Page 1332

ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥
ਜਦ ਗਿਆਨ ਦੀ ਸੁਆ ਦਿਲ ਕੰਵਲ ਵਿੱਚ ਫੈਲ ਜਾਂਦੀ ਹੈ ਤਾਂ ਇਹ ਖੁਸ਼ੀ ਨਾਲ ਖਿੜ ਜਾਂਦਾ ਹੈ ਅਤੇ ਚੰਦ ਦੇ ਗ੍ਰਿਹ ਅੰਦਰ ਸੂਰਜ ਆ ਜਾਂਦਾ ਹੈ।

ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥
ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਨੂੰ ਪ੍ਰਾਪਤ ਹੋ, ਮੈਂ ਮੌਤ ਤੇ ਕਾਬੂ ਪਾ ਲਿਆ ਹੈ ਅਤੇ ਆਪਣੀ ਖਾਹਿਸ਼ ਨੂੰ ਚਿੱਤ ਅੰਦਰ ਹੀ ਮੇਟ ਛਡਿਆ ਹੈ।

ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥
ਮੈਂ ਹੁਣ ਪ੍ਰਭੂ ਦੇ ਪਰਮ ਪ੍ਰੇਮ ਦੀ ਗੂੜ੍ਹੀ ਲਾਲ ਰੰਗਤ ਨਾਲ ਰੰਗਿਆ ਗਿਆ ਹਾਂ ਅਤੇ ਹੋਰਨਾ ਭਾਹਾਂ ਤੋਂ ਖਲਾਸੀ ਪਾ ਗਿਆ ਹਾਂ।

ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥
ਨਾਨਕ, ਮੇਰੀ ਜੀਭ ਉਸ ਸੁਆਮੀ ਦੇ ਜ਼ਾਇਕੇ ਨਾਲ ਰੰਗੀ ਹੋਈ ਹੈ, ਜੋ ਸਾਰੇ ਹੀ ਵਿਆਪਕ ਹੋ ਰਿਹਾ ਹੈ।

ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥
ਬਾਰਾਂ ਪੰਥ ਅੰਦਰ ਵੰਡੇ ਯੋਗੀ ਬਰਬਾਦ ਹੋ ਜਾਂਦੇ ਹਨ ਅਤੇ ਇਸੇ ਤਰ੍ਹਾਂ ਹੀ ਵੱਡੇ ਤਿਆਗੀ ਜੋ ਚਾਰ ਜਾਂ ਛੇਆਂ ਸੰਪ੍ਰਦਾਵਾ ਵਿੱਚ ਵੰਡੇ ਹੋਏ ਹਨ।

ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥
ਇਸੇ ਤਰ੍ਹਾਂ ਸੁਆਮੀ ਦੇ ਨਾਮ ਦੇ ਬਗੈਰ, ਗੋਰਖ ਦੇ ਚੇਨੇ, ਗੋਦੜੀ ਵਾਲੇ ਫਕੀਰ ਅਤੇ ਮੂੰਡ-ਨਚਾਉਣ ਵਾਲਿਆਂ ਦੀ ਗਰਦਨ ਦੁਆਲੇ ਫਾਹੀ ਪੈਦੀ ਹੈ।

ਸਬਦਿ ਰਤੇ ਪੂਰੇ ਬੈਰਾਗੀ ॥
ਪੂਰਨ ਵਿਕਰਤ ਹਨ ਉਹ ਜੋ ਪ੍ਰਭੂ ਦੇ ਨਾਮ ਨਾਲ ਰੰਗੇ ਹੋਏ ਹਨ।

ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥
ਅਤੇ ਇਕ ਪ੍ਰਭੂ ਦੇ ਨਾਲ ਪ੍ਰੀਤ ਤੇ ਪਿਰਹੜੀ ਪਾ ਉਹ ਆਪਣੇ ਮਨ ਦੇ ਹੱਥ ਵਿੱਚ ਉਸ ਦੇ ਨਾਮ ਦੀ ਖੈਰ ਪ੍ਰਾਪਤ ਕਰਨ ਦੀ ਯਾਚਨਾ ਕਰਦੇ ਹਨ। ਠਹਿਰਾਉ।

ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥
ਬ੍ਰਹਮਣ ਬਖੇੜਿਆਂ ਬਾਰੇ ਪੜ੍ਹਦੇ ਹਨ, ਰਸਮੀ ਸੰਸਕਾਰ ਅਤੇ ਨਿਤਕਰਮ ਕਰਦੇ ਹਨ ਅਤੇ ਹੋਰਨਾ ਪਾਸੋ ਕਰਮਕਾਂਡ ਕਰਵਾਉਂਦੇ ਹਨ।

ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥
ਪ੍ਰੰਤੂ ਸੁਆਮੀ ਨੂੰ ਜਾਣਨ ਦੇ ਬਗੈਰ, ਉਨ੍ਹਾਂ ਮਨ ਮਤੀਆਂ ਨੂੰ ਕੁਝ ਭੀ ਸਮਝਦੇ ਨਹੀਂ ਅਤੇ ਵਾਹਿਗੁਰੂ ਨਾਲੋ ਜੁਦਾ ਹੋ ਉਹ ਤਕਲੀਫ ਉਠਾਉਂਦੇ ਹਨ।

ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥
ਕੇਵਲ ਉਹ ਹੀ ਜੋ ਗੁਰਾਂ ਦੀ ਬਾਣੀ ਨੂੰ ਪ੍ਰਾਪਤ ਹੋਏ ਹਨ, ਪਵਿੱਤਰ ਹਨ ਅਤੇ ਸੱਚੇ ਦਰਬਾਰ ਅੰਦਰ ਪ੍ਰਮਾਣੀਕ ਹੁੰਦੇ ਹਨ।

ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥
ਰੈਣ ਅਤੇ ਦਿਹੁੰ ਉਨ੍ਹਾਂ ਦੀ ਨਾਮ ਦੇ ਹੀਰੇ ਨਾਲ ਪ੍ਰੀਤ ਲੱਗੀ ਰਹਿੰਦੀ ਹੈ ਅਤੇ ਉਹ ਸਾਰਿਆਂ ਯੁਗਾਂ ਅੰਦਰ ਸੱਚੇ ਸਾਈਂ ਵਿੱਚ ਲੀਨ ਹੋਏ ਰਹਿੰਦੇ ਹਨ।

ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥
ਸਾਰੇ ਨੇਕ ਅਮਲ, ਮਜਹਬ, ਸੁਚਤਾਈਆਂ, ਸਵੈ ਰਿਆਜ਼ਤ, ਅਨੁਰਾਗ, ਤਪਸਿਆਵਾਂ ਤੇ ਧਰਮ ਅਸਥਾਨਾਂ ਦੀਆਂ ਯਾਤ੍ਰਾਵਾਂ ਪ੍ਰਭੂ ਦੇ ਨਾਮ ਅੰਦਰ ਨਿਵਾਸ ਰਖਦੇ ਹਨ।

ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥
ਨਾਨਕ ਜੋ ਸੱਚੇ ਗੁਰੂ ਜੀ ਮਿਲ ਪੈਣ, ਉਹ ਬੰਦੇ ਨੂੰ ਹਰੀ ਨਾਲ ਮਿਲਾ ਦਿੰਦੇ ਹਨ ਅਤੇ ਇਕ ਪੀੜ ਪਾਪ, ਤੇ ਮੌਤ ਦੌੜ ਜਾਂਦੇ ਹਨ।

ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥
ਸਾਧੂਆਂ ਦੇ ਪੈਰਾਂ ਦੀ ਧੂੜ, ਪਵਿੱਤਰ ਪੁਰਸ਼ਾ ਦਾ ਮੇਲ ਮਿਲਾਪ ਅਤੇ ਸੁਆਮੀ ਦੀ ਸਿਫਤਸਨਾ ਸੰਸਾਰ ਦੀ ਨਦੀ ਤੋਂ ਪਾਰ ਹੋਣ ਲਈ ਇਕ ਬੇੜੀ ਹਨ।

ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥
ਗਰੀਬੜਾ ਅਤੇ ਡਰਿਆ ਹੋਇਆ ਯਮ ਗੁਰੂ-ਅਨੁਸਾਰੀ ਨੂੰ ਕੀ ਕਰ ਸਕਦਾ ਹੈ, ਜਿਸ ਦੇ ਮਨ ਅੰਦਰ ਹੰਕਾਰ ਦਾ ਵੈਰੀ ਵਾਹਿਗੁਰੂ ਵਸਦਾ ਹੈ?

ਜਲਿ ਜਾਉ ਜੀਵਨੁ ਨਾਮ ਬਿਨਾ ॥
ਰੱਬ ਕਰੇ ਸੁਆਮੀ ਦੇ ਨਾਮ ਤੋਂ ਸੱਖਣੀ ਜਿੰਦੜੀ ਸੜ ਬਲ ਜਾਵੇ।

ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਵਾਹਿਗੁਰੂ ਨੂੰ ਅਰਾਧਦਾ ਤੇ ਸਿਮਰਦਾ ਹਾਂ ਅਤੇ ਉਸ ਦੇ ਨਾਮ ਦੀ ਮਾਲਾ ਫੇਰਦਾ ਹਾਂ ਅਤੇ ਮੇਰਾ ਮਨੂਆ ਉਸ ਦੇ ਸੁਆਦ ਨੂੰ ਮਾਣਦਾ ਹੈ। ਠਹਿਰਾਉ।

ਗੁਰ ਉਪਦੇਸ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥
ਜਿਸ ਸਿਕੇ ਨੂੰ ਗੁਰਾਂ ਦੀ ਸਿਖਿਆ ਦੁਆਰਾ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ, ਉਸ ਦੀ ਪ੍ਰਭਤਾ ਮੈਂ ਕੀ ਵਰਣਨ ਕਰ ਸਕਦਾ ਹਾਂ?

ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖਿ ਲਹੀਐ ॥੨॥
ਗੁਰਾਂ ਦੀ ਦਇਆ ਦੁਆਰਾ ਖੋਜਭਾਲ ਕਰਕੇ ਜੀਵ ਹੀਰੇ ਜਵੇਹਰ ਅਤੇ ਮਾਣਕ ਵਰਗੀ ਸਾਈਂ ਦੇ ਨਾਮ ਦੀ ਦੌਲਤ ਨੂੰ ਲੱਪ ਲੈਂਦਾ ਹੈ।

ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥
ਪ੍ਰਾਣੀ ਨੂੰ ਬ੍ਰਹਮ ਵੀਚਾਰ ਅਤੇ ਸਿਮਰਨ ਦੇ ਖਜਾਨੇ ਨਾਲ ਆਪਣਾ ਮਨ ਲਾਉਣਾ ਅਤੇ ਇਕ ਪ੍ਰਭੂ ਦੀ ਗੁਰਬਾਣੀ ਨਾਲ ਪਿਆਰ ਪਾਉਣਾ ਉਚਿਤ ਹੈ।

ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ ॥੩॥
ਉਸ ਨੂੰ ਖੁਦ-ਮੁਖਤਿਆਰ, ਖੁਧਿਆ-ਰਹਿਤ, ਪਾਵਨ ਪੁਨੀਤ ਅਤੇ ਡਰ-ਵਿਹੁਣ ਪ੍ਰਭੂ ਅੰਦਰ ਸਮਾਧੀ ਲਾਉਣੀ ਚਾਹੀਦੀ ਹੈ।

ਸਾਇਰ ਸਪਤ ਭਰੇ ਜਲ ਨਿਰਮਲਿ ਉਲਟੀ ਨਾਵ ਤਰਾਵੈ ॥
ਉਸ ਦੇ ਸੱਤੇ ਸਮੁੰਦਰ, ਤਦ ਨਾਮ ਦੇ ਪਵਿੱਤਰ ਪਾਣੀ ਨਾਲ ਪਰੀਪੂਰਨ ਹੋ ਜਾਂਦੇ ਹਨ ਅਤੇ ਉਸ ਦੇ ਮਨ ਦੀ ਮੂਧੀ ਹੋਈ ਹੋਈ ਬੇੜੀ ਸਿੱਧੀ ਹੋ ਪਾਰ ਲੱਗ ਜਾਂਦੀ ਹੈ।

ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ ॥੪॥
ਆਪਣੇ ਬਾਹਰ ਜਾਂਦੇ ਹੋਏ ਮਨ ਨੂੰ ਉਹ ਰੋਕ ਕੇ ਰਖਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਉਹ ਸਾਈਂ ਅੰਦਰ ਲੀਨ ਹੋ ਜਾਂਦਾ ਹੈ।

ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ॥
ਕੇਵਲ ਉਹ ਘਰਬਾਰੀ ਹੈ ਅਤੇ ਕੇਵਲ ਉਹ ਹੀ ਪ੍ਰਭੂ ਦਾ ਗੋਲਾ ਅਤੇ ਵਿਰਕਤ ਜੋ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਜਾਣ ਲੈਂਦਾ ਹੈ।

ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥੫॥੧੭॥
ਗੁਰੂ ਜੀ ਆਖਦੇ ਹਨ, ਜਿਸ ਦਾ ਚਿੱਤ ਸੱਚੇ ਨਾਮ ਨਾਲ ਤ੍ਰਿਪਤ ਥੀ ਗਿਆ ਹੈ, ਉਹ ਸੁਆਮੀ ਦੇ ਬਗੈਰ ਹੋਰ ਕਿਸੇ ਨੂੰ ਨਹੀਂ ਦੇਖਦਾ।

ਰਾਗੁ ਪ੍ਰਭਾਤੀ ਮਹਲਾ ੩ ਚਉਪਦੇ
ਰਾਗ ਪ੍ਰਭਾਤੀ ਤੀਜੀ ਪਾਤਿਸ਼ਾਹੀ ਚਊਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥
ਗੁਰਾਂ ਦੀ ਰਹਿਮਤ ਸਦਕਾ ਕੋਈ ਟਾਵਾਂਟੱਲਾ ਹੀ ਅਨੁਭਵ ਕਰਦਾ ਹੈ ਕਿ ਪ੍ਰਭੂ ਗੁਰਬਾਣੀ ਅੰਦਰ ਰਮਿਆ ਹੋਇਆ ਹੈ।

ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ॥੧॥
ਜੋ ਨਾਮ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਹੀ ਆਰਾਮ ਪਾਉਂਦੇ ਹਨ ਅਤੇ ਸੱਚੇ ਸਾਈਂ ਨਾਲ ਪਿਰਹੜੀ ਪਾਈ ਰਖਦੇ ਹਨ।

copyright GurbaniShare.com all right reserved. Email