ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ ॥੨॥ ਮੌਤ ਦਾ ਦੂਤ ਉਸ ਨੂੰ ਛੂਹ ਤਕ ਨਹੀਂ ਸਕਦਾ, ਮਿਹਰ ਧਾਰ ਕੇ ਜਿਸ ਦੀ ਤੂੰ ਰੱਖਿਆ ਕਰਦਾ ਹੈ, ਹੇ ਪੂਜਯ ਪ੍ਰਭੂ! ਤੇਰੀ ਸਰਣਾਈ ਸਚੀ ਹਰਿ ਜੀਉ ਨਾ ਓਹ ਘਟੈ ਨ ਜਾਇ ॥ ਸੱਚੀ ਹੈ ਤੇਰੀ ਪਨਾਹ, ਹੇ ਮਹਾਰਾਜ ਮਾਲਕ ਨਾਂ ਇਹ ਕਿਧਰੇ ਜਾਂਦੀ ਹੈ, ਨਾਂ ਹੀ ਘਟਦਾ ਹੈ, ਇਸ ਦਾ ਪਰਉਪਕਾਰ। ਜੋ ਹਰਿ ਛੋਡਿ ਦੂਜੈ ਭਾਇ ਲਾਗੈ ਓਹੁ ਜੰਮੈ ਤੈ ਮਰਿ ਜਾਇ ॥੩॥ ਰੱਬ ਨੂੰ ਤਿਆਗ ਜਿਹੜਾ ਹੋਰਸ ਦੀ ਪ੍ਰੀਤ ਨਾਲ ਜੁੜੇ ਹਨ, ਉਹ ਆਉਂਦੇ ਅਤੇ ਜਾਂਦੇ ਰਹਿੰਦੇ ਹਨ। ਜੋ ਤੇਰੀ ਸਰਣਾਈ ਹਰਿ ਜੀਉ ਤਿਨਾ ਦੂਖ ਭੂਖ ਕਿਛੁ ਨਾਹਿ ॥ ਜੋ ਤੇਰੀ ਸ਼ਰਣ ਲੈਂਦੇ ਹਨ, ਹੇ ਉਪਮਾਯੋਗ ਪ੍ਰਭੂ! ਉਨ੍ਹਾਂ ਨੂੰ ਕੋਈ ਤਕਲੀਫ ਅਤੇ ਖੁਧਿਆ ਨਹੀਂ ਵਿਆਪਦੀ। ਨਾਨਕ ਨਾਮੁ ਸਲਾਹਿ ਸਦਾ ਤੂ ਸਚੈ ਸਬਦਿ ਸਮਾਹਿ ॥੪॥੪॥ ਹੇ ਨਾਨਕ! ਤੂੰ ਸਦੀਵ ਹੀ ਨਾਮ ਦੀ ਸਿਫ਼ਤ ਸ਼ਲਾਘਾ ਕਰ ਤਾਂ ਜੋ ਤੂੰ ਸਚੇ ਸਾਹਿਬ ਅੰਦਰ ਲੀਨ ਹੋ ਜਾਵੇ। ਪ੍ਰਭਾਤੀ ਮਹਲਾ ੩ ॥ ਪਰਭਾਤੀ ਤੀਸਰੀ ਪਾਤਿਸ਼ਾਹੀ। ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ ॥ ਜਦ, ਤਾਂਈ ਤੇਰੇ ਵਿੱਚ ਜਿੰਦ-ਜਾਨ ਹੈ, ਹੇ ਪ੍ਰਾਣੀ! ਗੁਰਾਂ ਦੇ ਰਾਹੀਂ ਤੂੰ ਆਪਣੇ ਮਹਾਰਾਜ ਮਾਲਕ ਦਾ ਆਰਾਧਨ ਕਰ। ਗੁਰ ਸਬਦੀ ਮਨੁ ਨਿਰਮਲੁ ਹੋਆ ਚੂਕਾ ਮਨਿ ਅਭਿਮਾਨੁ ॥ ਗੁਰਾਂ ਦੀ ਬਾਣੀ ਰਾਹੀਂ, ਚਿੱਤ ਪਵਿੱਤਰ ਹੋ ਜਾਂਦਾ ਹੈ ਅਤੇ ਚਿੱਤ ਦੀ ਹੰਗਤਾ ਦੂਰ ਹੋ ਜਾਂਦੀ ਹੈ। ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮਿ ਸਮਾਨ ॥੧॥ ਫਲਦਾਇਕ ਹੈ ਜੀਵਨ ਉਸ ਫਾਨੀ ਬੰਦੇ ਦਾ, ਜੋ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋਇਆ ਹੋਇਆ ਹੈ। ਮੇਰੇ ਮਨ ਗੁਰ ਕੀ ਸਿਖ ਸੁਣੀਜੈ ॥ ਹੇ ਮੇਰੀ ਜਿੰਦੜੀਏ! ਤੂੰ ਗੁਰਾਂ ਦੇ ਉਪਦੇਸ਼ ਨੂੰ ਸ੍ਰਵਨ ਕਰ। ਹਰਿ ਕਾ ਨਾਮੁ ਸਦਾ ਸੁਖਦਾਤਾ ਸਹਜੇ ਹਰਿ ਰਸੁ ਪੀਜੈ ॥੧॥ ਰਹਾਉ ॥ ਸਾਈਂ ਦਾ ਨਾਮ ਹਮੇਸ਼ਾਂ ਆਰਾਮ ਦੇਣ ਵਾਲਾ ਹੈ। ਇਸ ਦੇ ਰਾਹੀਂ, ਤੂੰ ਸੁਖੈਨ ਹੀ ਹਰੀ ਦੇ ਨਾਮ ਅੰਮ੍ਰਿਤ ਨੂੰ ਪਾਨ ਕਰ ਲਵੇਗਾਂ। ਹਿਰਾਉ। ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ ॥ ਜੋ ਆਪਣੇ ਮੁਢ ਨੂੰ ਅਨੁਭਵ ਕਰਦੇ ਹਨ, ਉਹ ਆਪਣੇ ਨਿਜ ਦੇ ਧਾਮ ਵਿੱਚ ਵਸਦੇ ਹਨ ਤੇ ਸੁਤੇ ਸਿਧ ਹੀ ਆਰਾਮ ਪਾਉਂਦੇ ਹਨ। ਗੁਰ ਕੈ ਸਬਦਿ ਕਮਲੁ ਪਰਗਾਸਿਆ ਹਉਮੈ ਦੁਰਮਤਿ ਖੋਈ ॥ ਗੁਰਾਂ ਦੀ ਬਾਣੀ ਰਾਹੀਂ, ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਉਨ੍ਹਾਂ ਦੀ ਹੰਗਤਾ ਤੇ ਖੋਟੀ ਬੁਧੀ ਨਾਸ ਹੋ ਜਾਂਦੇ ਹਨ। ਸਭਨਾ ਮਹਿ ਏਕੋ ਸਚੁ ਵਰਤੈ ਵਿਰਲਾ ਬੂਝੈ ਕੋਈ ॥੨॥ ਸਾਰਿਆਂ ਅੰਦਰ, ਇਕ ਸੱਚਾ ਸੁਆਮੀ ਰਮਿਆ ਹੋਇਆ ਹੈ। ਕੋਈ ਟਾਵਾ ਟਲਾ ਹੀ ਇਸ ਨੂੰ ਅਨੁਭਵ ਕਰਦਾ ਹੈ। ਗੁਰਮਤੀ ਮਨੁ ਨਿਰਮਲੁ ਹੋਆ ਅੰਮ੍ਰਿਤੁ ਤਤੁ ਵਖਾਨੈ ॥ ਗੁਰਾਂ ਦੇ ਉਪਦੇਸ਼ ਦੁਆਰਾ, ਮਨੁਸ਼ ਦਾ ਮਨੂਆ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਨਾਮ ਦੇ ਆਬਿ-ਹਿਯਾਤ ਵਰਗੇ ਮਿੱਠੇ ਜੌਹਰ ਦਾ ਉਚਾਰਨ ਕਰਦਾ ਹੈ। ਹਰਿ ਕਾ ਨਾਮੁ ਸਦਾ ਮਨਿ ਵਸਿਆ ਵਿਚਿ ਮਨ ਹੀ ਮਨੁ ਮਾਨੈ ॥ ਰੱਬ ਦਾ ਨਾਮ ਹਮੇਸ਼ਾਂ ਉਸ ਦੇ ਹਿਰਦੇ ਅੰਦਰ ਵਸਦਾ ਹੈ ਤੇ ਉਸ ਦੇ ਮਨ ਦੀਆਂ ਲਹਿਰਾ ਉਸ ਦੇ ਮਨ ਰਾਹੀਂ ਹੀ ਸ਼ਾਤ ਹੋ ਜਾਂਦੀਆਂ ਹਨ। ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਤੁ ਆਤਮ ਰਾਮੁ ਪਛਾਨੈ ॥੩॥ ਹਮੇਸ਼ਾਂ ਹੀ ਘੋਲੀ ਵੰਞਦਾ ਹਾਂ ਮੈਂ ਆਪਣੇ ਗੁਰੂ ਉਤੋਂ ਜਿਨ੍ਹਾਂ ਦੇ ਰਾਹੀਂ ਮੈਂ ਸਰਬ-ਵਿਆਪਕ ਸੁਆਮੀ ਨੂੰ ਅਨੁਭਵ ਕਰ ਲਿਆ ਹੈ। ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ ॥ ਜੋ ਕੋਈ ਮਨੁਸ਼ਾ-ਜਨਮ ਅੰਦਰ ਸਚੇ ਗੁਰਾਂ ਦੀ ਘਾਲ ਨਹੀਂ ਕਮਾਉਂਦਾ, ਉਹ ਆਪਣੇ ਜੀਵਨ ਨੂੰ ਬੇਫਾਇਦਾ ਗੁਆ ਲੈਂਦਾ ਹੈ। ਨਦਰਿ ਕਰੇ ਤਾਂ ਸਤਿਗੁਰੁ ਮੇਲੇ ਸਹਜੇ ਸਹਜਿ ਸਮਾਇਆ ॥ ਜੇਕਰ ਹਰੀ ਮਿਹਰ ਧਾਰੇ, ਤਦ ਉਹ ਜੀਵ ਨੂੰ ਸਚੇ ਗੁਰਾਂ ਦੇ ਨਾਲ ਮਿਲਾ ਦਿੰਦਾ ਹੈ ਅਤੇ ਫਿਰ ਉਹ ਸੁਖੈਨ ਹੀ ਬੈਕੁੰਠੀ ਅਨੰਦ ਵਿੱਚ ਲੀਨ ਹੋ ਜਾਂਦਾ ਹੈ। ਨਾਨਕ ਨਾਮੁ ਮਿਲੈ ਵਡਿਆਈ ਪੂਰੈ ਭਾਗਿ ਧਿਆਇਆ ॥੪॥੫॥ ਹੇ ਨਾਨਕ! ਪੂਰਨ ਪ੍ਰਾਲਭਧ ਰਾਹੀਂ, ਪ੍ਰਾਣੀ ਨੂੰ ਨਾਮ ਦੀ ਪ੍ਰਭਤਾ ਪ੍ਰਾਪਤ ਹੁੰਦੀ ਹੈ ਅਤੇ ਉਹ ਆਪਣੇ ਸਾਈਂ ਦਾ ਸਿਮਰਨ ਕਰਦਾ ਹੈ। ਪ੍ਰਭਾਤੀ ਮਹਲਾ ੩ ॥ ਪਰਭਾਤੀ ਤੀਜੀ ਪਾਤਿਸ਼ਾਹੀ। ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥ ਵਾਹਿਗੁਰੂ ਨੇ ਖੁਦ ਹੀ, ਅਨੇਕਾਂ ਕਿਸਮਾਂ ਅਤੇ ਰੰਗਾਂ ਦੀ ਰਚਨਾ ਰਚੀ ਹੈ। ਜਗਤ ਨੂੰ ਸਾਜ ਕੇ ਸੁਆਮੀ ਨੇ ਇਕ ਨਾਟਕ ਨਿਰੂਪਣ ਕੀਤਾ ਹੈ। ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ ॥੧॥ ਰਚਨਾ ਨੂੰ ਰਚ ਉਹ ਇਸ ਨੂੰ ਦੇਖਦਾ ਹੈ। ਉਹ ਕਰਦਾ ਹੈ, ਹੋਰਨਾ ਤੋਂ ਕਰਵਾਉਂਦਾ ਹੈ ਅਤੇ ਸਾਰੇ ਜੀਵਾਂ ਨੂੰ ਰੋਜੀ ਦਿੰਦਾ ਹੈ। ਕਲੀ ਕਾਲ ਮਹਿ ਰਵਿਆ ਰਾਮੁ ॥ ਕਾਲੇ ਯੁਗ ਅੰਦਰ ਪ੍ਰਭੂ ਸਰਵ ਵਿਆਪਕ ਹੋ ਰਿਹਾ ਹੈ। ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥੧॥ ਰਹਾਉ ॥ ਇਕ ਸੁਆਮੀ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ। ਗੁਰਾਂ ਦੀ ਦਇਆ ਦੁਆਰਾ, ਸੁਆਮੀ ਵਾਹਿਗੁਰੂ ਦਾ ਨਾਮ ਪਰਤੱਖ ਹੋ ਜਾਂਦਾ ਹੈ। ਠਹਿਰਾਉ। ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥ ਸੁਆਮੀ ਦਾ ਨਾਮ ਅਲੋਪ ਤੌਰ ਤੇ ਕਾਲੇ ਯੂਗ ਅੰਦਰ ਰਮਿਆ ਹੋਇਆ ਹੈ ਅਤੇ ਸੁਆਮੀ ਹਰ ਦਿਲ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥੨॥ ਨਾਮ ਦਾ ਜਵੇਹਰ ਉਨ੍ਹਾਂ ਦੇ ਮਨ ਅੰਦਰ ਪ੍ਰਤੱਖ ਹੁੰਦਾ ਹੈ, ਜੋ ਦੌੜ ਕੇ ਗੁਰਾਂ ਦੀ ਪਨਾਹ ਲੈਂਦੇ ਹਨ। ਇੰਦ੍ਰੀ ਪੰਚ ਪੰਚੇ ਵਸਿ ਆਣੈ ਖਿਮਾ ਸੰਤੋਖੁ ਗੁਰਮਤਿ ਪਾਵੈ ॥ ਪੰਜ ਗਿਆਨ ਅੰਗ ਹਨ, ਜਿਹੜਾ ਕੋਈ ਭੀ ਇਨ੍ਹਾਂ ਪੰਜਾਂ ਨੂੰ ਕਾਬੂ ਕਰ ਲੈਂਦਾ ਹੈ, ਉਸ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਰਹਿਮਦਿਲੀ ਤੇ ਸੰਤੁਸ਼ਟਤਾ ਦੀ ਦਾਤ ਪਰਾਪਤ ਹੋ ਜਾਂਦੀ ਹੈ। ਸੋ ਧਨੁ ਧਨੁ ਹਰਿ ਜਨੁ ਵਡ ਪੂਰਾ ਜੋ ਭੈ ਬੈਰਾਗਿ ਹਰਿ ਗੁਣ ਗਾਵੈ ॥੩॥ ਮੁਬਾਰਕ ਮੁਬਾਰਕ, ਵਿਸ਼ਾਲ ਅਤੇ ਪੂਰਨ ਹੈ ਉਹ ਗੋਲਾ ਪ੍ਰਭੂ ਦਾ, ਜੋ ਉਸ ਦਾ ਡਰ ਅਤੇ ਪਿਆਰ ਅੰਦਰ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ। ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥ ਜੇਕਰ ਕੋਈ ਜਣਾ ਗੁਰਾਂ ਵਲੋ ਆਪਣਾ ਮੂੰਹ ਮੋੜ ਲੈਂਦਾ ਹੈ ਅਤੇ ਗੁਰਾਂ ਦੀ ਸਿਖਮਤ ਨੂੰ ਆਪਣੇ ਹਿਰਦੇ ਵਿੱਚ ਨਹੀਂ ਟਿਕਾਉਂਦਾ, ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥ ਭਾਵੇਂ ਕਿਤਨੀ ਧਨ-ਦੌਲਤ ਇਕੱਤਰ ਕਰ ਲਵੇ ਅਤੇ ਘਣੇਰੇ ਹੀ ਕਰਮਕਾਂਡ ਕਮਾਉਂਦਾ ਰਹੇ, ਪ੍ਰੰਤੂ ਜੋ ਕੁਝ ਭੀ ਉਹ ਕਰ ਲਵੇ, ਉਸ ਨੂੰ ਦੌਜਕ ਵਿੱਚ ਜਾਣਾ ਹੀ ਪੈਂਦਾ ਹੈ। ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ ॥ ਇਕ ਸੁਆਮੀ ਦੀ ਵਾਹਿਦ ਰਜਾ ਹੀ ਸਾਰੇ ਪ੍ਰਚਲਤ ਹੋ ਰਹੀ ਹੈ। ਸਾਰੀ ਰਚਨਾ ਵਿੱਚ ਸੁਆਮੀ ਤੋਂ ਹੀ ਉਤਪੰਨ ਹੁੰਦੀ ਹੈ। ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ ॥੫॥੬॥ ਨਾਨਕ, ਮੁਖੀ ਗੁਰਦੇਵ ਜੀ ਜੀਵ ਨੂੰ ਮਾਰਗ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ। ਗੁਰਾਂ ਦੀ ਦਇਆ ਦੁਆਰਾ, ਉਹ ਜਾ ਕੇ ਸਾਈਂ ਹਰੀ ਨਾਲ ਅਭੇਦ ਹੋ ਜਾਂਦਾ ਹੈ। ਪ੍ਰਭਾਤੀ ਮਹਲਾ ੩ ॥ ਪਰਭਾਤੀ ਤੀਜੀ ਪਾਤਿਸ਼ਾਹੀ। ਮੇਰੇ ਮਨ ਗੁਰੁ ਅਪਣਾ ਸਾਲਾਹਿ ॥ ਹੇ ਮੇਰੀ ਜਿੰਦੇ! ਤੂੰ ਆਪਣੇ ਗੁਰਾਂ ਦੀ ਸਿਫ਼ਤ ਸ਼ਲਾਘਾ ਕਰ। copyright GurbaniShare.com all right reserved. Email |