ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ। ਤੁਮ ਹਰਿ ਸੇਤੀ ਰਾਤੇ ਸੰਤਹੁ ॥ ਹੈ ਸਾਧੂ-ਗੁਰਦੇਵ! ਤੁਸੀਂ ਵਾਹਿਗੁਰੂ ਨਾਲ ਰੰਗੇ ਹੋਏ ਹੋ। ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥ ਹੈ ਮੇਰੇ ਦਾਤਾਰ! ਕਿਸਮਤ ਦੇ ਲਿਖਾਰੀ ਵਾਹਿਗੁਰੂ-ਗੁਰੂ ਮੇਰਾ ਪੱਖ ਪੂਰ ਅਤੇ ਮੈਨੂ ਮੇਰੀ ਅਖੀਰੀ ਮੰਜ਼ਲ ਤੇ ਪਹੁੰਚਾ ਦੇ। ਠਹਿਰਾਉ। ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ ॥ ਤੇਰਾ ਭੇਤ, ਕੇਵਲ ਤੂੰ ਹੀ ਜਾਣਦਾ ਹੈ, ਹੈ ਮੇਰੇ ਗੁਰਦੇਵ! ਤੂੰ ਸਰਬ-ਵਿਆਪਕ ਸਾਹਿਬ ਸਿਰਜਨਹਾਰ ਹੈ। ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ॥੧॥ ਮੈਂ ਨਿਰਬਲ ਯਤੀਮ, ਨੂੰ ਆਪਣੀ ਪਨਾਹ ਹੇਠਾ ਰੱਖ ਅਤੇ ਮੈਨੂੰ ਬੰਦਖਲਾਸ ਕਰ। ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ ॥ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤੇਰੇ ਚਰਨ ਇਕ ਜਹਾਜ਼ ਹਨ। ਆਪਣੀ ਰੀਤੀ ਨੂੰ ਤੂੰ ਆਪ ਹੀ ਜਾਣਦਾ ਹੈ। ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥੨॥ ਉਹ ਸਾਰੇ ਜਿਨ੍ਹਾਂ ਨੂੰ ਤੂੰ ਦਇਆ ਧਾਰ ਕੇ ਆਪਣੇ ਨਾਲ ਰਖਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ ॥ ਇਥੇ ਅਤੇ ਉਥੇ ਹੈ ਸੁਆਮੀ ਤੂੰ ਸਰਬ-ਸ਼ਕਤੀਵਾਨ ਹੈ। ਸਾਰਾ ਕੁਝ ਤੇਰੇ ਹੀ ਹੱਥ ਵਿੱਚ ਹੈ। ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥੩॥ ਹੈ ਰੱਬ ਦੇ ਭਗਤ ਜਨੋ, ਮੈਨੂੰ ਇਹੋ ਜਿਹਾ ਖ਼ਜ਼ਾਨਾ ਬਖ਼ਸ਼ੋ, ਜਿਹੜਾ ਮੇਰੇ ਨਾਲ ਜਾਵੇ। ਨਿਰਗੁਨੀਆਰੇ ਕਉ ਗੁਨੁ ਕੀਜੈ ਹਰਿ ਨਾਮੁ ਮੇਰਾ ਮਨੁ ਜਾਪੇ ॥ ਮੈਂ ਨੇਕੀ-ਵਿਹੁਣ ਨੂੰ ਨੇਕੀ ਪਰਦਾਨ ਕਰ, ਤਾਂ ਜੋ ਮੇਰੇ ਚਿੱਤ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰੇ। ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥ ਸਾਧੂਆਂ ਦੀ ਦਇਆ ਦੁਆਰਾ ਨਾਨਕ ਵਾਹਿਗੁਰੂ ਨੂੰ ਮਿਲ ਪਿਆ ਹੈ ਅਤੇ ਉਸ ਦੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਰੱਜ ਗਏ ਹਨ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ। ਸਹਜਿ ਸਮਾਇਓ ਦੇਵ ॥ ਮੈਂ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ, ਕਿਉਂ ਕਿ, ਮੋ ਕਉ ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥ ਮੇਰੇ ਉਤੇ ਰੱਬ ਰੂਪ ਸੱਚੇ ਗੁਰੂ ਜੀ ਮਿਹਰਵਾਨ ਹੋ ਗਏ ਹਨ। ਠਹਿਰਾਉ। ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥ ਫਾਹੀ ਦਾ ਰੱਸਾ ਵੱਢ ਕੇ, ਗੁਰਾਂ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸਾਧੂਆਂ ਦੀ ਸੇਵਾ ਵਿੱਚ ਲਾ ਦਿੱਤਾ ਹੈ। ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥ ਮੈਂ ਕੇਵਲ ਨਾਮ ਦਾ ਹੀ ਉਪਾਸ਼ਕ ਹੋ ਗਿਆ ਹਾਂ, ਅਤੇ ਗੁਰਾਂ ਨੇ ਮੈਨੂੰ ਅਦਭੁਤ ਵਸਤੂ ਵਿਖਾਲ ਦਿੱਤੀ ਹੈ। ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ ॥ ਗੁਰਾਂ ਨੇ ਮੇਰੇ ਹਿਰਦੇ ਅੰਦਰ ਬ੍ਰਹਮ-ਬੁੱਧ ਪਰਤੱਖ ਕਰ ਦਿੱਤਾ ਹੈ, ਅਤੇ ਹੁਣ ਸਭ ਪਾਸੀਂ ਰੋਸ਼ਨੀ ਤੇ ਚਾਨਣ ਹੈ। ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ ॥੨॥ ਨਾਮੁ ਸੁਧਾਰਸ ਨੂੰ ਪਾਨ ਕਰਨ ਦੁਆਰਾ ਮੇਰੀ ਆਤਮਾ ਰੱਜ ਗਈ ਹੈ ਅਤੇ ਹੋਰ ਡਰ ਪਰੇ ਹਟ ਗਏ ਹਨ। ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ ॥ ਗੁਰਾਂ ਦੇ ਹੁਕਮਾਂ ਤੇ ਅਮਲ ਕਰਨ ਦੁਆਰਾ ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਦੁਖੜਿਆਂ ਦਾ ਡੇਰਾ ਢਾ ਸੁਟਿਆ ਹੈ। ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ ॥੩॥ ਜਦ ਸੁਆਮੀ ਮਾਲਕ ਪਰਮ ਪਰਸੰਨ ਹੋ ਗਿਆ, ਉਸ ਨੇ ਹਰ ਸ਼ੈ ਮੈਨੂੰ ਅਨੰਦਤਾ ਦੇ ਸਰੂਪ ਵਿੱਚ ਵਿਖਾਲ ਦਿੱਤੀ। ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥ ਨਾਂ ਕੁਝ ਆਉਂਦਾ ਹੈ ਤੇ ਨਾਂ ਹੀ ਕੁਝ ਜਾਂਦਾ ਹੈ। ਇਹ ਸਾਰੀ ਖੇਡ ਵਾਹਿਗੁਰੂ ਪਾਤਸ਼ਾਹ ਨੇ ਜਾਰੀ ਕੀਤੀ ਹੈ। ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥ ਗੁਰੂ ਜੀ ਫੁਰਮਾਉਂਦੇ ਹਨ, ਪਹੁੰਚ ਤੋਂ ਪਰੇ ਤੇ ਖੋਜ ਰਹਿਤ ਹੈ ਸੁਆਮੀ। ਉਸ ਦੇ ਅਨੁਰਾਗੀਆਂ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥ ਪਰਮ ਪ੍ਰਭੂ ਮੁਕੰਮਲ ਮਾਲਕ ਹੈ; ਹੈ ਮੇਰੀ ਜਿੰਦੇ! ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰਖ, ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥ ਜਿਸ ਨੇ ਆਲਮ ਅਤੇ ਬਰਿ-ਆਜ਼ਮ ਅਸਥਾਪਨ ਕੀਤੇ ਹਨ; ਹੇ ਬੰਦੇ! ਤੂੰ ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਉ। ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ॥ ਓ ਵਾਹਿਗੁਰੂ ਦੇ ਗੋਲਿਓ! ਚਿੱਤ ਦੀ ਚਤੁਰਾਈ ਨੂੰ ਛੱਡ ਦਿਓ। ਉਸ ਦੀ ਰਜ਼ਾ ਅਨੁਭਵ ਕਰਨ ਦੁਆਰਾ ਆਰਾਮ ਮਿਲਦਾ ਹੈ। ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥ ਜੋ ਕੁਛ ਸੁਆਮੀ ਕਰਦਾ ਹੈ, ਉਸ ਨੂੰ ਖਿੜੇ ਮੱਥੇ ਪਰਵਾਨ ਕਰ। ਖ਼ੁਸ਼ੀ ਤੇ ਗ਼ਮੀ ਵਿੱਚ ਉਸੇ ਸਾਹਿਬ ਦਾ ਸਿਮਰਨ ਕਰ, ਹੈ ਬੰਦੇ! ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥ ਕ੍ਰੋੜਾਂ ਹੀ ਪਾਪੀਆਂ ਨੂੰ ਸਿਰਜਣਹਾਰ ਇੱਕ ਮੁਹਤ ਵਿੱਚ ਤਾਰ ਦਿੰਦਾ ਹੈ ਅਤੇ ਉਸ ਵਿੱਚ ਕੋਈ ਦੇਰੀ ਨਹੀਂ ਲਗਦੀ। ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥ ਮਸਕੀਨਾ ਦੀ ਪੀੜਾ ਅਤੇ ਬੀਮਾਰੀ ਦੂਰ ਕਰਨ ਵਾਲਾ ਪ੍ਰਭੂ ਜਿਸ ਤੇ ਪ੍ਰਸੰਨ ਹੁੰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ। ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ ॥ ਸਾਹਿਬ ਸਾਰਿਆਂ ਦੀ ਮਾਂ, ਪਿਓ ਅਤੇ ਪਾਲਣਹਾਰ ਹੈ। ਉਹ ਸਾਰੇ ਜੀਵਾਂ ਦੀ ਜਿੰਦ ਜਾਨ ਤੇ ਆਰਾਮ ਦਾ ਸਮੁੰਦਰ ਹੈ। ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥੩॥ ਦੇਣ ਦੁਆਰਾ ਉਸ ਸਿਰਜਣਹਾਰ ਨੂੰ ਕੋਈ ਕਮੀ ਨਹੀਂ ਵਾਪਰਦੀ। ਹੀਰਿਆਂ ਦੀ ਕਾਨ ਵਾਹਿਗੁਰੂ ਸਰਬ-ਵਿਆਪਕ ਹੈ। ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ ਘਟ ਘਟ ਅੰਤਰਿ ਸੋਈ ਰੇ ॥ ਮੰਗਤਾ ਤੇਰੇ ਨਾਮ ਦੀ ਖ਼ੈਰ ਮੰਗਦਾ ਹੈ, ਹੈ ਮਾਲਕ! ਉਹ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ ॥੪॥੧੬॥੧੩੭॥ ਗੋਲੇ ਨਾਨਕ ਨੇ ਉਸ ਦੀ ਸ਼ਰਣਾਗਤਿ ਸੰਭਾਲੀ ਹੈ, ਜਿਸ ਦੇ ਬੂਹੇ ਤੋਂ ਕੋਈ ਭੀ ਖ਼ਾਲੀ ਹੱਥੀ ਨਹੀਂ ਮੁੜਦਾ। copyright GurbaniShare.com all right reserved. Email:- |