Page 1167

ਜਉ ਗੁਰਦੇਉ ਬੁਰਾ ਭਲਾ ਏਕ ॥
ਜਦ ਰੱਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ, ਬੰਦਾ ਮੰਦੇ ਤੇ ਚੰਗੇ ਨੂੰ ਇਕ ਜੈਸਾ ਜਾਣਦਾ ਹੈ।

ਜਉ ਗੁਰਦੇਉ ਲਿਲਾਟਹਿ ਲੇਖ ॥੫॥
ਜਦ ਰਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ ਤਾਂ ਉਸ ਦੇ ਮਥੇ ਤੇ ਚੰਗੀ ਪ੍ਰਾਲਭਧ ਲਿਖੀ ਹੁੰਦੀ ਹੈ।

ਜਉ ਗੁਰਦੇਉ ਕੰਧੁ ਨਹੀ ਹਿਰੈ ॥
ਜਦ ਗੁਰੂ-ਪ੍ਰਮੇਸ਼ਰ ਦਇਆਲ ਹੁੰਦੇ ਹਨ ਦੇਹਿ ਕੰਧ ਭੁਰਤੀ ਨਹੀਂ।

ਜਉ ਗੁਰਦੇਉ ਦੇਹੁਰਾ ਫਿਰੈ ॥
ਜਦ ਗੁਰੂ-ਪ੍ਰਮੇਸ਼ਰ ਦਇਆਲ ਹੁੰਦੇ ਹਨ ਤਾਂ ਮੰਦਰ ਪ੍ਰਾਨੀ ਵੱਲ ਨੂੰ ਘੁੰਮ ਜਾਂਦਾ ਹੈ।

ਜਉ ਗੁਰਦੇਉ ਤ ਛਾਪਰਿ ਛਾਈ ॥
ਜਦ ਗੁਰੂ-ਪ੍ਰਮੇਸ਼ਰ ਦਇਆਲ ਹੁੰਦੇ ਹਨ ਤਾ ਛਪਰ ਬੰਨ੍ਹ ਦਿਤਾ ਜਾਂਦਾ ਹੈ।

ਜਉ ਗੁਰਦੇਉ ਸਿਹਜ ਨਿਕਸਾਈ ॥੬॥
ਜਦ ਗੁਰੂ-ਪ੍ਰਮੇਸ਼ਰ ਦਇਆਲ ਹੋ ਜਾਂਦੇ ਹਨ ਤਾਂ ਪੰਜਾ ਪਾਣੀ ਵਿਚੋਂ ਨਿਕਲ ਆਉਂਦਾ ਹੈ।

ਜਉ ਗੁਰਦੇਉ ਤ ਅਠਸਠਿ ਨਾਇਆ ॥
ਜਦ ਰਬ ਰੂਪ ਗੁਰੂ ਰਹਿਮਤ ਦੇ ਘਰ ਆਉਂਦੇ ਹਨ ਤਾਂ ਅਠਾਹਟ ਦੀਰਥਾਂ ਦਾ ਇਸ਼ਨਾਨ ਕਰ ਲਿਆ ਮੰਨਿਆ ਜਾਂਦਾ ਹੈ।

ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥
ਜਦ ਈਸ਼ਵਰ ਰੂਪ ਗੁਰੂ ਮਿਹਰ ਦੇ ਘਰ ਆਉਂਦੇ ਹਨ ਤਾਂ ਬੰਦੇ ਦਾ ਆਪਣੇ ਸਰੀਰ ਤੇ ਚੱਕਰ ਦਾ ਲਾਉਣਾ ਜਾਣ ਲਿਆ ਜਾਂਦਾ ਹੈ।

ਜਉ ਗੁਰਦੇਉ ਤ ਦੁਆਦਸ ਸੇਵਾ ॥
ਜਦ ਰਬ ਰੂਪ ਗੁਰੂ ਜੀ ਮਿਹਰ ਦੇ ਘਰ ਆਉਂਦੇ ਹਨ ਤਾਂ ਬੰਦੇ ਦੀਆਂ ਬਾਰਾ ਉਪਾਸ਼ਨਾ ਕੀਤੀਆਂ ਜਾਣ ਲਈਆਂ ਜਾਂਦੀਆਂ ਹਨ।

ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥
ਜਦ ਈਸ਼ਵਰ ਸਰੂਪ ਗੁਰੂ ਜੀ ਰਹਿਮਤ ਦੇ ਘਰ ਵਸਦੇ ਹਨ, ਸਾਰੀਆਂ ਜ਼ਹਿਰਾਂ ਅੰਮ੍ਰਿਤਮਈ ਫਲ ਬਣ ਜਾਂਦੀਆਂ ਹਨ।

ਜਉ ਗੁਰਦੇਉ ਤ ਸੰਸਾ ਟੂਟੈ ॥
ਜਦ ਗੁਰੂ-ਪ੍ਰਮੇਸ਼ਰ ਦਇਆਲ ਹੋ ਜਾਂਦੇ ਹਨ ਤਾਂ ਜੀਵ ਦਾ ਭਰਮ ਦੂਰ ਹੋ ਜਾਂਦਾ ਹੈ।

ਜਉ ਗੁਰਦੇਉ ਤ ਜਮ ਤੇ ਛੂਟੈ ॥
ਜਦ ਗੁਰੂ-ਪ੍ਰਮੇਸ਼ਰ ਦਇਆਲ ਹੋ ਜਾਂਦੇ ਹਨ ਤਾਂ ਉਹ ਮੌਤ ਦੇ ਦੂਤ ਤੋਂ ਖਲਾਸੀ ਪਾ ਜਾਂਦਾ ਹੈ।

ਜਉ ਗੁਰਦੇਉ ਤ ਭਉਜਲ ਤਰੈ ॥
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਬੰਦਾ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

ਜਉ ਗੁਰਦੇਉ ਤ ਜਨਮਿ ਨ ਮਰੈ ॥੮॥
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ, ਤਦ ਉਹ ਨਾਂ ਜੰਮਦਾ ਹੈ ਲਾ ਹੀ ਮਰਦਾ ਹੈ।

ਜਉ ਗੁਰਦੇਉ ਅਠਦਸ ਬਿਉਹਾਰ ॥
ਜਦ ਗੁਰੂ-ਪ੍ਰਮੇਸ਼ਰ ਦਇਆਵਾਨ ਹੁੰਦੇ ਹਨ, ਇਨਸਾਨ ਅਠਾਰਾ ਪੁਰਾਣਾ ਦੇ ਕਾਰ-ਵਿਹਾਰਾਂ ਨੂੰ ਸਮਝ ਲੈਂਦਾ ਹੈ।

ਜਉ ਗੁਰਦੇਉ ਅਠਾਰਹ ਭਾਰ ॥
ਜਦ ਗੁਰੂ-ਪ੍ਰਮੇਸ਼ਰ ਦਇਆਵਾਨ ਹੁੰਦੇ ਹਨ, ਇਨਸਾਨ ਦਾ ਅਠਾਰਾ ਬੋਝ ਬਨਾਸਪਤੀ ਦੇ ਭੇਟਾ ਨਾਲ ਵਾਹਿਗੁਰੂ ਦਾ ਪੁਜਣਾ ਜਾਣ ਲਿਆ ਜਾਂਦਾ ਹੈ।

ਬਿਨੁ ਗੁਰਦੇਉ ਅਵਰ ਨਹੀ ਜਾਈ ॥
ਗੁਰੂ-ਪ੍ਰਮੇਸ਼ਰ ਦੇ ਬਗੈਰ ਹੋਰ ਕੋਈ ਆਰਾਮ ਦੀ ਜਗ੍ਹਾ ਨਹੀਂ।

ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥
ਨਾਮਦੇਵ ਨੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।

ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨
ਰਵਿਦਾਸ ਜੀ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਬਿਨੁ ਦੇਖੇ ਉਪਜੈ ਨਹੀ ਆਸਾ ॥
ਪ੍ਰਭੂ ਨੂੰ ਵੇਖਣ ਦੇ ਬਗੈਰ ਉਸ ਨੂੰ ਮਿਲਣ ਦੀ ਚਾਹਨਾ ਉਤਪੰਨ ਨਹੀਂ ਹੁੰਦੀ।

ਜੋ ਦੀਸੈ ਸੋ ਹੋਇ ਬਿਨਾਸਾ ॥
ਜਿਹੜਾ ਕੁਛ ਭੀ ਦਿਸਦਾ ਹੈ, ਉਹ ਨਾਸ ਹੋ ਜਾਏਗਾ।

ਬਰਨ ਸਹਿਤ ਜੋ ਜਾਪੈ ਨਾਮੁ ॥
ਜੋ, ਪ੍ਰਭੂ ਦੇ ਨਾਮ ਦਾ ਉਪਮਾ ਨਾਲ ਉਚਾਰਨ ਕਰਦਾ ਹੈ,

ਸੋ ਜੋਗੀ ਕੇਵਲ ਨਿਹਕਾਮੁ ॥੧॥
ਸਿਰਫ ਉਹ ਯੋਗੀ ਹੀ ਖਾਹਿਸ਼-ਰਹਿਤ ਹੈ।

ਪਰਚੈ ਰਾਮੁ ਰਵੈ ਜਉ ਕੋਈ ॥
ਜਦ ਕੋਈ ਜਣਾ ਪਿਆਰ ਨਾਲ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ,

ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥
ਵਾਹਿਗੁਰੂ ਰਸਾਇਣ ਨਾਲ ਛੂਹ ਕੇ, ਉਹ ਦਵੈਤ-ਭਾਵ ਤੋਂ ਛੁਟਕਾਰਾ ਪਾ ਜਾਂਦਾ ਹੈ। ਠਹਿਰਾਉ।

ਸੋ ਮੁਨਿ ਮਨ ਕੀ ਦੁਬਿਧਾ ਖਾਇ ॥
ਕੇਵਲ ਉਹ ਹੀ ਖਾਮੌਸ਼ ਰਿਸ਼ੀ ਹੈ, ਜੋ ਆਪਣੇ ਮਨੂਏ ਦੇ ਦਵੈਤ-ਭਾਵ ਨੂੰ ਨਾਸ ਕਰ ਦਿੰਦਾ ਹੈ।

ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥
ਗੁਰਾਂ ਦੇ ਦਰਵਾਜੇ ਦੀ ਪਨਾਹ ਲੈਨ ਦੇ ਬਗੈਰ, ਹੇ ਬੰਦੇ! ਤੂੰ ਕਿਸ ਤਰ੍ਹਾਂ ਤਿੰਨਾਂ ਜਹਾਨਾਂ ਦੇ ਸਾਈਂ ਵਿੱਚ ਲੀਨ ਹੋਵੇਗਾ?

ਮਨ ਕਾ ਸੁਭਾਉ ਸਭੁ ਕੋਈ ਕਰੈ ॥
ਹਰ ਇਕ ਇਨਸਾਨ ਆਪਣੇ ਚਿੱਤ ਦੀ ਆਦਤ ਅਨੁਸਾਰ ਕੰਮ ਕਰਦਾ ਹੈ।

ਕਰਤਾ ਹੋਇ ਸੁ ਅਨਭੈ ਰਹੈ ॥੨॥
ਜੋ, ਸਿਰਜਣਹਾਰ-ਸੁਆਮੀ ਦੇ ਨਾਲ ਜੁੜਿਆ ਹੋਇਆ ਹੈ, ਕੇਵਲ ਉਹ ਹੀ ਨਿੱਡਰ ਰਹਿੰਦਾ ਹੈ।

ਫਲ ਕਾਰਨ ਫੂਲੀ ਬਨਰਾਇ ॥
ਬਨਾਸਪਤੀ ਫਲ ਪੈਦਾ ਕਰਨ ਲਈ ਪ੍ਰਫੁਲਤ ਹੁੰਦੀ ਹੈ।

ਫਲੁ ਲਾਗਾ ਤਬ ਫੂਲੁ ਬਿਲਾਇ ॥
ਜਦ ਫਲ ਲੱਗ ਜਾਂਦਾ ਹੈ, ਤਦ ਫੁਲ ਨਾਸ ਹੋ ਜਾਂਦੇ ਹਨ।

ਗਿਆਨੈ ਕਾਰਨ ਕਰਮ ਅਭਿਆਸੁ ॥
ਬ੍ਰਹਮ ਬੋਧ ਦੀ ਖਾਤਰ ਧਾਰਮਕ ਕੰਮ ਕਮਾਏ ਜਾਂਦੇ ਹਨ।

ਗਿਆਨੁ ਭਇਆ ਤਹ ਕਰਮਹ ਨਾਸੁ ॥੩॥
ਜਦ ਬ੍ਰਹਮ-ਬੋਧ ਪਰਾਪਤ ਹੋ ਜਾਂਦਾ ਹੈ, ਤਦ ਕੰਮਾਂ ਦਾ ਖਾਤਮਾ ਹੋ ਜਾਂਦਾ ਹੇ।

ਘ੍ਰਿਤ ਕਾਰਨ ਦਧਿ ਮਥੈ ਸਇਆਨ ॥
ਘਿਉ ਦੇ ਵਾਸਤੇ, ਸਿਆਣੇ ਬੰਦੇ ਦਹੀ ਨੂੰ ਰਿੜਕਦੇ ਹਨ।

ਜੀਵਤ ਮੁਕਤ ਸਦਾ ਨਿਰਬਾਨ ॥
ਏਸੇ ਤਰ੍ਹਾਂ ਜਿਨ੍ਹਾਂ ਨੂੰ ਗਿਆਨ ਦੀ ਦਾਤ ਮਿਲ ਜਾਂਦੀ ਹੈ, ਉਹ ਜੀਉਂਦੇ ਜੀ ਮੁਕਤ ਹੋ ਜਾਂਦੇ ਹਨ ਅਤੇ ਸਦੀਵ ਹੀ ਨਿਰਲੇਪ ਰਹਿੰਦੇ ਹਨ।

ਕਹਿ ਰਵਿਦਾਸ ਪਰਮ ਬੈਰਾਗ ॥
ਰਵਿਦਾਸ ਜੀ ਆਖਦੇ ਹਨ, ਹੇ ਨਿਕਰਮਣ ਬੰਦੇ!

ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥
ਤੂੰ ਕਿਉਂ ਆਪਣੇ ਹਿਰਦੇ ਅੰਦਰ ਕਾਮਲ ਪ੍ਰੀਤ ਨਾਲ ਸੁਆਮੀ ਦਾ ਸਿਮਰਨ ਨਹੀਂ ਕਰਦਾ!

ਨਾਮਦੇਵ ॥
ਨਾਮ ਦੇਵ।

ਆਉ ਕਲੰਦਰ ਕੇਸਵਾ ॥
ਤੂੰ ਹੇ ਸੁੰਦਰ-ਕੇਸਾਂ ਵਾਲੇ ਵਾਹਿਗੁਰੂ ਮਦਾਰੀ,

ਕਰਿ ਅਬਦਾਲੀ ਭੇਸਵਾ ॥ ਰਹਾਉ ॥
ਸੰਤਾਂ ਵਾਲੀ ਪੁਸ਼ਾਕ ਪਹਿਰ ਕੇ ਆ ਜਾ! ਠਹਿਰਾਉ।

ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥
ਤੂੰ ਉਹ ਸਾਹਿਬ ਹੈ ਜਿਸ ਨੇ ਆਪਣੇ ਸੀਸ ਉਤੇ ਅਸਮਾਨ ਦਾ ਕੁੱਲਾ ਪਾਇਆ ਹੋਇਆ ਹੈ ਅਤੇ ਜਿਸ ਕੋਲ ਸੱਤੇ ਪਾਤਾਲ ਸਲੀਪਰਾਂ ਵਜੋਂ ਹਨ।

ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥
ਸਾਰੇ ਖੱਲ-ਪਹਿਰਣ ਵਾਲੇ ਤੇਰੇ ਮਹਿਲ ਹਨ। ਇਸ ਤਰੀਕੇ ਨਾਲ ਤੂੰ ਸੁੰਦਰ ਦਿਸੱਦਾ ਹੈਂ, ਹੈ ਸੰਸਾਰ ਦੇ ਪਾਲਣ ਪੋਸਣਹਾਰ!

ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥
ਛਪੰਜਾ ਕ੍ਰੋੜ ਬੱਦਲ ਤੇਰਾ ਚੋਗਾ ਹਨ, ਅਤੇ ਸੋਲਾਂ ਹਜਾਰ ਰਾਣੀਆਂ ਤੇਰਾ ਪਜਾਮਾ।

ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥
ਅਠਾਰਾਂ ਬੋਝ ਬਨਾਸਪਤੀ ਤੇਰਾ ਮੁਤਕਹਰ ਹੈ ਅਤੇ ਸਾਰਾ ਜਹਾਨ ਤੇਰੀ ਥਾਲੀ ਹੈ।

ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥
ਮਨੁਖਾ ਦੇਹ ਮਸੀਤ ਹੈ ਅਤੇ ਮਨੂਆ ਮੌਲਵੀ ਜੋ ਸ਼ਾਤੀ ਨਾਲ ਨਮਾਜ਼ ਪੜ੍ਹਦਾ ਹੈ।

ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥
ਬੇਗਮ ਲਖਸ਼ਮੀ ਨਾਲ ਤੇਰਾ ਵਿਆਹ ਹੋਇਆ ਹੋਇਆ ਹੈ ਅਤੇ ਉਸ ਦੇ ਰਾਹੀਂ, ਹੇ ਸਰੂਪ-ਰਹਿਤ ਸੁਆਮੀ! ਤੂੰ ਸਰੂਪ-ਰਹਿਤ ਜਾਪਦਾ ਹੈ।

ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥
ਜਦ ਮੈਂ ਤੇਰੀ ਪਿਆਰੀ-ਉਪਾਸ਼ਨਾ ਕਰ ਰਿਹਾ ਸੀ, ਤੂੰ ਮੇਰੇ ਛੈਣੇ ਖੁਹਾ ਦਿਤੇ। ਮੈਂ ਕੀਹਦੇ ਕੋਲ ਸ਼ਿਕਾਇਤ ਕਰਾਂ?

ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥
ਦਿਲਾਂ ਦੀਆਂ ਜਾਣਨਹਾਰ, ਨਾਮੇ ਦਾ ਸਾਹਿਬ, ਮੁਲਕ-ਰਹਿਤ ਹੋਣ ਦੇ ਬਾਵਜੂਦ, ਹਰ ਥਾਂ ਰਟਨ ਕਰ ਰਿਹਾ ਹੈ।

copyright GurbaniShare.com all right reserved. Email