ਲੋਗਾ ਭਰਮਿ ਨ ਭੂਲਹੁ ਭਾਈ ॥ ਹੇ ਮੇਰੇ ਵੀਰ ਲੋਕੋ! ਤੁਸੀਂ ਵਹਿਮ ਅੰਦਰ ਭੰਬਲ ਭੂਸੇ ਨਾਂ ਖਾਓ। ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ ਰਚਨਾ ਰਚਣਹਾਰ ਅੰਦਰ ਹੈ ਅਤੇ ਰਚਨਹਾਰ ਰਚਨਾ ਅੰਦਰ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ। ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਮਿੱਟੀ ਕੇਵਲ ਇਕ ਹੀ ਹੈ ਪ੍ਰੰਤੂ ਘੜਨਹਾਰ ਨੇ ਇਸ ਨੂੰ ਘਣੇਰਿਆਂ ਤਰੀਕਿਆਂ ਨਾਲ ਘੜਿਆ ਹੈ। ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥ ਮਿੱਟੀ ਦੇ ਬਰਤਨ ਦਾ ਕੋਈ ਕਸੂਰ ਨਹੀਂ, ਨਾਂ ਹੀ ਕੋਈ ਕਸੂਰ ਹੈ ਘੁਮਿਆਰ ਦਾ। ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਉਹ ਅਦੁਤੀ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ ਅਤੇ ਸਾਰਾ ਕੁਛ ਉਸ ਦੀ ਮਰਜੀ ਅਨੁਸਾਰ ਹੀ ਹੁੰਦਾ ਹੈ। ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ ਜੋ ਕੋਈ ਭੀ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹੈ ਕੇਵਲ ਉਹ ਹੀ ਇਕ ਸੁਆਮੀ ਨੂੰ ਜਾਣਦਾ ਹੈ ਅਤੇ ਕੇਵਲ ਉਹ ਹੀ ਉਸ ਦਾ ਗੋਲਾ ਆਖਿਆ ਜਾਂਦਾ ਹੈ। ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਪ੍ਰਭੂ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਗੁਰਦੇਵ ਜੀ ਨੇ ਮੈਨੂੰ ਉਸ ਦੇ ਨਾਮ ਦਾ ਮਿੱਠਾ ਗੁਰ ਪਰਦਾਨ ਕੀਤਾ ਹੈ। ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥ ਕਬੀਰ ਜੀ ਆਖਦੇ ਹਨ, ਮੇਰਾ ਸੰਦੇਹ ਦੂਰ ਹੋ ਗਿਆ ਹੈ ਅਤੇ ਹੁਣ ਮੈਂ ਪਵਿੱਤਰ ਪ੍ਰਭੂ ਨੂੰ ਹਰ ਥਾਂ ਵੇਖਦਾ ਹਾਂ। ਪ੍ਰਭਾਤੀ ॥ ਪ੍ਰਭਾਤੀ। ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ ਵੇਦਾਂ ਅਤੇ ਮੁਸਲਮਾਨੀ ਪੁਸਤਕਾਂ ਨੂੰ ਕੂੜੀਆਂ ਨਾਂ ਆਖੋ। ਕੂੜਾ ਉਹ ਹੈ ਜੋ ਉਨ੍ਹਾਂ ਨੂੰ ਸੋਚਦਾ ਵਿਚਾਰਦਾ ਨਹੀਂ। ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥ ਜਦ ਤੂੰ ਆਖਦਾ ਹੈ, ਕਿ ਸਾਰਿਆਂ ਅੰਦਰ ਇਕ ਰੱਬ ਵਸਦਾ ਹੈ, ਤਾਂ ਤੂੰ ਕੁਕੜੀ ਨੂੰ ਕਿਉਂ ਮਾਰਦਾ ਹੈ? ਮੁਲਾਂ ਕਹਹੁ ਨਿਆਉ ਖੁਦਾਈ ॥ ਹੇ ਮੁੱਲਾ! ਤੂੰ ਦਸ ਕਿ ਕੀ ਇਹ ਹੀ ਈਸ਼ਵਰੀ ਇਨਸਾਫ ਹੈ। ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥ ਤੇਰੇ ਮਨੁਹੇ ਦਾ ਸੰਦੇਹ ਦੂਰ ਨਹੀਂ ਹੁੰਦਾ। ਠਹਿਰਾਉ। ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥ ਤੂੰ ਪ੍ਰਾਣਧਾਰੀ ਨੂੰ ਪਕੜ ਕੇ ਲਿਆਉਂਦਾ ਹੈ ਅਤੇ ਇਸ ਦੇ ਸਰੀਰ ਨੂੰ ਜ਼ਿਬਾਹ ਕਰਦਾ ਹੈ। ਤੂੰ ਕੇਵਲ ਮਿੱਟੀ ਨੂੰ ਹੀ ਮਾਰਿਆ ਹੈ, ਆਤਮਾ ਨੂੰ ਨਹੀਂ। ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥ ਇਸ ਦੀ ਅਬਿਨਾਸ਼ੀ ਆਤਮਾ ਹੋਰਸ ਦੇਹ ਨਾਲ ਜੁੜ ਜਾਂਦੀ ਹੈ। ਫਿਰ ਦੱਸ! ਤੂੰ ਕਿਸ ਨੂੰ ਜਿਬਾਹ ਕੀਤਾ ਹੈ? ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥ ਅਤੇ ਤੈਨੂੰ ਆਪਣੇ ਹੱਥਾਂ, ਪੈਰਾਂ ਤੇ ਮੂੰਹ ਨੂੰ ਪਵਿੱਤਰ ਕਰਨ ਅਤੇ ਚਿਹਰਾ ਧੋਣ ਦਾ ਕੀ ਫਾਇਦਾ ਹੈ ਅਤੇ ਕੀ ਹੈ ਆਪਣੇ ਸੀਸ ਨੂੰ ਮਸਜਿਦ ਵਿੱਚ ਨਿਵਾਉਣ ਦਾ? ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥ ਜਦ ਤੇਰੇ ਚਿੱਤ ਅੰਦਰ ਪਲੀਤੀ ਹੈ ਤਾਂ ਤੈਨੂੰ ਨਮਾਜ ਪੜ੍ਹਨ ਅਤੇ ਮੱਕੇ ਦੀ ਯਾਤਰਾ ਕਰਨ ਜਾਣ ਦਾ ਕੀ ਲਾਭ ਹੈ? ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥ ਤੂੰ ਅਪਵਿੱਤਰ ਹੈ ਅਤੇ ਆਪਣੇ ਪਵਿੱਤਰ ਪ੍ਰਭੂ ਨੂੰ ਸਮਝਦਾ ਨਹੀਂ। ਉਸ ਦੇ ਭੇਤ ਨੂੰ ਤੂੰ ਨਹੀਂ ਜਾਣਦਾ। ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥ ਕਬੀਰ ਜੀ ਆਖਦੇ ਹਨ, ਤੂੰ ਸੁਰਗ ਤੋਂ ਖੁੰਝ ਗਿਆ ਹੈ ਅਤੇ ਤੇਰਾ ਚਿੱਤ ਨਰਕ ਨਾਲ ਰੀਝ ਗਿਆ ਹੈ। ਪ੍ਰਭਾਤੀ ॥ ਪ੍ਰਭਾਤੀ। ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥ ਹੇ ਵਾਹਿਗੁਰੂ! ਆਦੀ ਅਤੇ ਸਰਬ-ਵਿਆਪਕ ਮਾਲਕ! ਤੂੰ ਚਾਨਣ ਦੀ ਖਾਣ ਹੈ। ਤੂੰ ਮੇਰੀ ਸਨਮੁਖ ਉਪਾਸ਼ਨਾ ਸ੍ਰਵਣ ਕਰ। ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥ ਪੂਰਨ ਪੁਰਸ਼ਾਂ ਨੂੰ ਆਪਣੀ ਤਾੜੀ ਅੰਦਰ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਉਹ ਤੇਰੀ ਪਨਾਹ ਨਾਲ ਜੰਮੇ ਰਹਿੰਦੇ ਹਨ। ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥ ਹੇ ਵੀਰ! ਸੱਚੇ ਗੁਰਾਂ ਦੀ ਪੂਜਾ ਕਰਨ ਦੁਆਰਾ ਪਵਿੱਤਰ ਪ੍ਰਭੂ ਦੀ ਸਨਮੁਖ ਉਪਾਸ਼ਨਾ ਦੀ ਦਾਤ ਮਿਲ ਜਾਂਦੀ ਹੈ। ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥ ਉਸ ਦੇ ਬੂਹੇ ਤੇ ਖੜ੍ਹਾ ਹੋ, ਬ੍ਰਹਮਾ ਵੇਦਾਂ ਨੂੰ ਵਾਚਦਾ ਹੈ, ਪ੍ਰੰਤੂ ਉਹ ਅਦ੍ਰਿਸ਼ਟ ਸੁਆਮੀ ਨੂੰ ਦੇਖ ਨਹੀਂ ਸਕਦਾ। ਠਹਿਰਾਉ। ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯ੍ਯਾਰਾ ॥ ਸਚਾਈ ਦੇ ਰੋਗਲ ਅਤੇ ਸੁਆਮੀ ਦੇ ਨਾਮ ਦੀ ਬੱਤੀ ਨਾਲ ਮੈਂ ਆਪਣੀ ਕਾਇਆ ਨੂੰ ਰੌਸ਼ਨ ਕਰਨ ਲਈ ਲੈਂਪ ਬਣਾਇਆ ਹੈ। ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥ ਸੰਸਾਰ ਦੇ ਸੁਆਮੀ ਦੇ ਪ੍ਰਕਾਸ਼ ਨੂੰ ਮਲ ਕੇ, ਮੈਂ ਦੀਵੇ ਨੂੰ ਰੌਸ਼ਨ ਕੀਤਾ ਹੈ। ਕੇਵਲ ਸਭ ਕੁਛ ਜਾਣਨਹਾਰ ਸੁਆਮੀ ਹੀ ਇਸ ਰਾਜ ਨੂੰ ਸਮਝਦਾ ਹੈ। ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥ ਪੰਜਾਂ ਸੰਗੀਤਕ ਸਾਜਾਂ ਦਾ ਬੈਕੁੰਠੀ ਕੀਰਤਨ ਮੇਰੇ ਅੰਦਰ ਗੂੰਜਦਾ ਹੈ ਅਤੇ ਮੈਂ ਹਮੇਸ਼ਾਂ ਹੀ ਸੰਸਾਰ ਦੇ ਸੁਆਮੀ ਨਾਲ ਵਸਦਾ ਹਾਂ। ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥ ਹੇ ਸਰੂਪ-ਰਹਿਤ ਅਤੇ ਨਿਰਲੇਪ ਸੁਆਮੀ! ਤੇਰਾ ਗੋਲਾ ਕਬੀਰ ਤੇਰੀ ਐਹੋ ਜੇਹੀ ਉਪਾਸ਼ਨਾ ਕਰਦਾ ਹੈ। ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਪ੍ਰਭਾਤੀ ਸ਼ਬਦ ਮਹਾਰਾਜ ਸੰਤ ਨਾਮ ਦੇਵ ਜੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥ ਮਨ ਦੀ ਅਵਸਥਾਂ ਨੂੰ ਮੇਰਾ ਮਨੂਆ ਹੀ ਜਾਣਦਾ ਹੈ ਅਤੇ ਮੈਂ ਇਸ ਨੂੰ ਅੰਦਰਲੀਆਂ ਜਾਣਨਹਾਰ ਮੂਹਰੇ ਵਰਨਣ ਕਰਦਾ ਹਾਂ। ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥ ਮੈਂ ਦਿਲਾਂ ਦੀਆਂ ਜਾਣਨਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਤੇ ਮੈਨੂੰ ਕਿਸੇ ਕੋਲੋਂ ਕਿਉਂ ਭੌ ਕਰਨਾ ਚਾਹੀਦਾ ਹੈ? ਬੇਧੀਅਲੇ ਗੋਪਾਲ ਗੋੁਸਾਈ ॥ ਮੇਰਾ ਹਿਰਦਾ ਸੁਆਮੀ ਮਾਲਕ ਨੇ ਆਪਣੇ ਪ੍ਰੇਮ ਨਾਲ ਵਿੰਨ੍ਹ ਲਿਆ ਹੈ। ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥ ਮੈਡਾ ਮਾਲਕ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ। ਠਹਿਰਾਉ। ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥ ਮਨ ਹੀ ਹੱਟੀ ਹੈ, ਮਨ ਹੀ ਨਗਰ ਅਤੇ ਮਨ ਹੀ ਪੰਸਾਰੀ। ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥ ਮਨ ਅਨੇਕਾਂ ਹੀ ਸਰੂਪਾਂ ਅੰਦਰ ਵਸਦਾ ਅਤੇ ਜਗਤ ਅੰਦਰ ਭਟਕਦਾ ਹੈ। ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥ ਜਦ ਗੁਰਾਂ ਦੀ ਬਾਣੀ ਨਾਲ ਇਹ ਮਨੂਆ ਰੰਗਿਆ ਜਾਂਦਾ ਹੈ, ਤਾਂ ਦਵੈਤਭਾਵ ਸੁਖੈਨ ਹੀ ਨਾਸ ਥੀ ਵੰਞਦਾ ਹੈ। copyright GurbaniShare.com all right reserved. Email |