ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥ ਸਾਰੇ ਸੁਆਮੀ ਦੇ ਫੁਰਮਾਨ ਦੇ ਤਾਬੇ ਹਨ ਅਤੇ ਉਹ ਆਪੇ ਹੀ ਫੁਰਮਾਨ ਜਾਰੀ ਕਰਦਾ ਹੈ। ਨਫਰ ਸੁਆਮੀ ਸਾਰਿਆਂ ਵਲ ਇਕੋ ਜੇਹਾ ਧਿਆਨ ਦਿੰਦਾ ਹੈ। ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥ ਜਿਹੜਾ ਇਨਸਾਨ ਸ਼੍ਰੇਸ਼ਟ ਪੁਰਸ਼ ਨੂੰ ਅਨੁਭਵ ਕਰਦਾ ਤੇ ਸਿਮਰਦਾ ਹੈ, ਬ੍ਰਹਮ ਗਿਆਨ ਨਾਲ ਪਰੀਪੂਰਨ ਹੈ ਉਸ ਦੀ ਬੋਲ ਬਾਣੀ। ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥ ਨਾਮ ਦੇਵ ਜੀ ਆਖਦੇ ਹਨ, ਮੈਂ ਆਪਣੇ ਮਨ ਅੰਦਰ ਜਗਤ ਦੀ ਜਿੰਦ-ਜਾਨ, ਅਦ੍ਰਿਸ਼ਟ ਅਤੇ ਅਦਭੁਤ ਸਾਈਂ ਨੂੰ ਪਾ ਲਿਆ ਹੈ। ਪ੍ਰਭਾਤੀ ॥ ਪ੍ਰਭਾਤੀ। ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ ॥ ਪ੍ਰਭੂ ਸ਼ੁਰੂ, ਯੁਗਾਂ ਦੇ ਅਰੰਭ ਹਾਂ ਯੁਗਾਂ ਦੇ ਆਰੰਭ ਤੋਂ ਹੀ ਹੈ ਅਤੇ ਸਾਰਿਆਂ ਯੁਗਾਂ ਵਿੱਚ ਵੀ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਿਆ! ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਇਸ ਤਰ੍ਹਾਂ ਵਰਨਣ ਕੀਤਾ ਜਾਂਦਾ ਹੈ ਉਸ ਦਾ ਸਰੂਪ। ਗੋਬਿਦੁ ਗਾਜੈ ਸਬਦੁ ਬਾਜੈ ॥ ਜਦ ਉਸ ਦੇ ਨਾਮ ਦਾ ਜਾਪ ਕੀਤਾ ਹੈ ਤਾ ਸੰਸਾਰ ਦਾ ਮਾਲਕ ਪ੍ਰਗਟ ਹੋ ਜਾਂਦਾ ਹੈ। ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ ॥ ਮੈਡਾ ਸਰਵ-ਵਿਆਪਕ ਸੁਆਮੀ, ਪਰਸੰਨਤਾ ਦਾ ਸਰੂਪ ਹੈ। ਠਹਿਰਾਉ। ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥ ਚੰਦਨ ਦੇ ਬ੍ਰਿਛ ਤੋਂ ਜੰਗਲ ਦੇ ਹੋਰਨਾਂ ਬਿਰਛਾਂ ਨੂੰ ਅਨੰਦ ਮਈ ਸੁੰਗਧੀ ਲੱਗ ਜਾਂਦੀ ਹੈ। ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥ ਸਾਰਿਆਂ ਦਾ ਸੋਮਾ ਵਾਹਿਗੁਰੂ ਚੰਨਣ ਦੇ ਬਿਰਛ ਦੀ ਮਾਨੰਦ ਹੈ, ਜਿਸ ਦੇ ਰਾਹੀਂ ਸਾਧਾਰਨ ਲਕੜੀ ਵੀ ਚੰਨਣ ਹੋ ਜਾਂਦੀ ਹੈ। ਤੁਮ੍ਹ੍ਹ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥ ਤੂੰ ਹੇ ਸਾਈਂ! ਰਸਾਇਣ ਹੈ ਅਤੇ ਮੈਂ ਲੋਹੇ ਵਰਗਾ ਹਾਂ। ਤੇਰੀ ਸੰਸਗਤ ਅੰਦਰ ਮੈਂ ਸੋਨਾ ਥੀ ਗਿਆ ਹਾਂ। ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥ ਤੂੰ ਮਿਹਰਬਾਨ ਹੈ, ਤੂੰ ਜਵੇਹਰਾਂ ਦਾ ਜਵੇਹਰ ਹੈ। ਨਾਮਦੇਵ ਤੇਰੇ ਵਿੱਚ ਲੀਨ ਹੋ ਗਿਆ ਹੈ, ਹੇ ਸੱਚੇ ਸੁਆਮੀ! ਪ੍ਰਭਾਤੀ ॥ ਪ੍ਰਭਾਤੀ। ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥ ਕੁਲ-ਰਹਿਤ ਵਾਹਿਗੁਰੂ ਨੇ ਇਹ ਖੇਡ ਰਚੀ ਹੈ। ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥ ਪਰਮ ਪ੍ਰਭੂ ਹਰ ਦਿਲ ਅੰਦਰ ਛੁਪਿਆ ਹੋਇਆ ਹੈ। ਜੀਅ ਕੀ ਜੋਤਿ ਨ ਜਾਨੈ ਕੋਈ ॥ ਕੋਈ ਜਣਾ ਭੀ ਆਤਮਾ ਦੇ ਪ੍ਰਕਾਸ਼ ਦੀ ਵਡਿਆਈ ਨੂੰ ਨਹੀਂ ਜਾਣਦਾ। ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ ਰਹਾਉ ॥ ਜਿਹੜਾ ਕੁਛ ਭੀ ਮੈਂ ਕਰਦਾ ਹਾਂ, ਉਸ ਦਾ ਤੈਨੂੰ ਪਤਾ ਹੈ, ਹੇ ਸੁਆਮੀ! ਠਹਿਰਾਉ। ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ ਜਿਸ ਤਰ੍ਹਾਂ ਘੜਾ ਮਿੱਟੀ ਤੋਂ ਪੈਦਾ ਹੁੰਦਾ ਹੈ, ਆਪ ਹੀ ਕਰਤਾ ਬੀਠੁਲੁ ਦੇਉ ॥੨॥ ਏਸ ਤਰ੍ਹਾਂ ਹਰ ਸ਼ੈ ਖੁਦ ਪਿਆਰੇ ਅਤੇ ਪ੍ਰਕਾਸ਼ਵਾਨ ਸਿਰਜਣਹਾਰ ਤੋਂ ਪੈਦਾ ਹੁੰਦੀ ਹੈ। ਜੀਅ ਕਾ ਬੰਧਨੁ ਕਰਮੁ ਬਿਆਪੈ ॥ ਪ੍ਰਾਣੀ ਦੇ ਅਮਲ ਹੀ ਉਸ ਦੀ ਆਤਮਾ ਦਾ ਜੰਜਾਲ ਬਣ ਜਾਂਦੇ ਹਨ, ਜੋ ਕਿਛੁ ਕੀਆ ਸੁ ਆਪੈ ਆਪੈ ॥੩॥ ਜਿਹੜਾ ਕੁਛ ਉਹ ਕਰਦਾ ਹੈ, ਉਸ ਲਈ ਉਹ ਕੇਵਲ ਆਪ ਹੀ ਜਿਮੇਵਾਰ ਹੈ। ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥ ਨਾਮ ਦੇਵ ਜੀ ਬੇਨਤੀ ਕਰਦੇ ਹਨ, ਜਿਸ ਕਿਸੇ ਦੇ ਮੁਤਅਲਕ ਇਹ ਆਤਮਾ ਸੋਚਦੀ ਹੈ, ਉਸ ਨੂੰ ਇਹ ਪਾ ਲੈਂਦੀ ਹੈ। ਅਮਰੁ ਹੋਇ ਸਦ ਆਕੁਲ ਰਹੈ ॥੪॥੩॥ ਜੋ ਹਮੇਸ਼ਾਂ ਜਾਤ-ਰਹਿਤ ਸਾਈਂ ਵਿੱਚ ਵਸਦਾ ਹੈ, ਉਹ ਅਬਿਨਾਸ਼ੀ ਹੋ ਜਾਂਦਾ ਹੈ। ਪ੍ਰਭਾਤੀ ਭਗਤ ਬੇਣੀ ਜੀ ਕੀ ਪ੍ਰਭਾਤੀ। ਸ਼ਬਦ ਪੂਜਯ ਸੰਤ ਬੇਣੀ ਜੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਤਨਿ ਚੰਦਨੁ ਮਸਤਕਿ ਪਾਤੀ ॥ ਤੂੰ ਆਪਣੀ ਦੇਹ ਤੇ ਚੰਨਣ ਮਲਦਾ ਹੈ ਅਤੇ ਆਪਣੇ ਮੱਥੇ ਉਤੇ ਤੁਲਸੀ ਦੇ ਪੱਤੇ ਧਰਦਾ ਹੈ। ਰਿਦ ਅੰਤਰਿ ਕਰ ਤਲ ਕਾਤੀ ॥ ਪਰ ਤੂੰ ਆਪਣੇ ਦਿਲ ਦੇ ਹੱਥ ਦੀ ਤਲੀ ਵਿੱਚ ਛੁਰੀ ਫੜੀ ਹੋਈ ਹੈ। ਠਗ ਦਿਸਟਿ ਬਗਾ ਲਿਵ ਲਾਗਾ ॥ ਤੂੰ ਧੋਖੇਬਾਜ਼ ਦਿਸਦਾ ਹੈ ਅਤੇ ਤੂੰ ਬਗਲੇ ਦੀ ਮਾਨੰਦ ਆਪਣੀ ਬਿਰਤੀ ਜੋੜਦਾ ਹੈ। ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥ ਤੇਰੇ ਵਰਗੇ ਫਲ ਫੁਲ ਅਹਾਰੀ ਨੂੰ ਵੇਖ ਕੇ, ਜੀਵ ਦੀ ਜਿੰਦ-ਜਾਨ ਉਸ ਦੇ ਮੂੰਹ ਥਾਣੀ ਨਿਕਲ ਜਾਂਦੀ ਹੈ। ਕਲਿ ਭਗਵਤ ਬੰਦ ਚਿਰਾਂਮੰ ॥ ਤੂੰ ਵਿਸ਼ਨੂੰ ਦੇ ਸੁੰਦਰ ਬੁੱਤ ਮੂਹਰੇ ਬੜਾ ਚਿਰ ਬੰਦਨਾ ਕਰਦਾ ਹੈ। ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥ ਪ੍ਰੰਤੂ ਤੂੰ ਮੰਦੀ ਨਿਗ੍ਹਾ ਨਾਲ ਰੰਗਿਆ ਹੋਇਆ ਹੈ। ਫਜੂਲ ਹਨ ਤੇਰੀਆਂ ਰਾਤਾ ਅਤੇ ਦਿਹੁੰ। ਠਹਿਰਾਉ। ਨਿਤਪ੍ਰਤਿ ਇਸਨਾਨੁ ਸਰੀਰੰ ॥ ਤੂੰ ਹਰ ਰੋਜ ਆਪਣੀ ਦੇਹ ਨੂੰ ਧੋਦਾਂ ਹੈ, ਦੁਇ ਧੋਤੀ ਕਰਮ ਮੁਖਿ ਖੀਰੰ ॥ ਤੇਰੇ ਕੋਲ ਦੋ ਤੇੜ ਦੀਆਂ ਚਾਦਰਾ ਹਨ, ਤੂੰ ਧਾਰਮਕ ਸੰਸਕਾਰ ਕਰਦਾ ਹੈ ਅਤੇ ਆਪਣੇ ਮੂੰਹ ਵਿੱਚ ਕੇਵਲ ਦੁੱਧ ਹੀ ਪਾਉਂਦਾ ਹੈਂ, ਰਿਦੈ ਛੁਰੀ ਸੰਧਿਆਨੀ ॥ ਪ੍ਰੰਤੂ ਆਪਣੇ ਦਿਲ ਵਿੱਚ ਹੋਰਨਾਂ ਨੂੰ ਮਾਰਨ ਲਈ ਤੂੰ ਕਰਦ ਖਿਚੀ ਹੋਈ ਹੈ। ਪਰ ਦਰਬੁ ਹਿਰਨ ਕੀ ਬਾਨੀ ॥੨॥ ਤੇਰੀ ਆਦਤ ਦਿਲ ਵਿੱਚ ਹੋਰਨਾਂ ਦਾ ਧਨ ਖੋਹਣ-ਖਿੰਜਣ ਦੀ ਹੈ। ਸਿਲ ਪੂਜਸਿ ਚਕ੍ਰ ਗਣੇਸੰ ॥ ਤੂੰ ਪੱਥਰ ਦੀ ਮੂਰਤੀ ਨੂੰ ਪੂਜਦਾ ਹੈ ਅਤੇ ਆਪਣੀ ਦੇਹ ਤੇ ਹਾਥੀ ਦੇ ਸਿਰ ਵਾਲੇ ਦੇਵਤੇ ਦੇ ਚਿੰਨ੍ਹ ਲਾਉਂਦਾ ਹੈ। ਨਿਸਿ ਜਾਗਸਿ ਭਗਤਿ ਪ੍ਰਵੇਸੰ ॥ ਇਹ ਵਿਖਾਵਾ ਕਰਨ ਲਈ ਕਿ ਤੂੰ ਪ੍ਰਭੂ ਦੀ ਪ੍ਰੇਮਮਈ ਉਪਾਸ਼ਨਾ ਅੰਦਰ ਦਾਖਲ ਹੋ ਗਿਆ ਹੈ, ਤੂੰ ਰਾਤ ਨੂੰ ਜਾਗਦਾ ਰਹਿੰਦਾ ਹੈ। ਪਗ ਨਾਚਸਿ ਚਿਤੁ ਅਕਰਮੰ ॥ ਤੂੰ ਆਪਣੇ ਪੈਰਾਂ ਨਾਲ ਨੱਚਦਾ ਹੈ ਪ੍ਰੰਤੂ ਤੇਰਾ ਮਨ ਕੁਕਰਮਾ ਅੰਦਰ ਖਚਤ ਹੋਇਆ ਹੈ। ਏ ਲੰਪਟ ਨਾਚ ਅਧਰਮੰ ॥੩॥ ਹੇ ਬਦਕਾਰ! ਨਾਪਾਕ ਹੈ ਤੇਰੀ ਨਿਰਤਕਾਰੀ। ਮ੍ਰਿਗ ਆਸਣੁ ਤੁਲਸੀ ਮਾਲਾ ॥ ਤੂੰ ਮਿਰਗ-ਛਾਲਾ ਉਤੇ ਬਹਿੰਦਾ ਹੈ ਅਤੇ ਨਿਆਜਬੇ ਦੀ ਜਪਣੀ ਫੇਰਦਾ ਹੈ। ਕਰ ਊਜਲ ਤਿਲਕੁ ਕਪਾਲਾ ॥ ਤੂੰ ਆਪਣੇ ਮੱਥੇ ਤੇ ਚਮਕੀਲਾ ਟਿੱਕਾ ਲਾਉਂਦਾ ਹੈ। ਰਿਦੈ ਕੂੜੁ ਕੰਠਿ ਰੁਦ੍ਰਾਖੰ ॥ ਤੇਰੇ ਮਨ ਅੰਦਰ ਤਾਂ ਝੂਠ ਹੈ ਪ੍ਰੰਤੂ ਆਪਣੀ ਗਰਦਨ ਉਦਾਲੇ ਤੂੰ ਰੁਦਰ ਦੀ ਮਾਲਾ ਪਾਉਂਦਾ ਹੈ। ਰੇ ਲੰਪਟ ਕ੍ਰਿਸਨੁ ਅਭਾਖੰ ॥੪॥ ਹੇ ਪਾਪੀ! ਤੂੰ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦਾ। ਜਿਨਿ ਆਤਮ ਤਤੁ ਨ ਚੀਨ੍ਹ੍ਹਿਆ ॥ ਜੋ ਕੋਈ ਅਸਲੀ ਆਤਮਾ ਨੂੰ ਅਨੁਭਵ ਨਹੀਂ ਕਰਦਾ, ਸਭ ਫੋਕਟ ਧਰਮ ਅਬੀਨਿਆ ॥ ਵਿਅਰਥ ਅਤੇ ਅੰਨ੍ਹੇ ਹਨ ਉਸ ਦੇ ਸਾਰੇ ਧਾਰਮਕ ਸੰਸਕਾਰ। ਕਹੁ ਬੇਣੀ ਗੁਰਮੁਖਿ ਧਿਆਵੈ ॥ ਬੇਣੀ ਜੀ ਆਖਦੇ ਹਨ, ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ। ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥ ਸੱਚੇ ਗੁਰਾਂ ਦੇ ਬਗੈਰ ਤੈਨੂੰ ਰਸਤਾ ਨਹੀਂ ਲੱਭਣਾ। copyright GurbaniShare.com all right reserved. Email |