ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 486 ਆਸਾ ॥ ਪਾਰਬ੍ਰਹਮੁ ਜਿ ਚੀਨ੍ਹ੍ਹਸੀ ਆਸਾ ਤੇ ਨ ਭਾਵਸੀ ॥ ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥ ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥ ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ ॥ ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ ॥ ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥ {ਪੰਨਾ 486} ਪਦ ਅਰਥ: ਜਿ = ਜੋ ਮਨੁੱਖ। ਚੀਨ੍ਹ੍ਹਸੀ = ਪਛਾਣਦੇ ਹਨ, ਜਾਣ-ਪਛਾਣ ਪਾਂਦੇ ਹਨ। ਨ ਭਾਵਸੀ = ਚੰਗੀ ਨਹੀਂ ਲੱਗਦੀ। ਭਗਤਹ = (ਜਿਨ੍ਹਾਂ) ਭਗਤਾਂ ਨੇ। ਅਚਿੰਤ = ਚਿੰਤਾ-ਰਹਿਤ।1। ਬਨ = ਪਾਣੀ। ਬਿਖੈ ਕੋ ਬਨਾ = ਵਿਸ਼ੇ ਵਿਕਾਰਾਂ ਦਾ ਪਾਣੀ।1। ਰਹਾਉ। ਦੈਲਾ = ਦਿੱਤਾ (ਪ੍ਰਭੂ ਨੇ) । ਭੈਲਾ = ਮਿਲ ਗਿਆ। ਪਰਸਾਦਿ = ਕਿਰਪਾ ਨਾਲ। ਭੇਟੁਲਾ = ਮਿਲ ਪਿਆ।2। ਅਰਥ: ਹੇ (ਮੇਰੇ) ਮਨ! ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ (ਸੰਸਾਰ-ਸਮੁੰਦਰ) ਵਿਚ ਵਿਕਾਰਾਂ ਦਾ ਪਾਣੀ (ਭਰਿਆ ਪਿਆ) ਹੈ। ਹੇ ਮਨ! ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ (ਪਰਮਾਤਮਾ ਵਲੋਂ) ਖੁੰਝ ਗਿਆ ਹੈਂ।1। ਰਹਾਉ। ਜੋ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦੇ ਹਨ, ਜਿਨ੍ਹਾਂ ਸੰਤ ਜਨਾਂ ਨੇ ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਨੂੰ ਹੋਰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ। ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ।1। ਮੈਨੂੰ ਨਾਮੇ ਨੂੰ (ਭਾਵੇਂ ਜੀਕਰ) ਛੀਂਬੇ ਦੇ ਘਰ ਜਨਮ ਦਿੱਤਾ, ਪਰ (ਉਸ ਦੀ ਮਿਹਰ ਨਾਲ) ਮੈਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ; ਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਨਾਮੇ) ਨੂੰ ਰੱਬ ਮਿਲ ਪਿਆ ਹੈ।2।5। ਨੋਟ: ਸੁਆਰਥੀ ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਵਲ ਜਾਈਏ ਕਿ ਭਗਤ ਨਾਮਦੇਵ ਜੀ ਦੇ ਆਪਣੇ ਬਚਨਾਂ ਉੱਤੇ ਇਤਬਾਰ ਕਰੀਏ? ਘਾੜਤ ਆਖਦੀ ਹੈ ਕਿ ਪਿਉ ਕਿਤੇ ਕੰਮ ਗਿਆ, ਪਿਛੋਂ ਨਾਮਦੇਵ ਨੇ ਠਾਕੁਰਾਂ ਨੂੰ ਦੁੱਧ ਪਿਲਾ ਲਿਆ, ਤਾਂ ਇਸ ਤਰ੍ਹਾਂ ਨਾਮਦੇਵ ਨੂੰ ਰੱਬ ਮਿਲ ਪਿਆ। ਪਰ ਨਾਮਦੇਵ ਜੀ ਆਪ ਇਹ ਆਖਦੇ ਹਨ ਕਿ ਮੈਨੂੰ ਨਾਮੇ ਨੂੰ "ਸੰਤਹ ਕੈ ਪਰਸਾਦਿ ਹਰਿ ਭੇਟੁਲਾ", ਕਿਉਂਕਿ ਮੈਨੂੰ "ਗੁਰ ਉਪਦੇਸੁ ਭੈਲਾ"। ਅਸਾਡੀ ਲਾ-ਪਰਵਾਹੀ ਦਾ ਕੋਈ ਤਾਂ ਹੱਦ-ਬੰਨਾ ਹੋਣਾ ਚਾਹੀਦਾ ਹੈ। ਅਸਾਡੇ ਸ਼ਹਿਨਸ਼ਾਹ ਗੁਰੂ ਰਾਮ ਦਾਸ ਜੀ ਭੀ ਹਾਮੀ ਭਰਦੇ ਹਨ ਕਿ "ਹਰਿ ਜਪਤਿਆ ਉੱਤਮ ਪਦਵੀ ਪਾਇ"। ਕੌਣ ਕੌਣ? "ਰਵਿਦਾਸ ਚਮਾਰ ਉਸਤਤਿ ਕਰੈ, ਹਰਿ ਕੀਰਤਿ ਨਿਮਖ ਇਕ ਗਾਇ" ਅਤੇ "ਨਾਮਦੇਇ ਪ੍ਰਤਿ ਲਗੀ ਹਰਿ ਸੇਤੀ" {ਸੂਹੀ ਮਹਲਾ 4 ਕੀ ਇਹ ਸਭ ਕੁਝ ਨਿਰਾ ਪੜ੍ਹਨ ਲਈ ਹੀ ਹੈ? ਕੀ ਇਸ ਉੱਤੇ ਅਸਾਂ ਇਤਬਾਰ ਨਹੀਂ ਕਰਨਾ? ਸੰਭਲ ਕੇ ਵਿਚਾਰੋ ਕਿ ਜਿਸ ਦੇ ਸਦੀਆਂ ਦੇ ਬਣੇ ਧਾਰਮਿਕ ਰਸੂਖ਼ ਅਤੇ ਮੁਫ਼ਤ ਦੀ ਰੋਟੀ ਦੇ ਵਸੀਲੇ ਉੱਤੇ ਨਾਮਦੇਵ ਕਬੀਰ, ਰਵਿਦਾਸ ਵਰਗੇ ਸੂਰਮੇ ਮਰਦਾਂ ਨੇ ਕਾਰੀ ਚੋਟ ਮਾਰੀ, ਉਸ ਨੇ ਇਹ ਚੋਟ ਲੰਮੇ ਪੈ ਕੇ ਹੀ ਨਹੀਂ ਸਹਾਰਨੀ ਸੀ, ਉਸ ਨੇ ਭੀ ਆਪਣਾ ਵਾਰ ਕਰਨਾ ਸੀ ਤੇ ਆਪਣਾ ਰਸੂਖ਼ ਮੁੜ ਬਨਾਣਾ ਸੀ। ਤਾਹੀਏਂ ਇਹ ਸਾਰੇ ਭਗਤ ਠਾਕੁਰਾਂ ਦੇ ਪੁਜਾਰੀ ਤੇ ਬ੍ਰਾਹਮਣ ਦੇਵਤਿਆਂ ਦੇ ਚੇਲੇ ਬਣਾ ਦਿੱਤੇ ਗਏ। ਭਾਵ: ਵਿਕਾਰਾਂ ਤੋਂ ਬਚਣ ਲਈ ਸਿਮਰਨ ਹੀ ਇਕੋ ਇਕ ਤਰੀਕਾ ਹੈ। ਇਹ ਸਿਮਰਨ ਮਿਲਦਾ ਹੈ ਗੁਰੂ ਦੀ ਰਾਹੀਂ ਸਾਧ ਸੰਗਤ ਵਿਚ। ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ ੴ ਸਤਿਗੁਰ ਪ੍ਰਸਾਦਿ ॥ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥ ਮਾਧੋ ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥੧॥ ਰਹਾਉ ॥ ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ ॥ ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥੨॥ ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ ॥ ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥੩॥ ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥ ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥੪॥੧॥ {ਪੰਨਾ 486} ਪਦ ਅਰਥ: ਮ੍ਰਿਗ = ਹਰਨ। ਮੀਨ = ਮੱਛੀ। ਭ੍ਰਿੰਗ = ਭੌਰਾ। ਪਤੰਗ = ਭੰਬਟ। ਕੁੰਚਰ = ਹਾਥੀ। ਦੋਖ = ਐਬ (ਹਰਨ ਨੂੰ ਘੰਡੇਹੇੜੇ ਦਾ ਨਾਦ ਸੁਣਨ ਦਾ ਰਸ; ਮੀਨ ਨੂੰ ਜੀਭ ਦਾ ਚਸਕਾ; ਭੌਰੇ ਨੂੰ ਫੁੱਲ ਸੁੰਘਣ ਦੀ ਬਾਣ; ਭੰਬਟ ਦਾ ਦੀਵੇ ਉੱਤੇ ਸੜ ਮਰਨਾ, ਅੱਖਾਂ ਨਾਲ ਵੇਖਣ ਦਾ ਚਸਕਾ; ਹਾਥੀ ਨੂੰ ਕਾਮ ਵਾਸ਼ਨਾ) । ਅਸਾਧ = ਜੋ ਵੱਸ ਵਿਚ ਨਾ ਆ ਸਕਣ। ਜਾ ਮਹਿ = ਜਿਸ (ਮਨੁੱਖ) ਵਿਚ।1। ਮਾਧੋ = {ਮਾਧਵ} ਹੇ ਮਾਇਆ ਦੇ ਪਤੀ ਪ੍ਰਭੂ! ਅਬਿਦਿਆ = ਅਗਿਆਨਤਾ। ਹਿਤ = ਮੋਹ, ਪਿਆਰ। ਮਲੀਨ = ਮੈਲਾ, ਧੁੰਧਲਾ।1। ਰਹਾਉ। ਤ੍ਰਿਗਦ ਜੋਨਿ = ਉਹਨਾਂ ਜੂਨਾਂ ਦੇ ਜੀਵ ਜੋ ਵਿੰਗੇ ਹੋ ਕੇ ਤੁਰਦੇ ਹਨ, ਪਸ਼ੂ ਆਦਿਕ। ਅਚੇਤ = ਗ਼ਾਫ਼ਲ; ਰੱਬ ਵਲੋਂ ਗ਼ਾਫ਼ਲ, ਵਿਚਾਰ-ਹੀਣ। ਅਸੋਚ = ਸੋਚ-ਰਹਿਤ, ਬੇ-ਪਰਵਾਹ। ਸੰਭਵ = ਮੁਮਕਿਨ, ਕੁਦਰਤੀ। ਅਵਤਾਰ = ਜਨਮ। ਪੋਚ = ਨੀਚ। ਤਿਹੀ = ਇਸ ਦੀ ਭੀ।2। ਜਾਇ = ਜਨਮ ਲੈ ਕੇ, ਜੰਮ ਕੇ। ਅਬਧ = ਅ+ਬਧ, ਜੋ ਨਾਹ ਨਾਸ ਹੋ ਸਕੇ। ਉਪਾਇ = ਹੀਲਾ।3। ਨਿਦਾਨ = ਆਖ਼ਰ। ਉਦਾਸ = ਵਿਕਾਰਾਂ ਤੋਂ ਉਪਰਾਮ।4। ਅਰਥ: ਹੇ ਪ੍ਰਭੂ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ; ਇਸ ਵਾਸਤੇ ਇਹਨਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ (ਭਾਵ, ਪਰਖ-ਹੀਣ ਹੋ ਰਹੇ ਹਨ, ਭਲੇ ਬੁਰੇ ਦੀ ਪਛਾਣ ਨਹੀਂ ਕਰਦੇ) ।1। ਰਹਾਉ। ਹਰਨ, ਮੱਛੀ, ਭੌਰਾ, ਭੰਬਟ, ਹਾਥੀ = ਇਕ ਇਕ ਐਬ ਦੇ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ, ਪਰ ਇਸ ਮਨੁੱਖ ਵਿਚ ਇਹ ਪੰਜੇ ਅਸਾਧ ਰੋਗ ਹਨ, ਇਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ?।1। ਪਸ਼ੂ ਆਦਿਕ ਟੇਢੀਆਂ ਜੂਨਾਂ ਦੇ ਜੀਵ ਵਿਚਾਰ-ਹੀਨ ਹਨ, ਉਹਨਾਂ ਦਾ ਪਾਪ ਪੁੰਨ ਵਲੋਂ ਬੇ-ਪਰਵਾਹ ਰਹਿਣਾ ਕੁਦਰਤੀ ਹੈ; ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ, ਇਸ ਦੀ ਸੰਗਤਿ ਭੀ ਨੀਚ ਵਿਕਾਰਾਂ ਨਾਲ ਹੀ ਹੈ (ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ) ।2। ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿਥੇ ਜਿਥੇ ਭੀ ਹਨ, ਸਾਰੇ ਜੀਅ ਜੰਤਾਂ ਨੂੰ ਕਾਲ ਦੀ (ਆਤਮਕ ਮੌਤ ਦੀ) ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ।3। ਹੇ ਰਵਿਦਾਸ! ਹੇ ਪ੍ਰਭੂ ਦੇ ਦਾਸ ਰਵਿਦਾਸ! ਤੂੰ ਤਾਂ ਵਿਕਾਰਾਂ ਦੇ ਮੋਹ ਵਿਚੋਂ ਨਿਕਲ; ਇਹ ਭਟਕਣਾ ਛੱਡ ਦੇਹ, ਸਤਿਗੁਰੂ ਦਾ ਗਿਆਨ ਕਮਾ, ਇਹੀ ਤਪਾਂ ਦਾ ਤਪ ਹੈ। ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ ਹੇ ਪ੍ਰਭੂ! ਆਖ਼ਰ ਮੈਨੂੰ ਰਵਿਦਾਸ ਨੂੰ ਭੀ (ਆਪਣੇ ਪਿਆਰ ਦਾ) ਪਰਮ ਅਨੰਦ ਬਖ਼ਸ਼ੋ (ਮੈਂ ਤੇਰੀ ਸਰਨ ਆਇਆ ਹਾਂ) ।4।1। ਭਾਵ: ਇੱਕ ਵਿਕਾਰ ਨਹੀਂ ਮਾਣ; ਮਨੁੱਖ ਨੂੰ ਤਾਂ ਪੰਜੇ ਹੀ ਚੰਬੜੇ ਹੋਏ ਹਨ। ਆਪਣੇ ਉੱਦਮ ਨਾਲ ਮਨੁੱਖ ਆਪਣੀ ਸਮਝ ਦਾ ਦੀਵਾ ਸਾਫ਼ ਨਹੀਂ ਰੱਖ ਸਕਦਾ। ਪ੍ਰਭੂ ਦੀ ਸਰਨ ਪਿਆਂ ਹੀ ਵਿਕਾਰਾਂ ਤੋਂ ਬੱਚ ਸਕਦਾ ਹੈ। ਆਸਾ ॥ ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥ ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥ ਸੰਤ ਚੀ ਸੰਗਤਿ ਸੰਤ ਕਥਾ ਰਸੁ ॥ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥ ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥੨॥ ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥ ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥ ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥ ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥ {ਪੰਨਾ 486} ਪਦ ਅਰਥ: ਤੁਝੀ = ਤੇਰਾ ਹੀ। ਤਨੁ = ਸਰੀਰ, ਸਰੂਪ। ਪ੍ਰਾਨ = ਜਿੰਦ-ਜਾਨ। ਜਾਨੈ = ਪਛਾਣ ਲੈਂਦਾ ਹੈ। ਦੇਵਾਦੇਵ = ਹੇ ਦੇਵਤਿਆਂ ਦੇ ਦੇਵਤੇ!।1। ਚੀ = ਦੀ। ਰਸੁ = ਆਨੰਦ। ਮਾਝੈ = ਮੁਝੇ, ਮੈਨੂੰ। ਦੀਜੈ = ਦੇਹ।1। ਰਹਾਉ। ਆਚਰਣ = ਕਰਣੀ, ਕਰਤੱਬ। ਚੋ = ਦਾ। ਮਾਰਗੁ = ਰਸਤਾ। ਚ = ਦੇ। ਓਲ੍ਹਗ ਓਲ੍ਹਗਣੀ = ਦਾਸਾਂ ਦੀ ਸੇਵਾ। ਓਲ੍ਹ੍ਹਗ = ਦਾਸ, ਲਾਗੀ। ਓਲ੍ਹ੍ਹਗਣੀ = ਸੇਵਾ।2। ਚਿੰਤਾਮਣਿ = ਮਨ-ਚਿੰਦੇ ਫਲ ਦੇਣ ਵਾਲੀ ਮਣੀ। ਜਣੀ = ਨਾਹ। ਜਣੀ ਲਖਾਵਹੁ = ਨਾਹ ਦਿਖਾਵੀਂ। ਸਣਿ = ਸਣੇ, ਅਤੇ।3। ਭਣੈ = ਆਖਦਾ ਹੈ। ਜਾਣੁ = ਸਿਆਣਾ। ਅੰਤਰੁ = ਵਿੱਥ।4। ਅਰਥ: ਹੇ ਦੇਵਤਿਆਂ ਦੇ ਦੇਵਤੇ ਪ੍ਰਭੂ! ਮੈਨੂੰ ਸੰਤਾਂ ਦੀ ਸੰਗਤਿ ਬਖ਼ਸ਼, ਮਿਹਰ ਕਰ, ਮੈਂ ਸੰਤਾਂ ਦੀ ਪ੍ਰਭੂ-ਕਥਾ ਦਾ ਰਸ ਲੈ ਸਕਾਂ; ਮੈਨੂੰ ਸੰਤਾਂ ਦਾ (ਭਾਵ, ਸੰਤਾਂ ਨਾਲ) ਪ੍ਰੇਮ (ਕਰਨ ਦੀ ਦਾਤਿ) ਦੇਹ।1। ਰਹਾਉ। ਹੇ ਦੇਵਾਂ ਦੇ ਦੇਵ ਪ੍ਰਭੂ! ਸਤਿਗੁਰੂ ਦੀ ਮੱਤ ਲੈ ਕੇ ਸੰਤਾਂ (ਦੀ ਵਡਿਆਈ) ਨੂੰ (ਮਨੁੱਖ) ਸਮਝ ਲੈਂਦਾ ਹੈ ਕਿ ਸੰਤ ਤੇਰਾ ਹੀ ਰੂਪ ਹਨ, ਸੰਤਾਂ ਦੀ ਸੰਗਤਿ ਤੇਰੀ ਜਿੰਦ-ਜਾਨ ਹੈ।1। ਹੇ ਪ੍ਰਭੂ! ਮੈਨੂੰ ਸੰਤਾਂ ਵਾਲੀ ਕਰਣੀ, ਸੰਤਾਂ ਦਾ ਰਸਤਾ, ਸੰਤਾਂ ਦੇ ਦਾਸਾਂ ਦੀ ਸੇਵਾ ਬਖ਼ਸ਼।2। ਮੈਂ ਤੈਥੋਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ, ਮੈਨੂੰ ਆਪਣੀ ਭਗਤੀ ਦੇਹ, ਜੋ ਮਨ-ਚਿੰਦੇ ਫਲ ਦੇਣ ਵਾਲੀ ਮਣੀ ਹੈ; ਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾਹ ਕਰਾਈਂ।3। ਰਵਿਦਾਸ ਆਖਦਾ ਹੈ– ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ ਕਿ ਸੰਤਾਂ ਤੇ ਬੇਅੰਤ ਪ੍ਰਭੂ ਵਿਚ ਕੋਈ ਵਿੱਥ ਨਹੀਂ ਹੈ।4।2। ਭਾਵ: ਪ੍ਰਭੂ-ਦਰ ਤੋਂ ਅਰਦਾਸਿ = ਹੇ ਪ੍ਰਭੂ! ਸਾਧ ਸੰਗਤਿ ਦਾ ਮਿਲਾਪ ਬਖ਼ਸ਼।1। ਆਸਾ ॥ ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ॥ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ॥੧॥ ਮਾਧਉ ਸਤਸੰਗਤਿ ਸਰਨਿ ਤੁਮ੍ਹ੍ਹਾਰੀ ॥ ਹਮ ਅਉਗਨ ਤੁਮ੍ਹ੍ਹ ਉਪਕਾਰੀ ॥੧॥ ਰਹਾਉ ॥ ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥ ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥੨॥ ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ ॥ ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ॥੩॥੩॥ {ਪੰਨਾ 486} ਪਦ ਅਰਥ: ਬਾਪੁਰੇ = ਵਿਚਾਰੇ, ਨਿਮਾਣੇ। ਸੰਗਿ ਤੁਮਾਰੇ = ਤੇਰੇ ਨਾਲ। ਬਾਸਾ = ਵਾਸ। ਰੂਖ = ਰੁੱਖ। ਸੁਗੰਧ = ਮਿੱਠੀ ਵਾਸ਼ਨਾ। ਨਿਵਾਸਾ = ਵੱਸ ਪਈ ਹੈ।1। ਮਾਧਉ = {Skt. mwDv-mwXw l™MXwDv:}। ਮਾ = ਮਾਇਆ, ਲੱਛਮੀ। ਧਵ = ਖਸਮ। ਲੱਛਮੀ ਦਾ ਪਤੀ, ਕ੍ਰਿਸ਼ਨ ਜੀ ਦਾ ਨਾਮ} ਹੇ ਮਾਧੋ! ਹੇ ਪ੍ਰਭੂ! ਅਉਗਨ = ਔਗਿਣਆਰ, ਮੰਦ-ਕਰਮੀ। ਉਪਕਾਰੀ = ਭਲਾਈ ਕਰਨ ਵਾਲਾ, ਮਿਹਰ ਕਰਨ ਵਾਲਾ।1। ਰਹਾਉ। ਮਖਤੂਲ = ਰੇਸ਼ਮ। ਸੁਪੇਦ = ਚਿੱਟਾ। ਸਪੀਅਲ = ਪੀਲਾ। ਜਸ = ਜੈਸੇ, ਜਿਵੇਂ। ਕੀਰਾ = ਕੀੜੇ। ਮਿਲਿ = ਮਿਲ ਕੇ। ਰਹੀਐ = ਟਿਕੇ ਰਹੀਏ, ਟਿਕੇ ਰਹਿਣ ਦੀ ਤਾਂਘ ਹੈ। ਮਧੁਪ = ਸ਼ਹਿਦ ਦੀ ਮੱਖੀ। ਮਖੀਰ = ਸ਼ਹਿਦ ਦਾ ਛੱਤਾ।2। ਓਛਾ = ਨੀਵਾਂ, ਹੌਲਾ। ਪਾਤੀ = ਪਾਤ, ਕੁਲ। ਰਾਜਾ = ਮਾਲਕ, ਖਸਮ। ਕੀਨ੍ਹ੍ਹੀ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ} ਮੈਂ ਕੀਤੀ। ਕਹਿ = ਕਹੇ, ਆਖਦਾ ਹੈ।3। ਅਰਥ: ਹੇ ਮਾਧੋ! ਮੈਂ ਤੇਰੀ ਸਾਧ ਸੰਗਤਿ ਦੀ ਓਟ ਫੜੀ ਹੈ (ਮੈਨੂੰ ਇਥੋਂ ਵਿਛੁੜਨ ਨਾਹ ਦੇਈਂ) , ਮੈਂ ਮੰਦ-ਕਰਮੀ ਹਾਂ (ਤੇਰਾ ਸਤ-ਸੰਗ ਛੱਡ ਕੇ ਮੁੜ ਮੰਦੇ ਪਾਸੇ ਤੁਰ ਪੈਂਦਾ ਹਾਂ, ਪਰ) ਤੂੰ ਮਿਹਰ ਕਰਨ ਵਾਲਾ ਹੈਂ (ਤੂੰ ਫਿਰ ਜੋੜ ਲੈਂਦਾ ਹੈਂ) ।1। ਰਹਾਉ। ਹੇ ਮਾਧੋ! ਤੂੰ ਚੰਦਨ ਦਾ ਬੂਟਾ ਹੈਂ, ਮੈਂ ਨਿਮਾਣਾ ਹਰਿੰਡ ਹਾਂ (ਪਰ ਤੇਰੀ ਮਿਹਰ ਨਾਲ) ਮੈਨੂੰ ਤੇਰੇ (ਚਰਨਾਂ) ਵਿਚ ਰਹਿਣ ਲਈ ਥਾਂ ਮਿਲ ਗਈ ਹੈ, ਤੇਰੀ ਸੋਹਣੀ ਮਿੱਠੀ ਵਾਸ਼ਨਾ ਮੇਰੇ ਅੰਦਰ ਵੱਸ ਪਈ ਹੈ, ਹੁਣ ਮੈਂ ਨੀਵੇਂ ਰੁੱਖ ਤੋਂ ਉੱਚਾ ਬਣ ਗਿਆ ਹਾਂ।1। ਹੇ ਮਾਧੋ! ਤੂੰ ਚਿੱਟਾ ਪੀਲਾ (ਸੋਹਣਾ) ਰੇਸ਼ਮ ਹੈਂ, ਮੈਂ ਨਿਮਾਣਾ (ਉਸ) ਕੀੜੇ ਵਾਂਗ ਹਾਂ (ਜੋ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ ਤੇ ਮਰ ਜਾਂਦਾ ਹੈ) , ਮਾਧੋ! (ਮਿਹਰ ਕਰ) ਮੈਂ ਤੇਰੀ ਸਾਧ ਸੰਗਤ ਵਿਚ ਜੁੜਿਆ ਰਹਾਂ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿਚ (ਟਿਕੀਆਂ ਰਹਿੰਦੀਆਂ ਹਨ) ।2। ਰਵਿਦਾਸ ਚਮਿਆਰ ਆਖਦਾ ਹੈ– (ਲੋਕਾਂ ਦੀਆਂ ਨਜ਼ਰਾਂ ਵਿਚ) ਮੇਰੀ ਜਾਤਿ ਨੀਵੀਂ, ਮੇਰੀ ਕੁਲ ਨੀਵੀਂ, ਮੇਰਾ ਜਨਮ ਨੀਵਾਂ (ਪਰ, ਹੇ ਮਾਧੋ! ਮੇਰੀ ਜਾਤਿ, ਕੁਲ ਤੇ ਜਨਮ ਸੱਚ-ਮੁਚ ਨੀਵੇਂ ਰਹਿ ਜਾਣਗੇ) ਜੇ ਮੈਂ, ਹੇ ਮੇਰੇ ਮਾਲਕ ਪ੍ਰਭੂ! ਤੇਰੀ ਭਗਤੀ ਨਾਹ ਕੀਤੀ।3। 3। ਨੋਟ: ਇਸ ਸ਼ਬਦ ਵਿਚ ਵਰਤੇ ਲਫ਼ਜ਼ 'ਰਾਜਾ ਰਾਮ' ਤੋਂ ਇਹ ਅੰਦਾਜ਼ਾ ਲਾਣਾ ਗ਼ਲਤ ਹੈ ਕਿ ਰਵਿਦਾਸ ਜੀ ਸ੍ਰੀ ਰਾਮ-ਅਵਤਾਰ ਦੇ ਪੁਜਾਰੀ ਸਨ। ਜਿਸ ਸਰਬ-ਵਿਆਪਕ ਮਾਲਕ ਨੂੰ ਉਹ ਅਖ਼ੀਰਲੀ ਤੁਕ ਵਿਚ 'ਰਾਜਾ ਰਾਮ' ਆਖਦੇ ਹਨ, ਉਸੇ ਨੂੰ ਉਹ 'ਰਹਾਉ' ਦੀ ਤੁਕ ਵਿਚ 'ਮਾਧਉ' ਆਖਦੇ ਹਨ। ਜੇ ਅਵਤਾਰ-ਪੂਜਾ ਦੀ ਤੰਗ-ਦਿਲੀ ਵਲ ਜਾਈਏ ਤਾਂ ਲਫ਼ਜ਼ 'ਮਾਧਉ' ਕ੍ਰਿਸ਼ਨ ਜੀ ਦਾ ਨਾਮ ਹੈ। ਸ੍ਰੀ ਰਾਮ ਚੰਦਰ ਜੀ ਦਾ ਪੁਜਾਰੀ ਆਪਣੇ ਪੂਜਯ-ਅਵਤਾਰ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਕਿਸੇ ਨਾਮ ਨਾਲ ਨਹੀਂ ਬੁਲਾ ਸਕਦਾ। ਰਵਿਦਾਸ ਜੀ ਦੀਆਂ ਨਜ਼ਰਾਂ ਵਿਚ 'ਰਾਮ' ਤੇ 'ਮਾਧਉ' ਉਸ ਪ੍ਰਭੂ ਦੇ ਹੀ ਨਾਮ ਹਨ, ਜੋ ਮਾਇਆ ਵਿਚ ਵਿਆਪਕ ('ਰਾਮ') ਹੈ ਤੇ ਮਾਇਆ ਦਾ ਖਸਮ ('ਮਾਧਉ') ਹੈ। ਭਾਵ: ਪ੍ਰਭੂ-ਦਰ ਤੇ ਅਰਦਾਸ = ਹੇ ਪ੍ਰਭੂ! ਸਾਧ ਸੰਗਤਿ ਦੀ ਸ਼ਰਨ ਵਿਚ ਰੱਖ। ਆਸਾ ॥ ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ ॥ ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥੧॥ ਤੁਝਹਿ ਚਰਨ ਅਰਬਿੰਦ ਭਵਨ ਮਨੁ ॥ ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥੧॥ ਰਹਾਉ ॥ ਸੰਪਤਿ ਬਿਪਤਿ ਪਟਲ ਮਾਇਆ ਧਨੁ ॥ ਤਾ ਮਹਿ ਮਗਨ ਹੋਤ ਨ ਤੇਰੋ ਜਨੁ ॥੨॥ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ॥ ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥੩॥੪॥ {ਪੰਨਾ 486-487} ਪਦ ਅਰਥ: ਕਹਾ ਭਇਓ = ਕੀਹ ਹੋਇਆ? ਕੋਈ ਪਰਵਾਹ ਨਹੀਂ। ਜਉ = ਜੇ। ਤਨੁ = ਸਰੀਰ। ਛਿਨੁ ਛਿਨੁ = ਰਤਾ ਰਤਾ, ਟੋਟੇ ਟੋਟੇ। ਤਉ = ਤਦੋਂ, ਤਾਂ ਹੀ। ਡਰਪੈ = ਡਰਦਾ ਹੈ। ਜਨੁ = ਦਾਸ।1। ਤੁਝਹਿ = ਤੇਰੇ। ਅਰਬਿੰਦ = {Skt. AivLNd} ਕਉਲ ਫੁੱਲ। ਚਰਨ ਅਰਬਿੰਦ = ਚਰਨ ਕਮਲ, ਕਉਲ ਫੁੱਲਾਂ ਵਰਗੇ ਸੋਹਣੇ ਚਰਨ। ਭਵਨ = ਟਿਕਾਣਾ। ਪਾਨ ਕਰਤ = ਪੀਂਦਿਆਂ। ਪਾਇਓ ਪਾਇਓ = ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ। ਰਾਮਈਆ ਧਨੁ = ਸੋਹਣੇ ਰਾਮ ਦਾ (ਨਾਮ-ਰੂਪ) ਧਨ।1। ਰਹਾਉ। ਸੰਪਤਿ = {Skt. szpiÙ = prosperity, increase of wealth} ਧਨ ਦੀ ਬਹੁਲਤਾ। ਬਿਪਤਿ = {Skt. ivpiÙ = A calamity, misfortune} ਬਿਪਤਾ, ਮੁਸੀਬਤ। ਪਟਲ = ਪਰਦੇ। ਤਾ ਮਹਿ = ਇਹਨਾਂ ਵਿਚ।2। ਜੇਵਰੀ = ਰੱਸੀ (ਨਾਲ) । ਕਹਿ = ਕਹੇ, ਆਖਦਾ ਹੈ। ਛੂਟਿਬੋ = ਖ਼ਲਾਸੀ ਪਾਣ ਦਾ। ਕਵਨ ਗੁਨ = ਕੀਹ ਲਾਭ? ਕੀਹ ਲੋੜ? ਮੈਨੂੰ ਲੋੜ ਨਹੀਂ, ਮੇਰਾ ਜੀ ਨਹੀਂ ਕਰਦਾ।3। ਅਰਥ: (ਹੇ ਸੋਹਣੇ ਰਾਮ!) ਮੇਰਾ ਮਨ ਕਉਲ ਫੁੱਲ ਵਰਗੇ ਸੋਹਣੇ ਤੇਰੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁਕਿਆ ਹੈ; (ਤੇਰੇ ਚਰਨ-ਕਮਲਾਂ ਵਿਚੋਂ ਨਾਮ-ਰਸ) ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ ਤੇਰਾ ਨਾਮ-ਧਨ।1। ਰਹਾਉ। (ਇਹ ਨਾਮ-ਧਨ ਲੱਭ ਕੇ ਹੁਣ) ਜੇ ਮੇਰਾ ਸਰੀਰ ਨਾਸ ਭੀ ਹੋ ਜਾਏ ਤਾਂ ਭੀ ਮੈਨੂੰ ਕੋਈ ਪਰਵਾਹ ਨਹੀਂ। ਹੇ ਰਾਮ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ।1। ਸੌਖ, ਬਿਪਤਾ, ਧਨ = ਇਹ ਮਾਇਆ ਦੇ ਪਰਦੇ ਹਨ (ਜੋ ਮਨੁੱਖ ਦੀ ਮੱਤ ਉਤੇ ਪਏ ਰਹਿੰਦੇ ਹਨ) ; ਹੇ ਪ੍ਰਭੂ! ਤੇਰਾ ਸੇਵਕ (ਮਾਇਆ ਦੇ) ਇਹਨਾਂ (ਪਰਦਿਆਂ) ਵਿਚ (ਹੁਣ) ਨਹੀਂ ਫਸਦਾ।2। ਰਵਿਦਾਸ ਆਖਦਾ ਹੈ– ਹੇ ਪ੍ਰਭੂ! (ਮੈਂ) ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ ਹਾਂ। ਇਸ ਵਿਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ।3।4। ਸ਼ਬਦ ਦਾ ਭਾਵ: ਜਿਸ ਮਨੁੱਖ ਨੂੰ ਪ੍ਰਭੂ-ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਏ, ਉਸ ਨੂੰ ਦੁਨੀਆ ਦੇ ਹਰਖ ਸੋਗ ਪੋਹ ਨਹੀਂ ਸਕਦੇ।4। |
Sri Guru Granth Darpan, by Professor Sahib Singh |