ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 236 ਗਉੜੀ ਮਹਲਾ ੫ ॥ ਗੁਰ ਸੇਵਾ ਤੇ ਨਾਮੇ ਲਾਗਾ ॥ ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ ॥ ਤਿਸ ਕੈ ਹਿਰਦੈ ਰਵਿਆ ਸੋਇ ॥ ਮਨੁ ਤਨੁ ਸੀਤਲੁ ਨਿਹਚਲੁ ਹੋਇ ॥੧॥ ਐਸਾ ਕੀਰਤਨੁ ਕਰਿ ਮਨ ਮੇਰੇ ॥ ਈਹਾ ਊਹਾ ਜੋ ਕਾਮਿ ਤੇਰੈ ॥੧॥ ਰਹਾਉ ॥ ਜਾਸੁ ਜਪਤ ਭਉ ਅਪਦਾ ਜਾਇ ॥ ਧਾਵਤ ਮਨੂਆ ਆਵੈ ਠਾਇ ॥ ਜਾਸੁ ਜਪਤ ਫਿਰਿ ਦੂਖੁ ਨ ਲਾਗੈ ॥ ਜਾਸੁ ਜਪਤ ਇਹ ਹਉਮੈ ਭਾਗੈ ॥੨॥ ਜਾਸੁ ਜਪਤ ਵਸਿ ਆਵਹਿ ਪੰਚਾ ॥ ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ ॥ ਜਾਸੁ ਜਪਤ ਇਹ ਤ੍ਰਿਸਨਾ ਬੁਝੈ ॥ ਜਾਸੁ ਜਪਤ ਹਰਿ ਦਰਗਹ ਸਿਝੈ ॥੩॥ ਜਾਸੁ ਜਪਤ ਕੋਟਿ ਮਿਟਹਿ ਅਪਰਾਧ ॥ ਜਾਸੁ ਜਪਤ ਹਰਿ ਹੋਵਹਿ ਸਾਧ ॥ ਜਾਸੁ ਜਪਤ ਮਨੁ ਸੀਤਲੁ ਹੋਵੈ ॥ ਜਾਸੁ ਜਪਤ ਮਲੁ ਸਗਲੀ ਖੋਵੈ ॥੪॥ ਜਾਸੁ ਜਪਤ ਰਤਨੁ ਹਰਿ ਮਿਲੈ ॥ ਬਹੁਰਿ ਨ ਛੋਡੈ ਹਰਿ ਸੰਗਿ ਹਿਲੈ ॥ ਜਾਸੁ ਜਪਤ ਕਈ ਬੈਕੁੰਠ ਵਾਸੁ ॥ ਜਾਸੁ ਜਪਤ ਸੁਖ ਸਹਜਿ ਨਿਵਾਸੁ ॥੫॥ ਜਾਸੁ ਜਪਤ ਇਹ ਅਗਨਿ ਨ ਪੋਹਤ ॥ ਜਾਸੁ ਜਪਤ ਇਹੁ ਕਾਲੁ ਨ ਜੋਹਤ ॥ ਜਾਸੁ ਜਪਤ ਤੇਰਾ ਨਿਰਮਲ ਮਾਥਾ ॥ ਜਾਸੁ ਜਪਤ ਸਗਲਾ ਦੁਖੁ ਲਾਥਾ ॥੬॥ ਜਾਸੁ ਜਪਤ ਮੁਸਕਲੁ ਕਛੂ ਨ ਬਨੈ ॥ ਜਾਸੁ ਜਪਤ ਸੁਣਿ ਅਨਹਤ ਧੁਨੈ ॥ ਜਾਸੁ ਜਪਤ ਇਹ ਨਿਰਮਲ ਸੋਇ ॥ ਜਾਸੁ ਜਪਤ ਕਮਲੁ ਸੀਧਾ ਹੋਇ ॥੭॥ ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ ॥ ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ ॥ ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ ॥ ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥੮॥੨॥ {ਪੰਨਾ 236} ਪਦ ਅਰਥ: ਤੇ = ਤੋਂ, ਨਾਲ। ਗੁਰ ਸੇਵਾ ਤੇ = ਗੁਰੂ ਦੀ ਸੇਵਾ ਨਾਲ, ਗੁਰੂ ਦੀ ਸਰਨ ਪਿਆਂ। ਨਾਮੇ = ਨਾਮ ਵਿਚ। ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ। ਹਿਰਦੈ = ਹਿਰਦੇ ਵਿਚ। ਸੋਇ = ਉਹ ਪਰਮਾਤਮਾ। ਨਿਹਚਲੁ = ਅਡੋਲ।1। ਮਨ = ਹੇ ਮਨ! ਈਹਾ = ਇਸ ਜ਼ਿੰਦਗੀ ਵਿਚ। ਊਹਾ = ਪਰਲੋਕ ਵਿਚ। ਤੇਰੈ ਕਾਮਿ = ਤੇਰੇ ਕੰਮ, ਤੇਰੇ ਵਾਸਤੇ ਲਾਭਦਾਇਕ।1। ਰਹਾਉ। ਜਾਸੁ ਜਪਤ = ਜਿਸ ਦਾ ਨਾਮ ਜਪਦਿਆਂ। ਅਪਦਾ = ਬਿਪਤਾ, ਮੁਸੀਬਤ। ਧਾਵਤ = ਵਿਕਾਰਾਂ ਵਲ ਦੌੜਦਾ। ਠਾਇ = ਥਾਂ ਸਿਰ, ਟਿਕਾਣੇ। ਨ ਲਾਗੈ = ਪੋਹ ਨਹੀਂ ਸਕਦਾ।2। ਵਸਿ = ਕਾਬੂ ਵਿਚ। ਸੰਚਾ = ਇਕੱਠਾ ਕਰ ਲਈਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਿਝੈ = ਕਾਮਯਾਬ ਹੋ ਜਾਂਦਾ ਹੈ।3। ਕੋਟਿ = ਕ੍ਰੋੜਾਂ। ਸਾਧ = ਭਲੇ ਮਨੁੱਖ। ਸਗਲੀ = ਸਾਰੀ। ਖੋਵੈ = ਨਾਸ ਕਰ ਲੈਂਦਾ ਹੈ।4। ਬਹੁਰਿ = ਮੁੜ, ਫਿਰ ਕਦੇ! ਹਿਲ = ਗਿੱਝ ਜਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ।5। ਕਾਲੁ = ਮੌਤ, ਆਤਮਕ ਮੌਤ, ਮੌਤ ਦਾ ਸਹਮ। ਜੋਹਤ = ਤੱਕ ਸਕਦਾ। ਨਿਰਮਲ = ਸਾਫ਼, ਰੌਸ਼ਨ।6। ਸੁਣਿ = ਸੁਣੈ, ਸੁਣਦਾ ਹੈ। ਅਨਹਤ = {Anhq = ਬਿਨਾ ਵਜਾਏ ਵੱਜਣ ਵਾਲੀ} ਇਕ-ਰਸ, ਲਗਾਤਾਰ। ਧੁਨੈ = ਧੁਨਿ, ਆਵਾਜ਼, ਆਤਮਕ ਆਨੰਦ ਦੀ ਰੌ। ਸੋਇ = ਸੋਭਾ। ਕਮਲੁ = ਹਿਰਦਾ-ਕੌਲ-ਫੁੱਲ। ਸੀਧਾ = ਸਿੱਧਾ।7। ਗੁਰਿ = ਗੁਰੂ ਨੇ। ਦ੍ਰਿਸਟਿ = ਨਜ਼ਰ। ਸਭ ਊਪਰਿ = ਸਭ ਤੋਂ ਵਧੀਆ। ਮੰਤ੍ਰੁ ਦੇ ਹਰੀ = ਹਰੀ ਦਾ ਨਾਮ-ਮੰਤ੍ਰ ਦੇਂਦਾ ਹੈ। ਤਿਨਿ = ਉਸ ਮਨੁੱਖ ਨੇ। ਚੂਰਾ = ਚੂਰੀ, ਚੂਰਮਾ।8। ਅਰਥ: ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਇਹੋ ਜਿਹੀ ਸਿਫ਼ਤਿ-ਸਾਲਾਹ ਕਰਦਾ ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿਚ ਭੀ ਕੰਮ ਆਵੇ, ਤੇ ਪਰਲੋਕ ਵਿਚ ਭੀ ਤੇਰੇ ਕੰਮ ਆਵੇ।1। ਰਹਾਉ। (ਪਰ, ਹੇ ਮੇਰੇ ਮਨ!) ਉਹ ਮਨੁੱਖ ਹੀ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ (ਗੁਰੂ ਦੀ ਸਰਨ ਪਿਆਂ ਮਨੁੱਖ ਹਰਿ-ਨਾਮ ਵਿਚ ਲੱਗਦਾ ਹੈ, ਤੇ ਗੁਰੂ) ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ ਭਾਗ ਜਾਗ ਪੈਣ। (ਫਿਰ) ਉਸ ਮਨੁੱਖ ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ, ਤੇ, ਉਸ ਦਾ ਮਨ ਤੇ ਸਰੀਰ (ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ, ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ।1। (ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਹਰੇਕ ਬਿਪਤਾ ਟਲ ਜਾਂਦੀ ਹੈ, ਵਿਕਾਰਾਂ ਵਲ ਦੌੜਦਾ ਮਨ ਟਿਕਾਣੇ ਆ ਜਾਂਦਾ ਹੈ, ਜਿਸ ਦਾ ਨਾਮ ਜਪਿਆਂ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ, ਤੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।2। ਜਿਸ ਦਾ ਨਾਮ ਜਪਿਆਂ (ਕਾਮਾਦਿਕ) ਪੰਜੇ ਵਿਕਾਰ ਕਾਬੂ ਆ ਜਾਂਦੇ ਹਨ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਿਰਦੇ ਵਿਚ ਇਕੱਠਾ ਕਰ ਸਕੀਦਾ ਹੈ, ਮਾਇਆ ਦੀ ਤ੍ਰੇਹ ਬੁੱਝ ਜਾਂਦੀ ਹੈ ਤੇ ਪਰਮਾਤਮਾ ਦੀ ਦਰਗਾਹ ਵਿਚ ਭੀ ਕਾਮਯਾਬ ਹੋ ਜਾਈਦਾ ਹੈ।3। (ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਪਿਛਲੇ ਕੀਤੇ ਹੋਏ) ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਤੇ (ਅਗਾਂਹ ਵਾਸਤੇ) ਭਲੇ ਮਨੁੱਖ ਬਣ ਜਾਈਦਾ ਹੈ, ਜਿਸ ਦਾ ਨਾਮ ਜਪਿਆਂ ਮਨ (ਵਿਕਾਰਾਂ ਦੀ ਤਪਸ਼ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ ਤੇ ਆਪਣੇ ਅੰਦਰ ਦੀ (ਵਿਕਾਰਾਂ ਦੀ) ਸਾਰੀ ਮੈਲ ਦੂਰ ਕਰ ਲੈਂਦਾ ਹੈ।4। ਜਿਸ ਦਾ ਜਾਪ ਕੀਤਿਆਂ ਮਨੁੱਖ ਨੂੰ ਹਰਿ-ਨਾਮ-ਰਤਨ ਪ੍ਰਾਪਤ ਹੋ ਜਾਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੁੱਖ ਪਰਮਾਤਮਾ ਨਾਲ ਇਤਨਾ ਰਚ-ਮਿਚ ਜਾਂਦਾ ਹੈ ਕਿ (ਪ੍ਰਾਪਤ ਕੀਤੇ ਹੋਏ ਉਸ ਨਾਮ-ਰਤਨ ਨੂੰ) ਮੁੜ ਨਹੀਂ ਛੱਡਦਾ, ਜਿਸ ਦਾ ਨਾਮ ਜਪਿਆਂ ਆਤਮਕ ਆਨੰਦ ਮਿਲਦਾ ਹੈ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ ਤੇ, ਤੇ ਮਾਨੋ, ਅਨੇਕਾਂ ਬੈਕੁੰਠਾਂ ਦਾ ਨਿਵਾਸ ਹਾਸਲ ਹੋ ਜਾਂਦਾ ਹੈ।5। (ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਤ੍ਰਿਸ਼ਨਾਂ ਦੀ ਅੱਗ ਪੋਹ ਨਹੀਂ ਸਕੇਗੀ, ਮੌਤ ਦਾ ਸਹਮ ਨੇੜੇ ਨਹੀਂ ਢੁੱਕੇਗਾ (ਆਤਮਕ ਮੌਤ ਆਪਣਾ ਜ਼ੋਰ ਨਹੀਂ ਪਾਇਗੀ) , ਹਰ ਥਾਂ ਤੂੰ ਉੱਜਲ-ਮੁਖ ਰਹੇਂਗਾ, ਤੇ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਇਗਾ।6। (ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਮਨੁੱਖ ਦੇ ਜੀਵਨ-ਸਫ਼ਰ ਵਿਚ) ਕੋਈ ਔਖਿਆਈ ਨਹੀਂ ਬਣਦੀ, ਤੇ, ਮਨੁੱਖ ਇਕ-ਰਸ ਆਤਮਕ ਆਨੰਦ ਦੇ ਗੀਤ ਦੀ ਧੁਨਿ ਸੁਣਦਾ ਰਹਿੰਦਾ ਹੈ (ਮਨੁੱਖ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੀ ਰੌ ਚਲੀ ਰਹਿੰਦੀ ਹੈ) , ਜਿਸ ਦਾ ਨਾਮ ਜਪਿਆਂ ਮਨੁੱਖ ਦਾ ਹਿਰਦਾ-ਕਮਲ (ਵਿਕਾਰਾਂ ਵਲੋਂ ਉਲਟ ਕੇ, ਪਰਮਾਤਮਾ ਦੀ ਯਾਦ ਵਲ) ਸਿੱਧਾ ਪਰਤ ਪੈਂਦਾ ਹੈ, ਤੇ ਮਨੁੱਖ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਖੱਟਦਾ ਹੈ।7। ਹੇ ਨਾਨਕ! ਆਖ– (ਹੇ ਭਾਈ! ਗੁਰੂ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਵਸਾਂਦਾ ਹੈ ਉਸ ਮਨੁੱਖ ਉਤੇ ਗੁਰੂ ਨੇ (ਮਾਨੋ) ਸਭ ਤੋਂ ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਕਰ ਦਿੱਤੀ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਪਰਮਾਤਮਾ ਦੀ ਇਕ-ਰਸ ਸਿਫ਼ਤਿ-ਸਾਲਾਹ ਨੂੰ ਆਪਣੇ ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ।8।2। ਗਉੜੀ ਮਹਲਾ ੫ ॥ ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ॥ ਪੰਚ ਜਨਾ ਸਿਉ ਸੰਗੁ ਨਿਵਾਰੈ ॥ ਦਸ ਇੰਦ੍ਰੀ ਕਰਿ ਰਾਖੈ ਵਾਸਿ ॥ ਤਾ ਕੈ ਆਤਮੈ ਹੋਇ ਪਰਗਾਸੁ ॥੧॥ ਐਸੀ ਦ੍ਰਿੜਤਾ ਤਾ ਕੈ ਹੋਇ ॥ ਜਾ ਕਉ ਦਇਆ ਮਇਆ ਪ੍ਰਭ ਸੋਇ ॥੧॥ ਰਹਾਉ ॥ ਸਾਜਨੁ ਦੁਸਟੁ ਜਾ ਕੈ ਏਕ ਸਮਾਨੈ ॥ ਜੇਤਾ ਬੋਲਣੁ ਤੇਤਾ ਗਿਆਨੈ ॥ ਜੇਤਾ ਸੁਨਣਾ ਤੇਤਾ ਨਾਮੁ ॥ ਜੇਤਾ ਪੇਖਨੁ ਤੇਤਾ ਧਿਆਨੁ ॥੨॥ ਸਹਜੇ ਜਾਗਣੁ ਸਹਜੇ ਸੋਇ ॥ ਸਹਜੇ ਹੋਤਾ ਜਾਇ ਸੁ ਹੋਇ ॥ ਸਹਜਿ ਬੈਰਾਗੁ ਸਹਜੇ ਹੀ ਹਸਨਾ ॥ ਸਹਜੇ ਚੂਪ ਸਹਜੇ ਹੀ ਜਪਨਾ ॥੩॥ ਸਹਜੇ ਭੋਜਨੁ ਸਹਜੇ ਭਾਉ ॥ ਸਹਜੇ ਮਿਟਿਓ ਸਗਲ ਦੁਰਾਉ ॥ ਸਹਜੇ ਹੋਆ ਸਾਧੂ ਸੰਗੁ ॥ ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ ॥੪॥ ਸਹਜੇ ਗ੍ਰਿਹ ਮਹਿ ਸਹਜਿ ਉਦਾਸੀ ॥ ਸਹਜੇ ਦੁਬਿਧਾ ਤਨ ਕੀ ਨਾਸੀ ॥ ਜਾ ਕੈ ਸਹਜਿ ਮਨਿ ਭਇਆ ਅਨੰਦੁ ॥ ਤਾ ਕਉ ਭੇਟਿਆ ਪਰਮਾਨੰਦੁ ॥੫॥ ਸਹਜੇ ਅੰਮ੍ਰਿਤੁ ਪੀਓ ਨਾਮੁ ॥ ਸਹਜੇ ਕੀਨੋ ਜੀਅ ਕੋ ਦਾਨੁ ॥ ਸਹਜ ਕਥਾ ਮਹਿ ਆਤਮੁ ਰਸਿਆ ॥ ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥ ਸਹਜੇ ਆਸਣੁ ਅਸਥਿਰੁ ਭਾਇਆ ॥ ਸਹਜੇ ਅਨਹਤ ਸਬਦੁ ਵਜਾਇਆ ॥ ਸਹਜੇ ਰੁਣ ਝੁਣਕਾਰੁ ਸੁਹਾਇਆ ॥ ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥ ਸਹਜੇ ਜਾ ਕਉ ਪਰਿਓ ਕਰਮਾ ॥ ਸਹਜੇ ਗੁਰੁ ਭੇਟਿਓ ਸਚੁ ਧਰਮਾ ॥ ਜਾ ਕੈ ਸਹਜੁ ਭਇਆ ਸੋ ਜਾਣੈ ॥ ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥ {ਪੰਨਾ 236-237} ਪਦ ਅਰਥ: ਰਿਦ ਅੰਤਰਿ = ਹਿਰਦੇ ਵਿਚ। ਸੰਗੁ = ਸਾਥ। ਨਿਵਾਰੈ = ਹਟਾ ਲੈਂਦਾ ਹੈ। ਵਾਸਿ = ਵੱਸ ਵਿਚ। ਪਰਗਾਸੁ = ਚਾਨਣਾ।1। ਦ੍ਰਿੜਤਾ = ਪਕਿਆਈ, ਮਾਨਸਕ ਤਾਕਤ। ਤਾ ਕੈ = ਉਸ ਮਨੁੱਖ ਦੇ ਅੰਦਰ। ਜਾ ਕਉ = ਜਿਸ ਤੇ।1। ਦੁਸਟੁ = ਵੈਰੀ। ਜੇਤਾ = ਜਿਤਨਾ ਭੀ। ਤੇਤਾ = ਉਤਨਾ ਹੀ। ਪੇਖਨੁ = ਵੇਖਣਾ।2। ਸਹਜੇ = ਆਤਮਕ ਅਡੋਲਤਾ ਵਿਚ। ਸੋਇ = ਸੌਂਦਾ ਹੈ। ਹੋਤਾ ਜਾਇ = ਹੁੰਦਾ ਜਾਂਦਾ ਹੈ। ਬੈਰਾਗੁ = ਸ਼ੱਕ ਪੈਦਾ ਕਰਨ ਵਾਲੀ ਘਟਨਾ। ਚੂਪ = ਚੁਪ। ਜਪਨਾ = ਬੋਲਣਾ।3। ਦੁਰਾਉ = ਲੁਕਾ, ਕਪਟ-ਭਾਵ। ਨਿਸੰਗੁ = ਪ੍ਰਤੱਖ। ਦੁਬਿਧਾ = ਮੇਰ-ਤੇਰ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਮਨਿ = ਮਨ ਵਿਚ। ਪਰਮਾਨੰਦੁ = ਉਚੇ ਆਨੰਦ ਦਾ ਮਾਲਕ, ਪਰਮਾਤਮਾ।5। ਪੀਓ = ਪੀਤਾ। ਜੀਅ ਕੋ = ਆਤਮਕ ਜੀਵਨ ਦਾ। ਕੋ = ਦਾ। ਆਤਮੁ = ਆਪਣਾ ਆਪ। ਰਸਿਆ = ਰਚ-ਮਿਚ ਗਿਆ।6। ਆਸਣੁ = ਟਿਕਾਣਾ। ਭਾਇਆ = ਚੰਗਾ ਲੱਗਾ। ਅਨਹਤ = ਇਕ-ਰਸ। ਰੁਣ ਝੁਣਕਾਰ = ਆਤਮਕ ਆਨੰਦ ਦੀ ਇਕ-ਰਸ ਰੌ। ਘਰਿ = ਘਰ ਵਿਚ।7। ਕਰਮਾ = ਕਰਮ, ਬਖ਼ਸ਼ਸ਼। ਪਰਿਓ ਕਰਮਾ = ਮਿਹਰ ਹੋਈ। ਭੇਟਿਓ = ਮਿਲ ਪਿਆ। ਸਹਜੁ = ਆਤਮਕ ਅਡੋਲਤਾ।8। ਅਰਥ: (ਹੇ ਭਾਈ!) ਜਿਸ ਮਨੁੱਖ ਉਤੇ ਉਸ ਪਰਮਾਤਮਾ ਦੀ ਦਇਆ ਹੁੰਦੀ ਹੈ, ਕਿਰਪਾ ਹੁੰਦੀ ਹੈ, ਉਸ ਮਨੁੱਖ ਦੇ ਹਿਰਦੇ ਵਿਚ ਅਜੇਹਾ ਆਤਮਕ ਬਲ ਪੈਦਾ ਹੁੰਦਾ ਹੈ, (ਕਿ) ।1। ਰਹਾਉ। ਉਹ ਮਨੁੱਖ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ, ਕਾਮਾਦਿਕ ਪੰਜਾਂ ਨਾਲੋਂ ਆਪਣਾ ਸਾਥ ਹਟਾ ਲੈਂਦਾ ਹੈ, ਦਸਾਂ ਹੀ ਇੰਦ੍ਰੀਆਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ ਤੇ ਉਸ ਦੇ ਆਤਮਾ ਵਿਚ ਚਾਨਣ ਹੋ ਜਾਂਦਾ ਹੈ (ਉਸ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ) ।1। (ਹੇ ਭਾਈ!) ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਮਿੱਤਰ ਤੇ ਵੈਰੀ ਇਕੋ ਜਿਹਾ ਜਾਪਦਾ ਹੈ, ਜਿਤਨਾ ਕੁਝ ਉਹ ਬੋਲਦਾ ਹੈ, ਆਤਮਕ ਜੀਵਨ ਦੀ ਸੂਝ ਬਾਰੇ ਬੋਲਦਾ ਹੈ, ਜਿਤਨਾ ਕੁਝ ਸੁਣਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸੁਣਦਾ ਹੈ, ਜਿਤਨਾ ਕੁਝ ਵੇਖਦਾ ਹੈ, ਪਰਮਾਤਮਾ ਵਿਚ ਸੁਰਤਿ ਜੋੜਨ ਦਾ ਕਾਰਣ ਹੀ ਬਣਦਾ ਹੈ।2। ਉਹ ਮਨੁੱਖ ਚਾਹੇ ਜਾਗਦਾ ਹੈ, ਚਾਹੇ ਸੁੱਤਾ ਹੋਇਆ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਟਿਕਿਆ ਰਹਿੰਦਾ ਹੈ; ਪਰਮਾਤਮਾ ਦੀ ਰਜ਼ਾ ਵਿਚ ਜੋ ਕੁਝ ਹੁੰਦਾ ਹੈ, ਉਸ ਨੂੰ ਠੀਕ ਮੰਨਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ; ਕੋਈ ਗ਼ਮੀ ਦੀ ਘਟਨਾ ਹੋ ਜਾਏ, ਚਾਹੇ ਖ਼ੁਸ਼ੀ ਦਾ ਕਾਰਣ ਬਣੇ, ਉਹ ਆਤਮਕ ਅਡੋਲਤਾ ਵਿਚ ਹੀ ਰਹਿੰਦਾ ਹੈ; ਜੇ ਉਹ ਚੁਪ ਬੈਠਾ ਹੈ ਤਾਂ ਭੀ ਅਡੋਲਤਾ ਵਿਚ ਹੈ ਤੇ ਜੇ ਬੋਲ ਰਿਹਾ ਹੈ ਤਾਂ ਭੀ ਅਡੋਲਤਾ ਵਿਚ ਹੈ।3। ਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹੀ ਉਹ ਖਾਣ-ਪੀਣ ਦਾ ਵਿਹਾਰ ਕਰਦਾ ਹੈ, ਆਤਮਕ ਅਡੋਲਤਾ ਵਿਚ ਹੀ ਉਹ ਦੂਜਿਆਂ ਨਾਲ ਪ੍ਰੇਮ ਦਾ ਸਲੂਕ ਕਰਦਾ ਹੈ; ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਅੰਦਰੋਂ ਸਾਰਾ ਕਪਟ-ਭਾਵ ਮਿਟ ਜਾਂਦਾ ਹੈ; ਆਤਮਕ ਅਡੋਲਤਾ ਵਿਚ ਹੀ ਉਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ, ਤੇ ਪਰਤੱਖ ਤੌਰ ਤੇ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ।4। ਜੇ ਉਹ ਘਰ ਵਿਚ ਹੈ ਤਾਂ ਭੀ ਆਤਮਕ ਅਡੋਲਤਾ ਵਿਚ, ਜੇ ਉਹ ਦੁਨੀਆ ਤੋਂ ਉਪਰਾਮ ਫਿਰਦਾ ਹੈ ਤਾਂ ਭੀ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਹਿਰਦੇ ਵਿਚੋਂ ਮੇਰ-ਤੇਰ ਦੂਰ ਹੋ ਜਾਂਦੀ ਹੈ। (ਹੇ ਭਾਈ!) ਆਤਮਕ ਅਡੋਲਤਾ ਦੇ ਕਾਰਨ ਜਿਸ ਮਨੁੱਖ ਦੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ ਹੈ।5। ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ, ਇਸ ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹ (ਹੋਰਨਾਂ ਨੂੰ ਭੀ) ਆਤਮਕ ਜੀਵਨ ਦੀ ਦਾਤਿ ਦੇਂਦਾ ਹੈ; ਆਤਮਕ ਅਡੋਲਤਾ ਪੈਦਾ ਕਰਨ ਵਾਲੀਆਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਉਸ ਦੀ ਜਿੰਦ ਰਚੀ-ਮਿਚੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਅਬਿਨਾਸੀ ਪਰਮਾਤਮਾ ਆ ਵੱਸਦਾ ਹੈ।6। ਆਤਮਕ ਅਡੋਲਤਾ ਵਿਚ ਉਸ ਦਾ ਸਦਾ-ਟਿਕਵਾਂ ਟਿਕਾਣਾ ਬਣਿਆ ਰਹਿੰਦਾ ਹੈ ਤੇ ਉਸ ਨੂੰ ਉਹ ਟਿਕਾਣਾ ਚੰਗਾ ਲੱਗਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਹੀ ਉਹ ਆਪਣੇ ਅੰਦਰ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਪ੍ਰਬਲ ਕਰੀ ਰੱਖਦਾ ਹੈ; ਆਤਮਕ ਅਡੋਲਤਾ ਦੇ ਕਾਰਨ ਹੀ ਉਸ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਸੁਹਾਵਣੀ ਬਣੀ ਰਹਿੰਦੀ ਹੈ। (ਹੇ ਭਾਈ!) ਉਸ ਦੇ ਹਿਰਦੇ ਵਿਚ ਪਰਮਾਤਮਾ ਸਦਾ ਪਰਗਟ ਰਹਿੰਦਾ ਹੈ।7। (ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਆਤਮਕ ਅਡੋਲਤਾ ਵਿਚ ਟਿਕਦਾ ਹੈ, ਉਸ ਨੂੰ ਗੁਰੂ ਮਿਲਦਾ ਹੈ, ਸਦਾ-ਥਿਰ ਨਾਮ ਦੇ ਸਿਮਰਨ ਨੂੰ ਉਹ ਆਪਣਾ ਧਰਮ ਬਣਾ ਲੈਂਦਾ ਹੈ। (ਪਰ ਇਹ ਸਹਜ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ) ਜਿਸ ਮਨੁੱਖ ਦੇ ਅੰਦਰ ਇਹ ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਉਹੀ ਮਨੁੱਖ ਉਸ ਨੂੰ ਸਮਝ ਸਕਦਾ ਹੈ, ਦਾਸ ਨਾਨਕ ਉਸ (ਵਡ-ਭਾਗੀ ਮਨੁੱਖ) ਤੋਂ ਕੁਰਬਾਨ ਜਾਂਦਾ ਹੈ।8।3। |
![]() |
![]() |
![]() |
![]() |
Sri Guru Granth Darpan, by Professor Sahib Singh |