Page 28
ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥
ਪ੍ਰਾਣੀ ਨੂੰ ਮਨੁਖੀ ਜੀਵਨ ਦੀ ਇਹ ਦੌਲਤ ਪਰਾਪਤ ਹੋਈ ਹੈ। ਉਹ ਗੂੜ੍ਹੇ ਹਿੱਤ ਨਾਲ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।

ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥
ਜਦ ਪੈਰ ਤਿਲ੍ਹਕ ਜਾਂਦਾ ਹੈ, ਉਹ ਠਹਿਰ ਨਹੀਂ ਸਕਦਾ। ਪਰਲੋਕ ਵਿੱਚ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।

ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥
ਜੋ ਸਮਾਂ ਇਕ ਵਾਰੀ ਵੰਞਾਇਆ ਗਿਆ, ਉਹ ਮੁੜ ਕੇ ਹੱਥ ਨਹੀਂ ਲੱਗਦਾ ਅਤੇ ਓੜਕ ਨੂੰ ਪਸਚਾਤਾਪ ਕਰਦਾ ਹੋਇਆ ਬੰਦਾ ਟੁਰ ਜਾਂਦਾ ਹੈ।

ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥੪॥
ਜਿਸ ਉਤੇ ਵਾਹਿਗੁਰੂ ਆਪਣੀ ਰਹਿਮਤ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨਾਲ ਪ੍ਰੀਤ ਪਾ ਕੇ ਪਾਰ ਉਤਰ ਜਾਂਦਾ ਹੈ।

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥
ਰੀਸੋ ਰੀਸ ਸਾਰੇ ਜਣੇ ਕਰਦੇ ਹਨ, ਅਤੇ ਆਪ-ਹੁਦਰਿਆਂ ਨੂੰ ਸਮਝ ਨਹੀਂ ਪੈਂਦੀ।

ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥
ਜਿਨ੍ਹਾਂ ਸੱਚੇ ਗੁਰ-ਸਿੱਖਾਂ ਦੇ ਦਿਲ ਪਵਿੱਤਰ ਹਨ, ਉਨ੍ਹਾਂ ਦੀ ਚਾਕਰੀ ਕਬੂਲ ਪੈ ਜਾਂਦੀ ਹੈ।

ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥
ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਵਾਹਿਗੁਰੂ ਦੇ ਬਾਰੇ ਹੀ ਹਰ ਰੋਜ਼ ਪੜ੍ਹਦੇ ਹਨ ਤੇ ਵਾਹਿਗੁਰੂ ਦੀ ਕੀਰਤੀ ਅਲਾਪ ਕੇ ਉਸ ਵਿੱਚ ਲੀਨ ਹੋ ਜਾਂਦੇ ਹਨ।

ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥
ਹੈ ਨਾਨਕ! ਸਦੀਵ ਹੀ ਸੱਚਾ ਹੈ ਉਨ੍ਹਾਂ ਦਾ ਬਚਨ ਜੋ ਸੁਆਮੀ ਦੇ ਨਾਮ ਦੇ ਪਿਆਰ ਨਾਲ ਜੁੜੇ ਰਹਿੰਦੇ ਹਨ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥
ਜੋ ਇਕ ਚਿੱਤ ਹਰੀ ਨਾਮ ਦਾ ਚਿੰਤਨ ਕਰਦੇ ਹਨ ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦੇ ਵਿਚਾਰਦੇ ਹਨ।

ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥
ਉਨ੍ਹਾਂ ਦੇ ਚਿਹਰੇ ਉਸ ਸਾਹਿਬ ਦੀ ਸੱਚੀ ਦਰਗਾਹ ਵਿੱਚ ਹਮੇਸ਼ਾਂ ਰੋਸ਼ਨ ਹੁੰਦੇ ਹਨ।

ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥੧॥
ਹਮੇਸ਼ਾਂ ਤੇ ਸਦੀਵ ਹੀ ਉਹ ਆਬਿ-ਹਿਯਾਤ ਪਾਨ ਕਰਦੇ ਹਨ ਅਤੇ ਸਤਿਨਾਮ ਨਾਲ ਨੇਹੁ ਗੰਢਦੇ ਹਨ।

ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥
ਹੇ ਵੀਰ! ਗੁਰੂ-ਸਮਰਪਣ ਨੂੰ ਹਮੇਸ਼ਾਂ ਹੀ ਇੱਜ਼ਤ ਮਿਲਦੀ ਹੈ।

ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥੧॥ ਰਹਾਉ ॥
ਉਹ ਸਦੀਵ ਹੀ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਦੇ ਹਨ ਅਤੇ ਹੰਕਾਰ ਦੀ ਗੰਦਗੀ ਨੂੰ ਧੋ ਕੇ ਦੂਰ ਕਰ ਦਿੰਦੇ ਹਨ। ਠਹਿਰਾਉ।

ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥
ਖੁਦ-ਪਸੰਦ ਨਾਮ ਨੂੰ ਨਹੀਂ ਜਾਣਦੇ ਅਤੇ ਨਾਮ ਦੇ ਬਾਝੋਂ ਉਹ ਆਪਣੀ ਇੱਜ਼ਤ ਗੁਆ ਲੈਂਦੇ ਹਨ।

ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥
ਉਹ ਹਰੀ ਨਾਮ ਦਾ ਸੁਆਦ ਨਹੀਂ ਲੈਂਦੇ ਅਤੇ ਦਵੈਤ-ਭਾਵ ਨਾਲ ਜੁੜੇ ਹੋਏ ਹਨ।

ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥੨॥
ਉਹ ਗੰਦਗੀ ਦੇ ਕੀੜੇ ਹਨ, ਗੰਦਗੀ ਵਿੱਚ ਡਿਗਦੇ ਹਨ ਅਤੇ ਗੰਦਗੀ ਵਿੱਚ ਗ਼ਰਕ ਹੋ ਜਾਂਦੇ ਹਨ।

ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ॥
ਫਲਦਾਇਕ ਹੈ ਉਨ੍ਹਾਂ ਦੀ ਜ਼ਿੰਦਗੀ, ਜਿਹੜੇ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰਦੇ ਹਨ।

ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥
ਉਹ ਆਪਣੇ ਪਰਵਾਰ ਨੂੰ ਬਚਾਅ ਲੈਂਦੇ ਹਨ। ਮੁਬਾਰਕ ਹੈ ਉਨ੍ਹਾਂ ਦੀ ਮਾਤਾ ਜਿਸ ਨੇ ਉਨ੍ਹਾਂ ਨੂੰ ਜਨਮ ਦਿੱਤਾ ਸੀ।

ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥੩॥
ਜਿਸ ਉਤੇ ਰਜ਼ਾ ਦਾ ਮਾਲਕ ਮਿਹਰ ਧਾਰਦਾ ਹੈ, ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਜਾਪ ਕਰਦਾ ਹੈ।

ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥
ਗੁਰੂ-ਸਮਰਪਣ ਜੋ ਹਰੀ ਨਾਮ ਨੂੰ ਸਿਮਰਦੇ ਹਨ ਅਤੇ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਦੂਰ ਕਰਦੇ ਹਨ।

ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥
ਉਹ ਅੰਦਰੋਂ ਤੇ ਬਾਹਰੋਂ ਸ਼ੁੱਧ ਹਨ ਅਤੇ ਸੱਚਿਆਂ ਦੇ ਪਰਮ-ਸਚਿਆਰ ਅੰਦਰ ਲੀਨ ਹੋ ਜਾਂਦੇ ਹਨ।

ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥
ਨਾਨਕ! ਪਰਮਾਣੀਕ ਹੈ ਆਗਮਨ ਉਨ੍ਹਾਂ ਦਾ, ਜੋ ਗੁਰਾਂ ਦੀ ਸਿੱਖ-ਮੱਤ ਦੁਆਰਾ ਵਾਹਿਗੁਰੂ ਦਾ ਅਰਾਧਨ ਕਰਦੇ ਹਨ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥
ਵਾਹਿਗੁਰੂ ਦੇ ਸੰਤਾਂ ਦੀ ਦੌਲਤ ਤੇ ਵਖਰ ਵਾਹਿਗੁਰੂ ਹੈ ਤੇ ਗੁਰਾਂ ਦੇ ਸਲਾਹ-ਮਸ਼ਵਰੇ ਨਾਲ ਉਹ ਵਣਜ ਕਰਦੇ ਹਨ।

ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥
ਉਹ ਹਮੇਸ਼ਾਂ ਹਮੇਸ਼ਾਂ ਹੀ ਰੱਬ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰਦੇ ਹਨ। ਪਰਮੇਸ਼ਰ ਦਾ ਨਾਮ ਉਨ੍ਹਾਂ ਦੀ ਸੁਦਾਗਰੀ ਦਾ ਮਾਲ ਤੇ ਆਸਰਾ ਹੈ।

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥
ਪੂਰਨ ਗੁਰਾਂ ਨੇ ਸਾਈਂ ਦੇ ਸ਼ਰਧਾਲੂਆਂ ਦੇ ਦਿਲਾਂ ਅੰਦਰ ਰੱਬ ਦਾ ਨਾਮ ਅਮੁੱਕ ਖ਼ਜ਼ਾਨੇ ਵਜੋ ਪੱਕਾ ਕੀਤਾ ਹੈ।

ਭਾਈ ਰੇ ਇਸੁ ਮਨ ਕਉ ਸਮਝਾਇ ॥
ਹੈ ਵੀਰ! ਏਸ ਆਪਣੇ ਮਨੂਏ ਨੂੰ ਸਿੱਖ-ਮੱਤ ਦੇਹ।

ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥
ਹੇ ਮੇਰੀ ਜਿੰਦੜੀਏ! ਤੂੰ ਸੁਸਤੀ ਕਿਉਂ ਕਰਦੀ ਹੈ? ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦੇ ਨਾਮ ਦਾ ਸਿਮਰਨ ਕਰ। ਠਹਿਰਾਉ।

ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥
ਵਾਹਿਗੁਰੂ ਦੀ ਅਨੁਰਾਗੀ-ਸੇਵਾ ਵਾਹਿਗੁਰੂ ਨਾਲ ਪ੍ਰੀਤ ਪਾਉਣਾ ਹੈ। ਜੇਕਰ ਪਵਿੱਤਰ ਪੁਰਸ਼ ਗਹੁ ਨਾਲ ਸੋਚੇ, (ਤਾਂ ਉਹ ਇਸ ਗੱਲ ਨੂੰ ਸਮਝ ਲਵੇਗਾ।)।

ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥
ਦੰਭ ਦੁਆਰਾ ਸਾਹਿਬ ਦੀ ਉਪਾਸ਼ਨਾ ਨਹੀਂ ਹੁੰਦੀ। ਦਵੈਤ-ਭਾਵ ਦੇ ਸ਼ਬਦ ਆਦਮੀ ਨੂੰ ਅਵਾਜਾਰ ਕਰ ਦਿੰਦੇ ਹਨ।

ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥
ਜਿਸ ਇਨਸਾਨ ਦੇ ਦਿਲ ਅੰਦਰ ਪ੍ਰਬੀਨ ਸਮਝ ਤੇ ਸੋਚ-ਵਿਚਾਰ ਹੈ, ਉਹ ਮਿਲਾਉਣ ਦੁਆਰਾ (ਅਧਰਮੀਆਂ ਨਾਲ) ਨਹੀਂ ਮਿਲਦਾ।

ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥
ਉਹ ਵਾਹਿਗੁਰੂ ਦਾ ਟਹਿਲੂਆ ਕਹਿਆ ਜਾਂਦਾ ਹੈ, ਜੋ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।

ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥
ਆਪਣੀ ਆਤਮਾ ਤੇ ਦੇਹ ਨੂੰ ਸਮਰਪਣ ਕਰਕੇ, ਉਹ ਉਨ੍ਹਾਂ ਨੂੰ ਸਾਹਿਬ ਦੇ ਮੂਹਰੇ ਰੱਖ ਦਿੰਦਾ ਹੈ ਅਤੇ ਆਪਣੇ ਅੰਦਰੋ ਹੰਕਾਰ ਦੀ ਜੜ੍ਹ ਪੁੱਟ ਸੁੱਟਦਾ ਹੈ।

ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥
ਮੁਬਾਰਕ ਤੇ ਮਕਬੂਲ ਹੈ ਉਹ ਪਵਿੱਤਰ ਪੁਰਸ਼ ਜੋ ਕਦਾਚਿਤ ਸ਼ਿਕਸਤ ਨਹੀਂ ਖਾਂਦਾ।

ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥
ਜੇਕਰ ਪ੍ਰਾਣੀ ਉਸ ਦੀ ਮਿਹਰ ਦਾ ਪਾਤ੍ਰ ਹੋ ਜਾਵੇ ਕੇਵਲ ਤਦ ਹੀ (ਉਹ ਪ੍ਰਭੁ) ਪਰਾਪਤ ਹੁੰਦਾ ਹੈ। ਉਸ ਦੀ ਮਿਹਰ ਦੇ ਬਗੈਰ (ਉਹ) ਪਾਇਆ ਨਹੀਂ ਜਾ ਸਕਦਾ।

copyright GurbaniShare.com all right reserved. Email:-