ਕਲਿਆਨ ਮਹਲਾ ੫ ॥ ਕਲਿਆਨ ਪੰਜਵੀਂ ਪਾਤਿਸ਼ਾਹੀ। ਮੇਰੇ ਲਾਲਨ ਕੀ ਸੋਭਾ ॥ ਅਦਭੁਤ ਹੈ ਪ੍ਰਭਤਾ ਮੇਰੇ ਪ੍ਰੀਤਮ ਦੀ। ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥ ਸਦੀਵ ਹੀ ਨਵੀਂ ਨਕੋਰ ਅਤੇ ਚਿੱਤ ਨੂੰ ਖੁਸ਼ ਕਰਨ ਵਾਲੀ ਹੈ ਉਸ ਦੀ ਕੀਰਤੀ। ਠਹਿਰਾਓ। ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥ ਬ੍ਰਹਮਾ, ਸ਼ਿਵਜੀ, ਕਰਾਮਾਤੀ ਪੁਰਸ਼, ਚੁਪ ਕਰੀਤੇ ਰਿਸ਼ੀ ਅਤੇ ਇੱਦਰ, ਸੁਆਮੀ ਦੇ ਸਿਮਰਨ ਅਤੇ ਕੀਰਤੀ ਦੀ ਖ਼ੈਰ ਮੰਗਦੇ ਹਨ। ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥ ਯੋਗੀ, ਬ੍ਰਹਮ ਬੇਤੇ, ਵਿਚਾਰਵਾਨ ਅਤੇ ਹਜ਼ਾਰਾਂ ਫਣਾਂ ਵਾਲਾ ਸਰੂਪ, ਸਾਰੇ ਹੀ ਚੋਜੀ ਪ੍ਰਭੂ ਦਾ ਸਿਮਰਨ ਕਰਦੇ ਹਨ। ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥ ਗੁਰੂ ਜੀ ਆਖਦੇ ਹਨ, ਮੈਂ ਸਾਧੂਆਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਸੁਆਮੀ ਦੇ ਨਿੱਤ ਦੇ ਹਮਜੋਲੀ ਹਨ। ਕਲਿਆਨ ਮਹਲਾ ੫ ਘਰੁ ੨ ਕਲਿਆਨ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਤੇਰੈ ਮਾਨਿ ਹਰਿ ਹਰਿ ਮਾਨਿ ॥ ਤੇਰੇ ਉਤੇ ਭਰੋਸਾ ਧਾਰਨ ਦੁਆਰਾ, ਹੇ ਸੁਆਮੀ ਵਾਹਿਗੁਰੂ! ਇਨਸਾਨ ਨੂੰ ਪ੍ਰਭਤਾ ਪ੍ਰਦਾਨ ਹੁੰਦੀ ਹੈ। ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥ ਜੇਕਰ ਬੰਦਾ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖੇ, ਆਪਣਿਆਂ ਕੰਨਾਂ ਨਾਲ ਉਸ ਬਾਰੇ ਸੁਣੇ ਅਤੇ ਮੂੰਹ ਦੁਆਰਾ ਉਸ ਦੇ ਨਾਮ ਨੂੰ ਉਚਾਰੇ, ਤਾਂ ਉਸ ਦੇ ਸਰੀਰ ਦੇ ਸਮੂਹ ਭਾਗ ਤੇ ਜਿੰਦ ਖੁਸ਼ ਹੋ ਜਾਂਦੇ ਹਨ। ਠਹਿਰਾਓ। ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥੧॥ ਏਥੇ ਉਥੇ ਤੇ ਦਸਾਂ ਹੀ ਦਿਸ਼ਾਵਾਂ ਅੰਦਰ ਸਾਈਂ ਵਿਆਪਕ ਹੋ ਰਿਹਾ ਹੈ। ਪਹਾੜ ਫੂਸ ਅੰਦਰ ਉਹ ਇਕਰਸ ਰਮ ਰਿਹਾ ਹੈ। ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਸ਼੍ਰੋਮਣੀ ਵਾਹਿਗੁਰੂ ਸੁਆਮੀ, ਆਪਣੇ ਕੰਤ ਨੂੰ ਹੀ ਵੇਖਦਾ ਹਾਂ। ਸਾਧਸੰਗਿ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥ ਸੰਤਾ ਦੀ ਸੰਗਤ ਕਰਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ। ਇਹ ਹੈ ਰੱਬੀ ਗਿਆਤ ਜਿਸ ਦਾ ਨਾਨਕ ਉਚਾਰਨ ਕਰਦਾ ਹੈ। ਕਲਿਆਨ ਮਹਲਾ ੫ ॥ ਕਲਿਆਨ ਪੰਜਵੀਂ ਪਾਤਿਸ਼ਾਹੀ। ਗੁਨ ਨਾਦ ਧੁਨਿ ਅਨੰਦ ਬੇਦ ॥ ਜੋ ਕਿ ਖੁਸ਼ੀ ਦੇਣਹਾਰ ਸੁਰੀਲਾ ਰਾਗ ਅਤੇ ਬ੍ਰਹਮਿ-ਗਿਆਨ ਹੈ, ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ ਰਹਾਉ ॥ ਮੋਨੀ ਸਾਧੂ ਉਸ ਪ੍ਰਭੂ ਦੀ ਕੀਰਤੀ ਉਚਾਰਦੇ ਅਤੇ ਸੁਣਦੇ ਹਨ, ਸਤਿਸੰਗਤ ਨਾਲ ਜੁੜ ਕੇ। ਠਹਿਰਾਉ। ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ ॥੧॥ ਉਥੇ ਸਾਧੂ ਬ੍ਰਹਿਮ-ਗਿਆਤ ਨੂੰ ਵੀਚਾਰਦੇ, ਸਾਈਂ ਨੂੰ ਪੂਜਦੇ, ਪੁੰਨ ਦਾਨ ਕਰਦੇ ਅਤੇ ਆਪਣੇ ਦਿਲ ਤੇ ਜੀਭ੍ਹਾ ਨਾਲ ਪਿਆਰ ਸਹਿਤ ਨਾਮ ਨੂੰ ਜਪਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਕਸਮਲ ਧੋਤੇ ਜਾਂਦੇ ਹਨ। ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥ ਰੱਬ ਨਾਲ ਮਿਲਾਪ ਦੀ ਜੁਗਤੀ ਬ੍ਰਹਮ ਗਿਆਤ ਦੇ ਭੋਜਨ, ਗੁਰਾਂ ਦੇ ਉਪਦੇਸ਼ ਦੇ ਬੋਧ ਅਤੇ ਸਾਈਂ ਦੇ ਸਿਮਰਨ ਰਾਹੀਂ, ਅਸਲੀਅਤ ਨੂੰ ਜਾਣਨ ਵਾਲੇ, ਇਕ ਰਸ ਰੱਬ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ। ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ ॥੨॥੨॥੫॥ ਤਾਣੇ ਅਤੇ ਪੇਟੇ ਦੀ ਮਾਨੰਦ, ਉਹ ਪ੍ਰਭੂ ਦੇ ਪ੍ਰਕਾਸ਼ ਅੰਦਰ ਲੀਨ ਹੋ ਜਾਂਦੇ ਹਨ ਅਤੇ ਕੋਈ ਤਕਲੀਫ ਅਤੇ ਸਜਾ ਨਹੀਂ ਪਾਉਂਦੇ ਹੇ ਨਾਨਕ। ਕਲਿਆਨੁ ਮਹਲਾ ੫ ॥ ਕਲਿਆਨ ਪੰਜਵੀਂ ਪਾਤਿਸ਼ਾਹੀ। ਕਉਨੁ ਬਿਧਿ ਤਾ ਕੀ ਕਹਾ ਕਰਉ ॥ ਕਿਸ ਜੁਗਤੀ ਦੁਆਰਾ, ਮੈਂ ਉਸ ਨਾਲ ਮਿਲ ਸਕਦਾ ਹਾਂ ਅਤੇ ਇਸ ਮਨੋਰਥ ਦੀ ਪ੍ਰਾਪਤੀ ਲਈ ਮੈਂ ਕੀ ਕਰਾਂ? ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ ॥ ਕਈ ਸ਼ਾਸਤਰਾਂ ਨੂੰ ਜਾਣਨ ਵਾਲੇ ਆਪਣੀ ਬਿਰਤੀ ਨੂੰ ਬ੍ਰਹਿਮ-ਬੀਚਾਰ ਅੰਦਰ ਜੋੜਦੇ ਹਨ। ਮੈਂ ਅਸਹਿ ਅਵਸਥਾ ਨੂੰ ਕਿਸ ਤਰ੍ਹਾਂ ਸਹਾਰਾ? ਠਹਿਰਾਉ। ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥੧॥ ਵਿਸ਼ਨ੍ਹੂ ਸਿਵਜੀ, ਪੂਰਨ ਪੁਰਸ਼, ਖਾਮੋਸ਼ ਬੰਦੇ ਅਤੇ ਇੰਦ੍ਰ, ਇਨ੍ਹਾਂ ਵਿਚੋਂ ਮੈਂ ਕਿਸ ਦੇ ਬੂਹੇ ਦੀ ਪਨਾਹ ਲਵਾਂ? ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥ ਕਿਸੇ ਕੋਲ ਪਾਤਿਸ਼ਾਹੀ ਹੈ, ਕਿਸੇ ਕੋਲ ਬਹਿਸ਼ਤ ਪ੍ਰੰਤੂ ਕ੍ਰੋੜਾ ਵਿਚੋਂ ਕਿਸੇ ਵਿਰਲੇ ਦੇ ਪੱਲੇ ਹੀ ਕਲਿਆਨ ਦੀ ਬਖਸ਼ਸ਼ ਦੱਸੀ ਜਾਂਦੀ ਹੈ। ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥੨॥੩॥੬॥ ਗੁਰੂ ਜੀ ਆਖਦੇ ਹਨ, ਸੰਤਾਂ ਦੇ ਪੈਰ ਪਕੜਨ ਦੁਆਰਾ ਮੈਨੂੰ ਨਾਮ-ਅੰਮ੍ਰਿਤ ਪ੍ਰਾਪਤ ਹੋ ਗਿਆ ਹੈ। ਕਲਿਆਨ ਮਹਲਾ ੫ ॥ ਕਲਿਆਨ ਪੰਜਵੀਂ ਪਾਤਿਸ਼ਾਹੀ। ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥ ਬਲਵਾਨ ਪ੍ਰਭੂ ਮੇਰਾ ਮਿਹਰਬਾਨ ਸਾਥੀ ਅਤੇ ਮੇਰੀ ਜਿੰਦ ਜਾਨ ਦਾ ਸੁਆਮੀ ਹੈ। ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥੧॥ ਰਹਾਉ ॥ ਰਖਿਅਕ ਵਾਹਿਗੁਰੂ, ਪੇਟ ਦੀਆਂ ਜੂਨੀਆਂ ਤੋਂ ਬਚਾਉਂਦਾ ਹੈ ਅਤੇ ਕਲਜੁਗ ਵਿੱਚ ਸਾਡੀ ਪੀੜ ਅਤੇ ਮੌਤ ਦੀ ਫਾਹੀ ਦਾ ਕਟਣਹਾਰ ਹੈ। ਠਹਿਰਾਉ। ਨਾਮ ਧਾਰੀ ਸਰਨਿ ਤੇਰੀ ॥ ਆਪਣੇ ਮਨ ਅੰਦਰ ਮੈਂ ਤੇਰੇ ਨਾਮ ਨੂੰ ਟਿਕਾਊਦਾ ਅਤੇ ਤੇਰੀ ਪਨਾਹ ਲੋੜਦਾ ਹਾਂ, ਪ੍ਰਭ ਦਇਆਲ ਟੇਕ ਮੇਰੀ ॥੧॥ ਅਤੇ ਕੇਵਲ ਤੂੰ ਹੀ ਮੇਰਾ ਆਸਰਾ ਹੈ, ਹੇ ਮੇਰੇ ਮਇਆਵਾਨ ਮਾਲਕ! ਅਨਾਥ ਦੀਨ ਆਸਵੰਤ ॥ ਕੇਵਲ ਤੂੰ ਹੀ ਮੇਰੇ ਵਰਗੇ ਮਸਕੀਨ ਯਤੀਮ ਦੀ ਊਮੈਦ ਹੈਂ, ਨਾਮੁ ਸੁਆਮੀ ਮਨਹਿ ਮੰਤ ॥੨॥ ਅਤੇ ਤੇਰਾ ਨਾਮ ਹੀ ਮੇਰੇ ਮਨ ਦਾ ਕੱਲਮ-ਕੱਲਾ ਮਨੋਰਥ ਹੈ, ਹੇ ਸੁਆਮੀ! ਤੁਝ ਬਿਨਾ ਪ੍ਰਭ ਕਿਛੂ ਨ ਜਾਨੂ ॥ ਤੇਰੇ ਬਗੈਰ, ਹੇ ਸੁਆਮੀ! ਮੈਂ ਕੁਝ ਭੀ ਨਹੀਂ ਜਾਣਦਾ। ਸਰਬ ਜੁਗ ਮਹਿ ਤੁਮ ਪਛਾਨੂ ॥੩॥ ਸਾਰਿਆਂ ਯੁਗਾਂ ਅੰਦਰ, ਹੇ ਸਾਈਂ! ਮੈਂ ਸਿਰਫ ਤੈਨੂੰ ਹੀ ਜਾਣਦਾ ਹਾਂ। ਹਰਿ ਮਨਿ ਬਸੇ ਨਿਸਿ ਬਾਸਰੋ ॥ ਹੇ ਵਾਹਿਗੁਰੂ! ਰੈਣ ਤੇ ਦਿਹੁੰ ਮੈਂ ਤੈਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ। ਗੋਬਿੰਦ ਨਾਨਕ ਆਸਰੋ ॥੪॥੪॥੭॥ ਸ਼੍ਰਿਸ਼ਟੀ ਦਾ ਸੁਆਮੀ, ਵਾਹਿਗੁਰੂ ਹੀ ਮੇਰਾ ਕੱਲਮਕੱਲਾ ਆਸਰਾ ਹੈ, ਹੇ ਨਾਨਕ! ਕਲਿਆਨ ਮਹਲਾ ੫ ॥ ਕਲਿਆਨ ਪੰਜਵੀਂ ਪਾਤਿਸ਼ਾਹੀ। ਮਨਿ ਤਨਿ ਜਾਪੀਐ ਭਗਵਾਨ ॥ ਆਪਣੇ ਚਿੱਤ ਅਤੇ ਦੇਹ ਅੰਦਰ ਮੈਂ ਆਪਣੇ ਸੁਲਖਣੇ ਸੁਆਮੀ ਦਾ ਸਿਮਰਨ ਕਰਦਾ ਹਾਂ। ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥੧॥ ਰਹਾਉ ॥ ਜਦ ਪੂਰਨ ਗੁਰੂ ਪਰਮ ਖੁਸ਼ ਹੋ ਜਾਂਦੇ ਹਨ, ਤਦ ਮੈਨੂੰ ਸਦੀਵੀ ਆਰਾਮ ਅਤੇ ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਠਹਿਰਾਉ। ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ ॥ ਸੰਸਾਰ ਦੇ ਪਾਲਨਹਾਰ ਹਰੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਸਾਰੇ ਕੰਮ ਰਾਸ ਥੀ ਵੰਞਦੇ ਹਨ। ਮਿਲਿ ਸਾਧਸੰਗਤਿ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ॥੧॥ ਸਤਿਸੰਗਤ ਨਾਲ ਜੁੜ ਕੇ ਜਦ ਮੈਂ ਸੁਆਮੀ ਨੂੰ ਸਿਮਰਦਾ ਹਾਂ, ਤਾਂ ਮੇਰੀ ਮੌਤ ਦੀ ਪੀੜ ਦੌੜ ਜਾਂਦੀ ਹੈ। ਕਰਿ ਕਿਰਪਾ ਪ੍ਰਭ ਮੇਰਿਆ ਕਰਉ ਦਿਨੁ ਰੈਨਿ ਸੇਵ ॥ ਤੂੰ ਮੇਰੇ ਉਤੇ ਰਹਿਮਤ ਧਾਰ, ਹੇ ਮੇਰੇ ਮਾਲਕ ਤਾਂ ਜੋ ਦਿਹੂੰ ਅਤੇ ਰਾਤ, ਮੈਂ ਤੇਰੀ ਟਹਿਲ ਕਮਾਵਾਂ। copyright GurbaniShare.com all right reserved. Email |