ਗਿਆਨੀ ਧਿਆਨੀ ਆਖਿ ਸੁਣਾਏ ॥ ਇਹ ਹੈ ਜੋ ਬ੍ਰਹਮ ਬੇਤੇ ਅਤੇ ਵਿਚਾਰਵਾਨ ਕਹਿੰਦੇ ਅਤੇ ਪੁਕਾਰਦੇ ਹਨ। ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ ॥੨॥ ਖ਼ੁਦ ਹੀ ਉਹ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈ! ਹੋਰ ਕੋਈ ਉਸ ਦਾ ਮੁਲ ਨਹੀਂ ਪਾ ਸਕਦਾ। ਮਾਇਆ ਮੋਹੁ ਅੰਧੁ ਅੰਧਾਰਾ ॥ ਕਾਲਾ, ਬੋਲਾ ਅਨ੍ਹੇਰਾ ਹੈ: ਧਨ-ਦੌਲਤ ਦਾ ਪਿਆਰ। ਹਉਮੈ ਮੇਰਾ ਪਸਰਿਆ ਪਾਸਾਰਾ ॥ ਸਾਰਾ ਸੰਸਾਰ ਹੰਗਤਾ ਅਤੇ ਅਪਣੱਤ ਦਾ ਖਿਲਾਰਾ ਹੈ। ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਨ ਹੋਈ ਹੇ ॥੩॥ ਰੈਣ ਅਤੇ ਦਿਹੁੰ ਪ੍ਰਾਣੀ ਸਦਾ ਹੀ ਸੜਦਾ ਬਲਦਾ ਰਹਿੰਦਾ ਹੈ ਅਤੇ ਗੁਰਾਂ ਦੇ ਬਿਨਾ ਉਸ ਨੂੰ ਠੰਡ-ਚੈਨ ਪ੍ਰਾਪਤ ਨਹੀਂ ਹੁੰਦੀ। ਆਪੇ ਜੋੜਿ ਵਿਛੋੜੇ ਆਪੇ ॥ ਸਾਈਂ ਆਪ ਜੋੜਦਾ ਹੈ ਅਤੇ ਆਪ ਹੀ ਵਿਛੋੜਦਾ ਹੈ। ਆਪੇ ਥਾਪਿ ਉਥਾਪੇ ਆਪੇ ॥ ਉਹ ਖ਼ੁਦ ਅਸਥਾਪਨ ਕਰਦਾ ਹੈ ਅਤੇ ਖ਼ੁਦ ਹੀ ਉਖੇੜ ਦਿੰਦਾ ਹੈ। ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ ॥੪॥ ਸੱਚਾ ਹੈ ਉਸ ਦਾ ਫ਼ੁਰਮਾਨ ਅਤੇ ਸੱਚਾ ਉਸ ਦਾ ਖਿਲਾਰਾ। ਉਸ ਦੇ ਬਾਝੋਂ, ਹੋਰ ਕੋਈ ਫ਼ੁਰਮਾਨ ਜਾਰੀ ਨਹੀਂ ਕਰ ਸਕਦਾ। ਆਪੇ ਲਾਇ ਲਏ ਸੋ ਲਾਗੈ ॥ ਜਿਸ ਨੂੰ ਉਹ ਆਪਣੇ ਨਾਲ ਜੋੜਦਾ ਹੈ ਕੇਵਲ ਉਹ ਹੀ ਉਸ ਨਾਲ ਜੁੜਦਾ ਹੈ। ਗੁਰ ਪਰਸਾਦੀ ਜਮ ਕਾ ਭਉ ਭਾਗੈ ॥ ਗੁਰਾਂ ਦੀ ਦਇਆ ਦੁਆਰਾ ਮੌਤ ਦਾ ਡਰ ਦੌੜ ਜਾਂਦਾ ਹੈ। ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ ॥੫॥ ਇਨਸਾਨ ਦੇ ਅੰਦਰ ਸਦੀਵੀ ਆਰਾਮ ਬਖ਼ਸ਼ਣਹਾਰ ਸੁਆਮੀ ਵਸਦਾ ਹੈ, ਪ੍ਰੰਤੂ ਗੁਰਾਂ ਦੀ ਦਇਆ ਰਾਹੀਂ ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ। ਆਪੇ ਮੇਲੇ ਮੇਲਿ ਮਿਲਾਏ ॥ ਜੋ ਸਤਿਸੰਗਤ ਨਾਨ ਜੁੜਦੇ ਹਨ, ਉਨ੍ਹਾਂ ਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ। ਪੁਰਬਿ ਲਿਖਿਆ ਸੋ ਮੇਟਣਾ ਨ ਜਾਏ ॥ ਜੋ ਕੁੱਛ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ। ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ ॥੬॥ ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਰਾਤ ਅਤੇ ਦਿਨ, ਸਦਾ ਹੀ, ਆਪਣੇ ਸੁਆਮੀ ਦੀ ਬੰਦਗੀ ਅਤੇ ਟਹਿਲ ਸੇਵਾ ਕਰਦਾ ਹੈ। ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਸਦੀਵੀ ਆਰਾਮ ਮਾਣਦਾ ਹਾਂ। ਆਪੇ ਆਇ ਮਿਲਿਆ ਸਭਨਾ ਕਾ ਦਾਤਾ ॥ ਸਾਰਿਆਂ ਦਾ ਦਾਤਾਰ, ਵਾਹਿਗੁਰੂ ਆਪ ਹੀ ਮੈਨੂੰ ਆ ਕੇ ਮਿਲ ਪਿਆ ਹੈ। ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ ॥੭॥ ਮੈਂ ਆਪਣੀ ਹੰਗਤਾ ਨਾਸ ਕਰ ਦਿੱਤੀ ਹੈ, ਆਪਣੀਆਂ ਖ਼ਾਹਿਸ਼ਾ ਦੀ ਅੰਗ ਬੁਝਾ ਛੱਡੀ ਹੈ ਅਤੇ ਨਾਮ ਦਾ ਆਰਾਧਨ ਕਰਨ ਦੁਆਰਾ ਆਰਾਮ ਪਾ ਲਿਆ ਹੈ। ਕਾਇਆ ਕੁਟੰਬੁ ਮੋਹੁ ਨ ਬੂਝੈ ॥ ਆਪਣੇ ਸਰੀਰ ਅਤੇ ਪਰਵਾਰ ਦੀ ਮਮਤਾ ਰਾਹੀਂ ਬੰਦਾ ਆਪਣੇ ਪ੍ਰਭੂ ਨੂੰ ਨਹੀਂ ਸਮਝਦਾ। ਗੁਰਮੁਖਿ ਹੋਵੈ ਤ ਆਖੀ ਸੂਝੈ ॥ ਜੇਕਰ ਉਹ ਰੱਬ ਨੂੰ ਜਾਣਨ ਵਾਲਾ ਥੀ ਵੰਝੇ ਤਦ ਉਹ ਆਪਣੀਆਂ ਅੱਖਾਂ ਨਾਲ ਆਪਣੇ ਸਾਈਂ ਨੂੰ ਵੇਖ ਲੈਂਦਾ ਹੈ। ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥ ਰਾਤ ਦਿਨ ਉਹ ਹਮੇਸ਼ਾਂ ਨਾਮ ਦਾ ਉਚਾਰਨ ਕਰਦਾ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ। ਮਨਮੁਖ ਧਾਤੁ ਦੂਜੈ ਹੈ ਲਾਗਾ ॥ ਪ੍ਰਤੀਕੂਲ ਪੁਰਸ਼ ਦਾ ਮਨ ਭਟਕਦਾ ਫਿਰਦਾ ਹੈ ਅਤੇ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ। ਜਨਮਤ ਕੀ ਨ ਮੂਓ ਆਭਾਗਾ ॥ ਉਹ ਨਿਕਰਮਣ ਬੰਦਾ, ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ? ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ ॥੯॥ ਆਉਣ ਅਤੇ ਜਾਣ ਵਿੱਚ ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ। ਗੁਰਾਂ ਦੇ ਬਗੈਰ ਉਸ ਦਾ ਕਲਿਆਨ ਨਹੀਂ ਹੁੰਦਾ। ਕਾਇਆ ਕੁਸੁਧ ਹਉਮੈ ਮਲੁ ਲਾਈ ॥ ਅਪਵਿੱਤ੍ਰ ਹੈ ਉਹ ਦੇਹ ਜਿਸ ਨੂੰ ਹੰਕਾਰ ਦੀ ਗੰਦਗੀ ਲੱਗੀ ਹੋਈ ਹੈ। ਜੇ ਸਉ ਧੋਵਹਿ ਤਾ ਮੈਲੁ ਨ ਜਾਈ ॥ ਭਾਵੇਂ ਸੌ ਵਾਰੀ ਭੀ ਧੋਤੀ ਜਾਵੇ, ਤਦ ਭੀ ਇਹ ਗਿਲਾਜ਼ਤ ਦੂਰ ਨਹੀਂ ਹੁੰਦੀ। ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥੧੦॥ ਜੇਕਰ ਇਹ ਨਾਮ ਨਾਲ ਧੋਤੀ ਜਾਵੇ, ਕੇਵਲ ਤਦ ਹੀ ਇਹ ਸਵੱਛ ਹੁੰਦੀ ਹੈ ਅਤੇ ਮੁੜ ਕਦੇ ਭੀ ਗੰਦੀ ਨਹੀਂ ਹੁੰਦੀ। ਪੰਚ ਦੂਤ ਕਾਇਆ ਸੰਘਾਰਹਿ ॥ ਪੰਜ ਭੂਤਨੇ (ਵਿਕਾਰ) ਦੇਹ ਨੂੰ ਨਾਸ ਕਰ ਦਿੰਦੇ ਹਨ। ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ ॥ ਪ੍ਰਾਣੀ ਨਾਮ ਦਾ ਚਿੰਤਨ ਨਹੀਂ ਕਰਦਾ। ਉਹ ਮਰ ਵੰਝਦਾ ਹੈ ਅਤੇ ਆਵਾਗਉਣ ਵਿੱਚ ਪੈਂਦਾ ਹੈ। ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ ॥੧੧॥ ਉਸ ਦੇ ਅੰਦਰ ਧਨ-ਦੌਲਤ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ ਅਤੇ ਸੁਫਨੇ ਵਿੱਚ ਹੋਣ ਦੀ ਮਾਨੰਦਾ ਉਸ ਨੂੰ ਆਪਦੇ ਆਪ ਦੀ ਕੋਈ ਗਿਆਤ ਨਹੀਂ। ਇਕਿ ਪੰਚਾ ਮਾਰਿ ਸਬਦਿ ਹੈ ਲਾਗੇ ॥ ਕਈ ਪੰਜਾਂ ਵਿਕਾਰਾਂ ਨੂੰ ਵਸ ਕਰਕੇ ਪ੍ਰਭੂ ਦੇ ਨਾਮ ਨਾਲ ਜੁੜੇ ਹੋਏ ਹਨ। ਸਤਿਗੁਰੁ ਆਇ ਮਿਲਿਆ ਵਡਭਾਗੇ ॥ ਉਨ੍ਹਾਂ ਭਾਰੇ ਨਸੀਬਾਂ ਵਾਲਿਆਂ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਂਦੇ ਹਨ। ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ ॥੧੨॥ ਉਨ੍ਹਾਂ ਦੇ ਅੰਦਰ ਸੱਚ ਹੈ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਉਹ ਨਾਮ ਦਾ ਉਚਾਰਨ ਕਰਦੇ ਤੇ ਹਰੀ ਵਿੱਚ ਲੀਨ ਹੁੰਦੇ ਹਨ। ਗੁਰ ਕੀ ਚਾਲ ਗੁਰੂ ਤੇ ਜਾਪੈ ॥ ਗੁਰਾਂ ਦਾ ਮਾਰਗ ਕੇਵਲ ਗੁਰਾਂ ਦੇ ਰਾਹੀਂ ਹੀ ਪਤਾ ਲਗਦਾ ਹੈ। ਪੂਰਾ ਸੇਵਕੁ ਸਬਦਿ ਸਿਞਾਪੈ ॥ ਪੂਰਨ ਗੋਲਾ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨ ਰਾਹੀਂ, ਜਾਣਿਆ ਜਾਂਦਾ ਹੈ। ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸੁ ਚਾਖੈ ਸਚੁ ਸੋਈ ਹੇ ॥੧੩॥ ਆਪਣੇ ਰਿਦੇ ਅੰਦਰ ਉਹ ਸੱਚੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਕੇਵਲ ਉਹ ਹੀ ਆਪਣੀ ਜੀਭਾ ਨਾਲ ਸੱਚੇ ਅੰਮ੍ਰਿਤ ਨੂੰ ਚੱਖਦਾ ਹੈ। ਹਉਮੈ ਮਾਰੇ ਸਬਦਿ ਨਿਵਾਰੇ ॥ ਪ੍ਰਭੂ ਦੇ ਨਾਮ ਦੇ ਰਾਹੀਂ ਮੈਂ ਆਪਣੀ ਸਵੈ-ਹੰਗਤਾ ਮੇਟ ਅਤੇ ਦੂਰ ਕਰ ਛੱਡੀ ਹੈ। ਹਰਿ ਕਾ ਨਾਮੁ ਰਖੈ ਉਰਿ ਧਾਰੇ ॥ ਰੱਬ ਦੇ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ। ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ ॥੧੪॥ ਇੱਕ ਪ੍ਰਭੂ ਦੇ ਬਾਝੌਂ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ। ਜੇ ਕੁੱਛ ਹੋਣਾ ਹੈ, ਸੁਤੇ ਸਿੱਧ ਪਿਆ ਹੋਵੇ। ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ ॥ ਸੱਚੇ ਗੁਰਾਂ ਦੇ ਬਗ਼ੈਰ ਕਿਸੇ ਨੂੰ ਭੀ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ। ਗੁਰਮੁਖਿ ਬੂਝੈ ਸਚਿ ਸਮਾਇਆ ॥ ਜੋ ਗੁਰਾਂ ਦੀ ਦਇਆ ਦੁਆਰਾ ਸਮਝਦਾ ਹੈ, ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ ॥੧੫॥ ਉਹ ਸੱਚੇ ਸਾਈਂ ਦੀ ਘਾਲ ਕਮਾਉਂਦਾ ਹੈ, ਸੱਚੇ ਨਾਮ ਨਾਲ ਰੰਗੀਜਿਆ ਹੈ ਅਤੇ ਸਾਈਂ ਦੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਦੂਰ ਕਰ ਦਿੰਦਾ ਹੈ। ਆਪੇ ਗੁਣਦਾਤਾ ਬੀਚਾਰੀ ॥ ਨੇਕੀ ਬਖ਼ਸ਼ਣਹਾਰ ਹਰੀ, ਖ਼ੁਦ ਹੀ ਵੀਚਾਰਵਾਨ ਹੈ। ਗੁਰਮੁਖਿ ਦੇਵਹਿ ਪਕੀ ਸਾਰੀ ॥ ਗੁਰੂ-ਸਮਰਪਣ ਆਪਣੀ ਆਤਮਾ ਦੀ ਪੱਕੀ ਹੋਈ ਨਰਦ ਪ੍ਰਭੂ ਸਮਰਪਨ ਕਰਦਾ ਹੈ। ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ ॥੧੬॥੨॥ ਨਾਨਕ ਸੱਚਾ ਪੁਰਸ਼ ਨਾਮ ਅੰਦਰ ਲੀਨ ਹੋ ਜਾਂਦਾ ਹੈ ਅਤੇ ਸਤਿਨਾਮ ਦੇ ਰਾਹੀਂ ਹੀ ਉਹ ਇੱਜ਼ਤ ਆਬਰੂ ਪਾਉਂਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਜਗਜੀਵਨੁ ਸਾਚਾ ਏਕੋ ਦਾਤਾ ॥ ਇੱਕ ਦਾਤਾਰ ਸੁਆਮੀ ਹੀ ਜਗ ਦੀ ਜਿੰਦ ਜਾਨ ਹੈ। ਗੁਰ ਸੇਵਾ ਤੇ ਸਬਦਿ ਪਛਾਤਾ ॥ ਗੁਰਾਂ ਦੀ ਟਹਿਲ ਸੇਵਾ ਅਤੇ ਉਪਦੇਸ਼ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ। copyright GurbaniShare.com all right reserved. Email |