ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ॥ ਸਾਰੇ ਮਸੂਲੀਆਂ ਨੇ ਆਪਣੀ ਅਕਲਮੰਦੀ ਨਾਲ ਦੇਖਿਆ ਅਤੇ ਇਸ ਨੂੰ ਸੋਚਿਆ ਸਮਝਿਆ, ਆਪਣੀਆਂ ਗੋਲਕਾਂ ਤੋੜ ਉਹ ਉਠ ਕੇ ਚਲੇ ਗਏ। ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥੫॥ ਤੀਸਰੇ ਗੁਰੂ ਜੀ ਗੰਗਾ ਗਏ ਅਤੇ ਉਥੇ ਇਕ ਅਲੋਕਿਕ ਦ੍ਰਿਸ਼ ਦੇਖਣ ਵਿੱਚ ਆਇਆ। ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥ ਸ਼ਹਿਰ ਦੇ ਵੱਡੇ ਆਦਮੀ ਇਕੱਠੇ ਹੋ ਕੇ ਗਏ ਅਤੇ ਵੱਡੇ ਸੱਚੇ ਗੁਰਾਂ ਦੀ ਪਨਾਹ ਲਈ। ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ॥ ਵੱਡੇ ਗੁਰੂ, ਸੱਚੇ ਗੁਰੂ ਖੁਦ ਹੀ ਪਰਮੇਸ਼ਰ ਹਨ। ਤੂੰ ਸਿਮ੍ਰਿਤੀਆਂ ਕੋਲੋ ਪਤਾ ਕਰ ਲੈ। ਉਹ ਭੀ ਇਸ ਸੱਚ ਨੂੰ ਸਾਬਤ ਕਰਦੀਆਂ ਹਨ। ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ॥ ਸਿਮ੍ਰਿਤੀਆਂ ਅਤੇ ਸ਼ਾਸਤਰ ਸਾਰੇ ਸਾਬਤ ਕਰਦੇ ਹਨ ਕਿ ਗੁਰੂ ਜੀ ਵਾਹਿਗੁਰੂ ਦਾ ਸਰੂਪ ਹਨ। ਸੁਖਦੇਵ ਅਤੇ ਪ੍ਰਹਿਲਾਦ ਗੁਰੂ-ਪ੍ਰਮੇਸ਼ਰ ਨੂੰ ਮਹਾਰਾਜਾ ਮਾਲਕ ਜਾਣ ਕੇ ਸਿਮਰਦੇ ਹਨ। ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ ॥ ਪੰਜ ਤਸਕਰ ਅਤੇ ਰਸਤੇ ਦੇ ਧਾੜਵੀ ਸਰੀਰ ਦੇ ਸ਼ਹਿਰ ਦੇ ਕਿਲ੍ਹੇ ਅੰਦਰ ਵਸਦੇ ਹਨ। ਗੁਰਾਂ ਨੇ ਉਨ੍ਹਾਂ ਦੇ ਟਿਕਾਣੇ ਤੇ ਵਾਸ-ਸਥਾਨ ਨੂੰ ਮਲੀਆਮੇਟ ਕਰ ਦਿੱਤਾ ਹੈ। ਕੀਰਤਨ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥ ਪੁਰਾਣ ਸਦਾ ਹੀ ਦਾਨ ਪੁੰਨ ਕਰਨ ਦੀ ਮਹਿਮਾ ਗਾਇਨ ਕਰਦੇ ਹਨ ਪ੍ਰੰਤੁ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਹੀ ਵਾਹਿਗੁਰੂ ਦੀ ਪ੍ਰੇਮ-ਮਈ ਉਪਾਸ਼ਨਾ ਪਰਾਪਤ ਹੁੰਦੀ ਹੈ। ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥੬॥੪॥੧੦॥ ਸ਼ਹਿਰ ਦੇ ਵੱਡੇ ਆਦਮੀ ਇਕੱਠੇ ਹੋ ਕੇ ਗਏ ਅਤੇ ਵੱਡੇ ਸੱਚੇ ਗੁਰਾਂ ਦੀ ਪਨਾਹ ਲਈ। ਤੁਖਾਰੀ ਛੰਤ ਮਹਲਾ ੫ ਤੁਖਾਰੀ ਛੰਤ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ ॥ ਹੇ ਮੇਰੇ ਪ੍ਰੀਤਮ! ਮੈਂ ਤੇਰੇ ਉਤੋਂ ਕੁਰਬਾਨ ਜਾਂਦਾ ਹਾਂ। ਗੁਰਾਂ ਦੇ ਰਾਹੀਂ ਮੈਂ ਆਪਣੀ ਜਿੰਦੜੀ ਤੈਨੂੰ ਸਮਰਪਨ ਕਰ ਦਿੱਤੀ ਹੈ। ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥ ਤੇਰੀ ਬਾਣੀ ਸੁਣ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਇਹੁ ਮਨੁ ਭੀਨਾ ਜਿਉ ਜਲ ਮੀਨਾ ਲਾਗਾ ਰੰਗੁ ਮੁਰਾਰਾ ॥ ਮੱਛੀ ਦੇ ਪਾਣੀ ਵਿੱਚ ਹੋਣ ਦੀ ਲਿਆਈ ਇਹ ਚਿੱਤ ਖੁਸ਼ ਹੈ ਅਤੇ ਹੰਕਾਰ ਦੇ ਵੇਰੀ, ਹਰੀ ਨਾਲ ਪ੍ਰੇਮ ਅੰਦਰ ਜੁੜਿਆ ਹੋਇਆ ਹੈ। ਕੀਮਤਿ ਕਹੀ ਨ ਜਾਈ ਠਾਕੁਰ ਤੇਰਾ ਮਹਲੁ ਅਪਾਰਾ ॥ ਤੇਰਾ ਮੁੱਲ, ਹੇ ਸੁਆਮੀ! ਦੱਸਿਆ ਨਹੀਂ ਜਾ ਸਕਦਾ। ਲਾਸਾਨੀ ਹੈ ਤੇਰਾ ਮੰਦਰ। ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥ ਹੇ ਸਾਰੀਆਂ ਨੇਕੀਆਂ ਬਖਸ਼ਣਹਾਰ ਪ੍ਰਭੂ! ਤੂੰ ਇਕ ਮਸਕੀਨ ਮਲੁੱਖ ਦੀ ਪ੍ਰਾਰਥਨਾ ਸੁਣ। ਦੇਹੁ ਦਰਸੁ ਨਾਨਕ ਬਲਿਹਾਰੀ ਜੀਅੜਾ ਬਲਿ ਬਲਿ ਕੀਨਾ ॥੧॥ ਤੂੰ ਨਾਨਕ ਨੂੰ ਆਪਣਾ ਦੀਦਾਰ ਬਖਸ਼ ਹੇ ਸੁਆਮੀ! ਉਹ ਤੇਰੇ ਉਤੋਂ ਸਦਕੇ ਜਾਂਦਾ ਹੈ ਅਤੇ ਉਸ ਦੀ ਜਿੰਦੜੀ ਭੀ ਤੇਰੇ ਉਤੋਂ ਵਾਰਨੇ ਵਾਰਨੇ ਜਾਂਦੀ ਹੈ। ਇਹੁ ਤਨੁ ਮਨੁ ਤੇਰਾ ਸਭਿ ਗੁਣ ਤੇਰੇ ॥ ਇਹ ਦੇਹਿ ਤੇ ਆਤਮਾ ਤੇਰੀਆਂ ਹਨ, ਹੇ ਪ੍ਰਭੂ! ਅਤੇ ਸਮੁਹ ਨੇਕੀਆਂ ਭੀ ਤੇਰੇ ਵਿੱਚ ਹੀ ਹਨ। ਖੰਨੀਐ ਵੰਞਾ ਦਰਸਨ ਤੇਰੇ ॥ ਤੇਰੇ ਦੀਦਾਰ ਉਤੋਂ ਮੇਰਾ ਅੰਗ ਅੰਗ ਕੁਰਬਾਨ ਜਾਂਦਾ ਹੈ। ਦਰਸਨ ਤੇਰੇ ਸੁਣਿ ਪ੍ਰਭ ਮੇਰੇ ਨਿਮਖ ਦ੍ਰਿਸਟਿ ਪੇਖਿ ਜੀਵਾ ॥ ਤੂੰ ਸੁਣ ਹੇ ਮੇਰੇ ਮਾਲਕ! ਜੇਕਰ ਆਪਣੀਆਂ ਅੱਖਾਂ ਨਾਲ ਮੈਂ ਤੇਰੇ ਦੀਦਾਰ ਨੂੰ ਇਕ ਮੁਹਤ ਭਰ ਲਈ ਭੀ ਵੇਖ ਲਵਾਂ ਤਦ ਹੀ ਮੈਂ ਜੀਉਂਦੀ ਰਹਿੰਦੀ ਹਾਂ। ਅੰਮ੍ਰਿਤ ਨਾਮੁ ਸੁਨੀਜੈ ਤੇਰਾ ਕਿਰਪਾ ਕਰਹਿ ਤ ਪੀਵਾ ॥ ਮੈਂ ਸੁਣਦੀ ਹਾਂ ਤੇਰਾ ਨਾਮ ਆਬਿ-ਹਿਯਾਤ ਹੈ। ਜੇਕਰ ਤੂੰ ਮੇਰੇ ਤੇ ਰਹਿਮਤ ਘਾਰੇ ਕੇਵਲ ਤਦ ਹੀ ਮੈਂ ਇਸ ਨੂੰ ਪਾਨ ਕਰ ਸਕਦੀ ਹਾਂ। ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕੁ ਬੂੰਦੇਰੇ ॥ ਪਪੀਹੇ ਦੀ ਮੀਂਹ ਦੀ ਕਣੀ ਦੇ ਲਿਆਈ ਮੇਰੀ ਤੇਰੇ ਲਈ ਉਮੀਦ ਅਤੇ ਤਰੇਹ ਹੈ, ਹੈ ਮੇਰੇ ਕੰਤ! ਕਹੁ ਨਾਨਕ ਜੀਅੜਾ ਬਲਿਹਾਰੀ ਦੇਹੁ ਦਰਸੁ ਪ੍ਰਭ ਮੇਰੇ ॥੨॥ ਗੁਰੂ ਜੀ ਆਖਦੇ ਹਨ ਮੇਰੀ ਜਿੰਦੜੀ ਤੇਰੇ ਉਤੋਂ ਘੋਲੀ ਜਾਂਦੀ ਹੈ, ਤੂੰ ਮੈਨੂੰ ਆਪਦਾ ਦੀਦਾਰ ਬਖਸ਼, ਹੇ ਸੁਆਮੀ! ਤੂ ਸਾਚਾ ਸਾਹਿਬੁ ਸਾਹੁ ਅਮਿਤਾ ॥ ਤੂੰ ਸੱਚਾ ਸੁਆਮੀ ਅਤੇ ਹੱਦ ਬੰਨਾ-ਰਹਿਤ ਸੁਲਤਾਨ ਹੈ। ਤੂ ਪ੍ਰੀਤਮੁ ਪਿਆਰਾ ਪ੍ਰਾਨ ਹਿਤ ਚਿਤਾ ॥ ਤੂੰ ਮੇਰਾ ਪ੍ਰੀਤਵਾਨ ਦਿਲਬਰ ਹੈ ਅਤੇ ਮੇਰੀ ਜਿੰਦ ਜਾਨ ਤੇ ਮਨ ਨੂੰ ਪਿਆਰਾ ਲਗਦਾ ਹੈ। ਪ੍ਰਾਨ ਸੁਖਦਾਤਾ ਗੁਰਮੁਖਿ ਜਾਤਾ ਸਗਲ ਰੰਗ ਬਨਿ ਆਏ ॥ ਤੂੰ ਮੇਰੀ ਜਿੰਦੜੀ ਨੂੰ ਆਰਾਮ ਬਖਸ਼ਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ। ਤੰੇਨੂੰ ਪਿਆਰ ਕਰਨਾ ਹਰ ਇਕ ਲਈ ਯੋਗ ਹੈ। ਸੋਈ ਕਰਮੁ ਕਮਾਵੈ ਪ੍ਰਾਣੀ ਜੇਹਾ ਤੂ ਫੁਰਮਾਏ ॥ ਜੀਵ ਉਹੀ ਕੰਮ ਕਰਦਾ ਹੈ ਜਿਹੋ ਜਿਹੇ ਤੂੰ ਹੁਕਮ ਕਰਦਾ ਹੈ, ਹੇ ਸੁਆਮੀ! ਜਾ ਕਉ ਕ੍ਰਿਪਾ ਕਰੀ ਜਗਦੀਸੁਰਿ ਤਿਨਿ ਸਾਧਸੰਗਿ ਮਨੁ ਜਿਤਾ ॥ ਜਿਸ ਉਤੇ ਤੇਰੀ ਮਿਹਰ ਹੈ, ਹੇ ਸ਼ਿ੍ਹਸ਼ਟੀ ਦੇ ਸੁਆਮੀ! ਉਹ ਸਤਿਸੰਗਤ ਅੰਦਰ ਆਪਣੇ ਮਨੂਏ ਤੇ ਕਾਬੂ ਪਾ ਲੈਂਦਾ ਹੈ। ਕਹੁ ਨਾਨਕ ਜੀਅੜਾ ਬਲਿਹਾਰੀ ਜੀਉ ਪਿੰਡੁ ਤਉ ਦਿਤਾ ॥੩॥ ਗੁਰੂ ਜੀ ਆਖਦੇ ਹਨ, ਮੇਰੀ ਜਿੰਦੜੀ! ਤੇਰੇ ਉਤੋਂ ਕੁਰਬਾਨ ਹੈ। ਹੇ ਮੇਰੇ ਵਾਹਿਗੁਰੂ! ਤੂੰ ਮੈਨੂੰ ਜਿੰਦਜਾਨ ਅਤੇ ਦੇਹਿ ਪਰਦਾਨ ਕੀਤੇ ਹਨ। ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥ ਮੈਂ ਨੇਕੀ-ਵਿਹੁਣ ਦੀ ਪ੍ਰਭੂ ਨੇ ਆਪਣੇ ਸਾਧੂਆਂ ਦੀ ਖਾਤਰ ਰੱਖਿਆ ਕੀਤੀ ਹੈ। ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥ ਸੱਚੇ ਗੁਰਾਂ ਨੇ ਮੈਂ ਗੁਨਾਹਗਾਰ ਦੇ ਐਬ ਕੱਜ ਲਏ ਹਨ। ਢਾਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖਦਾਤੇ ॥ ਮੇਰਾ ਸੁਆਮੀ ਮੇਰੇ ਐਬ ਕਜਦਾ ਹੈ। ਉਹ ਮੇਰੀ ਜਿੰਦੜੀ ਜਿੰਦ ਜਾਨ ਅਤੇ ਆਰਾਮ ਬਖਸ਼ਣਹਾਰ ਹੈ। ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਬਿਧਾਤੇ ॥ ਸਦੀਵੀ-ਸਥਿਰ, ਸਦਾ-ਹਾਜ਼ਰ ਨਾਜ਼ਰ ਸਰਬ-ਵਿਆਪਕ ਅਤੇ ਸਰਬ-ਸ਼ਕਤੀਵਾਨ ਹੈ ਮੇਰਾ ਸਿਰਜਣਹਾਰ-ਸਾਹਿਬ। ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥ ਤੇਰੀ ਸਾਰੀ ਮਹਿਮਾ, ਹੇ ਸੁਆਮੀ! ਉਚਾਰਨ ਕੀਤੀ ਨਹੀਂ ਜਾ ਸਕਦੀ। ਕੌਣ ਆਖ ਸਕਦਾ ਹੈ ਤੂੰ ਕਦੋਕ ਦਾ ਹੈ? ਨਾਨਕ ਦਾਸੁ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥ ਗੋਲਾ ਨਾਨਕ ਉਸ ਤੋਂ ਕੁਰਬਾਨ ਜਾਂਦਾ ਹੈ, ਜਿਸ ਦੇ ਰਾਹੀਂ ਉਸ ਨੂੰ ਹੈ ਵਾਹਿਗੁਰੂ! ਤੇਰੇ ਨਾਮ ਦੇ ਕਿਣਕੇ ਮਾਤਰ ਦੀ ਦਾਤ ਪਰਦਾਨ ਹੁੰਦੀ ਹੈ। copyright GurbaniShare.com all right reserved. Email |