ਕਾਨੜਾ ਛੰਤ ਮਹਲਾ ੫ ਕਾਨੜਾ ਛੰਦ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸੇ ਉਧਰੇ ਜਿਨ ਰਾਮ ਧਿਆਏ ॥ ਕੇਵਲ ਉਨ੍ਹਾਂ ਦਾ ਹੀ ਹੀ ਪਾਰ ਉਤਾਰਾ ਹੁੰਦਾ ਹੈ, ਜੋ ਆਪਣੇ ਸਾਈਂ ਦਾ ਸਿਮਰਨ ਕਰਦੇ ਹਨ। ਜਤਨ ਮਾਇਆ ਕੇ ਕਾਮਿ ਨ ਆਏ ॥ ਧੰਨ ਦੋਲਤ ਇਕੱਤਰ ਕਰਨ ਲਈ ਕੀਤੇ ਉਪਰਾਲੇ ਬੰਦੇ ਦੇ ਕੰਮ ਨਹੀਂ ਆਉਂਦੇ। ਰਾਮ ਧਿਆਏ ਸਭਿ ਫਲ ਪਾਏ ਧਨਿ ਧੰਨਿ ਤੇ ਬਡਭਾਗੀਆ ॥ ਜੋ ਆਪਣੇ ਪ੍ਰਭੂ ਦਾ ਆਰਾਧਨ ਕਰਦੇ ਹਨ, ਉਨ੍ਹਾਂ ਨੂੰ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ। ਮੁਬਾਰਕ, ਮੁਬਾਰਕ ਅਤੇ ਭਾਰੇ ਨਸੀਬਾਂ ਵਾਲੇ ਹਨ ਉਹ। ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ ॥ ਉਹ ਸਾਧ ਸੰਗਤ ਅੰਦਰ ਜਾਗਦੇ ਰਹਿੰਦੇ ਹਨ, ਨਾਮ ਨਾਲ ਜੁੜ ਜਾਂਦੇ ਹਨ ਅਤੇ ਇਕ ਪ੍ਰਭੂ ਨਾਲ ਪ੍ਰੀਤ ਪਾਉਂਦੇ ਹਨ। ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ ॥ ਸੰਤਾਂ ਦੀ ਦਇਆ ਦੁਆਰਾ, ਮੈਂ ਹੰਗਤਾ, ਮਮਤਾ ਤੇ ਪਾਪ ਛੱਡ ਦਿਤੇ ਹਨ ਅਤੇ ਉਨ੍ਹਾਂ ਦੇ ਪੈਰੀ ਪੈ ਕੇ, ਮੇਰਾ ਪਾਰ ਉਤਾਰਾ ਹੋ ਗਿਆ ਹੈ। ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ ॥੧॥ ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਪ੍ਰਭੂ ਦੀ ਪਨਾਹ ਲਈ ਹੈ ਅਤੇ ਭਾਰੇ ਚੰਗੇ ਨਸੀਬਾ ਰਾਹੀਂ ਮੈਨੂੰ ਉਸ ਦਾ ਦੀਦਾਰ ਪ੍ਰਾਪਤ ਹੋ ਗਿਆ ਹੈ। ਮਿਲਿ ਸਾਧੂ ਨਿਤ ਭਜਹ ਨਾਰਾਇਣ ॥ ਇਕੱਠੇ ਹੋ ਸੰਤ ਸਦਾ ਹੀ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ। ਰਸਕਿ ਰਸਕਿ ਸੁਆਮੀ ਗੁਣ ਗਾਇਣ ॥ ਸੁਆਦ ਅਤੇ ਪ੍ਰੇਮ ਨਾਲ ਉਹ ਸਾਈਂ ਦੀਆਂ ਸਿਫਤਾਂ ਗਾਉਂਦੇ ਹਨ। ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ ॥ ਉਹ ਹਰੀ ਦੀ ਮਹਿਮਾ ਗਾ ਕੇ ਜੀਉਂਦੇ ਹਨ, ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ ਅਤੇ ਉਨ੍ਹਾਂ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ। ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ ॥ ਸਾਧ ਸੰਗਤ ਕਰਨ ਅਤੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਮੁੜ ਕੇ ਕਸ਼ਟ ਨਹੀਂ ਉਠਾਉਂਦਾ। ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ ॥ ਜਿਸ ਕਿਸੇ ਉਤੇ ਸਰਬ-ਸ਼ਕਤੀਵਾਨ ਅਤੇ ਦਾਤਾਰ ਸਿਰਜਣਹਾਰ ਸੁਆਮੀ ਦੀ ਮਿਹਰ ਹੈ, ਉਹ ਸਾਧੂਆਂ ਦੀ ਟਹਿਲ ਕਮਾਉਂਦਾ ਹੈ। ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸਿ ਸਹਜਿ ਸਮਾਇਣ ॥੨॥ ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ! ਮੈਂ ਤੇਰੇ ਸੰਤਾਂ ਦੇ ਪੈਰਾ ਦੀ ਧੂੜ ਲੋਚਦਾ ਹਾਂ, ਤਾਂ ਜੋ ਮੈਂ ਸੁਤੇ ਸਿਧ ਹੀ ਤੇਰੇ ਦੀਦਾਰ ਵਿੱਚ ਲੀਨ ਹੋ ਜਾਵਾਂ। ਸਗਲੇ ਜੰਤ ਭਜਹੁ ਗੋਪਾਲੈ ॥ ਸਾਰਿਆਂ ਪ੍ਰਾਣੀਆਂ ਨੂੰ ਸੰਸਾਰ ਦੇ ਪਾਲਣ-ਪੋਸਣਹਾਰ, ਆਪਣੇ ਪ੍ਰਭੂ ਦਾ ਸਿਮਰਨ ਕਰਨਾ ਉਚਿਤ ਹੈ। ਜਪ ਤਪ ਸੰਜਮ ਪੂਰਨ ਘਾਲੈ ॥ ਸੁਆਮੀ ਦੇ ਸਿਮਰਨ ਅੰਦਰ ਪੂਜਾ ਪਾਠ, ਤਪਸਿਆ ਸਵੈ-ਸੰਜਮ ਅਤੇ ਪੂਰੀ ਟਹਿਲ ਸੇਵਾ ਦਾ ਫਲ ਆ ਜਾਂਦਾ ਹੈ। ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥ ਅੰਦਰਲੀਆਂ ਜਾਣਨਹਾਰ ਸਾਹਿਬ ਦਾ ਸਦੀਵੀ ਸਿਮਰਨ ਕਰਨ ਦੁਆਰਰਾ, ਸਾਰਾ ਜੀਵਨ ਫਲਦਾਇਕ ਹੋ ਜਾਂਦਾ ਹੈ। ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ ॥ ਜੋ ਕੋਈ ਭੀ ਸ਼੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ ਅਤੇ ਸਦਾ ਉਸਨੂੰ ਸਿਮਰਦਾ ਹੈ, ਇਸ ਜਗ੍ਹਾ ਅੰਦਰ ਉਸ ਦਾ ਆਉਣਾ ਕਬੂਲ ਪੈ ਜਾਂਦਾ ਹੈ। ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ ॥ ਪਵਿੱਤਰ ਪ੍ਰਭੂ ਦੇ ਨਾਮ ਦਾ ਸਿਮਰਨ ਹੀ ਮੇਰਾ ਪੂਜਾ ਪਾਠ, ਤਪੱਸਿਆ ਅਤੇ ਸਵੈ-ਜ਼ਬਤ ਹੈ। ਕੇਵਲ ਸਾਈਂ ਦੇ ਨਾਮ ਦੀ ਦੌਲਤ ਹੀ ਮੇਰੇ ਨਾਲ ਜਾਊਗੀ। ਬਿਨਵੰਤਿ ਨਾਨਕ ਕਰਿ ਦਇਆ ਦੀਜੈ ਹਰਿ ਰਤਨੁ ਬਾਧਉ ਪਾਲੈ ॥੩॥ ਗੁਰੂ ਜੀ ਬੇਨਤੀ ਕਰਦੇ ਹਨ, ਹੇ ਸੁਆਮੀ! ਮਿਹਰ ਧਾਰ ਕੇ, ਤੂੰ ਮੈਨੂੰ ਆਪਣੇ ਨਾਮ ਦਾ ਜਵੇਹਰ ਬਖਸ਼, ਤਾਂ ਜੋ ਮੈਂ ਇਸ ਨੂੰ ਆਪਣੇ ਪੱਲੇ ਬੰਨ੍ਹ ਲਵਾਂ। ਮੰਗਲਚਾਰ ਚੋਜ ਆਨੰਦਾ ॥ ਮੈਨੂੰ ਜਿੱਤ ਦੇ ਗੀਤਾਂ ਅਦਭੁਤ ਖੇਡਾਂ ਤੇ ਖੁਸ਼ੀ ਦੀ ਦਾਤ ਮਿਲ ਗਈ ਹੈ, ਕਰਿ ਕਿਰਪਾ ਮਿਲੇ ਪਰਮਾਨੰਦਾ ॥ ਜਿਉਂ ਮਹਾਨ ਪ੍ਰਸੰਨਤਾ ਦਾ ਸੁਆਮੀ, ਮਿਹਰ ਧਾਰ ਕੇ ਮੈਨੂੰ ਮਿਲ ਪਿਆ ਹੈ। ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ ॥ ਆਰਾਮ ਦਾ ਹਲਕਾਰਾ ਵਾਹਿਗੁਰੂ ਸਾਂਈਂ, ਮੈਨੂੰ ਮਿਲ ਪਿਆ ਹੈ ਤੇ ਮੇਰੇ ਚਿੱਤ ਦੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ। ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ ॥ ਲੋਕ ਮੈਨੂੰ ਮੁਬਾਰਕਬਾਦਾਂ ਦਿੰਦੇ ਹਨ, ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ ਅਤੇ ਮੈਂ, ਮੁੜ ਕੇ ਪੀੜ ਅੰਦਰ ਨਹੀਂ ਰੋਵਾਂਗਾ। ਲੇ ਕੰਠਿ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ॥ ਸੁਆਮੀ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਮੈਨੂੰ ਖੁਸ਼ੀ ਬਖਸ਼ੀ ਹੈ ਅਤੇ ਮੈਂ ਸਾਰਿਆਂ ਮੰਦੇ ਪਾਪਾਂ ਤੋਂ ਖਲਾਸੀ ਪਾ ਗਿਆ ਹਾਂ। ਬਿਨਵੰਤਿ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ॥੪॥੧॥ ਗੁਰੂ ਜੀ ਬਿਨੇ ਕਰਦੇ ਹਨ, ਮੈਂ ਮਹਾਨ ਪ੍ਰਸੰਨਤਾ ਦੇ ਸਰੂਪ ਆਪਣੇ ਸਾਈਂ ਹਰੀ ਨੂੰ ਮਿਲ ਪਿਆ ਹਾਂ। ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ ਕਾਨੜੇ ਕੀ ਵਾਰ ਚੌਥੀ ਪਾਤਿਸ਼ਾਹੀ। ਮੂਸੇ ਦੀ ਵਾਰ ਦੀ ਸੁਰ ਤੇ ਗਾਉਣੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਸਲੋਕ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ ॥ ਗੁਰਾਂ ਦੇ ਊਪਦੇਸ਼ ਦੁਆਰਾ, ਤੂੰ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਦੇ ਖਜਾਨੇ ਨੂੰ ਟਿਕਾਈ ਰੱਖ। ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ ॥ ਆਪਣੀ ਸਵੈ-ਹੰਗਤਾ ਦੀ ਜਹਿਰ ਨੂੰ ਤਿਆਗ ਕੇ, ਤੂੰ ਸਦਾ ਹੀ ਸੁਆਮੀ ਦੇ ਗੋਲਿਆਂ ਦਾ ਗੋਲਾ ਬਣਿਆ ਰਹੁ। ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥ ਇਸ ਤਰ੍ਹਾਂ ਤੂੰ ਆਪਣੇ ਜੀਵਨ ਦੇ ਖਜਾਨੇ ਨੂੰ ਜਿੱਤ ਕੇ ਕਦਾਚਿੱਤ ਸ਼ਿਕਸਤ ਨਹੀਂ ਉਠਾਵੇਗਾਂ। ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥ ਮੁਬਾਰਕ, ਮੁਬਾਰਕ, ਅਤੇ ਭਾਰੇ ਨਸੀਬਾਂ ਵਾਲੇ ਹਨ ਉਹ, ਹੇ ਨਾਨਕ! ਜੋ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਅੰਮ੍ਰਿਤ ਦੀ ਸੰਭਾਲ ਕਰਦੇ ਹਨ। ਮਃ ੪ ॥ ਚੌਥੀ ਪਾਤਿਸ਼ਾਹੀ। ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥ ਵਾਹਿਗੁਰੂ ਅਕਾਲ ਪੁਰਖ, ਹਾਂ ਵਾਹਿਗੁਰੂ ਅਕਾਲ ਪੁਰਖ, ਸੰਸਾਰ ਦਾ ਸੁਆਮੀ ਹੀ ਨੇਕੀਆਂ ਦਾ ਖ਼ਜ਼ਾਨਾ ਹੈ। ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨੁ ॥ ਗੁਰਾਂ ਦੇ ਉਪਦੇਸ਼ ਰਾਹੀਂ, ਜੇਕਰ ਅਸੀਂ ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਕਰੀਏ ਤਦ ਸਾਨੂੰ ਪ੍ਰਭੂ ਦੇ ਦਰਬਾਰ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ। copyright GurbaniShare.com all right reserved. Email |