ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ। ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥ ਮਾਲਕ ਨਾਲ ਮੇਲ-ਮਿਲਾਪ ਦਾ ਤਰੀਕਾ ਮੈਂ ਗੁਰਾਂ ਪਾਸੋਂ ਸੁਣ ਲਿਆ ਹੈ। ਮੋ ਕਉ ਸਤਿਗੁਰ ਸਬਦਿ ਬੁਝਾਇਓ ॥੧॥ ਰਹਾਉ ॥ ਮੈਨੂੰ ਸੱਚੇ ਗੁਰਾਂ ਨੇ ਇਹ ਆਪਣੇ ਉਪਦੇਸ਼ ਦੁਆਰਾ ਦਰਸਾ ਦਿੱਤਾ ਹੈ। ਠਹਿਰਾਉ। ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ॥ ਹਰ ਮੁਹਤ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਜੋ ਧਰਤੀ ਦਿਆਂ ਨੌਵਾਂ ਹੀ ਖਿੱਤਿਆਂ ਅਤੇ ਇਸ ਦੇਹਿ ਅੰਦਰ ਰਮਿਆ ਹੋਇਆ ਹੈ। ਦੀਖਿਆ ਗੁਰ ਕੀ ਮੁੰਦ੍ਰਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ ॥੧॥ ਗੁਰਾਂ ਦੇ ਉਪਦੇਸ਼ ਨੂੰ ਆਪਦੇ ਕੰਨਾਂ ਦੀਆਂ ਮੁੰਦਾ ਬਣਾਇਆ ਹੈ ਅਤੇ ਇਕੱਲੇ ਅਕਾਰ-ਰਹਿਤ ਸਾਈਂ ਨੂੰ ਮੈਂ ਆਪਣੇ ਦਿਲ ਅੰਦਰ ਟਿਕਾ ਲਿਆ ਹੈ। ਪੰਚ ਚੇਲੇ ਮਿਲਿ ਭਏ ਇਕਤ੍ਰਾ ਏਕਸੁ ਕੈ ਵਸਿ ਕੀਏ ॥ ਪੰਜਾਂ ਮੁਰੀਦਾ ਨੂੰ ਇਕੱਠੇ ਜੋੜ ਕੇ, ਮੈਂ ਉਨ੍ਹਾਂ ਨੂੰ ਇਕ ਜ਼ਮੀਰ ਦੇ ਅਧੀਨ ਕਰ ਦਿੱਤਾ ਹੈ। ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥੨॥ ਜਦ (ਪੰਜ ਗਿਆਨ-ਇੰਦ੍ਰੀਆਂ ਅਤੇ ਪੰਜ ਕਰਮ ਇੰਦ੍ਰੀਆਂ) ਦਸ ਇਕਾਂਤਣਾ ਮੇਰੀਆਂ ਫਰਮ ਬਰਦਾਰ ਹੋ ਗਈਆਂ, ਤਦ, ਮੈਂ ਪਵਿੱਤ੍ਰ ਯੋਗੀ ਬਣ ਗਿਆ। ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥ ਮੈਂ ਆਪਣਾ ਵਹਿਮ ਸਾੜ ਸੁਟਿਆ ਹੈ, ਅਤੇ ਇਸ ਦੀ ਸੁਆਹ ਮੈਂ ਆਪਣੀ ਦੇਹਿ ਨੂੰ ਮਲੀ ਹੈ। ਮੇਰਾ ਮਤ ਸੁਆਮੀ ਨੂੰ ਇਕ ਕਰ ਕੇ ਵੇਖਣਾ ਹੈ। ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ ॥੩॥ ਉਸ ਬੈਕੁੰਠੀ ਆਨੰਦ ਨੂੰ ਮੈਂ ਆਪਣਾ ਭੋਜਨ ਬਣਾਇਆ ਹੈ, ਜਿਹੜਾ ਕਿ ਸੁਆਮੀ ਨੇ ਮੇਰੇ ਲਈ ਮਥੇ ਉਤੇ ਲਿਖਿਆ ਹੋਇਆ ਸੀ। ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥ ਜਿਥੇ ਡਰ ਨਹੀਂ, ਉਥੇ ਮੈਂ ਆਪਣਾ ਟਿਕਾਣਾ ਬਣਾਇਆ ਹੈ, ਆਤਮਕ ਮੰਡਲ ਦਾ ਸੰਗੀਤ ਮੇਰਾ ਜੋਗੀ ਦਾ ਸਿੰਗੁ ਹੈ। ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥੪॥ ਅਸਲੀਅਤ ਨੂੰ ਸੋਚਣ ਸਮਝਣ ਦਾ ਮੈਂ ਸੋਟਾ ਬਣਾਇਆ ਹੈ ਅਤੇ ਚਿੱਤ ਅੰਦਰ ਨਾਮ ਦੀ ਪ੍ਰੀਤ ਮੇਰੀ ਜੀਵਨ ਰਹੁ-ਰੀਤੀ ਹੈ। ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ॥ ਬਹੁਤ ਚੰਗੇ ਨਸੀਬਾਂ ਦੁਆਰਾ ਇਹੋ ਜਿਹਾ ਯੋਗੀ ਮਿਲਦਾ ਹੈ ਜਿਹੜਾ ਮੋਹਨੀ ਦੀਆਂ ਬੇੜੀਆਂ ਕਟ ਦੇਵੇ। ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ ॥੫॥੧੧॥੧੩੨॥ ਨਾਨਕ ਇਸ ਵਿਅਕਤੀ ਦੀ ਟਹਿਲ ਅਤੇ ਉਪਾਸ਼ਨਾ ਕਰਦਾ ਅਤੇ ਉਸ ਦੇ ਪੈਰ ਚੱਟਦਾ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ। ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥ ਵਾਹਿਗੁਰੂ ਦਾ ਨਾਮ ਇਕ ਉਪਮਾ-ਰਹਿਤ ਦੌਲਤ ਹੈ। ਸਾਰੇ ਹੀ ਇਸ ਦਾ ਸ੍ਰਵਣ ਤੇ ਸਿਮਰਨ ਕਰੋ, ਹੈ ਮਿੱਤਰੋ। ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥ ਜਿਨ੍ਹਾਂ ਨੂੰ ਗੁਰਦੇਵ ਜੀ ਵਾਹਿਗੁਰੂ ਦੀ ਦਵਾਈ ਦਿੰਦੇ ਹਨ, ਉਨ੍ਹਾਂ ਦੇ ਮਨ ਸਾਫ ਸੁਥਰੇ ਹੋ ਜਾਂਦੇ ਹਨ। ਠਹਿਰਾਉ। ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥ ਅਨ੍ਹੇਰਾ ਉਸ ਦੇਹਿ ਤੋਂ ਦੂਰ ਹੋ ਜਾਂਦਾ ਹੈ ਜਿਸ ਦੇ ਅੰਦਰ ਗੁਰਾਂ ਦੀ ਬਾਣੀ ਦੀ ਜੋਤ ਜਗਾ ਦਿਤੀ ਜਾਂਦੀ ਹੈ। ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥ ਉਸ ਦੀ ਸ਼ੱਕ-ਸੰਦੇਹ ਦੀ ਫਾਹੀ ਕੱਟੀ ਜਾਂਦੀ ਹੈ, ਜੋ ਸਤਿਸੰਗਤ ਅੰਦਰ ਭਰੋਸਾ ਧਾਰਦਾ ਹੈ। ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥ ਤਰਨ ਨੂੰ ਔਖਾ, ਭਿਆਨਕ ਸੰਸਾਰ ਸਮੁੰਦਰ ਸਤਿ ਸੰਗਤ ਦੇ ਜਹਾਜ਼ ਦੇ ਜ਼ਰੀਏ ਪਾਰ ਕੀਤਾ ਜਾਂਦਾ ਹੈ। ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥੨॥ ਵਾਹਿਗੁਰੂ ਵਿੱਚ ਪ੍ਰੀਤ ਰੱਖਣ ਵਾਲੇ ਗੁਰਾਂ ਨੂੰ ਮਿਲ ਕੇ ਮੇਰੇ ਚਿੱਤ ਦੀ ਮੁਰਾਦ ਪੂਰੀ ਹੋ ਗਈ ਹੈ। ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥ ਨਾਮ ਦਾ ਕੋਸ਼ ਸੰਤਾਂ ਨੇ ਪ੍ਰਾਪਤ ਕੀਤਾ ਹੈ ਅਤੇ ਉਨ੍ਹਾਂ ਦੀ ਆਤਮਾ ਤੇ ਦੇਹਿ ਰੱਜ ਤੇ ਧ੍ਰਾਪ ਗਏ ਹਨ। ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥ ਨਾਨਕ ਪੂਜਯ ਪ੍ਰਭੂ ਇਹ ਕੇਵਲ ਉਸ ਨੂੰ ਦਿੰਦਾ ਹੈ, ਜਿਸ ਪਾਸੋਂ ਉਹ ਆਪਦੇ ਫੁਰਮਾਨ ਦੀ ਪਾਲਣਾ ਕਰਾਉਂਦਾ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ। ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥ ਹੈ ਮੇਰੀ ਜਿੰਦ ਜਾਨ ਦੇ ਸੁਆਮੀ! ਮੇਰੇ ਉਤੇ ਮਿਹਰ ਅਤੇ ਰਹਿਮਤ ਧਾਰ। ਮੈਂ ਮਾਂ-ਮਹਿੱਟਰ ਨੇ ਤੇਰੀ ਪਨਾਹ ਲਈ ਹੈ, ਹੇ ਮਾਲਕ! ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥ ਆਪਣਾ ਹੱਥ ਦੇ ਕੇ ਅੰਨ੍ਹੇ ਖੂਹ ਦੇ ਵਿਚੋਂ ਮੈਨੂੰ ਬਾਹਰ ਕੱਢ ਲੈ, ਕੁਝ ਭੀ ਅਕਲਮੰਦੀ ਤੇ ਅਟਕਲ ਮੇਰੇ ਵਿੱਚ ਨਹੀਂ। ਠਹਿਰਾਉ। ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥ ਤੂੰ ਢੋ ਮੇਲ ਜੋੜਨਹਾਰ ਹੈ। ਸਾਰਾ ਕੁਝ ਤੂੰ ਹੀ ਹੈ, ਤੂੰ ਸਰਬ-ਸ਼ਕਤੀਵਾਨ ਹੈ। ਤੇਰੇ ਬਾਝੋਂ ਹੋਰ ਕੋਈ ਭੀ ਨਹੀਂ, ਹੇ ਸੁਆਮੀ! ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ॥੧॥ ਤੇਰੀ ਦਸ਼ਾ ਅਤੇ ਵਿਸਥਾਰ, ਕੇਵਲ ਤੂੰ ਹੀ ਜਾਣਦਾ ਹੈਂ। ਕੇਵਲ ਉਹੀ ਤੇਰੇ ਨਫ਼ਰ ਬਣਦੇ ਹਨ ਜਿਨ੍ਹਾਂ ਦੇ ਮੱਥੇ ਤੇ ਚੰਗੀ ਕਿਸਮਤ ਲਿਖੀ ਹੋਈ ਹੈ। ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ ॥ ਆਪਣੇ ਟਹਿਲੂਏ ਨਾਲ ਤੂੰ ਰੰਗੀਜਿਆਂ ਹੋਇਆ ਹੈ, ਹੇ ਸਾਹਿਬ! ਤਾਣੇ ਪੇਟੇ ਦੀ ਮਾਨੰਦ ਤੂੰ ਆਪਣੇ ਅਨੁਰਾਗੀਆਂ ਨਾਲ ਇਕ-ਮਿੱਕ ਹੋਇਆ ਹੈ। ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥੨॥ ਉਹ ਤੇਰੇ ਪਿਆਰੇ ਮਿਠੜੇ ਨਾਮ ਅਤੇ ਦੀਦਾਰ ਨੂੰ ਇਉ ਤਾਂਘਦੇ ਹਨ ਜਿਸ ਤਰ੍ਹਾਂ ਲਾਲ ਲੱਤਾ ਵਾਲਾ ਤਿੱਤਰ ਉਸ ਚੰਦ ਨੂੰ ਵੇਖਣ ਲਈ ਲੋਚਦਾ ਹੈ। ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥ ਵਿਆਪਕ ਪ੍ਰਭੂ ਅਤੇ ਉਸ ਦੇ ਸਾਧੂ ਵਿੱਚ ਕੋਈ ਫ਼ਰਕ ਨਹੀਂ, ਕਈ ਇਕ ਲਖਾਂ, ਅਤੇ ਕ੍ਰੋੜਾ ਹੀ ਪ੍ਰਾਣੀਆਂ ਵਿਚੋਂ ਕੋਈ ਇਕ ਅੱਧਾ ਹੀ ਸਾਹਿਬ ਦਾ ਸਾਧੂ ਹੈ। ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ ॥੩॥ ਜਿਸ ਦੇ ਅੰਤਰ-ਆਤਮੇ ਸਾਹਿਬ ਜ਼ਾਹਿਰ ਹੋਇਆ ਹੈ, ਉਹ ਦਿਨ ਰਾਤ ਆਪਦੀ ਜੀਭਾ ਨਾਲ ਉਸ ਦਾ ਜੱਸ ਗਾਇਨ ਕਰਦਾ ਹੈ। ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥ ਮੇਰ ਮਾਲਕ, ਤੂੰ ਸਰਬ-ਸ਼ਕਤੀਵਾਨ ਬੇਅੰਤ, ਪਰਮ ਬੁਲੰਦ, ਆਰਾਮ ਦੇਣਹਾਰ ਅਤੇ ਜਿੰਦਜਾਨ ਦਾ ਆਸਰਾ ਹੈ। ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥ ਨਾਨਕ ਉਤੇ ਮਿਹਰ ਧਾਰ, ਹੇ ਸੁਆਮੀ! ਤਾਂ ਜੋ ਉਹ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਨਾਲ ਜੁੜਿਆ ਰਹੇ। copyright GurbaniShare.com all right reserved. Email:- |