦੇਹ' ਨਾਂਵ ਦਾ ਅਰਥ ਹੈ 'ਸਰੀਰ', ਜਿਵੇਂ 'ਭਰੀਐ ਹਥੁ ਪੈਰੁ ਤਨੁ ਦੇਹ'। ਸ਼ਬਦ 'ਦੇ', 'ਦੇਹਿ' ਅਤੇ 'ਦੇਹ' ਨੂੰ ਚੰਗੀ ਤਰ੍ਹਾਂ ਸਮਝਣ ਲਈ ਜਪੁਜੀ ਵਿਚੋਂ ਹੇਠ ਲਿਖੀਆਂ ਤੁਕਾਂ ਦਿੱਤੀਆਂ ਜਾਂਦੀਆਂ ਹਨ: (1) ਦੇਂਦਾ ਦੇ ਲੈਦੇ ਥਕਿ ਪਾਹਿ। ਪਉੜੀ 3। ਦੇ = ਦੇਂਦਾ ਹੈ। ਦੇ = ਦੇ ਕੇ। ਦੇਇ = ਦੇਂਦਾ ਹੈ। ਦੇਇ = ਦੇ ਕੇ। ਦੇਹ = ਸਰੀਰ। ਦੇਹਿ = ਦੇਹ(ਹੁਕਮੀ ਭਵਿਖਤ ਕਾਲ) । ਅਰਥ: ਕੋਈ ਮਨੁੱਖ ਇਉਂ ਗਾਉਂਦਾ ਹੈ, 'ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ'। ਕੋਈ ਇਉਂ ਗਾਉਂਦਾ ਹੈ, 'ਹਰੀ (ਸਰੀਰਾਂ ਵਿਚੋਂ) ਜਿੰਦਾਂ ਕੱਢ ਕੇ ਫਿਰ (ਦੂਜੇ ਸਰੀਰਾਂ ਵਿਚ) ਪਾ ਦੇਂਦਾ ਹੈ'। |
Sri Guru Granth Darpan, by Professor Sahib Singh |