ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 238

ਗਉੜੀ ਮਹਲਾ ੫ ॥ ਜੋ ਇਸੁ ਮਾਰੇ ਸੋਈ ਸੂਰਾ ॥ ਜੋ ਇਸੁ ਮਾਰੇ ਸੋਈ ਪੂਰਾ ॥ ਜੋ ਇਸੁ ਮਾਰੇ ਤਿਸਹਿ ਵਡਿਆਈ ॥ ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥ ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥ ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥ ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥ ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥ ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥ ਜੋ ਇਸੁ ਮਾਰੇ ਸੋ ਧਨਵੰਤਾ ॥ ਜੋ ਇਸੁ ਮਾਰੇ ਸੋ ਪਤਿਵੰਤਾ ॥ ਜੋ ਇਸੁ ਮਾਰੇ ਸੋਈ ਜਤੀ ॥ ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥ ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥ ਜੋ ਇਸੁ ਮਾਰੇ ਸੋ ਵਡਭਾਗਾ ॥ ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥ ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥ ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥ ਜੋ ਇਸੁ ਮਾਰੇ ਸੋਈ ਸੁਗਿਆਨੀ ॥ ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥ ਇਸੁ ਮਾਰੀ ਬਿਨੁ ਥਾਇ ਨ ਪਰੈ ॥ ਕੋਟਿ ਕਰਮ ਜਾਪ ਤਪ ਕਰੈ ॥ ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥ ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥ ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥ ਇਸੁ ਮਾਰੀ ਬਿਨੁ ਜੂਠਿ ਨ ਧੋਈ ॥ ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥ ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥ ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥ ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥ ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥ ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥ {ਪੰਨਾ 238}

ਪਦ ਅਰਥ: ਸੂਰਾ = ਸੂਰਮਾ, ਬਲੀ। ਪੂਰਾ = ਸਾਰੇ ਗੁਣਾਂ ਦਾ ਮਾਲਕ। ਤਿਸਹਿ = ਉਸੇ ਨੂੰ। ਜਾਈ = ਦੂਰ ਹੁੰਦਾ ਹੈ।1।

ਕੋਇ = ਕੋਈ ਵਿਰਲਾ। ਦੁਬਿਧਾ = ਮੇਰ-ਤੇਰ। ਮਾਰਿ = ਮਾਰ ਕੇ। ਰਾਜ ਜੋਗੁ = ਰਾਜ ਕਮਾਂਦਿਆਂ ਪ੍ਰਭੂ ਨਾਲ ਮਿਲਾਪ, ਗ੍ਰਿਹਸਤ ਵਿਚ ਰਹਿੰਦਿਆਂ ਪ੍ਰਭੂ ਨਾਲ ਮੇਲ। ਇਸਹਿ = ਇਸ (ਦੁਬਿਧਾ) ਨੂੰ।1। ਰਹਾਉ।

ਨਾਮਿ = ਨਾਮ ਵਿਚ। ਸਮਾਹਿ = ਲੀਨ ਰਹਿੰਦੇ ਹਨ {'ਸਮਾਹਿ' ਬਹੁ-ਵਚਨ ਹੈ}। ਸਿਝੈ = ਕਾਮਯਾਬ ਹੁੰਦਾ ਹੈ।2।

ਪਤਿ = ਇੱਜ਼ਤ। ਜਤੀ = ਕਾਮਵਾਸਨਾ ਤੇ ਕਾਬੂ ਪਾ ਰੱਖਣ ਵਾਲਾ। ਗਤੀ = ਉੱਚੀ ਆਤਮਕ ਅਵਸਥਾ।3।

ਗਨੀ = ਗਿਣਿਆ ਜਾਂਦਾ ਹੈ। ਨਿਹਚਲੁ = ਵਿਕਾਰਾਂ ਦੇ ਟਾਕਰੇ ਤੇ ਅਡੋਲ। ਧਨੀ = ਮਾਲਕ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਜਾਗਦਾ ਹੈ, ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦਾ ਹੈ।4।

ਜੀਵਨ ਮੁਕਤਾ = ਜੀਊਂਦਾ ਹੀ ਵਿਕਾਰਾਂ ਤੋਂ ਬਚਿਆ ਹੋਇਆ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ ਵਿਕਾਰਾਂ ਤੋਂ ਆਜ਼ਾਦ। ਨਿਰਮਲ = ਪਵਿਤ੍ਰ। ਜੁਗਤਾ = ਜੀਵਨ-ਜੁਗਤਿ, ਰਹਿਣੀ-ਬਹਿਣੀ। ਸਹਜ = ਆਤਮਕ ਅਡੋਲਤਾ। ਸਹਜ ਧਿਆਨੀ = ਆਤਮਕ ਅਡੋਲਤਾ ਵਿਚ ਟਿਕੇ ਰਹਿਣ ਵਾਲਾ।5।

ਥਾਇ ਨ ਪਰੈ = ਕਬੂਲ ਨਹੀਂ ਹੁੰਦਾ। ਕੋਟਿ = ਕ੍ਰੋੜਾਂ। ਜਾਪ = ਦੇਵਤਿਆਂ ਨੂੰ ਵੱਸ ਕਰਨ ਵਾਲੇ ਮੰਤ੍ਰਾਂ ਦਾ ਅੱਭਿਆਸ। ਤਪ = ਧੂਣੀਆਂ ਆਦਿਕ ਸਰੀਰਕ ਕਸ਼ਟ। ਜਮ ਤੇ = ਜਮ ਤੋਂ, ਮੌਤ ਦੇ ਡਰ ਤੋਂ, ਆਤਮਕ ਮੌਤ ਤੋਂ।6।

ਸਭੁ ਕਿਛੁ = ਹਰੇਕ ਕੰਮ। ਜਉਲਾ = ਵੱਖਰਾ।7।

ਕ੍ਰਿਪਾਨਿਧਿ = ਦਇਆ ਦਾ ਖ਼ਜ਼ਾਨਾ। ਸਿਧਿ = ਸਿੱਧੀ, ਸਫਲਤਾ। ਗੁਰਿ = ਗੁਰੂ ਨੇ। ਜਾ ਕੀ = ਜਿਸ ਦੀ। ਬ੍ਰਹਮ ਬੀਚਾਰੀ = ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲਾ।8।

ਅਰਥ: (ਹੇ ਭਾਈ! ਜਗਤ ਵਿਚ) ਅਜੇਹਾ ਕੋਈ ਵਿਰਲਾ ਮਨੁੱਖ ਹੈ, ਜੇਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦਾ ਹੈ। ਜੇਹੜਾ ਇਸ ਮੇਰ-ਤੇਰ ਨੂੰ ਮਾਰ ਲੈਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅੱਭਿਆਸੀ ਹੈ।1। ਰਹਾਉ।

(ਹੇ ਭਾਈ!) ਜੇਹੜਾ ਮਨੁੱਖ ਇਸ ਮੇਰ-ਤੇਰ ਨੂੰ ਮੁਕਾ ਲੈਂਦਾ ਹੈ, ਉਹੀ (ਵਿਕਾਰਾਂ ਦੇ ਟਾਕਰੇ ਤੇ) ਬਲੀ ਸੂਰਮਾ ਹੈ, ਉਹੀ ਸਾਰੇ ਗੁਣਾਂ ਦਾ ਮਾਲਕ ਹੈ। ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਲੈਂਦਾ ਹੈ, ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ, ਉਸ ਮਨੁੱਖ ਦਾ (ਹਰੇਕ ਕਿਸਮ ਦਾ) ਦੁੱਖ ਦੂਰ ਹੋ ਜਾਂਦਾ ਹੈ।1।

(ਹੇ ਭਾਈ!) ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਮੁਕਾਂਦਾ ਹੈ, ਉਸ ਨੂੰ (ਦੁਨੀਆ ਦਾ ਕੋਈ) ਡਰ ਪੋਹ ਨਹੀਂ ਸਕਦਾ। ਜੇਹੜਾ ਜੇਹੜਾ ਮਨੁੱਖ ਇਸ ਨੂੰ ਮੁਕਾ ਲੈਂਦਾ ਹੈ, ਉਹ ਸਾਰੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ। ਜੇਹੜਾ ਮਨੁੱਖ ਇਸ ਮੇਰ-ਤੇਰ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦਾ ਹੈ, ਉਸ ਦੀ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਕਾਮਯਾਬ ਹੋ ਜਾਂਦਾ ਹੈ।2।

(ਹੇ ਭਾਈ!) ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਹ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ, ਉਹ ਇੱਜ਼ਤ ਵਾਲਾ ਹੋ ਜਾਂਦਾ ਹੈ, ਉਹੀ ਹੈ ਅਸਲ ਜਤੀ, ਉਸ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ।3।

(ਹੇ ਭਾਈ!) ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਸ ਦਾ ਜਗਤ ਵਿਚ ਆਉਣਾ ਸਫਲ ਸਮਝਿਆ ਜਾਂਦਾ ਹੈ, ਉਹ ਮਾਇਆ ਦੇ ਹੱਲਿਆਂ ਦੇ ਟਾਕਰੇ ਤੋਂ ਅਡੋਲ ਰਹਿੰਦਾ ਹੈ, ਉਹੀ ਅਸਲ ਧਨਾਢ ਹੈ। ਜੇਹੜਾ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ।4।

ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮੁਕਾ ਲੈਂਦਾ ਹੈ, ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੀ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ, ਉਸ ਦੀ ਰਹਿਣੀ-ਬਹਿਣੀ ਸਦਾ ਪਵਿਤ੍ਰ ਹੁੰਦੀ ਹੈ, ਉਹੀ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।5।

(ਹੇ ਭਾਈ!) ਇਸ ਮੇਰ-ਤੇਰ ਨੂੰ ਦੂਰ ਕਰਨ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਕਬੂਲ ਨਹੀਂ ਹੁੰਦਾ, ਭਾਵੇਂ ਉਹ ਕ੍ਰੋੜਾਂ ਜਪ ਤੇ ਕ੍ਰੋੜਾਂ ਤਪ ਆਦਿਕ ਕਰਮ ਕਰਦਾ ਰਹੇ। ਦੁਬਿਧਾ ਨੂੰ ਮਿਟਾਣ ਤੋਂ ਬਿਨਾ ਮਨੁੱਖ ਦਾ ਜਨਮਾਂ ਦਾ ਗੇੜ ਮੁੱਕਦਾ ਨਹੀਂ, ਜਮਾਂ ਤੋਂ ਖ਼ਲਾਸੀ ਨਹੀਂ ਹੁੰਦੀ।6।

(ਹੇ ਭਾਈ!) ਦੁਬਿਧਾ ਦੂਰ ਕਰਨ ਤੋਂ ਬਿਨਾ ਮਨੁੱਖ ਦੀ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣ ਸਕਦੀ, ਮਨ ਵਿਚੋਂ ਵਿਕਾਰਾਂ ਦੀ ਮੈਲ ਨਹੀਂ ਧੁਪਦੀ। ਜਦ ਤਕ ਮਨੁੱਖ ਦੁਬਿਧਾ ਨੂੰ ਨਹੀਂ ਮੁਕਾਂਦਾ, (ਉਹ) ਜੋ ਕੁਝ ਭੀ ਕਰਦਾ ਹੈ ਮਨ ਨੂੰ ਹੋਰ ਵਿਕਾਰੀ ਬਣਾਈ ਜਾਂਦਾ ਹੈ ਤੇ ਪਰਮਾਤਮਾ ਨਾਲੋਂ ਵਿੱਥ ਬਣਾਈ ਰੱਖਦਾ ਹੈ।7।

ਜਿਸ ਮਨੁੱਖ ਉਤੇ ਦਇਆ ਦਾ ਖ਼ਜ਼ਾਨਾ ਪਰਮਾਤਮਾ ਦਇਆਵਾਨ ਹੁੰਦਾ ਹੈ, ਉਸ ਨੂੰ ਦੁਬਿਧਾ ਤੋਂ ਖ਼ਲਾਸੀ ਮਿਲ ਜਾਂਦੀ ਹੈ, ਉਸ ਨੂੰ ਜੀਵਨ ਵਿਚ ਪੂਰੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ।

ਹੇ ਨਾਨਕ! ਆਖ– ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮੇਰ-ਤੇਰ ਦੂਰ ਕਰ ਦਿੱਤੀ, ਉਹ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ-ਜੋਗਾ ਹੋ ਗਿਆ।8।5।

ਗਉੜੀ ਮਹਲਾ ੫ ॥ ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥ ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥ ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹ੍ਹਾ ॥ ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥ ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥ ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥ ਵਡੇ ਵਡੇ ਜੋ ਦੁਨੀਆਦਾਰ ॥ ਕਾਹੂ ਕਾਜਿ ਨਾਹੀ ਗਾਵਾਰ ॥ ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥ ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥ ਕੋਟਿ ਮਜਨ ਜਾ ਕੈ ਸੁਣਿ ਨਾਮ ॥ ਕੋਟਿ ਪੂਜਾ ਜਾ ਕੈ ਹੈ ਧਿਆਨ ॥ ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥ ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥ ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥ ਬਿਨਸਿ ਜਾਹਿ ਮਾਇਆ ਕੇ ਹੇਤ ॥ ਹਰਿ ਅਬਿਨਾਸੀ ਤੁਮਰੈ ਸੰਗਿ ॥ ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥ ਜਾ ਕੈ ਕਾਮਿ ਉਤਰੈ ਸਭ ਭੂਖ ॥ ਜਾ ਕੈ ਕਾਮਿ ਨ ਜੋਹਹਿ ਦੂਤ ॥ ਜਾ ਕੈ ਕਾਮਿ ਤੇਰਾ ਵਡ ਗਮਰੁ ॥ ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥ ਜਾ ਕੇ ਚਾਕਰ ਕਉ ਨਹੀ ਡਾਨ ॥ ਜਾ ਕੇ ਚਾਕਰ ਕਉ ਨਹੀ ਬਾਨ ॥ ਜਾ ਕੈ ਦਫਤਰਿ ਪੁਛੈ ਨ ਲੇਖਾ ॥ ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥ ਜਾ ਕੈ ਊਨ ਨਾਹੀ ਕਾਹੂ ਬਾਤ ॥ ਏਕਹਿ ਆਪਿ ਅਨੇਕਹਿ ਭਾਤਿ ॥ ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥ ਮਨ ਮੇਰੇ ਕਰਿ ਤਾ ਕੀ ਘਾਲ ॥੭॥ ਨਾ ਕੋ ਚਤੁਰੁ ਨਾਹੀ ਕੋ ਮੂੜਾ ॥ ਨਾ ਕੋ ਹੀਣੁ ਨਾਹੀ ਕੋ ਸੂਰਾ ॥ ਜਿਤੁ ਕੋ ਲਾਇਆ ਤਿਤ ਹੀ ਲਾਗਾ ॥ ਸੋ ਸੇਵਕੁ ਨਾਨਕ ਜਿਸੁ ਭਾਗਾ ॥੮॥੬॥ {ਪੰਨਾ 238}

ਪਦ ਅਰਥ: ਸਿਉ = ਨਾਲ। ਜੁਰੈ = ਜੁੜਦਾ ਹੈ, ਪਿਆਰ ਪੈਦਾ ਕਰਦਾ ਹੈ। ਸਭੁ ਕੋ = ਹਰੇਕ ਮਨੁੱਖ। ਤ = ਤਾਂ, ਤਦੋਂ। ਨਿਹਚਲੁ = (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ। ਕਾੜ੍ਹ੍ਹਾ = ਚਿੰਤਾ-ਫ਼ਿਕਰ, ਝੋਰਾ। ਵਿਆਪੈ = ਜ਼ੋਰ ਪਾ ਸਕਦਾ। ਨਿਸਤਾਰਾ = ਪਾਰ-ਉਤਾਰਾ।1।

ਜੋਰੁ = ਜੋੜ, ਪ੍ਰੀਤ ਬਣਾ। ਕਾਜਿ = ਕੰਮ ਵਿਚ। ਹੋਰੁ = ਕੋਈ ਹੋਰ ਉੱਦਮ।1। ਰਹਾਉ।

ਦੁਨੀਆਦਾਰ = ਧਨਾਢ। ਕਾਹੂ ਕਾਜਿ = ਕਿਸੇ ਕੰਮ ਵਿਚ। ਗਾਵਾਰ = ਮੂਰਖ। ਨੀਚ ਕੁਲੁ = ਨੀਵੀਂ ਕੁਲ ਵਾਲਾ, ਨੀਵੀਂ ਕੁਲ ਵਿਚ ਜੰਮਿਆ ਹੋਇਆ। ਸੁਣਹਿ = ਲੋਕ ਸੁਣਦੇ ਹਨ। ਸੰਗਿ = ਸੰਗਤਿ ਵਿਚ। ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ।2।

ਕੋਟਿ = ਕ੍ਰੋੜਾਂ। ਮਜਨ = ਤੀਰਥ-ਇਸ਼ਨਾਨ। ਜਾ ਕੈ ਸੁਣਿ ਨਾਮ = ਜਿਸ ਦਾ ਨਾਮ ਸੁਣਨ ਵਿਚ। ਜਾ ਕੈ ਧਿਆਨ = ਜਿਸ ਦਾ ਧਿਆਨ ਧਰਨ ਵਿਚ। ਸੁਣਿ = ਸੁਣ ਕੇ। ਗੁਰ ਤੇ = ਗੁਰੂ ਪਾਸੋਂ। ਬਿਧਿ = (ਮਿਲਣ ਦਾ) ਤਰੀਕਾ। ਜਾਣੀ = ਜਾਣਿਆਂ।3।

ਫਿਰਿ ਫਿਰਿ = ਮੁੜ ਮੁੜ, ਸਦਾ। ਚੇਤ = ਯਾਦ ਕਰ। ਹੇਤ = ਮੋਹ। ਸੰਗਿ = ਨਾਲ। ਰਚੁ = ਜੁੜਿਆ ਰਹੁ। ਰੰਗਿ = ਪ੍ਰੇਮ ਵਿਚ।4।

ਜਾ ਕੈ ਕਾਮਿ = ਜਿਸ ਦੀ ਸੇਵਾ ਦੀ ਰਾਹੀਂ। ਨ ਜੋਹਹਿ = ਨਹੀਂ ਤੱਕਦੇ। ਗਮਰੁ = ਗ਼ਮਰ, ਤੇਜ-ਪ੍ਰਤਾਪ। ਅਮਰੁ = ਸਦੀਵੀ ਆਤਮਕ ਜੀਵਨ ਵਾਲਾ।5।

ਜਾ ਕੇ = ਜਿਸ ਦੇ {ਲਫ਼ਜ਼ 'ਜਾ ਕੈ' ਅਤੇ 'ਜਾ ਕੇ' ਦਾ ਫ਼ਰਕ ਗਹੁ ਨਾਲ ਵੇਖਣ-ਜੋਗ ਹੈ}। ਡਾਨ = ਡੰਨ, ਸਜ਼ਾ, ਦੁੱਖ-ਕਲੇਸ਼। ਬਾਨ = {vXÔn} ਐਬ। ਜਾ ਕੈ ਦਫਤਰਿ = ਜਿਸ ਦੇ ਦਫ਼ਤਰ ਵਿਚ। ਚਾਕਰੀ = ਸੇਵਾ। ਬਿਸੇਖਾ = ਉਚੇਚੀ।6।

ਜਾ ਕੈ = ਜਿਸ ਦੇ ਘਰ ਵਿਚ। ਊਨ = ਘਾਟ, ਕਮੀ। ਅਨੇਕਹਿ ਭਾਤਿ = ਅਨੇਕਾਂ ਤਰੀਕਿਆਂ ਨਾਲ। ਨਿਹਾਲ = ਖ਼ੁਸ਼, ਪ੍ਰਸੰਨ, ਸੌਖਾ। ਦ੍ਰਿਸ਼ਟਿ = ਨਜ਼ਰ, ਨਿਗਾਹ। ਘਾਲ = ਸੇਵਾ।7।

ਚਤੁਰੁ = ਚਾਲਾਕ, ਸਿਆਣਾ। ਮੂੜਾ = ਮੂਰਖ। ਕੋ = ਕੋਈ ਮਨੁੱਖ। ਹੋਣੁ = ਕਮਜ਼ੋਰ। ਸੂਰਾ = ਸੂਰਮਾ। ਜਿਤੁ = ਜਿਸ (ਕੰਮ) ਵਿਚ। ਤਿਤ ਹੀ = {ਲਫ਼ਜ਼ 'ਤਿਤੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ} ਉਸ ਵਿਚ ਹੀ।8।

ਅਰਥ: ਹੇ ਮੇਰੇ ਮਨ! ਤੂੰ ਆਪਣੀ ਪ੍ਰੀਤਿ ਪਰਮਾਤਮਾ ਨਾਲ ਬਣਾ। (ਪਰਮਾਤਮਾ ਨਾਲ ਪ੍ਰੀਤਿ ਬਣਾਣ ਤੋਂ ਬਿਨਾ) ਕੋਈ ਹੋਰ ਉੱਦਮ ਤੇਰੇ ਕਿਸੇ ਕੰਮ ਨਹੀਂ ਆਵੇਗਾ।1। ਰਹਾਉ।

(ਹੇ ਭਾਈ!) ਜਦੋਂ ਮਨੁੱਖ ਪਰਮਾਤਮਾ ਨਾਲ ਪਿਆਰ ਪੈਦਾ ਕਰਦਾ ਹੈ, ਤਾਂ ਉਸ ਨੂੰ ਹਰੇਕ ਮਨੁੱਖ ਆਪਣਾ ਮਿੱਤਰ ਦਿੱਸਦਾ ਹੈ, ਤਦੋਂ ਉਸ ਦਾ ਚਿੱਤ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ ਸਦਾ) ਅਡੋਲ ਰਹਿੰਦਾ ਹੈ, ਕੋਈ ਚਿੰਤਾ-ਫ਼ਿਕਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ, (ਇਸ ਸੰਸਾਰ-ਸਮੁੰਦਰ ਵਿਚੋਂ) ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ।1।

(ਹੇ ਭਾਈ! ਜਗਤ ਵਿਚ) ਜੇਹੜੇ ਜੇਹੜੇ ਵੱਡੇ ਵੱਡੇ ਜਾਇਦਾਦਾਂ ਵਾਲੇ ਹਨ, ਉਹਨਾਂ ਮੂਰਖਾਂ ਦੀ (ਕੋਈ ਜਾਇਦਾਦ ਆਤਮਕ ਜੀਵਨ ਦੇ ਰਸਤੇ ਵਿਚ) ਉਹਨਾਂ ਦੇ ਕੰਮ ਨਹੀਂ ਆਉਂਦੀ। (ਦੂਜੇ ਪਾਸੇ) ਪਰਮਾਤਮਾ ਦਾ ਭਗਤ ਨੀਵੀਂ ਕੁਲ ਵਿਚ ਭੀ ਜੰਮਿਆ ਹੋਇਆ ਹੋਵੇ, ਤਾਂ ਭੀ ਲੋਕ ਉਸ ਦੀ ਸਿੱਖਿਆ ਸੁਣਦੇ ਹਨ, ਤੇ ਉਸ ਦੀ ਸੰਗਤਿ ਵਿਚ ਰਹਿ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਰਾਂ ਵਿਚੋਂ) ਇਕ ਪਲ ਵਿਚ ਬਚ ਨਿਕਲਦੇ ਹਨ।2।

(ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸੁਣਨ ਵਿਚ ਕ੍ਰੋੜਾਂ ਤੀਰਥ-ਇਸ਼ਨਾਨ ਆ ਜਾਂਦੇ ਹਨ, ਜਿਸ ਪਰਮਾਤਮਾ ਦਾ ਧਿਆਨ ਧਰਨ ਵਿਚ ਕ੍ਰੋੜਾਂ ਦੇਵ-ਪੂਜਾ ਆ ਜਾਂਦੀਆਂ ਹਨ, ਜਿਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਨ ਵਿਚ ਕ੍ਰੋੜਾਂ ਪੁੰਨ ਹੋ ਜਾਂਦੇ ਹਨ, ਗੁਰੂ ਪਾਸੋਂ ਉਸ ਪਰਮਾਤਮਾ ਨਾਲ ਮਿਲਾਪ ਦੀ ਵਿਧੀ ਸਿੱਖਿਆਂ ਇਹ ਸਾਰੇ ਕ੍ਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ।3।

(ਹੇ ਭਾਈ!) ਆਪਣੇ ਮਨ ਵਿਚ ਤੂੰ ਸਦਾ ਪਰਮਾਤਮਾ ਨੂੰ ਯਾਦ ਰੱਖ, ਮਾਇਆ ਵਾਲੇ ਤੇਰੇ ਸਾਰੇ ਹੀ ਮੋਹ ਨਾਸ ਹੋ ਜਾਣਗੇ। ਹੇ ਮੇਰੇ ਮਨ! ਉਹ ਕਦੇ ਨਾਸ ਨਾਹ ਹੋਣ ਵਾਲਾ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ, ਤੂੰ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਦਾ ਜੁੜਿਆ ਰਹੁ।4।

(ਹੇ ਭਾਈ!) ਜਿਸ ਦੀ ਸੇਵਾ-ਭਗਤੀ ਵਿਚ ਲੱਗਿਆਂ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਜਾਂਦੀ ਹੈ, ਤੇ ਜਮਦੂਤ ਤੱਕ ਭੀ ਨਹੀਂ ਸਕਦੇ, (ਹੇ ਭਾਈ!) ਜਿਸ ਦੀ ਸੇਵਾ ਭਗਤੀ ਦੀ ਬਰਕਤਿ ਨਾਲ ਤੇਰਾ (ਹਰ ਥਾਂ) ਵੱਡਾ ਤੇਜ-ਪ੍ਰਤਾਪ ਬਣ ਸਕਦਾ ਹੈ, ਤੇ ਤੂੰ ਸਦੀਵੀ ਆਤਮਕ ਜੀਵਨ ਵਾਲਾ ਬਣ ਸਕਦਾ ਹੈਂ;

(ਹੇ ਭਾਈ!) ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ, ਕੋਈ ਐਬ ਨਹੀਂ ਚੰਬੜ ਸਕਦਾ, ਜਿਸ ਪਰਮਾਤਮਾ ਦੇ ਦਫ਼ਤਰ ਵਿਚ (ਸੇਵਕ ਭਗਤ ਪਾਸੋਂ ਕੀਤੇ ਕਰਮਾਂ ਦਾ ਕੋਈ) ਹਿਸਾਬ ਨਹੀਂ ਮੰਗਿਆ ਜਾਂਦਾ (ਕਿਉਂਕਿ ਸੇਵਾ ਭਗਤੀ ਦੀ ਬਰਕਤਿ ਨਾਲ ਉਸ ਪਾਸੋਂ ਕੋਈ ਕੁਕਰਮ ਹੁੰਦੇ ਹੀ ਨਹੀਂ) ਉਸ ਪਰਮਾਤਮਾ ਦੀ ਸੇਵਾ-ਭਗਤੀ ਉਚੇਚੇ ਤੌਰ ਤੇ ਕਰਦੇ ਰਹੁ। 5, 6।

ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ, ਜੇਹੜਾ ਪਰਮਾਤਮਾ ਇਕ ਆਪ ਹੀ ਆਪ ਹੁੰਦਾ ਹੋਇਆ ਅਨੇਕਾਂ ਰੂਪਾਂ ਵਿਚ ਪਰਗਟ ਹੋ ਰਿਹਾ ਹੈ, ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹਰੇਕ ਜੀਵ ਨਿਹਾਲ ਹੋ ਜਾਂਦਾ ਹੈ, ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ।7।

(ਪਰ) ਹੇ ਨਾਨਕ! (ਆਪਣੇ ਆਪ) ਨਾਹ ਕੋਈ ਮਨੁੱਖ ਸਿਆਣਾ ਬਣ ਸਕਦਾ ਹੈ, ਨਾਹ ਕੋਈ ਮਨੁੱਖ (ਆਪਣੀ ਮਰਜ਼ੀ ਨਾਲ) ਮੂਰਖ ਟਿਕਿਆ ਰਹਿੰਦਾ ਹੈ, ਨਾਹ ਕੋਈ ਨਿਤਾਣਾ ਹੈ ਤੇ ਨਾਹ ਕੋਈ ਸੂਰਮਾ ਹੈ। ਹਰੇਕ ਜੀਵ ਉਸੇ ਪਾਸੇ ਹੀ ਲੱਗਾ ਹੋਇਆ ਹੈ ਜਿਸ ਪਾਸੇ ਪਰਮਾਤਮਾ ਨੇ ਉਸ ਨੂੰ ਲਾਇਆ ਹੋਇਆ ਹੈ। (ਪਰਮਾਤਮਾ ਦੀ ਮਿਹਰ ਨਾਲ) ਜਿਸ ਦੀ ਕਿਸਮਤ ਜਾਗ ਪੈਂਦੀ ਹੈ, ਉਹੀ ਉਸ ਦਾ ਸੇਵਕ ਬਣਦਾ ਹੈ।8।6।

TOP OF PAGE

Sri Guru Granth Darpan, by Professor Sahib Singh