Page 1311

ਪੰਕਜ ਮੋਹ ਨਿਘਰਤੁ ਹੈ ਪ੍ਰਾਨੀ ਗੁਰੁ ਨਿਘਰਤ ਕਾਢਿ ਕਢਾਵੈਗੋ ॥
ਫਾਨੀ ਬੰਦਾ ਸੰਸਾਰੀ ਮਮਤਾ ਦੇ ਚਿੱਕੜ ਅੰਦਰ ਗਰਕ ਹੁੰਦਾ ਜਾ ਰਿਹਾ ਹੈ ਅਤੇ ਗੁਰੂ ਜੀ ਉਸ ਨੂੰ ਗਰਕ ਹੋਣ ਤੋਂ ਬਚਾਅ ਲੈਂਦੇ ਹਨ।

ਤ੍ਰਾਹਿ ਤ੍ਰਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ਨਿਕਲਾਵੈਗੋ ॥੪॥
ਜਦ ਆਦਮੀ " ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ " ਕਹਿੰਦਾ ਹੋਇਆ ਗੁਰਾ ਦੀ ਸ਼ਰਣਾਗਤ ਆਉਂਦਾ ਹੈ, ਤਾਂ ਗੁਰੁ ਜੀ ਆਪਣਾ ਹੱਥ ਦੇ ਕੇ ਉਸ ਨੂੰ ਬਾਹਰ ਕੱਢ ਲੈਂਦੇ ਹਨ।

ਸੁਪਨੰਤਰੁ ਸੰਸਾਰੁ ਸਭੁ ਬਾਜੀ ਸਭੁ ਬਾਜੀ ਖੇਲੁ ਖਿਲਾਵੈਗੋ ॥
ਸਾਰਾ ਜਹਾਨ ਸੁਫਨੇ ਦੀ ਖੇੜ ਦੀ ਮਾਨੰਦ ਹੈ। ਸੁਆਮੀ ਸਾਰੀ ਖੇਡ ਅਤੇ ਲੀਲ੍ਹਾ ਨੂੰ ਖੁਦ ਹੀ ਖਿਡਾਉਂਦਾ ਹੈ।

ਲਾਹਾ ਨਾਮੁ ਗੁਰਮਤਿ ਲੈ ਚਾਲਹੁ ਹਰਿ ਦਰਗਹ ਪੈਧਾ ਜਾਵੈਗੋ ॥੫॥
ਜੇਕਰ ਬੰਦਾ ਗੁਰਾ ਦੇ ਉਪਦੇਸ਼ ਤਾਬੇ ਨਾਮ ਦਾ ਮੁਨਾਫਾ ਕਮਾ ਕੇ ਕੂਚ ਕਰੇ ਤਦ ਉਹ ਪ੍ਰਭਤਾ ਦੀ ਪੁਸ਼ਾਕ ਪਾ ਕੇ ਪ੍ਰਭੂ ਦੇ ਦਰਬਾਰ ਨੂੰ ਜਾਂਦਾ ਹੈ।

ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇਲੇ ਆਨਿ ਜਮਾਵੈਗੋ ॥
ਹੰਕਾਰ ਅੰਦਰ ਬੰਦਾ ਕੰਮ ਕਰਦਾ ਹੈ, ਹੰਕਾਰ ਅੰਦਰ ਹੀ ਉਹ ਹੋਰਨਾ ਤੋਂ ਕਰਾਉਂਦਾ ਹੈ ਤੇ ਹੰਕਾਰ ਅੰਦਰ ਹੀ ਉਹ ਗੁਨਾਹ ਦੀ ਕਾਲਕ ਨੂੰ ਲਿਆਉਂਦਾ ਅਤੇ ਜਮ੍ਹਾ ਕਰਦਾ ਹੈ।

ਆਇਆ ਕਾਲੁ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈਗੋ ॥੬॥
ਜਦ ਮੌਤ ਆ ਜਾਂਦੀ ਹੈ, ਉਸ ਨੂੰ ਤਕਲੀਫ ਹੁੰਦੀ ਹੈ ਕਿਉਂਕਿ ਬੰਦੇ ਨੂੰ ਉਹ ਕੁਛ ਖਾਣਾ ਪੈਦਾ ਹੈ ਜਿਹੜਾ ਉਸ ਨੇ ਬੀਜਿਆ ਹੁੰਦਾ ਹੈ?

ਸੰਤਹੁ ਰਾਮ ਨਾਮੁ ਧਨੁ ਸੰਚਹੁ ਲੈ ਖਰਚੁ ਚਲੇ ਪਤਿ ਪਾਵੈਗੋ ॥
ਹੇ ਸਾਧੂਓ! ਤੁਸੀਂ ਪ੍ਰਭੂ ਦੇ ਨਾਮ ਦੀ ਦੌਲਤ ਇੱਕਤਰ ਕਰੋ। ਜਕੇਰ ਤੁਸੀਂ ਇਹ ਸਫਰ-ਖਰਚ ਨੇ ਕੇ ਟੁਰੋਗੇ ਤਾਂ ਤੁਸੀਂ ਇਜ਼ਤ ਆਬਰੂ ਪਾਉਗੇ।

ਖਾਇ ਖਰਚਿ ਦੇਵਹਿ ਬਹੁਤੇਰਾ ਹਰਿ ਦੇਦੇ ਤੋਟਿ ਨ ਆਵੈਗੋ ॥੭॥
ਇਸ ਨੂੰ ਤੁਸੀਂ ਖੁਲ੍ਹੇ ਦਿਲ ਨਾਲ ਖਾਓ, ਖਰਚੋ ਅਤੇ ਦਾਨ ਵਿੱਚ ਦਿਓ ਅਤੇ ਵਾਹਿਗੁਰੂ ਤੁਹਾਨਨੂੰ ਇਸ ਤਰ੍ਹਾਂ ਦੇਵੇਗਾ ਕਿ ਤੁਹਾਨੂੰ ਕੋਈ ਕਮੀ ਨਹੀਂ ਵਾਪਰੇਗੀ।

ਰਾਮ ਨਾਮ ਧਨੁ ਹੈ ਰਿਦ ਅੰਤਰਿ ਧਨੁ ਗੁਰ ਸਰਣਾਈ ਪਾਵੈਗੋ ॥
ਸਾਈਂ ਦੇ ਨਾਮ ਦੀ ਦੌਲਤ ਹਿਰਦੇ ਅੰਦਰ ਹੈ। ਗੁਰਾਂ ਦੀ ਸ਼ਰਣਾਗਤਿ ਲੈਣ ਦੁਆਰਾ ਤੁਸੀਂ, ਇਸ ਦੌਲਤ ਨੂੰ ਪ੍ਰਾਪਤ ਕਰ ਲਵੋਗੇ।

ਨਾਨਕ ਦਇਆ ਦਇਆ ਕਰਿ ਦੀਨੀ ਦੁਖੁ ਦਾਲਦੁ ਭੰਜਿ ਸਮਾਵੈਗੋ ॥੮॥੫॥
ਨਾਨਕ, ਆਪਣੀ ਰਹਿਮਤ ਅਤੇ ਕਿਰਪਾ ਧਾਰ ਸਾਹਿਬ ਨੇ ਮੈਨੂੰ ਇਹ ਦੌਲਤ ਪ੍ਰਦਾਨ ਕੀਤੀ ਹੈ ਅਤੇ ਮੇਰੀ ਮੁਸੀਬਤ ਅਤੇ ਕੰਗਾਲਤਾ ਨੂੰ ਦੂਰ ਕਰਕੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।

ਕਾਨੜਾ ਮਹਲਾ ੪ ॥
ਕਾਨੜਾ ਚੌਥੀ ਪਾਤਿਸ਼ਾਹੀ।

ਮਨੁ ਸਤਿਗੁਰ ਸਰਨਿ ਧਿਆਵੈਗੋ ॥
ਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲ ਅਤੇ ਆਪਣੇ ਸੁਆਮੀ ਦਾ ਸਿਮਰਨ ਕਰ।

ਲੋਹਾ ਹਿਰਨੁ ਹੋਵੈ ਸੰਗਿ ਪਾਰਸ ਗੁਨੁ ਪਾਰਸ ਕੋ ਹੋਇ ਆਵੈਗੋ ॥੧॥ ਰਹਾਉ ॥
ਜਿਸ ਤਰ੍ਹਾਂ ਰਸਾਇਣ ਦੇ ਨਾਲ ਲਗਣ ਦੁਆਰਾ ਲੋਹਾ ਸੋਨਾ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਗੁਰਾਂ ਦੀ ਅਮੋਲਕ ਵਿਅਕਤੀ ਦੀਆਂ ਨੇਕੀਆਂ ਉਸ ਦੇ ਸਿੱਖਾਂ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ। ਠਹਿਰਾਉ।

ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ ॥
ਪਰਮ ਪੁਰਸ਼ ਸੱਚੇ ਗੁਰੂ ਜੀ ਰਸਾਇਣ ਹਨ। ਜੋ ਕੋਈ ਭੀ ਉਨ੍ਹਾਂ ਦੇ ਨਾਲ ਜੁੜ ਜਾਂਦਾ ਹੈ, ਉਹ ਮੇਵੇ ਨੂੰ ਪਾ ਲੈਂਦਾ ਹੈ।

ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੋ ॥੧॥
ਜਿਸ ਤਰ੍ਹਾਂ ਗੁਰਾਂ ਦੀ ਸਿਖਮਤ ਦੁਆਰਾ, ਪ੍ਰਹਿਲਾਦ ਪਾਰ ਉਤਰ ਗਿਆ ਸੀ, ਉਸੇ ਤਰ੍ਹਾਂ ਹੀ ਗੁਰੂ ਜੀ ਆਪਣੇ ਹਰ ਟਹਿਲੂਏ ਦੀ ਇੱਜਤ ਰਖਦੇ ਹਨ।

ਸਤਿਗੁਰ ਬਚਨੁ ਬਚਨੁ ਹੈ ਨੀਕੋ ਗੁਰ ਬਚਨੀ ਅੰਮ੍ਰਿਤੁ ਪਾਵੈਗੋ ॥
ਸੱਚੇ ਗੁਰਾਂ ਦੀ ਬਾਣੀ ਸ਼੍ਰੇਸ਼ਟ ਬਾਣੀ ਹੈ। ਗੁਰਾਂ ਦੀ ਬਾਣੀ ਦੁਆਰਾ ਨਾਮ-ਸੁਧਾਰਸ ਪ੍ਰਾਪਤ ਹੁੰਦਾ ਹੈ।

ਜਿਉ ਅੰਬਰੀਕਿ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ ॥੨॥
ਜੋ ਕੋਈ ਭੀ ਪ੍ਰਮੁਖ ਸੱਚੇ ਗੁਰਾਂ ਦੀ ਬਾਣੀ ਦੀ ਵੀਚਾਰ ਕਰਦਾ ਹੈ, ਉਸ ਨੂੰ ਅਮਰੀਕ, ਪਾਤਿਸ਼ਾਹ ਦੀ ਮਾਨੰਦ ਅਬਿਨਾਸੀ ਮਰਤਬਾ ਪ੍ਰਾਪਤ ਹੋ ਜਾਂਦਾ ਹੈ।

ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੋ ॥
ਸੱਚੇ ਗੁਰਾਂ ਦੀ ਸ਼ਰਣਾਗਤ, ਹਾਂ ਉਸ ਦੀ ਸ਼ਰਣਾਗਤ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ। ਨਾਮ-ਅੰਮ੍ਰਿਤ ਨੂੰ ਪਵਿੱਤਰ ਜਾਣ ਕੇ, ਮੈਂ ਹਿਸ ਦਾ ਸਿਮਰਨ ਕਰਦਾ ਹਾਂ।

ਦਇਆਲ ਦੀਨ ਭਏ ਹੈ ਸਤਿਗੁਰ ਹਰਿ ਮਾਰਗੁ ਪੰਥੁ ਦਿਖਾਵੈਗੋ ॥੩॥
ਮੈ, ਮਸਕੀਨ ਉਤੇ ਸੱਚੇ ਗੁਰਦੇਵ ਜੀ ਮਿਹਰਬਾਨ ਹੋ ਗਏ ਹਨ ਅਤੇ ਉਨ੍ਹਾਂ ਨੇ ਮੈਨੂੰ ਵਾਹਿਗੁਰੂ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ।

ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭੁ ਆਵੈਗੋ ॥
ਜੋ ਸੱਚੇ ਗੁਰਾਂ ਦੀ ਪਨਾਹ ਲੈਂਦੇ ਹਨ, ਉਨ੍ਹਾਂ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ ਅਤੇ ਸੁਆਮੀ ਉਨ੍ਹਾਂ ਦੀ ਰੱਖਿਆ ਕਰਨ ਲਈ ਆਉਂਦਾ ਹੈ।

ਜੇ ਕੋ ਸਰੁ ਸੰਧੈ ਜਨ ਊਪਰਿ ਫਿਰਿ ਉਲਟੋ ਤਿਸੈ ਲਗਾਵੈਗੋ ॥੪॥
ਜੇਕਰ ਕੋਈ ਜਣਾ, ਸਾਈਂ ਦੇ ਗੋਲੇ ਉਤੇ ਤੀਰ ਖਿਚਦਾ ਹੈ, ਇਹ ਪਿਤੇ ਮੁੜ ਕੇ ਆਖਰਕਾਰ ਉਸ ਨੂੰ ਹੀ ਲਗਦਾ ਹੈ।

ਹਰਿ ਹਰਿ ਹਰਿ ਹਰਿ ਹਰਿ ਸਰੁ ਸੇਵਹਿ ਤਿਨ ਦਰਗਹ ਮਾਨੁ ਦਿਵਾਵੈਗੋ ॥
ਜੋ ਅਕਾਲ ਪੁਰਖ, ਪ੍ਰਭੂ ਪ੍ਰਮੇਸ਼ਰ ਹਾਂ ਅਕਾਲ ਪੁਰਖ ਵਾਹਿਗੁਰੂ ਦੇ ਸਰੋਵਰ ਅੰਦਰ ਇਸ਼ਨਾਨ ਕਰਦੇ ਹਨ, ਉਨ੍ਹਾਂ ਨੂੰ ਸਾਈਂ ਆਪਣੇ ਦਰਬਾਰ ਵਿੱਚ ਇੱਜ਼ਤ ਬਖਸ਼ਦਾ ਹੈ।

ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ ਹਰਿ ਗਲਿ ਮਿਲਿ ਮੇਲਿ ਮਿਲਾਵੈਗੋ ॥੫॥
ਜੋ ਗੁਰਾਂ ਦੇ ਉਪਦੇਸ਼ ਗੁਰਾਂ ਦੀ ਸਿਖਸ਼ਾ, ਗੁਰਾਂ ਦੇ ਆਦੇਸ਼ਾ ਦੁਆਰਾ ਆਪਣੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਸ ਨੂੰ ਪ੍ਰਭੂ ਆਪਣੀ ਛਾਤੀ ਨਾਲ ਲਾ ਲੈਂਦਾ ਹੈ ਅਤੇ ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਹੈ।

ਗੁਰਮੁਖਿ ਨਾਦੁ ਬੇਦੁ ਹੈ ਗੁਰਮੁਖਿ ਗੁਰ ਪਰਚੈ ਨਾਮੁ ਧਿਆਵੈਗੋ ॥
ਉਸ ਦੇ ਲਈ ਮੁਖੀ ਗੁਰਦੇਵ ਜੀ ਬੈਕੁੰਠੀ ਕੀਰਤਨ ਹਨ ਅਤੇ ਮੁਖੀ ਗੁਰਦੇਵ ਜੀ ਹੀ ਵੇਦ ਅਤੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ ਹੀ ਉਹ ਪ੍ਰਭੂ ਦੇ ਨਾਮ ਦਾ ਆਰਾਧਨ ਕਰਦਾ ਹੈ।

ਹਰਿ ਹਰਿ ਰੂਪੁ ਹਰਿ ਰੂਪੋ ਹੋਵੈ ਹਰਿ ਜਨ ਕਉ ਪੂਜ ਕਰਾਵੈਗੋ ॥੬॥
ਸੋਹਣੇ ਸੁਨੱਖੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਇਨਸਾਨ ਸੁਆਮੀ ਦਾ ਹੀ ਸਰੂਪ ਹੋ ਜਾਂਦਾ ਹੈ। ਸੁਆਮੀ ਆਪਣੇ ਐਹੋ ਜੇਹੇ ਗੋਲੇ ਦੀ ਸੰਸਾਰ ਪਾਸੋ ਉਪਾਸ਼ਨਾ ਕਰਵਾਉਂਦਾ ਹੈ।

ਸਾਕਤ ਨਰ ਸਤਿਗੁਰੁ ਨਹੀ ਕੀਆ ਤੇ ਬੇਮੁਖ ਹਰਿ ਭਰਮਾਵੈਗੋ ॥
ਪ੍ਰਤੀਕੂਲ ਪੁਰਸ਼ ਸੱਚੇ ਗੁਰਾਂ ਨੂੰ ਗੁਰੂ ਧਾਰਨ ਨਹੀਂ ਕਰਦਾ। ਐਹੋ ਜੇਹੇ ਅ-ਸ਼ਰਧਾਲੁ ਨੂੰ ਵਾਹਿਗੁਰੂ ਜੂਨੀਆਂ ਅੰਦਰ ਭਟਕਾਉਂਦਾ ਹੈ।

ਲੋਭ ਲਹਰਿ ਸੁਆਨ ਕੀ ਸੰਗਤਿ ਬਿਖੁ ਮਾਇਆ ਕਰੰਗਿ ਲਗਾਵੈਗੋ ॥੭॥
ਲਾਲਚ ਦਾ ਤ੍ਰੰਗ ਕੁਤੇ ਦਾ ਮੇਲ-ਮਿਲਾਪ ਹੈ। ਇਹ ਪ੍ਰਾਣੀ ਨੂੰ ਜ਼ਹਿਰੀਲੀ ਮੋਹਣੀ ਦੇ ਪਿੰਜਰ ਨਾਲ ਜੋੜ ਦਿੰਦਾ ਹੈ।

ਰਾਮ ਨਾਮੁ ਸਭ ਜਗ ਕਾ ਤਾਰਕੁ ਲਗਿ ਸੰਗਤਿ ਨਾਮੁ ਧਿਆਵੈਗੋ ॥
ਸਾਈਂ ਦਾ ਨਾਮ ਸਾਰੇ ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ ਹੈ ਅਤੇ ਸਤਿਸੰਗਤ ਨਾਲ ਜੁੜ ਕੇ ਜੀਵ ਨਾਮ ਦਾ ਸਿਮਰਨ ਕਰਦਾ ਹੈ।

ਨਾਨਕ ਰਾਖੁ ਰਾਖੁ ਪ੍ਰਭ ਮੇਰੇ ਸਤਸੰਗਤਿ ਰਾਖਿ ਸਮਾਵੈਗੋ ॥੮॥੬॥ ਛਕਾ ੧ ॥
ਹੇ ਮੈਡੇ ਸੁਆਮੀ! ਤੂੰ ਨਾਨਕ ਨੂੰ ਸਾਧ ਸੰਗਤ ਅੰਦਰ ਰਹਿਣ, ਵਿਚਰਣ ਅਤੇ ਸ਼ਸ਼ੋਭਤ ਹੋਣ ਦੀ ਬਖਸ਼ਸ਼ ਕਰ, ਤਾਂ ਜੋ ਉਹ ਤੇਰੇ ਵਿੱਚ ਲੀਨ ਹੋ ਜਾਵੇ।

copyright GurbaniShare.com all right reserved. Email