ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 246

ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ ॥ ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ ॥ ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ ॥ ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ ॥ ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ ॥ ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥੩॥ ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ ॥ ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥ ਜੁਗੁ ਜੁਗੁ ਭਗਤ ਪਿਆਰੇ ਹਰਿ ਆਪਿ ਸਵਾਰੇ ਆਪੇ ਭਗਤੀ ਲਾਏ ॥ ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ॥ ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮੁ ਵਸਾਏ ॥ ਨਾਨਕ ਸਦ ਬਲਿਹਾਰੀ ਸਚੇ ਵਿਟਹੁ ਆਪੇ ਕਰੇ ਕਰਾਏ ॥੪॥੪॥ {ਪੰਨਾ 246}

ਪਦ ਅਰਥ: ਕੋ = ਕੋਈ ਭੀ। ਥਿਰੁ = ਸਦਾ ਕਾਇਮ ਰਹਿਣ ਵਾਲਾ। ਬਾਜੀ = ਖੇਡ। ਦ੍ਰਿੜੁ = ਪੱਕੀ ਕਰ ਕੇ ਟਿਕਾ। ਸਚੀ = ਸਦਾ ਕਾਇਮ ਰਹਿਣ ਵਾਲੀ। ਵਾਪਾਰਾ = ਵਣਜ। ਅਗਮ = ਅਪਹੁੰਚ। ਅਪਾਰਾ = ਬੇਅੰਤ। ਪਾਈਐ = ਹਾਸਲ ਕਰੀਦਾ ਹੈ। ਆਪੁ = ਆਪਾ-ਭਾਵ। ਮੁਗਧ = ਮੂਰਖ। ਸਤਿਗ ੁਰ = ਸਤਿਗੁਰੂ ਨੇ। ਮਾਰਗਿ = ਰਸਤੇ ਉਤੇ। ਸੁਹਾਵੇ = ਸੋਹਣੇ ਜੀਵਨ ਵਾਲੇ। ਅਨਦਿਨੁ = ਹਰ ਰੋਜ਼।3।

ਕਰਾਏ = (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ। ਆਪੇ = ਆਪ ਹੀ। ਸਬਦਿ = ਸ਼ਬਦ ਵਿਚ (ਜੋੜ ਕੇ) । ਸਵਾਰੇ = (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈ। ਜੁਗੁ ਜੁਗੁ = ਹਰੇਕ ਜੁਗ ਵਿਚ। ਦਾਨਾ = ਸਿਆਣਾ, ਜਾਣਨ ਵਾਲਾ। ਬੀਨਾ = ਪਰਖਣ ਵਾਲਾ। ਹਿਰਦੈ = ਹਿਰਦੇ ਵਿਚ। ਵਿਟਹੁ = ਤੋਂ।4।

ਅਰਥ: ਹੇ ਭਾਈ! ਇਹ ਜਗਤ (ਪਰਮਾਤਮਾ ਦੀ ਰਚੀ ਹੋਈ ਇਕ) ਖੇਡ ਹੈ (ਇਸ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਹੇ ਭਾਈ! ਪਰਮਾਤਮਾ ਦੀ ਭਗਤੀ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਰੱਖ (ਇਹੀ) ਸਦਾ ਰਹਿਣ ਵਾਲੀ (ਚੀਜ਼) ਹੈ, ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ। ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ, ਇਹ ਧਨ ਗੁਰੂ ਦੀ ਮਤਿ ਤੇ ਤੁਰਿਆਂ ਮਿਲਦਾ ਹੈ। ਪ੍ਰਭੂ ਦੀ ਸੇਵਾ-ਭਗਤੀ, ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਨੀ = ਇਹ ਸਦਾ ਕਾਇਮ ਰਹਿਣ ਵਾਲੀ (ਰਾਸਿ) ਹੈ (ਇਸ ਦੀ ਬਰਕਤਿ ਨਾਲ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਸਕੀਦਾ ਹੈ।

ਸਾਨੂੰ ਮਤਿ-ਹੀਣਿਆਂ ਨੂੰ, ਮੂਰਖਾਂ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਇਆਂ ਨੂੰ ਸਤਿਗੁਰੂ ਨੇ ਹੀ ਜੀਵਨ ਦੇ ਸਹੀ ਰਸਤੇ ਉਤੇ ਪਾਇਆ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਤੇ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।3।

(ਪਰ) ਹੇ ਭਾਈ! (ਜੀਵਾਂ ਦੇ ਕੁੱਝ ਵੱਸ ਨਹੀਂ। ਮਾਇਆ-ਸਰ ਵਿਚੋਂ ਡੁੱਬਣ ਤੋਂ ਬਚਾਣ ਵਾਲਾ ਪ੍ਰਭੂ ਆਪ ਹੀ ਹੈ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਭ ਕੁਝ) ਕਰਦਾ ਹੈ, ਪ੍ਰਭੂ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ) ਜੀਵਨ ਸੋਹਣੇ ਬਣਾਂਦਾ ਹੈ। ਪ੍ਰਭੂ ਆਪ ਹੀ ਸਤਿਗੁਰੂ ਮਿਲਾਂਦਾ ਹੈ, ਆਪ ਹੀ (ਗੁਰੂ ਦਾ) ਸ਼ਬਦ ਬਖ਼ਸ਼ਦਾ ਹੈ, ਤੇ ਆਪ ਹੀ ਹਰੇਕ ਜੁਗ ਵਿਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ। ਹਰੇਕ ਜੁਗ ਵਿਚ ਹਰੀ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਆਪ ਹੀ ਉਹਨਾਂ ਦੇ ਜੀਵਨ ਸਵਾਰਦਾ ਹੈ, ਆਪ ਹੀ (ਉਹਨਾਂ ਨੂੰ) ਭਗਤੀ ਵਿਚ ਜੋੜਦਾ ਹੈ। ਉਹ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਤੇ ਪਛਾਣਨ ਵਾਲਾ ਹੈ, ਉਹ ਆਪ ਹੀ (ਆਪਣੇ ਭਗਤਾਂ ਪਾਸੋਂ ਆਪਣੀ) ਸੇਵਾ-ਭਗਤੀ ਕਰਾਂਦਾ ਹੈ। (ਹੇ ਭਾਈ!) ਪਰਮਾਤਮਾ ਆਪ ਹੀ (ਆਪਣੇ) ਗੁਣਾਂ ਦੀ ਦਾਤਿ ਬਖ਼ਸ਼ਦਾ ਹੈ, (ਸਾਡੇ) ਅਉਗਣ ਦੂਰ ਕਰਦਾ ਹੈ, ਤੇ (ਸਾਡੇ) ਹਿਰਦੇ ਵਿਚ (ਆਪਣਾ) ਨਾਮ ਵਸਾਂਦਾ ਹੈ।

ਹੇ ਨਾਨਕ! (ਆਖ– ਮੈਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਤੋਂ ਸਦਾ ਸਦਕੇ ਜਾਂਦਾ ਹਾਂ, ਉਹ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਸਭ ਕੁਝ ਕਰਾਂਦਾ ਹੈ।4। 4।

ਗਉੜੀ ਮਹਲਾ ੩ ॥ ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ ॥ ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥ ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੋ ਆਪਿ ਕਰਾਏ ॥ ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ ॥ ਨਾਨਕ ਸਚਿ ਨਾਮਿ ਵਡਿਆਈ ਪੂਰਬਿ ਲਿਖਿਆ ਪਾਏ ॥੧॥ ਹਰਿ ਕਾ ਨਾਮੁ ਮੀਠਾ ਪਿਰਾ ਜੀਉ ਜਾ ਚਾਖਹਿ ਚਿਤੁ ਲਾਏ ॥ ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ ॥ ਸਦਾ ਹਰਿ ਰਸੁ ਪਾਏ ਜਾ ਹਰਿ ਭਾਏ ਰਸਨਾ ਸਬਦਿ ਸੁਹਾਏ ॥ ਨਾਮੁ ਧਿਆਏ ਸਦਾ ਸੁਖੁ ਪਾਏ ਨਾਮਿ ਰਹੈ ਲਿਵ ਲਾਏ ॥ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ ॥ ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥੨॥ {ਪੰਨਾ 246}

ਪਦ ਅਰਥ: ਪਿਰਾ ਜੀਉ = ਹੇ ਪਿਆਰੇ ਜੀਵ! ਹੇ ਪਿਆਰੀ ਜਿੰਦੇ! ਧਿਆਏ = ਧਿਆਇ, ਯਾਦ ਕਰ। ਮੰਞਹੁ = ਆਪਣੇ ਆਪ ਵਿਚੋਂ। ਘਰਿ = ਹਿਰਦੇ-ਘਰ ਵਿਚ। ਸਹਜੇ = ਆਤਮਕ ਅਡੋਲਤਾ ਵਿਚ, ਸਹਿਜ। ਸਤਿ ਸੁਭਾਏ = ਸਤਿ ਸੁਭਾਇ, ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ (ਟਿਕ ਕੇ) । ਖਰੀ = ਬਹੁਤ। ਸੁਖਾਲੀ = {suK-AwlX} ਸੁਖ ਦੇਣ ਵਾਲੀ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਨਾਮੋ = ਨਾਮ ਹੀ। ਮੰਨਿ = ਮਨਿ, ਮਨ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ (ਜੁੜਿਆਂ) । ਪੂਰਬਿ = ਪਹਿਲੇ ਜਨਮ ਵਿਚ।1।

ਜਾ = ਜਦੋਂ। ਚਾਖਹਿ = ਤੂੰ ਚੱਖੇਂਗੀ। ਲਾਏ = ਲਾਇ, ਲਾ ਕੇ। ਰਸਨਾ ਮੁਯੇ = ਹੇ ਨਿਕਰਮਣ ਜੀਭ! ਅਨ ਰਸ ਸਾਦ = ਹੋਰਨਾਂ ਰਸਾਂ ਦੇ ਸਵਾਦ। ਗਵਾਏ = ਗਵਾਇ, ਦੂਰ ਕਰ। ਹਰਿ ਭਾਏ = ਹਰੀ ਨੂੰ ਪਸੰਦ ਆਵੇ। ਸਬਦਿ = ਸ਼ਬਦ ਵਿਚ। ਨਾਮਿ = ਨਾਮ ਵਿਚ। ਲਿਵ ਲਾਏ = ਲਿਵ ਲਾਇ, ਲਗਨ ਲਾ ਕੇ। ਉਪਜੈ = (ਹਰਿ-ਰਸ) ਪੈਦਾ ਹੁੰਦਾ ਹੈ। ਬਿਨਸੇ = (ਅਨ ਰਸ ਸਾਦ) ਮੁੱਕ ਜਾਂਦਾ ਹੈ। ਲਏ ਲਵਾਏ = ਲਵਾਇ ਲਏ, ਨਾਮ ਦੀ ਲਗਨ ਪੈਦਾ ਕਰਦਾ ਹੈ।2।

ਅਰਥ: ਹੇ ਪਿਆਰੀ ਜਿੰਦੇ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ, ਅਤੇ) ਪਰਮਾਤਮਾ ਦਾ ਨਾਮ ਸਿਮਰ, (ਇਸ ਤਰ੍ਹਾਂ) ਤੂੰ ਆਪਣੇ ਆਪ ਵਿਚੋਂ ਦੂਰ ਨਹੀਂ ਜਾਹਿਂਗੀ (ਮਾਇਆ ਦੇ ਮੋਹ ਵਿਚ ਭਟਕਣ ਤੋਂ ਬਚ ਜਾਹਿਂਗੀ) । (ਹੇ ਜਿੰਦੇ!) ਹਿਰਦੇ-ਘਰ ਵਿਚ ਟਿਕੇ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ। ਜੇਹੜਾ ਜੀਵ ਆਤਮਕ ਅਡੋਲਤਾ ਵਿਚ ਟਿਕ ਕੇ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਸਦਾ (ਪ੍ਰਭੂ-ਚਰਨਾਂ ਵਿਚ) ਚਿੱਤ ਜੋੜਦਾ ਹੈ, ਉਹ ਹਿਰਦੇ-ਘਰ ਵਿਚ ਟਿਕਿਆ ਰਹਿ ਕੇ ਪਰਮਾਤਮਾ ਨੂੰ ਲੱਭ ਲੈਂਦਾ ਹੈ। (ਸੋ, ਹੇ ਜਿੰਦੇ!) ਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਪਰ ਇਹ ਸੇਵਾ ਉਹੀ ਮਨੁੱਖ ਕਰਦਾ ਹੈ) ਜਿਸ ਪਾਸੋਂ ਪਰਮਾਤਮਾ ਆਪ ਕਰਾਏ (ਜਿਸ ਨੂੰ ਆਪ ਪ੍ਰੇਰਨਾ ਕਰੇ) । (ਉਹ ਮਨੁੱਖ ਫਿਰ ਆਪਣੇ ਹਿਰਦੇ-ਖੇਤ ਵਿਚ) ਪਰਮਾਤਮਾ ਦਾ ਨਾਮ ਹੀ ਬੀਜਦਾ ਹੈ (ਉਥੇ) ਨਾਮ ਹੀ ਉੱਗਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਸਦਾ ਨਾਮ ਹੀ ਵਸਾਈ ਰੱਖਦਾ ਹੈ।

ਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਜੁੜ ਕੇ, ਪ੍ਰਭੂ-ਨਾਮ ਵਿਚ ਟਿਕ ਕੇ (ਮਨੁੱਖ ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ, (ਨਾਮ ਸਿਮਰਨ ਦੀ ਬਰਕਤਿ ਨਾਲ) ਪਹਿਲੇ ਜਨਮ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਨੁੱਖ ਦੇ ਅੰਦਰ ਉੱਘੜ ਪੈਂਦਾ ਹੈ।1।

ਹੇ ਪਿਆਰੀ ਜਿੰਦੇ! ਪਰਮਾਤਮਾ ਦਾ ਨਾਮ ਮਿੱਠਾ ਹੈ (ਪਰ ਇਹ ਤੈਨੂੰ ਤਦੋਂ ਹੀ ਸਮਝ ਆਵੇਗੀ) ਜਦੋਂ ਤੂੰ ਚਿੱਤ ਜੋੜ ਕੇ (ਇਹ ਨਾਮ-ਰਸ) ਚੱਖੇਂਗੀ। ਹੇ ਮੇਰੀ ਨਿਕਰਮਣ ਜੀਭ! ਪਰਮਾਤਮਾ ਦੇ ਨਾਮ ਦਾ ਸੁਆਦ ਚੱਖ, ਤੇ ਹੋਰ ਹੋਰ ਰਸਾਂ ਦੇ ਸੁਆਦ ਛੱਡ ਦੇ। (ਪਰ ਜੀਭ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ ਨੂੰ ਚੰਗਾ ਲੱਗੇ, ਤਦੋਂ ਜੀਭ ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦੀ ਹੈ, ਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੀ ਹੋ ਜਾਂਦੀ ਹੈ।

(ਹੇ ਜਿੰਦੇ!) ਜੇਹੜਾ ਮਨੁੱਖ ਨਾਮ ਸਿਮਰਦਾ ਹੈ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰ (ਨਾਮ-ਰਸ ਦੀ ਤਾਂਘ) ਪੈਦਾ ਹੁੰਦੀ ਹੈ, ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ ਹੋਰ ਹੋਰ ਰਸਾਂ ਦੀ ਖਿੱਚ) ਦੂਰ ਹੋ ਜਾਂਦੀ ਹੈ, ਨਾਮ ਸਿਮਰਨ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। (ਪਰ) ਹੇ ਨਾਨਕ! ਪਰਮਾਤਮਾ ਦਾ ਨਾਮ ਗੁਰੂ ਦੀ ਮਤਿ ਉਤੇ ਤੁਰਿਆਂ ਮਿਲਦਾ ਹੈ, ਪਰਮਾਤਮਾ ਆਪ ਹੀ ਆਪਣੇ ਨਾਮ ਦੀ ਲਗਨ ਪੈਦਾ ਕਰਦਾ ਹੈ।2।

TOP OF PAGE

Sri Guru Granth Darpan, by Professor Sahib Singh