ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ ॥
ਤੂੰ ਮੰਜਨ ਕਰਦਾ ਹੈਂ ਤੇ ਚਿੱਟੇ ਬਸਤਰ ਪਾਉਂਦਾ ਹੈਂ ਅਤੇ ਆਪਣੇ ਆਪ ਨੂੰ ਤੂੰ ਚੰਨਣ ਦੇ ਅਤਰ ਨਾਲ ਸੁੰਗਧਤ ਕਰਦਾ ਹੈਂ। ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ ॥੩॥ ਤੂੰ ਭੈ-ਰਹਿਤ, ਸਰੂਪ-ਰਹਿਤ ਸੁਆਮੀ ਦਾ ਸਿਮਰਨ ਨਹੀਂ ਕਰਦਾ, ਤੇਰਾ ਇਸ਼ਨਾਨ ਹਾਥੀ ਦੇ ਨ੍ਹਾਉਣ ਵਰਗਾ ਹੈ। ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥ ਜਦ ਹਰੀ ਮਿਹਰਬਾਨ ਹੁੰਦਾ ਹੈ, ਤਦ ਉਹ ਸੱਚੇ ਗੁਰਾਂ ਨਾਲ ਤੈਨੂੰ ਮਿਲਾਉਂਦਾ ਹੈ, ਸਾਰਾ ਆਰਾਮ ਰੱਬ ਦੇ ਨਾਮ ਅੰਦਰ ਵਸਦਾ ਹੈ। ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ॥੪॥੧੪॥੧੫੨॥ ਗੋਲਾ ਨਾਨਕ ਨਾਰਾਇਣ ਦੀ ਮਹਿਮਾ ਅਲਾਪਦਾ ਹੈ, ਗੁਰਾਂ ਨੇ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਹਨ ਤੇ ਉਹ ਮੁਕਤ ਹੋ ਗਿਆ ਹੈ। ਗਉੜੀ ਪੂਰਬੀ ਮਹਲਾ ੫ ॥ ਗਊੜੀ ਪੂਰਬੀ ਪਾਤਸ਼ਾਹੀ ਪੰਜਵੀ। ਮੇਰੇ ਮਨ ਗੁਰੁ ਗੁਰੁ ਗੁਰੁ ਸਦ ਕਰੀਐ ॥ ਮੇਰੀ ਜ਼ਿੰਦੜੀਏ ਤੂੰ ਸਦੀਵ ਹੀ ਵਿਸ਼ਾਲ ਵਾਹਿਗੁਰੂ ਸਰੂਪ ਗੁਰਾਂ ਦਾ ਧਿਆਨ ਧਾਰ। ਰਤਨ ਜਨਮੁ ਸਫਲੁ ਗੁਰਿ ਕੀਆ ਦਰਸਨ ਕਉ ਬਲਿਹਰੀਐ ॥੧॥ ਰਹਾਉ ॥ ਅਮੋਲਕ ਜਨਮ ਗੁਰਾਂ ਨੇ ਫਲਦਾਇਕ ਬਣਾ ਦਿਤਾ ਹੈ, ਉਨ੍ਹਾਂ ਦੇ ਦੀਦਾਰ ਉਤੋਂ ਮੈਂ ਘੋਲੀ ਜਾਂਦਾ ਹਾਂ। ਠਹਿਰਾਉ। ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ ॥ ਜਿੰਨ੍ਹੇ ਸੁਆਸ ਤੇ ਗ੍ਰਾਹੀਆਂ ਤੂੰ ਲੈਂਦੀ ਹੈ ਮੇਰੀ ਹੈ, ਜਿੰਦੜੀਏ! ਓਨੀ ਵਾਰੀ ਹੀ ਤੂੰ ਪ੍ਰਭੂ ਦੀ ਉਸਤਤੀ ਗਾਇਨ ਕਰ। ਜਉ ਹੋਇ ਦੈਆਲੁ ਸਤਿਗੁਰੁ ਅਪੁਨਾ ਤਾ ਇਹ ਮਤਿ ਬੁਧਿ ਪਾਈਐ ॥੧॥ ਜਦ ਮੇਰਾ ਸੱਚਾ ਗੁਰੂ ਦਇਆਵਾਨ ਹੋ ਜਾਂਦਾ ਹੈ, ਕੇਵਲ ਤਾਂ ਹੀ ਇਹ ਸਮਝ ਤੇ ਅਕਲ ਪ੍ਰਾਪਤ ਹੁੰਦੀ ਹੈ। ਮੇਰੇ ਮਨ ਨਾਮਿ ਲਏ ਜਮ ਬੰਧ ਤੇ ਛੂਟਹਿ ਸਰਬ ਸੁਖਾ ਸੁਖ ਪਾਈਐ ॥ ਨਾਮ ਲੈਣ ਦੁਆਰਾ ਹੈ ਮੇਰੀ ਜਿੰਦੜੀਏ ਤੂੰ ਮੌਤ ਦੇ ਦੂਤ ਦੀ ਕੈਦ ਤੋਂ ਖਲਾਸੀ ਪਾ ਜਾਵੇਗੀ, ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ ਜਾਵੇਗੀ। ਸੇਵਿ ਸੁਆਮੀ ਸਤਿਗੁਰੁ ਦਾਤਾ ਮਨ ਬੰਛਤ ਫਲ ਆਈਐ ॥੨॥ ਦਾਤਾਰ ਮਾਲਕ, ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਦਿਲ ਚਾਹੁੰਦੀਆਂ ਮੁਰਾਦਾ ਪਾ ਲਈਦੀਆਂ ਹਨ। ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ ॥ ਮੇਰੇ ਮਨੁਏ, ਸਿਰਜਨਹਾਰ ਦਾ ਨਾਮ ਤੇਰਾ ਪਿਆਰਾ ਮਿੱਤ੍ਰ ਤੇ ਪੁੱਤ੍ਰ ਹੈ ਅਤੇ ਇਹ ਹੀ ਤੇਰੇ ਨਾਲ ਜਾਏਗਾ। ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ ॥੩॥ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਮਾ। ਗੁਰਾਂ ਦੇ ਪਾਸੋਂ ਨਾਮ ਝੋਲੀ ਵਿੱਚ ਪੈ ਜਾਂਦਾ ਹੈ। ਗੁਰਿ ਕਿਰਪਾਲਿ ਕ੍ਰਿਪਾ ਪ੍ਰਭਿ ਧਾਰੀ ਬਿਨਸੇ ਸਰਬ ਅੰਦੇਸਾ ॥ ਜਦ ਮੇਰੇ ਮਾਲਕ, ਮਿਹਰਬਾਨ ਗੁਰਾਂ ਨੇ ਮੇਰੇ ਉਤੇ ਦਇਆ ਕੀਤੀ ਤਾਂ ਮੇਰੇ ਸਾਰੇ ਫ਼ਿਕਰ ਮਿਟ ਗਏ। ਨਾਨਕ ਸੁਖੁ ਪਾਇਆ ਹਰਿ ਕੀਰਤਨਿ ਮਿਟਿਓ ਸਗਲ ਕਲੇਸਾ ॥੪॥੧੫॥੧੫੩॥ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ ਤੇ ਉਸ ਦੇ ਸਮੂਹ ਦੁਖੜੇ ਦੂਰ ਹੋ ਗਏ ਹਨ। ਰਾਗੁ ਗਉੜੀ ਮਹਲਾ ੫ ਰਾਗੁ ਗਊੜੀ ਪਾਤਸ਼ਾਹੀ ਪੰਜਵੀਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਰਾਹੀਂ ਉਹ ਪਰਾਪਤ ਹੁੰਦਾ ਹੈ। ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ॥੧॥ ਰਹਾਉ ॥ ਤ੍ਰੇਹ ਬਹੁਤ ਹੀ ਥੋੜਿਆਂ ਦੀ ਨਵਿਰਤਾ ਹੋਈ ਹੈ। ਠਹਿਰਾਉ। ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ ॥ ਇਨਸਾਨ ਕ੍ਰੋੜਾਂ ਅਤੇ ਲਖਾਂ ਕ੍ਰੋੜਾ ਇਕਤਰ ਕਰਦਾ ਹੈ, ਪਰ ਆਪਣੇ ਮਨੂਏ ਨੂੰ ਨਹੀਂ ਰੋਕਦਾ, ਪਰੈ ਪਰੈ ਹੀ ਕਉ ਲੁਝੀ ਹੇ ॥੧॥ ਤੇ ਉਹ ਹੋਰ ਤੇ ਹੋਰ ਲਈ ਲਲਚਾਉਂਦਾ ਹੈ। ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਬਿਕਾਰੀ ॥ ਉਸ ਦੇ ਕੋਲ ਕਈ ਤਰ੍ਹਾ ਦੀਆਂ ਸੁਹਣੀਆਂ ਇਸਤਰੀਆਂ ਹਨ ਫਿਰ ਭੀ ਉਹ ਹੋਰਨਾ ਦੇ ਘਰਾਂ ਵਿੱਚ ਵਿਭਚਾਰ ਕਰਦਾ ਹੈ। ਬੁਰਾ ਭਲਾ ਨਹੀ ਸੁਝੀ ਹੇ ॥੨॥ ਮੰਦੇ ਅਤੇ ਚੰਗੇ ਦੀ ਉਹ ਪਛਾਣ ਹੀ ਨਹੀਂ ਕਰਦਾ। ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ ਗੁਣ ਨਿਧਿ ਨਹੀ ਗਾਇਆ ॥ ਮੋਹਣੀ ਦੀਆਂ ਅਨੇਕਾਂ ਬੇੜੀਆਂ ਦਾ ਭਟਕਾਇਆ ਹੋਇਆ ਉਹ ਭਟਕਦਾ ਫਿਰਦਾ ਹੈ ਅਤੇ ਚੰਗਿਆਈਆਂ ਦੇ ਖ਼ਜ਼ਾਨੇ ਦੀ ਕੀਰਤੀ ਗਾਇਨ ਨਹੀਂ ਕਰਦਾ। ਮਨ ਬਿਖੈ ਹੀ ਮਹਿ ਲੁਝੀ ਹੇ ॥੩॥ ਉਸ ਦਾ ਮਨੂਆ ਮੰਦੇ ਅਮਲਾ ਅੰਦਰ ਖਚਤ ਹੋਇਆ ਹੋਇਆ ਹੈ। ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧਸੰਗਿ ਮਾਇਆ ਤਰੈ ॥ ਜਿਸ ਉਤੇ ਸੁਆਮੀ ਮਿਹਰ ਧਾਰਦਾ ਹੈ, ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਸਤਿਸੰਗਤ ਨਾਲ ਜੁੜਕੇ ਮੋਹਨੀ ਦੇ ਸਮੁੰਦਰ ਤੋਂ ਪਾ ਹੋ ਜਾਂਦਾ ਹੈ। ਨਾਨਕ ਸੋ ਜਨੁ ਦਰਿ ਹਰਿ ਸਿਝੀ ਹੇ ॥੪॥੧॥੧੫੪॥ ਨਾਨਕ ਉਹ ਇਨਸਾਨ ਰੱਬ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦਾ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ। ਸਭਹੂ ਕੋ ਰਸੁ ਹਰਿ ਹੋ ॥੧॥ ਰਹਾਉ ॥ ਵਾਹਿਗੁਰੂ ਹਰਿ ਸ਼ੈ ਦਾ ਨਚੋੜ ਹੈ। ਠਹਿਰਾਉ। ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ॥ ਕਈ ਯੋਗ ਦੀ ਵਿਦਿਆ ਕਈ ਖਾਹਿਸ਼ਾਂ ਦੀ ਪੂਰਤੀ, ਕਈ ਬ੍ਰਹਿਮ-ਵੀਚਾਰ ਤੇ ਕਈ ਸਿਮਰਣ ਦਾ ਅਭਿਆਸ ਕਰਦੇ ਹਨ। ਕਾਹੂ ਹੋ ਡੰਡ ਧਰਿ ਹੋ ॥੧॥ ਕਈ ਸੋਟਾ ਰਖਣ ਵਾਲੇ ਸਾਧੂ ਹੋਣਾ ਪਸੰਦ ਕਰਦੇ ਹਨ। ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥ ਕਈ ਮੂਹ ਜ਼ਬਾਨੀ ਉਚਾਰਣ ਕਈ ਤਪੱਸਿਆ ਅਤੇ ਕਈ ਉਪਾਸਨਾ ਹਵਨ ਤੇ ਨਿਤ ਕਰਮਾਂ ਨੂੰ ਪਿਆਰ ਕਰਦੇ ਹਨ। ਕਾਹੂ ਹੋ ਗਉਨੁ ਕਰਿ ਹੋ ॥੨॥ ਕਈਆਂ ਨੂੰ ਫਿਰਨ ਤੁਰਨ ਵਾਲਾ ਜੀਵਨ ਭਾਉਂਦਾ ਹੈ। ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ॥ ਕਈ ਕਿਨਾਰੇ ਨੂੰ ਪਿਆਰ ਕਰਦੇ ਹਨ, ਕਈ ਪਾਣੀ ਤੇ ਕਈ ਵੇਦਾ ਦੇ ਪੜ੍ਹਨ ਨੂੰ। ਨਾਨਕਾ ਭਗਤਿ ਪ੍ਰਿਅ ਹੋ ॥੩॥੨॥੧੫੫॥ ਨਾਨਕ ਨੂੰ ਵਾਹਿਗੁਰੂ ਦੀ ਅਨੁਰਾਗੀ ਸੇਵਾ ਪਿਆਰੀ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ। ਗੁਨ ਕੀਰਤਿ ਨਿਧਿ ਮੋਰੀ ॥੧॥ ਰਹਾਉ ॥ ਸੁਆਮੀ ਦਾ ਜੱਸ ਗਾਇਨ ਕਰਨਾ ਮੇਰਾ ਖ਼ਜ਼ਾਨਾ ਹੈ। ਠਹਿਰਾਉ। ਤੂੰਹੀ ਰਸ ਤੂੰਹੀ ਜਸ ਤੂੰਹੀ ਰੂਪ ਤੂਹੀ ਰੰਗ ॥ ਤੂੰ ਮੇਰੀ ਖੁਸ਼ੀ ਹੈ, ਤੂੰ ਮੇਰੀ ਮਹਿਮਾ, ਤੂੰ ਮੇਰੀ ਸੁੰਦਰਤਾ ਤੇ ਤੂੰ ਹੀ ਮੇਰੀ ਪ੍ਰੀਤ। ਆਸ ਓਟ ਪ੍ਰਭ ਤੋਰੀ ॥੧॥ ਤੂੰ ਹੇ, ਸੁਆਮੀ ਮੇਰੀ ਉਮੈਦ ਤੇ ਪਨਾਹ ਹੈਂ। ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ ॥ ਤੂੰ ਮੇਰਾ ਫਖਰ ਹੈਂ ਤੂੰ ਮੇਰੀ ਦੌਲਤ ਹੈਂ ਅਤੇ ਤੂੰ ਮੇਰੀ ਇੱਜ਼ਤ ਆਬਰੂ ਹੈਂ ਅਤੇ ਤੂੰ ਹੀ ਮੇਰੀ ਜਿੰਦਜਾਨ ਹੈਂ। ਗੁਰਿ ਤੂਟੀ ਲੈ ਜੋਰੀ ॥੨॥ ਗੁਰਾਂ ਨੇ ਮੈਨੂੰ ਤੇਰੇ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਵੱਖਰਾਂ ਹੋ ਗਿਆ ਸਾਂ। ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ ॥ ਤੂੰ ਹੀ ਘਰ ਵਿੱਚ ਹੈਂ, ਤੂੰ ਹੀ ਜੰਗਲ ਵਿੱਚ ਤੂੰ ਹੀ ਪਿੰਡ ਵਿੱਚ ਅਤੇ ਤੂੰ ਹੀ ਸੁੰਨਸਾਨ ਥਾਂ ਅੰਦਰ। copyright GurbaniShare.com all right reserved. Email:- |