ਜੋ ਜੋ ਪੀਵੈ ਸੋ ਤ੍ਰਿਪਤਾਵੈ ॥
ਜਿਹੜਾ ਕੋਈ ਇਸ ਅੰਮ੍ਰਿਤ ਨੂੰ ਪਾਨ ਕਰਦਾ ਹੈਂ, ਉਹ ਪ੍ਰਸੰਨ ਹੋ ਜਾਂਦਾ ਹੈ। ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥ ਮੌਤ-ਰਹਿਤ ਹੋ ਜਾਂਦਾ ਹੈ ਉਹ, ਜਿਹੜਾ ਨਾਮ ਦੇ ਆਬਿ-ਹਿਯਾਤ ਨੂੰ ਪਰਾਪਤ ਕਰ ਲੈਂਦਾ ਹੈ। ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥੨॥ ਨਾਮ ਦਾ ਖ਼ਜ਼ਾਨਾ ਉਸ ਨੂੰ ਮਿਲਦਾ ਹੈ ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਵਸਦੀ ਹੈ। ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ ॥ ਜੋ ਵਾਹਿਗੁਰੂ ਦੇ ਅਤਰ ਨੂੰ ਪਾਉਂਦਾ ਹੈ ਉਹ ਰੱਜ ਤੇ ਧ੍ਰਾਪ ਜਾਂਦਾ ਹੈ। ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ ॥ ਜੋ ਵਾਹਿਗੁਰੂ ਦੇ ਸੁਆਦ ਨੂੰ ਹਾਸਲ ਕਰਦਾ ਹੈ ਉਹ ਡਿੱਕ ਡੋਲੇ ਨਹੀਂ ਖਾਂਦਾ। ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥੩॥ ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ, ਉਹ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪਾਉਂਦਾ ਹੈ। ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥ ਵਾਹਿਗੁਰੂ ਇਕੱਲੇ ਗੁਰੂ ਦੇ ਹੱਥੀਂ ਲੱਗਾ ਹੈ ਜਿਸ ਪਾਸੋਂ ਘਨੇਰੇ ਹੀ ਲਾਭ ਉਠਾਉਂਦੇ ਹਨ। ਤਿਸੁ ਲਗਿ ਮੁਕਤੁ ਭਏ ਘਣੇਰੇ ॥ ਉਸ ਨਾਲ ਮੇਲ ਜੋਲ ਕਰਕੇ ਬਹੁਤੇ ਹੀ ਮੁਕਤ ਹੋ ਜਾਂਦੇ ਹਨ। ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥੪॥੧੫॥੨੨॥ ਨਾਮ ਦਾ ਖ਼ਜ਼ਾਨਾ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ, ਕੋਈ ਟਾਵੇ ਟਲੇ ਹੀ ਆਪਣੇ ਸਾਹਿਬ ਨੂੰ ਵੇਖਦੇ ਹਨ। ਮਾਝ ਮਹਲਾ ੫ ॥ ਮਾਝ ਪੰਜਵੀਂ ਪਾਤਸ਼ਾਹੀ। ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥ ਮੇਰਾ ਵਾਹਿਗੁਰੂ, ਸੁਆਮੀ ਮਾਲਕ, ਨੌ ਖ਼ਜ਼ਾਨੇ ਅਠਾਰਾਂ ਕਰਾਮਾਤੀ ਸ਼ਕਤੀਆਂ ਅਤੇ ਸਮੂਹ ਦੌਲਤ ਹੈ। ਜਨਮੁ ਪਦਾਰਥੁ ਗਹਿਰ ਗੰਭੀਰੈ ॥ ਡੂੰਘਾ ਤੇ ਗੂੜ੍ਹ ਪੁਰਖ ਹੀ ਜੀਵਨ ਦਾ ਮਾਲ ਮੱਤਾ ਹੈ। ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥੧॥ ਜਿਹੜਾ ਗੁਰਾਂ ਦੇ ਪੈਰੀਂ ਡਿਗਦਾ ਹੈ, ਉਹ ਲੱਖਾਂ ਤੇ ਕ੍ਰੋੜਾਂ ਹੀ ਰੰਗ-ਰਲੀਆਂ ਤੇ ਮੌਜ ਬਹਾਰਾਂ ਮਾਣਦਾ ਹੈ। ਦਰਸਨੁ ਪੇਖਤ ਭਏ ਪੁਨੀਤਾ ॥ ਸਾਹਿਬ ਦਾ ਦੀਦਾਰ ਦੇਖਣ ਨਾਲ ਜੀਵ ਪਵਿੱਤ੍ਰ ਹੋ ਜਾਂਦਾ ਹੈ, ਸਗਲ ਉਧਾਰੇ ਭਾਈ ਮੀਤਾ ॥ ਅਤੇ ਉਹ ਆਪਣੇ ਸਾਰੇ ਭਰਾਵਾਂ ਤੇ ਸਜਣਾ ਨੂੰ ਬਚਾ ਲੈਂਦਾ ਹੈ। ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥੨॥ ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੱਚੇ ਸਾਈਂ ਨੂੰ ਸਿਮਰਦਾ ਹਾਂ। ਜਾ ਕਉ ਖੋਜਹਿ ਸਰਬ ਉਪਾਏ ॥ ਜਿਸ ਨੂੰ ਲਭਣ ਲਈ ਬੰਦੇ ਸਾਰੇ ਯਤਨ ਕਰਦੇ ਹਨ, ਵਡਭਾਗੀ ਦਰਸਨੁ ਕੋ ਵਿਰਲਾ ਪਾਏ ॥ ਕੋਈ ਟਾਵਾਂ ਹੀ ਭਾਰੇ ਚੰਗੇ ਕਰਮਾਂ ਦੁਆਰਾ ਉਸ ਦਾ ਦੀਦਾਰ ਪਾਉਂਦਾ ਹੈ। ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥ ਬੁਲੰਦ, ਬੇਅੰਤ ਅਤੇ ਅਦ੍ਰਿਸ਼ਟ ਹੈ ਸਾਹਿਬ ਦਾ ਅਸਥਾਨ। ਉਹ ਮੰਦਰ ਗੁਰਾਂ ਨੇ ਮੈਨੂੰ ਵਿਖਾਲ ਦਿਤਾ ਹੈ। ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥ ਡੂੰਘਾ ਅਤੇ ਅਥਾਹ ਹੈ ਤੇਰਾ ਅੰਮ੍ਰਿਤ ਮਈ ਨਾਮ ਹੈ ਪ੍ਰਭੂ! ਮੁਕਤਿ ਭਇਆ ਜਿਸੁ ਰਿਦੈ ਵਸੇਰਾ ॥ ਜਿਸ ਦੇ ਚਿੱਤ ਵਿੱਚ ਇਹ ਵਸਦਾ ਹੈ, ਉਹ ਬੰਦ ਖਲਾਸ ਹੋ ਜਾਂਦਾ ਹੈ। ਗੁਰਿ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜਿ ਸਮਾਈ ਜੀਉ ॥੪॥੧੬॥੨੩॥ ਗੁਰਾਂ ਨੇ (ਉਸ) ਜਾਂ (ਉਨ੍ਹਾਂ) ਦੀਆਂ ਸਾਰੀਆਂ ਬੇੜੀਆਂ ਕਟ ਸੁਟੀਆਂ ਹਨ ਅਤੇ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਫ਼ਰ ਨਾਨਕ! ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥ ਠਾਕਰ ਦੀ ਰਹਿਮਤ ਸਦਕਾ ਮੈਂ ਵਾਹਿਗੁਰੂ ਦਾ ਨਾਮ ਸਿਮਰਦਾ ਹਾਂ! ਪ੍ਰਭੂ ਦਇਆ ਤੇ ਮੰਗਲੁ ਗਾਵਉ ॥ ਸੁਆਮੀ ਦੀ ਮਿਹਰ ਰਾਹੀਂ ਮੈਂ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ। ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥੧॥ ਖੜੋਦਿਆਂ, ਬਹਿੰਦਿਆਂ, ਸੁੱਤਿਆਂ ਜਾਂ ਜਾਗਦਿਆਂ ਸਾਨੂੰ ਸਾਡੀ ਸਾਰੀ ਆਰਬਲਾ ਵਾਹਿਗੁਰੂ ਦਾ ਅਰਾਧਨ ਕਰਨਾ ਉਚਿੱਤ ਹੈ। ਨਾਮੁ ਅਉਖਧੁ ਮੋ ਕਉ ਸਾਧੂ ਦੀਆ ॥ ਸੰਤ ਨੇ ਮੈਨੂੰ ਰੱਬ ਦੇ ਨਾਮ ਦੀ ਦਵਾਈ ਦਿੱਤੀ ਹੈ। ਕਿਲਬਿਖ ਕਾਟੇ ਨਿਰਮਲੁ ਥੀਆ ॥ ਇਸ ਨੇ ਮੇਰੇ ਪਾਪ ਕੱਟ ਸੁਟੇ ਹਨ ਤੇ ਮੈਂ ਪਵਿੱਤ੍ਰ ਹੋ ਗਿਆ ਹਾਂ। ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥੨॥ ਸਾਰੇ ਖੁਸ਼ੀ ਵਰਤ ਰਹੀ ਹੈ। ਮੇਰੀ ਪੀੜ ਸਾਰੀ ਦੂਰ ਹੋ ਗਈ ਹੈ ਅਤੇ ਮੇਰੇ ਤਸੀਹੇ ਮਿਟ ਗਏ ਹਨ। ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥ ਜਿਸ ਦਾ ਪੱਖ ਮੇਰਾ ਪ੍ਰੀਤਮ ਪੂਰਦਾ ਹੈ, ਸੋ ਮੁਕਤਾ ਸਾਗਰ ਸੰਸਾਰਾ ॥ ਉਹ ਜਗਤ ਸਮੁੰਦਰ ਤੋਂ ਮੁਕਤ ਹੋ ਜਾਂਦਾ ਹੈ। ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥੩॥ ਜੋ ਗੁਰਾਂ ਨੂੰ ਸਿੰਞਾਣਦਾ ਹੈ ਉਹ ਸੱਚ ਦੀ ਕਮਾਈ ਕਰਦਾ ਹੈ। ਉਹ ਤਦ ਕਿਉਂ ਭੈ-ਭੀਤ ਹੋਵੇ? ਜਬ ਤੇ ਸਾਧੂ ਸੰਗਤਿ ਪਾਏ ॥ ਜਿਸ ਵੇਲੇ ਤੋਂ ਮੈਂ ਸਤਿਸੰਗਤ ਪਰਾਪਤ ਕੀਤੀ ਹੈ, ਗੁਰ ਭੇਟਤ ਹਉ ਗਈ ਬਲਾਏ ॥ ਅਤੇ ਗੁਰਾਂ ਨੂੰ ਮਿਲਿਆ ਹਾਂ, ਹੰਕਾਰ ਦਾ ਭੂਤ ਦੂਰ ਹੋ ਗਿਆ ਹੈ। ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥੪॥੧੭॥੨੪॥ ਆਪਣੇ ਹਰ ਸੁਆਸ ਨਾਲ ਨਾਨਕ ਵਾਹਿਗੁਰੁ ਦੀ ਕੀਰਤੀ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਮੇਰੇ ਪਾਪਾਂ ਨੂੰ ਕੱਜ ਦਿੱਤਾ ਹੈ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਓਤਿ ਪੋਤਿ ਸੇਵਕ ਸੰਗਿ ਰਾਤਾ ॥ ਤਾਣੇ ਪੇਟੇ ਦੀ ਤਰ੍ਹਾਂ ਸੁਆਮੀ ਆਪਣੇ ਦਾਸ ਨਾਲ ਇਕ ਮਿਕ ਹੋਇਆ ਹੋਇਆ ਹੈ। ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ॥ ਆਰਾਮ ਦੇਣਹਾਰ ਸੁਆਮੀ ਆਪਣੇ ਨਫਰ ਦੀ ਪਰਵਰਸ਼ ਕਰਦਾ ਹੈ। ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥੧॥ ਮੈਂ ਜਲ ਢੋਦਾ ਹਾਂ, ਪੱਖੀ ਝਲਦਾ ਹਾਂ ਅਤੇ ਦਾਣੇ ਪੀਹਦਾ ਹਾਂ, (ਹਰੀ ਦੇ) ਟਹਿਲੂਏ ਲਈ ਜਿਸ ਨੂੰ ਪ੍ਰਭੂ ਦੀ ਚਾਕਰੀ ਦੀ ਹੀ ਚਾਹ ਤੇ ਰੁਝੇਵਾਂ ਹੈ। ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥ ਸਾਹਿਬ ਨੇ ਮੇਰੀ ਫਾਹੀ ਕਟ ਸੁਟੀ ਹੈ ਅਤੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ। ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥ ਸੁਆਮੀ ਦਾ ਫਰਮਾਨ ਉਸ ਦੇ ਗੋਲੇ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥ ਉਹ ਉਹੀ ਕੁਛ ਕਰਦਾ ਹੈ, ਜਿਹੜਾ ਉਸ ਦੇ ਮਾਲਕ ਨੂੰ ਭਾਉਂਦਾ ਹੈ ਅੰਦਰ ਤੇ ਬਾਹਰਵਾਰ ਨੌਕਰ ਸ਼ਰੋਮਣੀ ਹੋ ਜਾਂਦਾ ਹੈ। ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥ ਤੂੰ ਸਿਆਣਾ ਮਾਲਕ ਹੈ ਅਤੇ ਸਾਰੀਆਂ ਜੁਗਤੀਆਂ ਜਾਣਦਾ ਹੈਂ। copyright GurbaniShare.com all right reserved. Email:- |