ਕਰਤਾ ਕਰੇ ਸੁ ਨਿਹਚਉ ਹੋਵੈ ॥ ਜਿਹੜਾ ਕੁਝ ਸਿਰਜਣਹਾਰ ਕਰਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ। ਗੁਰ ਕੈ ਸਬਦੇ ਹਉਮੈ ਖੋਵੈ ॥ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ। ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਕਈਆਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ ਅਤੇ ਉਹ ਨਿਰੋਲ ਨਾਮ ਦਾ ਹੀ ਸਿਮਰਨ ਕਰਦੇ ਹਨ। ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥ ਗੁਰਾਂ ਦੀ ਘਾਲ ਜਿੱਡਾ ਵੱਡਾ ਹੋਰ ਕੋਈ ਨਫ਼ਾ ਨਹੀਂ। ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥ ਨਾਮ ਮੇਰੇ ਰਿਦੇ ਅੰਦਰ ਵਸਦਾ ਹੈ ਤੇ ਨਾਮ ਦੀ ਹੀ ਮੈਂ ਸਿਫ਼ਤ ਕਰਦਾ ਹਾਂ। ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥ ਸਦੀਵੀ ਆਰਾਮ ਬਖ਼ਸ਼ਣਹਾਰ ਹੈ ਨਾਮ-ਸਰੂਪ ਪ੍ਰਭੂ ਦਾ ਨਾਮ। ਨਾਮ ਦੇ ਰਾਹੀਂ ਹੀ ਇਨਸਾਨ ਨਫ਼ਾ ਕਮਾਉਂਦਾ ਹੈ। ਬਿਨੁ ਨਾਵੈ ਸਭ ਦੁਖੁ ਸੰਸਾਰਾ ॥ ਨਾਮ ਦੇ ਬਾਝੋਂ ਜਗ ਅੰਦਰ ਮੁਸੀਬਤ ਹੀ ਮੁਸੀਬਤ ਹੈ। ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥ ਜਿੰਨੇ ਬਹੁਤੇ ਮੰਦੇ ਅਮਲ ਬੰਦਾ ਕਮਾਉਂਦਾ ਹੈ, ਓਨੇ ਹੀ ਬਹੁਤੇ ਪਾਪ ਹੁੰਦੇ ਜਾਂਦੇ ਹਨ। ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥ ਨਾਮ ਦੀ ਸੇਵਾ ਕਰਨ ਦੇ ਬਾਝੌਂ ਆਰਾਮ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਨਾਮ ਦੇ ਬਗੈਰ ਪ੍ਰਾਣੀ ਤਸੀਹਾ ਕੱਟਦਾ ਹੈ। ਆਪਿ ਕਰੇ ਤੈ ਆਪਿ ਕਰਾਏ ॥ ਵਾਹਿਗੁਰੂ ਆਪੇ ਕਰਦਾ ਹੈ ਅਤੇ ਆਪੇ ਹੀ ਸਾਰਾ ਕੁੱਛ ਕਰਾਉਂਦਾ ਹੈ। ਗੁਰ ਪਰਸਾਦੀ ਕਿਸੈ ਬੁਝਾਏ ॥ ਕਿਸੇ ਵਿਰਲੇ ਜਣੇ ਨੂੰ ਹੀ ਉਹ ਗੁਰਾਂ ਦਇਆ ਰਾਹੀਂ ਆਪਣੇ ਆਪ ਨੂੰ ਦਰਸਾਉਂਦਾ ਹੈ। ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥ ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਆਪਣੇ ਜੂੜ ਵੱਢ ਸੁਟਦਾ ਹੈ ਅਤੇ ਮੋਖਸ਼ ਦੇ ਮੁਕਾਮ ਨੂੰ ਪ੍ਰਾਪਤ ਹੋ ਜਾਂਦਾ ਹੈ। ਗਣਤ ਗਣੈ ਸੋ ਜਲੈ ਸੰਸਾਰਾ ॥ ਜੋ ਲੇਖਾ ਪਤਾ ਗਿਣਦਾ ਹੈ, ਉਹ ਇਸ ਜੱਗ ਵਿੱਚ ਸੜਦਾ ਬਲਦਾ ਹੈ। ਸਹਸਾ ਮੂਲਿ ਨ ਚੁਕੈ ਵਿਕਾਰਾ ॥ ਉਸ ਦਾ ਸੰਦੇਹ ਅਤੇ ਪਾਪ ਕਦੇ ਭੀ ਦੂਰ ਨਹੀਂ ਹੁੰਦੇ। ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥ ਜੋ ਰੱਬ ਨੂੰ ਜਾਣਨ ਵਾਲਾ ਥੀ ਵੰਝਦਾ ਹੈ, ਉਹ ਲੇਖੇ ਪੱਤੇ ਨੂੰ ਤਿਆਗ ਦਿੰਦਾ ਹੈ ਅਤੇ ਸੱਚੇ ਨਾਮ ਦੇ ਰਾਹੀਂ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਜੇ ਸਚੁ ਦੇਇ ਤ ਪਾਏ ਕੋਈ ॥ ਜੇਕਰ ਵਾਹਿਗੁਰੂ ਸੱਚ ਪ੍ਰਦਾਨ ਕਰੇ, ਕੇਵਲ ਤਦ ਹੀ ਬੰਦਾ ਇਸ ਨੂੰ ਪ੍ਰਾਪਤ ਕਰ ਸਕਦਾ ਹੈ। ਗੁਰ ਪਰਸਾਦੀ ਪਰਗਟੁ ਹੋਈ ॥ ਗੁਰਾਂ ਦੀ ਦਇਆ ਦੁਆਰਾ ਇਹ ਜ਼ਾਹਰ ਹੋ ਜਾਂਦਾ ਹੈ। ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥ ਪ੍ਰੇਮ ਨਾਲ ਰੰਗੀਜ, ਜੋ ਸੱਚੇ ਨਾਮ ਦੀ ਕੀਰਤੀ ਕਰਦਾ ਹੈ; ਗੁਰਾਂ ਦੀ ਦਇਆ ਦੁਆਰਾ ਉਹ ਅਰਾਮ ਪਾ ਲੈਂਦਾ ਹੈ। ਜਪੁ ਤਪੁ ਸੰਜਮੁ ਨਾਮੁ ਪਿਆਰਾ ॥ ਲਾਡਲਾ ਨਾਮ ਹੀ ਮੇਰੀ ਪੂਜਾ, ਤਪੱਸਿਆ ਤੇ ਸਵੈ-ਜ਼ਬਤ ਹੈ। ਕਿਲਵਿਖ ਕਾਟੇ ਕਾਟਣਹਾਰਾ ॥ ਨਾਸ ਕਰਨ ਵਾਲਾ ਵਾਹਿਗੁਰੂ ਪਾਪਾਂ ਨੂੰ ਨਾਸ ਕਰ ਦਿੰਦਾ ਹੈ। ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥ ਪ੍ਰਭੂ ਦੇ ਨਾਮ ਰਾਹੀਂ ਦੇਹ ਤੇ ਰਿਦਾ ਠੰਢੇ ਠਾਰ ਹੋ ਜਾਂਦੇ ਹਨ ਅਤੇ ਇਨਸਾਨ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥ ਆਤਮਕ ਤੌਰ ਤੇ ਕੁਚੀਲ ਹਨ ਉਹ ਜਿਨ੍ਹਾਂ ਦੇ ਅੰਦਰ ਲਾਲਚ ਹੈ। ਉਹ ਹੋਰਨਾਂ ਨੂੰ ਭੀ ਗਿਲਾਜ਼ਤ ਚਮੇੜਦੇ ਹਨ। ਮੈਲੇ ਕਰਮ ਕਰੇ ਦੁਖੁ ਪਾਏ ॥ ਉਹ ਗੰਦੇ ਅਮਲ ਕਮਾਉਂਦੇ ਹਨ ਤੇ ਕਸ਼ਟ ਉਠਾਉਂਦੇ ਹਨ। ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥ ਉਹ ਨਿਰੋਲ ਝੂਠ ਦਾ ਵਣਜ ਕਰਦੇ ਹਨ, ਝੂਠ ਬਕਦੇ ਹਨ ਅਤੇ ਤਕਲਫ਼ਿ ਭੋਗਦੇ ਹਨ। ਨਿਰਮਲ ਬਾਣੀ ਕੋ ਮੰਨਿ ਵਸਾਏ ॥ ਕੋਈ ਵਿਰਲਾ ਜਣਾ ਹੀ ਪਵਿੱਤ੍ਰ ਗੁਰਬਾਣੀ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ। ਗੁਰ ਪਰਸਾਦੀ ਸਹਸਾ ਜਾਏ ॥ ਗੁਰਾਂ ਦੀ ਦਇਆ ਦੁਆਰਾ ਉਸ ਦਾ ਭਰਮ ਦੂਰ ਹੋ ਜਾਂਦਾ ਹੈ। ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥ ਦਿਹੁੰ ਅਤੇ ਰੈਣ ਉਹ ਗੁਰਾਂ ਦੀ ਰਜਾ ਅੰਦਰ ਟੁਰਦਾ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ। ਆਪਿ ਸਿਰੰਦਾ ਸਚਾ ਸੋਈ ॥ ਉਹ ਸੱਚਾ ਸੁਆਮੀ ਖ਼ੁਦ ਹੀ ਸਿਰਜਣਹਾਰ ਹੈ। ਆਪਿ ਉਪਾਇ ਖਪਾਏ ਸੋਈ ॥ ਉਹ ਆਪੇ ਹੀ ਰਚਦਾ ਅਤੇ ਨਾਸ ਕਰਦਾ ਹੈ। ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥ ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਸਦੀਵ ਹੀ ਆਪਣੇ ਸਾਹਿਬ ਦਾ ਜੱਸ ਕਰਦਾ ਹੈ ਅਤੇ ਸੱਚੇ ਸਾਹਿਬ ਨਾਲ ਮਿਲ ਕੇ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ। ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥ ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ, ਕਾਮ ਦੀ ਖ਼ਾਹਿਸ਼ ਕਾਬੂ ਵਿੱਚ ਨਹੀਂ ਆਉਂਦੀ। ਕਾਮਿ ਕਰੋਧਿ ਜਲੈ ਸਭੁ ਕੋਈ ॥ ਹਰ ਕੋਈ ਵਿਸ਼ੇ ਭੋਗ ਤੇ ਗੁੱਸੇ ਦੀ ਅੱਗ ਵਿੱਚ ਸੜ ਰਿਹਾ ਹੈ। ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਜੀਵ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ। ਮਨੂਏ ਨੂੰ ਵੱਸ ਕਰ ਲੈਣ ਦੁਆਰਾ ਜੀਵ ਪਰਮ ਮਨ ਅੰਦਰ ਲੀਨ ਹੋ ਜਾਂਦਾ ਹੈ। ਮੇਰਾ ਤੇਰਾ ਤੁਧੁ ਆਪੇ ਕੀਆ ॥ ਮੇਰ ਅਤੇ ਤੇਰ ਦੀ ਗਿਆਤ ਤੂੰ ਆਪ ਹੀ ਰਚੀ ਹੈ। ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥ ਸਮੂਹ ਜੀਵ ਜੰਤੂ ਤੈਂਡੀ ਮਲਕੀਅਤ ਹਨ ਅਤੇ ਤੂੰ ਹੀ ਸਾਰਿਆਂ ਪ੍ਰਾਣ-ਧਾਰੀਆਂ ਨੂੰ ਰਚਿਆ ਹੈ। ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥ ਹੇ ਨਾਨਕ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਮਨੁੱਖ ਦੇ ਮਨ ਅੰਦਰ ਟਿਕ ਜਾਂਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਹਰਿ ਜੀਉ ਦਾਤਾ ਅਗਮ ਅਥਾਹਾ ॥ ਦਾਤਾਰ ਪੂਜਯ ਪ੍ਰਭੂ! ਪਹੁੰਚ ਤੋਂ ਪਰੇ ਅਤੇ ਬੇਥਾਹ ਹੈ। ਓਸੁ ਤਿਲੁ ਨ ਤਮਾਇ ਵੇਪਰਵਾਹਾ ॥ ਉਸ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ। ਖ਼ੁਦ-ਮੁਖਤਿਆਰ ਹੈ ਉਹ ਸੁਆਮੀ। ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥ ਕੋਈ ਜਣਾ ਭੀ ਉਸ ਤਾਂਈਂ ਪੁੱਜ ਨਹੀਂ ਸਕਦਾ। ਉਹ ਆਪ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ। ਜੋ ਕਿਛੁ ਕਰੈ ਸੁ ਨਿਹਚਉ ਹੋਈ ॥ ਜਿਹੜਾ ਕੁਝ ਉਹ ਕਰਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ। ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥ ਉਸ ਦੇ ਬਗ਼ੈਰ ਹੋਰ ਕੋਈ ਦਾਤਾਰ ਨਹੀਂ। ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥੨॥ ਜਿਸ ਕਿਸੇ ਨੂੰ ਸੁਆਮੀ ਨਾਮ ਦੀ ਦਾਤ ਬਖ਼ਸ਼ਦਾ ਹੈ, ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ। ਗੁਰਾਂ ਦੀ ਬਾਣੀ ਦੇ ਜ਼ਰੀਏ, ਉਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਚਉਦਹ ਭਵਣ ਤੇਰੇ ਹਟਨਾਲੇ ॥ ਚੌਦਾਂ ਪੁਰੀਆਂ ਤੈਂਡੇ ਬਜਾਰ ਹਨ। ਸਤਿਗੁਰਿ ਦਿਖਾਏ ਅੰਤਰਿ ਨਾਲੇ ॥ ਸੱਚੇ ਗੁਰੂ ਜੀ ਬਜਾਰਾਂ ਨੂੰ ਮਨ ਦੇ ਸਮੇਤ ਹੀ ਵਿਖਾਲ ਦਿੰਦੇ ਹਨ। ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ ॥੩॥ ਕੋਈ ਜਣਾ ਜੋ ਪ੍ਰਭੂ ਦੇ ਨਾਮ ਦਾ ਵਣਜ ਕਰਦਾ ਹੈ; ਗੁਰਾਂ ਦੀ ਬਾਣੀ ਰਾਹੀਂ ਉਹ ਪ੍ਰਭੂ ਨੂੰ ਪਾ ਲੈਂਦਾ ਹੈ। copyright GurbaniShare.com all right reserved. Email |