ਸਤਿਗੁਰਿ ਸੇਵਿਐ ਸਹਜ ਅਨੰਦਾ ॥ ਸੱਚੇ ਗੁਰਾਂ ਦੀ ਘਾਲ ਕਮਾ ਕੇ, ਬੰਦਾ ਅਡੋਲਤਾ ਤੇ ਖੁਸ਼ੀ ਨੂੰ ਪਾ ਲੈਂਦਾ ਹੈ, ਹਿਰਦੈ ਆਇ ਵੁਠਾ ਗੋਵਿੰਦਾ ॥ ਅਤੇ ਕੁਲ ਆਲਮ ਦਾ ਮਾਲਕ ਆ ਕੇ ਉਸ ਦੇ ਮਨ ਅੰਦਰ ਟਿਕ ਜਾਂਦਾ ਹੈ। ਸਹਜੇ ਭਗਤਿ ਕਰੇ ਦਿਨੁ ਰਾਤੀ ਆਪੇ ਭਗਤਿ ਕਰਾਇਦਾ ॥੪॥ ਦਿਹੁੰ ਤੇ ਰੈਣ, ਉਹ ਸੁਤੇਸਿਧ ਹੀ ਪ੍ਰਭੂ ਦੀ ਭਗਤੀ ਨਾਲ ਜੁੜਿਆ ਰਹਿੰਦਾ ਹੈ। ਪ੍ਰਭੂ ਆਪ ਹੀ ਉਸ ਪਾਸੋਂ ਆਪਣੀ ਪ੍ਰੇਮਮਈ ਸੇਵਾ ਕਰਵਾਉਂਦਾ ਹੈ। ਸਤਿਗੁਰ ਤੇ ਵਿਛੁੜੇ ਤਿਨੀ ਦੁਖੁ ਪਾਇਆ ॥ ਜੋ ਸੱਚੇ ਗੁਰਾਂ ਨਾਲੋਂ ਵਿਛੁੜੇ ਹਨ, ਉਹ ਕਸ਼ਟ ਪੀੜਤ ਹੁੰਦੇ ਹਨ। ਅਨਦਿਨੁ ਮਾਰੀਅਹਿ ਦੁਖੁ ਸਬਾਇਆ ॥ ਉਹ ਸਮੂਹ ਤਕਲਫ਼ਿ ਅੰਦਰ ਹਨ ਤੇ ਰੈਣ ਦਿਹੁੰ ਕੁੱਟੇ ਫਾਟੇ ਜਾਂਦੇ ਹਨ। ਮਥੇ ਕਾਲੇ ਮਹਲੁ ਨ ਪਾਵਹਿ ਦੁਖ ਹੀ ਵਿਚਿ ਦੁਖੁ ਪਾਇਦਾ ॥੫॥ ਉਨ੍ਹਾਂ ਦੇ ਮਸਤਕ ਸਿਆਹ ਕੀਤੇ ਜਾਂਦੇ ਹਨ। ਉਹ ਆਪਣੇ ਸਾਈਂ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੇ ਅਤੇ ਤਕਲਫ਼ਿ ਅੰਦਰ ਉਹ ਵਧੇਰੇ ਤਕਲਫ਼ਿ ਪਾਉਂਦੇ ਹਨ। ਸਤਿਗੁਰੁ ਸੇਵਹਿ ਸੇ ਵਡਭਾਗੀ ॥ ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ। ਸਹਜ ਭਾਇ ਸਚੀ ਲਿਵ ਲਾਗੀ ॥ ਸੁਤੇ ਸਿਧ ਹੀ ਉਨ੍ਹਾਂ ਦਾ ਸੁਆਮੀ ਨਾਲ ਸੱਚਾ ਪਿਆਰ ਪੈ ਜਾਂਦਾ ਹੈ। ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥੬॥ ਉਹ ਸਦੀਵ ਹੀ ਨਿਰੋਲ ਸੱਚ ਦੀ ਕਮਾਈ ਕਰਦੇ ਹਨ ਅਤੇ ਗੁਰੂ ਜੀ ਉਨ੍ਹਾਂ ਨੂੰ ਸੱਚੇ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ। ਜਿਸ ਨੋ ਸਚਾ ਦੇਇ ਸੁ ਪਾਏ ॥ ਕੇਵਲ ਉਹ ਹੀ ਸੱਚ ਨੂੰ ਪਾਉਂਦਾ ਹੈ, ਜਿਸ ਨੂੰ ਸੱਚਾ ਸਾਈਂ ਦਿੰਦਾ ਹੈ। ਅੰਤਰਿ ਸਾਚੁ ਭਰਮੁ ਚੁਕਾਏ ॥ ਉਸ ਦੇ ਅੰਦਰ ਸੱਚ ਹੈ, ਉਸ ਦਾ ਸੰਸਾ ਦੂਰ ਹੋ ਜਾਂਦਾ ਹੈ। ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥੭॥ ਸਤਿਪੁਰਖ ਆਪ ਹੀ ਸੱਚ ਦੇਣਹਾਰ ਹੈ। ਕੇਵਲ ਉਹ ਹੀ ਸੱਚ ਨੂੰ ਪਾਉਂਦਾ ਹੈ, ਜਿਸ ਨੂੰ ਉਹ ਦਿੰਦਾ ਹੈ। ਆਪੇ ਕਰਤਾ ਸਭਨਾ ਕਾ ਸੋਈ ॥ ਉਹ ਖ਼ੁਦ ਹੀ ਸਾਰਿਆਂ ਦਾ ਸਿਰਜਣਹਾਰ ਹੈ। ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥ ਕੋਈ ਵਿਰਲਾ ਜਣਾ ਹੀ, ਜਿਸ ਨੂੰ ਉਹ ਖ਼ੁਦ ਦਰਸਾਉਂਦਾ ਹੈ, ਉਸ ਨੂੰ ਸਮਝਦਾ ਹੈ। ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ ॥੮॥ ਉਹ ਆਪ ਹੀ ਬਖਸ਼ਦਾ ਤੇ ਪ੍ਰਭਤਾ ਦਿੰਦਾ ਹੈ। ਆਪ ਹੀ ਉਹ ਮਨੁਖ ਨੂੰ ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਹੈ। ਹਉਮੈ ਕਰਦਿਆ ਜਨਮੁ ਗਵਾਇਆ ॥ ਹੰਕਾਰ ਕਰਨ ਨਾਲ, ਇਨਸਾਨ ਆਪਣਾ ਜੀਵਨ ਗੁਆ ਲੈਂਦਾ ਹੈ। ਆਗੈ ਮੋਹੁ ਨ ਚੂਕੈ ਮਾਇਆ ॥ ਏਦੂੰ ਮਗਰੋਂ ਭੀ ਮੋਹਨੀ ਦੀ ਮਮਤਾ ਉਸ ਨੂੰ ਨਹੀਂ ਛੱਡਦੀ। ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥੯॥ ਪ੍ਰਲੋਕ ਵਿੱਚ ਮੌਤ ਦਾ ਫ਼ਰੇਸ਼ਤਾ ਉਸ ਪਾਸੋਂ ਹਿਸਾਰ-ਕਿਤਾਬ ਮੰਗਦਾ ਹੈ ਅਤੇ ਉਸ ਨੂੰ ਕੋਹਲੂ ਵਿੱਚ ਤਿਲਾਂ ਦੇ ਪਰਾਗੇ ਦੀ ਤਰ੍ਹਾਂ ਪੀੜ ਸੁਟਦਾ ਹੈ। ਪੂਰੈ ਭਾਗਿ ਗੁਰ ਸੇਵਾ ਹੋਈ ॥ ਪੂਰਨ ਪ੍ਰਾਲਭਧ ਰਾਹੀਂ, ਗੁਰਾਂ ਦੀ ਘਾਲ ਕਮਾਈ ਕੀਤੀ ਜਾਂਦੀ ਹੈ। ਨਦਰਿ ਕਰੇ ਤਾ ਸੇਵੇ ਕੋਈ ॥ ਜੇਕਰ ਰੱਬ ਦੀ ਮਿਹਰ ਕਿਸੇ ਤੇ ਹੋਵੇ, ਤਦ ਉਹ, ਉਸ ਦੀ ਸੇਵਾ ਕਰਦਾ ਹੈ। ਜਮਕਾਲੁ ਤਿਸੁ ਨੇੜਿ ਨ ਆਵੈ ਮਹਲਿ ਸਚੈ ਸੁਖੁ ਪਾਇਦਾ ॥੧੦॥ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਫਟਕਦਾ ਅਤੇ ਸੱਚੇ ਮੰਦਰ ਅੰਦਰ ਉਹ ਆਰਾਮ ਪਾਉਂਦਾ ਹੈ। ਤਿਨ ਸੁਖੁ ਪਾਇਆ ਜੋ ਤੁਧੁ ਭਾਏ ॥ ਕੇਵਲ ਉਹ ਹੀ ਆਰਾਮ ਅੰਦਰ ਹਨ, ਜੋ ਤੈਨੂੰ ਚੰਗੇ ਲਗਦੇ ਹਨ, ਹੇ ਪ੍ਰਭੂ! ਪੂਰੈ ਭਾਗਿ ਗੁਰ ਸੇਵਾ ਲਾਏ ॥ ਅਤੇ ਉਹ ਪੂਰਨ ਪ੍ਰਾਲਭਧ ਰਾਹੀਂ, ਗੁਰਾਂ ਦੀ ਟਹਿਲ ਸੇਵਾ ਨਾਲ ਜੁੜੇ ਹੋਏ ਹਨ। ਤੇਰੈ ਹਥਿ ਹੈ ਸਭ ਵਡਿਆਈ ਜਿਸੁ ਦੇਵਹਿ ਸੋ ਪਾਇਦਾ ॥੧੧॥ ਸਾਰੀ ਪ੍ਰਭਤਾ ਤੇਰੇ ਹੱਥ ਵਿੱਚ ਹੈ, ਹੇ ਪ੍ਰਭੂ! ਜਿਸ ਕਿਸੇ ਨੂੰ ਤੂੰ ਬਖ਼ਸ਼ਦਾ ਹੈਂ, ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ। ਅੰਦਰਿ ਪਰਗਾਸੁ ਗੁਰੂ ਤੇ ਪਾਏ ॥ ਗੁਰਾਂ ਦੇ ਰਾਹੀਂ ਹੀ ਪ੍ਰਾਣੀ ਨੂੰ ਅੰਤ੍ਰੀਵੀ ਪ੍ਰਕਾਸ਼ ਪ੍ਰਾਪਤ ਹੁੰਦਾ ਹੈ, ਨਾਮੁ ਪਦਾਰਥੁ ਮੰਨਿ ਵਸਾਏ ॥ ਅਤੇ ਨਾਮ ਦੀ ਦੌਲਤ ਉਸ ਦੇ ਹਿਰਦੇ ਅੰਦਰ ਟਿਕ ਜਾਂਦੀ ਹੈ। ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥੧੨॥ ਬ੍ਰਹਮ ਬੋਧ ਦਾ ਹੀਰਾ ਸਦੀਵ ਹੀ ਉਸ ਦੇ ਰਿਦੇ ਨੂੰ ਰੋਸ਼ਨ ਕਰਦਾ ਹੈ ਤੇ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਅਗਿਆਨੀ ਅੰਧੇ ਦੂਜੈ ਲਾਗੇ ॥ ਅੰਨ੍ਹੇ, ਬੇਸਮਝ ਹੋਰਸ ਨਾਲ ਜੁੜੇ ਹੋਏ ਹਨ। ਬਿਨੁ ਪਾਣੀ ਡੁਬਿ ਮੂਏ ਅਭਾਗੇ ॥ ਉਹ ਨਿਕਰਮਣ, ਬਗੈਰ ਪਾਣੀ ਦੇ ਹੀ ਡੁੱਬ ਕੇ ਮਰ ਗਏ ਹਨ। ਚਲਦਿਆ ਘਰੁ ਦਰੁ ਨਦਰਿ ਨ ਆਵੈ ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥ ਸੰਸਾਰ ਨੂੰ ਛੱਡ ਕੇ, ਉਹ ਸੁਆਮੀ ਦੇ ਟਿਕਾਣੇ ਨੂੰ ਨਹੀਂ ਵੇਖਦੇ ਅਤੇ ਯਮ ਦੇ ਬੂਹੇ ਉਤੇ ਨਰੜੇ ਹੋਏ ਉਸ ਕਸ਼ਟ ਉਠਾਉਂਦੇ ਹਨ। ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥ ਸੱਚੇ ਗੁਰਾਂ ਦੀ ਸੇਵਾ ਕਰਨ ਦੇ ਬਗੈਰ, ਬੰਦੇ ਦੀ ਕਲਿਆਨ ਨਹੀਂ ਹੁੰਦੀ। ਗਿਆਨੀ ਧਿਆਨੀ ਪੂਛਹੁ ਕੋਈ ॥ ਕੋਈ ਜਣਾ ਬ੍ਰਹਮ ਬੇਤਿਆਂ ਅਤੇ ਬਿਰਤੀ ਜੋੜਨ ਵਾਲਿਆਂ ਤੋਂ ਪਤਾ ਕਰ ਵੇਖੇ। ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ ਦਰਿ ਸਚੈ ਸੋਭਾ ਪਾਇਦਾ ॥੧੪॥ ਜੋ ਕੋਈ ਸੱਚੇ ਗੁਰਾਂ ਦੀ ਸੇਵਾ ਕਮਾਉਂਦਾ ਹੈ; ਉਸ ਨੂੰ ਇੱਜ਼ਤ ਮਿਲਦੀ ਹੈ ਅਤੇ ਉਹ ਸੱਚੇ ਦਰਬਾਰ ਅੰਦਰ ਸੁਭਾਇਮਾਨ ਹੁੰਦਾ ਹੈ। ਸਤਿਗੁਰ ਨੋ ਸੇਵੇ ਤਿਸੁ ਆਪਿ ਮਿਲਾਏ ॥ ਜੋ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ; ਉਸ ਨੂੰ ਮਾਲਕ ਆਪਣੇ ਨਾਲ ਮਿਲਾ ਲੈਂਦਾ ਹੈ। ਮਮਤਾ ਕਾਟਿ ਸਚਿ ਲਿਵ ਲਾਏ ॥ ਆਪਣੀ ਸੰਸਾਰੀ ਲਗਨ ਨੂੰ ਮੇਟ ਕੇ, ਉਹ ਸੱਚੇ ਸੁਆਮੀ ਨਾਲ ਪ੍ਰੀਤ ਪਾ ਲੈਂਦਾ ਹੈ। ਸਦਾ ਸਚੁ ਵਣਜਹਿ ਵਾਪਾਰੀ ਨਾਮੋ ਲਾਹਾ ਪਾਇਦਾ ॥੧੫॥ ਰੱਬੀ ਵਣਜਾਰੇ ਹਮੇਸ਼ਾਂ ਸੱਚ ਦਾ ਵਾਪਾਰ ਕਰਦੇ ਹਨ ਅਤੇ ਨਾਮ ਦਾ ਨਫ਼ਾ ਖੱਟਦੇ ਹਨ। ਆਪੇ ਕਰੇ ਕਰਾਏ ਕਰਤਾ ॥ ਸਿਰਜਣਹਾਰ ਖ਼ੁਦ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ। ਸਬਦਿ ਮਰੈ ਸੋਈ ਜਨੁ ਮੁਕਤਾ ॥ ਕੇਵਲ ਉਹ ਜਣਾ ਹੀ ਮੋਖ਼ਸ਼ ਹੈ ਜੋ ਨਾਮ ਦੇ ਰਾਹੀਂ ਮਰਦਾ ਹੈ। ਨਾਨਕ ਨਾਮੁ ਵਸੈ ਮਨ ਅੰਤਰਿ ਨਾਮੋ ਨਾਮੁ ਧਿਆਇਦਾ ॥੧੬॥੫॥੧੯॥ ਨਾਨਕ, ਤਦ ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਤੇ ਉਹ ਨਾਮਵਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਜੋ ਤੁਧੁ ਕਰਣਾ ਸੋ ਕਰਿ ਪਾਇਆ ॥ ਹੇ ਸਾਈਂ! ਜੋ ਤੂੰ ਕਰਨਾ ਲੋੜਦਾ ਹੈ, ਉਹ ਹੀ ਤੂੰ ਕਰਦਾ ਹੈਂ। ਭਾਣੇ ਵਿਚਿ ਕੋ ਵਿਰਲਾ ਆਇਆ ॥ ਕੋਈ ਇੱਕ ਅੱਧਾ ਅਣਾ ਹੀ ਸਾਈਂ ਦੀ ਰਜ਼ਾ ਅੰਦਰ ਟੁਰਦਾ ਹੈ। ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥ ਜੋ ਸੁਆਮੀ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਆਰਾਮ ਪਾਉਂਦਾ ਹੈ। ਸੁਆਮੀ ਦੀ ਰਜ਼ਾ ਅੰਦਰ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ। ਗੁਰਮੁਖਿ ਤੇਰਾ ਭਾਣਾ ਭਾਵੈ ॥ ਗੁਰੂ-ਅਨਸਾਰੀ ਨੂੰ ਤੇਰੀ ਰਜ਼ਾ ਚੰਗੀ ਲਗਦੀ ਹੈ। ਸਹਜੇ ਹੀ ਸੁਖੁ ਸਚੁ ਕਮਾਵੈ ॥ ਸੱਚ ਦੀ ਕਮਾਈ ਕਰਕੇ, ਉਹ ਸੁਖੈਨ ਹੀ ਆਰਾਮ ਨੂੰ ਪਾ ਲੈਂਦਾ ਹੈ। ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥ ਬਹੁਤ ਸਾਰੇ ਪ੍ਰਭੂ ਦੀ ਰਜ਼ਾ ਅੰਦਰ ਟੁਰਨਾ ਚਾਹੁੰਦੇ ਹਨ। ਉਹ ਖ਼ੁਦ ਹੀ ਇਨਸਾਨ ਪਾਸੋਂ ਆਪਣੀ ਰਜ਼ਾ ਮੰਨਵਾ ਲੈਂਦਾ ਹੈ। ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥ ਜੋ ਤੇਰੀ ਰਜ਼ਾ ਅੰਦਰ ਟੁਰਦਾ ਹੈ, ਉਹ ਆ ਕੇ ਤੇਰੇ ਨਾਲ ਮਿਲ ਪੈਂਦਾ ਹੈ, ਹੇ ਸੁਆਮੀ! copyright GurbaniShare.com all right reserved. Email |