ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥ ਕੇਵਲ ਇਹ ਹੀ ਹਕੂਮਤ ਹੈ ਅਤੇ ਇੱਕੋ ਹੀ ਹੁਕਮ ਅਤੇ ਹਰ ਯੁੱਗ ਠੰਦਬ ਪ੍ਰਭੂ ਹਰ ਇੱਕ ਨੂੰ ਉਸ ਦੇ ਕੰਮ ਕਾਜ ਲਾਉਂਦਾ ਹੈ। ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥ ਪਵਿੱਤਰ ਹੈ ਉਹ ਪੁਰਸ਼ਾ ਜੋ ਆਪਦੇ ਆਪ ਨੂੰ ਜਾਣਦਾ ਹੈ। ਆਪੇ ਆਇ ਮਿਲਿਆ ਸੁਖਦਾਤਾ ॥ ਉਸ ਨੂੰ ਆਰਾਮ-ਬਖ਼ਸ਼ਣਹਾਰ ਸਾਈਂ ਖ਼ੁਦ ਆ ਕੇ ਮਿਲ ਪੈਂਦਾ ਹੈ। ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥੨॥ ਨਾਮ ਨਾਲ ਰੰਗੀਜੀ ਹੋਈ, ਉਸ ਦੀ ਜੀਭ੍ਹਾ ਪ੍ਰਭੂ ਦਾ ਜੱਸ ਗਾਇਨ ਕਰਦੀ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਮਾਨ ਪ੍ਰਤਿਸ਼ਾਟਾ ਪਾਉਂਦਾ ਹੈ। ਗੁਰਮੁਖਿ ਨਾਮਿ ਮਿਲੈ ਵਡਿਆਈ ॥ ਗੁਰੂ-ਅਨੁਸਾਰੀ ਨੂੰ ਨਾਮ ਦੀ ਪ੍ਰਭਤਾ ਪ੍ਰਦਾਨ ਹੁੰਦੀ ਹੈ। ਮਨਮੁਖਿ ਨਿੰਦਕਿ ਪਤਿ ਗਵਾਈ ॥ ਅਧਰਮੀ ਦੂਸ਼ਨ ਲਾਉਣ ਵਾਲਾ, ਆਪਣੀ ਇੱਜ਼ਤ ਗੁਆ ਲੈਂਦਾ ਹੈ। ਨਾਮਿ ਰਤੇ ਪਰਮ ਹੰਸ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੩॥ ਨਾਮ ਨਾਲ ਰੰਗੇ ਹੋਏ, ਮਹਾਨ ਰਾਜਹੰਸ ਨਿਰਲੇਪ ਰਹਿੰਦੇ ਹਨ ਅਤੇ ਆਪਦੇ ਨਿੱਜ ਦੇ ਧਾਮ ਅੰਦਰ ਸਮਾਧੀ ਅੰਦਰ ਬੈਠਦੇ ਹਨ। ਸਬਦਿ ਮਰੈ ਸੋਈ ਜਨੁ ਪੂਰਾ ॥ ਪੂਰਨ ਹੈ ਉਹ ਪੁਰਸ਼ ਜੋ ਨਾਮ ਦੇ ਰਾਹੀਂ ਮਰਦਾ ਹੈ। ਸਤਿਗੁਰੁ ਆਖਿ ਸੁਣਾਏ ਸੂਰਾ ॥ ਇਹ ਹੈ ਜੋ ਯੋਧਾ, ਸੱਚ ਗੁਰੂਕਹਿ ਕੇ ਸੁਣਾਉਂਦਾ ਹੈ। ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥੪॥ ਦੇਹ ਦੇ ਵਿੱਚ ਸੱਚਾ ਅੰਮ੍ਰਿਤ ਦਾ ਸਰੋਵਰ ਹੈ ਅਤੇ ਪ੍ਰੇਮ ਸ਼ਰਧਾ ਨਾਲ ਆਤਮਾ ਇਸ ਨੂੰ ਪਾਨ ਕਰਦੀ ਹੈ। ਪੜਿ ਪੰਡਿਤੁ ਅਵਰਾ ਸਮਝਾਏ ॥ ਬ੍ਰਾਹਮਣ ਵਾਚਦਾ ਅਤੇ ਹੋਰਨਾਂ ਨੂੰ ਸਿੱਖਮਤ ਦਿੰਦਾ ਹੈ; ਘਰ ਜਲਤੇ ਕੀ ਖਬਰਿ ਨ ਪਾਏ ॥ ਪ੍ਰੰਤੂ, ਉਹਨੂੰ ਪਤਾ ਨਹੀਂ ਕਿ ਉਸ ਦਾ ਆਪਣਾ ਝੱਗਾ ਸੜ ਰਿਹਾ ਹੈ। ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੌਂ ਬੰਦੇ ਨੂੰ ਨਾਮ ਦੀ ਦਾਤ ਨਹੀਂ ਮਿਲਦੀ, ਲਿਖਣ ਪੜ੍ਹਨ ਰਾਹੀਂ, ਹਾਰ ਹੁੱਟ ਜਾਣ ਦੇ ਬਾਵਜੂਦ ਭੀ, ਬੰਦੇ ਨੂੰ ਠੰਡ-ਚੈਨ ਪ੍ਰਾਪਤ ਨਹੀਂ ਹੁੰਦੀ। ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥ ਕਈ ਬਰੂਪੀਏ ਹੋ, ਆਪਣੀ ਦੇਹ ਨੂੰ ਸੁਆਹ ਮਲ ਕੇ ਭਟਕਦੇ ਫਿਰਦੇ ਹਨ। ਬਿਨੁ ਸਬਦੈ ਹਉਮੈ ਕਿਨਿ ਮਾਰੀ ॥ ਨਾਮ ਦੇ ਬਗ਼ੈਰ ਕਦੋਂ ਕਿਸੇ ਨੇ ਆਪਣਾ ਹੰਕਾਰ ਨਵਿਰਤ ਕੀਤਾ ਹੈ। ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥ ਰੈਣ ਤੇ ਦਿਹੁੰ ਉਹ ਹਮੇਸ਼ਾਂ ਸੜਦੇ ਰਹਿੰਦੇ ਹਨ। ਕਰਮ ਅਤੇ ਭੇਸ ਦੇ ਬਹਿਕਾਏ ਹੋਏ ਉਹ ਭਟਕਦੇ ਫਿਰਦੇ ਹਨ। ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥ ਕਈ ਆਪਣੇ ਘਰ ਅਤੇ ਪਰਵਾਰ ਅੰਦਰ ਹਮੇਸ਼ਾਂ ਨਿਰਲੇਪ ਰਹਿੰਦੇ ਹਨ। ਸਬਦਿ ਮੁਏ ਹਰਿ ਨਾਮਿ ਨਿਵਾਸੀ ॥ ਉਹ ਗੁਰਾਂ ਦੇ ਉਪਦੇਸ਼ ਰਾਹੀਂ ਮਰ ਵੰਝਦੇ ਹਨ ਅਤੇ ਪ੍ਰਭੂ ਦੇ ਨਾਮ ਅੰਦਰ ਵਸਦੇ ਹਨ। ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥ ਰੈਣ ਤੇ ਦਿਨ, ਉਹ ਹਮੇਸ਼ਾਂ ਖ਼ੁਸ਼ੀ ਨਾਲ ਰੰਗੀਜੇ ਰਹਿੰਦੇ ਹਨ ਅਤੇ ਆਪਣੇ ਮਨ ਨੂੰ ਆਪਣੇ ਪ੍ਰਭੂ ਦੇ ਡਰ, ਪ੍ਰੇਮ ਅਤੇ ਸੇਵਾ ਨਾਲ ਜੋੜਦੇ ਹਨ। ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥ ਉਹ ਆਪ-ਹੁਦਰਾ ਲਗਾਤਾਰ ਬਦਖੋਈ ਕਰਦਾ ਤਬਾਹ ਹੋ ਜਾਂਦਾ ਹੈ, ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥ ਜਿਸ ਦੇ ਅੰਦਰ ਲਾਲਚ ਦਾ ਕੂਕਰ ਭੋਂਕਦਾ ਹੈ। ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥ ਮੌਤ ਦਾ ਦੂਤ ਉਸ ਨੂੰ ਕਦਾਚਿੱਤ ਨਹੀਂ ਛੱਡਦਾ ਅਤੇ ਅਖ਼ੀਰ ਨੂੰ ਉਹ ਝੂਰਦਾ ਹੋਇਆ ਦੁਨੀਆ ਤੋਂ ਟੁਰ ਜਾਂਦਾ ਹੈ। ਸਚੈ ਸਬਦਿ ਸਚੀ ਪਤਿ ਹੋਈ ॥ ਸੱਚੇ ਨਾਮ ਦੇ ਰਾਹੀਂ ਬੰਦੇ ਨੂੰ ਸੱਚੀ ਇੱਜ਼ਤ ਪ੍ਰਾਪਤ ਹੁੰਦੀ ਹੈ। ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥ ਨਾਮ ਦੇ ਬਾਝੋਂ, ਕਿਸੇ ਨੂੰ ਭੀ ਮੋਖਸ਼ ਪ੍ਰਾਪਤ ਨਹੀਂ ਹੁੰਦੀ। ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥ ਸੱਚੇ ਗੁਰਾਂ ਦੇ ਬਗ਼ੈਰ ਕੋਈ ਭੀ ਮੋਖਸ਼ ਪ੍ਰਾਪਤ ਨਹੀਂ ਹੁੰਦਾ। ਐਹੋ ਜੇਹੀ ਮਰਯਾਦਾ ਮੇਰੇ ਸਾਈਂ ਨੇ ਕਾਇਮ ਕੀਤੀ ਹੈ। ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥ ਕਈ ਹਨ ਪੂਰਨ ਪੁਰਸ਼, ਅਭਿਆਸੀ ਅਤੇ ਵੱਡੇ ਵੀਚਾਰਵਾਨ। ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥ ਕਈ ਦਿਹੁ ਅਤੇ ਰੈਣ ਸਰੂਪ-ਰਹਿਤ ਸੁਆਮੀ ਦੇ ਨਾਮ ਅੰਦਰ ਰੰਗੇ ਰਹਿੰਦੇ ਹਨ। ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥ ਜਿਸ ਕਿਸੇ ਨੂੰ ਮਾਲਕ ਆਪਣੇ ਨਾਲ ਮਿਲਾ ਲੈਂਦਾ ਹੈ, ਕੇਵਲ ਉਹ ਹੀ ਉਸ ਨੂੰ ਸਮਝਦਾ ਹੈ। ਸਾਈਂ ਦੀ ਪਿਆਰੀ-ਉਪਸ਼ਨਾ ਰਾਹੀਂ ਇਨਸਾਨ ਦਾ ਡਰ ਦੂਰ ਹੋ ਜਾਂਦਾ ਹੈ। ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥ ਕਈ ਨ੍ਹਾਉਂਦੇ ਅਤੇ ਦਾਨ ਪੁੰਨ ਕਰਦੇ ਹਨ, ਪ੍ਰੰਤੂ ਸਮਝਦੇ ਨਹੀਂ। ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ ॥ ਕਈ ਆਪਣੇ ਮਨ ਨਾਲ ਯੁੱਧ ਕਰਦੇ ਹਨ ਅਤੇ ਓੜਕ ਨੂੰ ਕਾਬੂ ਕਰ ਲੈਂਦੇ ਹਨ। ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥ ਕਈ ਸਤਿਨਾਮ ਦੀ ਪ੍ਰੀਤ ਨਾਲ ਰੰਗੀਜੇ ਹੋਏ ਹਨ ਅਤੇ ਇਸ ਤਰ੍ਹਾਂ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ। ਆਪੇ ਸਿਰਜੇ ਦੇ ਵਡਿਆਈ ॥ ਖ਼ੁਦ ਸਾਹਿਬ ਰਚਦਾ ਅਤੇ ਪ੍ਰਭਤਾ ਪ੍ਰਦਾਨ ਕਰਦਾ ਹੈ। ਆਪੇ ਭਾਣੈ ਦੇਇ ਮਿਲਾਈ ॥ ਆਪਣੀ ਰਜ਼ਾ ਅੰਦਰ ਸਾਹਿਬ ਖ਼ੁਦ ਹੀ ਐਹੋ ਜੇਹੇ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥ ਆਪਣੀ ਰਹਿਮਤ ਧਾਰ ਕੇ ਉਹ ਖ਼ੁਦ ਹੀ ਮਨੁਸ਼ ਦੇ ਮਨ ਅੰਦਰ ਵਸਦਾ ਹੈ। ਐਕੁਰ ਦਾ ਹੈ ਫ਼ੁਰਮਾਨ ਮੈਂਡੇ ਮਾਲਕ ਦਾ। ਸਤਿਗੁਰੁ ਸੇਵਹਿ ਸੇ ਜਨ ਸਾਚੇ ॥ ਸੱਚੇ ਹਨ ਉਹ ਪ੍ਰਾਣੀ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ। ਮਨਮੁਖ ਸੇਵਿ ਨ ਜਾਣਨਿ ਕਾਚੇ ॥ ਕੂੜੇ ਤੇ ਆਪ-ਹੁਦਰੇ, ਗੁਰਾਂ ਦੀ ਸੇਵੀ ਨੂੰ ਨਹੀਂ ਜਾਣਦੇ। ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥ ਰਚਨਾ ਨੂੰ ਰਚ ਕੇ, ਰਚਨਹਾਰ ਖ਼ੁਦ ਹੀ ਇਸ ਨੂੰ ਦੇਖਦਾ ਹੈ। ਜਿਸ ਤਰ੍ਹਾਂ ਉਸ ਨੂੰ ਚੰਗਾ ਲਗਦਾ ਹੈ ਉਸੇ ਤਰ੍ਹਾਂ ਹੀ ਉਹ ਸਾਰਿਆਂ ਨੂੰ ਜੋੜਦਾ ਹੈ। ਜੁਗਿ ਜੁਗਿ ਸਾਚਾ ਏਕੋ ਦਾਤਾ ॥ ਸਾਰਿਆਂ ਯੁੱਗਾਂ ਅੰਦਰ ਕੇਵਲ ਸੱਚਾ ਸੁਆਮੀ ਹੀ ਦਾਨ ਦੇਣਹਾਰ ਹੈ। ਪੂਰੈ ਭਾਗਿ ਗੁਰ ਸਬਦੁ ਪਛਾਤਾ ॥ ਜਦ ਪ੍ਰਾਣੀ ਦੀ ਪੂਰਨ ਪ੍ਰਾਲਭਧ ਹੁੰਦੀ ਹੈ, ਉਹ, ਗੁਰਾਂ ਦੇ ਉਪਦੇਸ਼ ਰਾਹੀਂ, ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ। ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥ ਜੋ ਸੁਆਮੀ ਨਾਲ ਮਿਲ ਜਾਂਦੇ ਹਨ, ਉਹ ਮੁੜ ਕੇ ਵਿਛੜਦੇ ਨਹੀਂ। ਆਪਣੀ ਮਿਹਰ ਦੁਆਰਾ, ਹਰੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਹਉਮੈ ਮਾਇਆ ਮੈਲੁ ਕਮਾਇਆ ॥ ਬੰਦਾ ਹੰਕਾਰ ਕਰਦਾ ਹੈ ਅਤੇ ਮਲੀਨ ਦੌਲਤ ਨੂੰ ਇਕੱਤਰ ਕਰਦਾ ਹੈ। ਮਰਿ ਮਰਿ ਜੰਮਹਿ ਦੂਜਾ ਭਾਇਆ ॥ ਉਹ ਮਰ ਜਾਂਦਾ ਹੈ ਅਤੇ ਦਵੈਤ-ਭਾਵ ਦੇ ਕਾਰਨ ਆਵਾਗਉਣ ਵਿੱਚ ਪੈਂਦਾ ਹੈ। ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥ ਸੱਚੇ ਗੁਰਾਂ ਦੀ ਚਾਕਰੀ ਕਮਾਏ ਬਗ਼ੈਰ ਬੰਦਾ ਮੋਖਸ਼ ਨਹੀਂ ਹੁੰਦਾ। ਹੇ ਮਨ! ਤੂੰ ਇਸ ਤੇ ਵੀਚਾਰ ਕਰਕੇ ਵੇਖ ਲੈ। copyright GurbaniShare.com all right reserved. Email |