ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥੧॥ ਰਹਾਉ ॥
ਗੁਰਾਂ ਦੇ ਰਾਹੀਂ ਤੂੰ ਸਦੀਵ ਹੀ ਪੂਜਯ ਪ੍ਰਭੂ ਅਦੁੱਤੀ ਵਿਅਕਤੀ ਦਾ ਚਿੰਤਨ ਕਰ। ਠਹਿਰਾਉ। ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥ ਰੋਸ਼ਨ ਹਨ ਚਿਹਰੇ ਗੁਰੂ-ਪਿਆਰਿਆਂ ਦੇ। ਉਹ ਗੁਰੂ ਦੇ ਸ਼ਬਦ ਦਾ ਧਿਆਨ ਧਰਦੇ ਹਨ। ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ॥ ਆਪਣੇ ਚਿੱਤ ਵਿੱਚ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਚਿੰਤਨ ਤੇ ਸਿਮਰਨ ਕਰਨ ਦੁਆਰਾ, ਉਹ ਇਸ ਲੋਕ ਤੇ ਪ੍ਰਲੋਕ ਵਿੱਚ ਆਰਾਮ ਪਾਉਂਦੇ ਹਨ। ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ ॥੨॥ ਗੁਰਾਂ ਦੇ ਸ਼ਬਦ ਨੂੰ ਸੋਚਣ ਸਮਝਣ ਦੁਆਰਾ, ਉਹ ਆਪਣੇ ਗ੍ਰਹਿ ਅੰਦਰ ਹੀ ਸਾਈਂ ਦੀ ਹਜ਼ੂਰੀ ਪਾਂ ਲੈਂਦੇ ਹਨ। ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥ ਸਿਆਹ ਹੋ ਜਾਂਦੇ ਹਨ ਉਨ੍ਹਾਂ ਦੇ ਮਸਤਕ ਜਿਹੜੇ ਸੱਚੇ ਗੁਰਾਂ ਵਲੋ ਆਪਣੇ ਮੂੰਹ ਮੋੜ ਲੈਂਦੇ ਹਨ। ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥ ਰਾਤ੍ਰੀ ਦਿਹੁੰ ਉਹ ਦੁਖ ਦੇਣ ਹਾਰ ਕਰਮ ਕਰਦੇ ਹਨ ਅਤੇ ਮੌਤ ਦੀ ਫਾਹੀ ਹਮੇਸ਼ਾਂ ਹੀ ਉਨ੍ਹਾਂ ਨੂੰ ਤਾੜਦੀ ਹੈ। ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ ॥੩॥ ਸੁਫਨੇ ਵਿੱਚ ਭੀ ਉਹ ਖੁਸ਼ੀ ਨਹੀਂ ਵੇਖਦੇ ਅਤੇ ਅਧਿਕ ਫਿਕਰ ਨੇ ਉਨ੍ਹਾਂ ਨੂੰ ਸੰਪੂਰਨ ਤੌਰ ਤੇ ਸਾੜ ਸੁੱਟਿਆ ਹੈ। ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥ ਇਕ ਪ੍ਰਭੂ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਉਹ ਆਪ ਹੀ ਬਖਸ਼ੀਸ਼ਾਂ ਬਖਸ਼ਦਾ ਹੈ। ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥ ਉਹ ਉਸ ਨੂੰ ਦਿੰਦਾ ਹੈ, ਜਿਹੜਾ ਉਸ ਨੂੰ ਚੰਗਾ ਲਗਦਾ ਹੈ। ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ। ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ ॥੪॥੯॥੪੨॥ ਨਾਨਕ, ਵਾਹਿਗੁਰੂ ਦੀ ਪਰਾਪਤੀ ਗੁਰੂ ਦੁਆਰਾ ਹੁੰਦੀ ਹੈ। ਉਹ ਖੁਦ ਹੀ ਆਪਣੇ ਆਪ ਨੂੰ ਸਮਝਦਾ ਹੈ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥ ਸੱਚੇ ਸੁਆਮੀ ਦੀ ਸੇਵਾ ਕਰ ਜੋ ਤੈਨੂੰ ਸੱਚੀ ਪ੍ਰਭਤਾ ਪਰਦਾਨ ਕਰੇਗਾ। ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥ ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਮਨੁੱਖ ਦੇ ਚਿੱਤ ਅੰਦਰ ਵੱਸਦਾ ਹੈ ਤੇ ਉਸ ਦੀ ਹੰਗਤਾ ਨੂੰ ਪਰੇ ਸੁੱਟ ਪਾਉਂਦਾ ਹੈ। ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥੧॥ ਜਦ ਸਾਈਂ ਖ਼ੁਦ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਕੇਵਲ ਤਦ ਹੀ ਇਹ ਭਜਿਆ ਫਿਰਦਾ ਮਨੂਆ ਕਾਬੂ ਵਿੱਚ ਆਉਂਦਾ ਹੈ। ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥ ਹੇ ਵੀਰ! ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ। ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥੧॥ ਰਹਾਉ ॥ ਜੇਕਰ ਨਾਮ ਦਾ ਖ਼ਜ਼ਾਨਾ ਸਦੀਵ ਹੀ ਬੰਦੇ ਦੇ ਚਿੱਤ ਵਿੱਚ ਨਿਵਾਸ ਰਖੇ ਤਾਂ ਉਹ ਸਾਈਂ ਦੇ ਮੰਦਰ ਅੰਦਰ ਥਾਂ ਪਾ ਲੈਂਦਾ ਹੈ। ਠਹਿਰਾਉ। ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥ ਅਧਰਮੀ ਦੀ ਆਤਮਾ ਅਤੇ ਦੇਹਿ ਅੰਦਰ ਅਨ੍ਹੇਰ ਹੈ। ਉਸ ਨੂੰ ਕੋਈ ਪਨਾਹ ਜਾਂ ਆਰਾਮ ਦੀ ਥਾਂ ਨਹੀਂ ਮਿਲਦੀ। ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥ ਸੱਖਣੇ ਮਕਾਨ ਵਿੱਚ ਕਾਂ ਦੀ ਮਾਨਿੰਦ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਫਿਰਦਾ ਹੈ। ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥੨॥ ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਨੂਰ ਮਨ ਅੰਦਰ ਚਮਕਦਾ ਹੈ ਅਤੇ ਉਸ ਦੀ ਬਾਣੀ ਦੁਆਰਾ ਰੰਬ ਦਾ ਨਾਮ ਮਿਲਦਾ ਹੈ। ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥ ਤੈਨੂੰ ਤਿੰਨਾਂ ਸੁਭਾਵਾਂ ਦੀ ਬਦੀ ਅਤੇ ਧਨ ਦੌਲਤ ਦੀ ਲਗਨ ਦੇ ਅਨ੍ਹੇਰੇ ਨੇ ਅੰਨ੍ਹਾ ਕਰ ਛੱਡਿਆ ਹੈ। ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥ ਲਾਲਚੀ ਬੰਦੇ ਹੋਰਨਾ ਦੀ ਪਹਿਲ ਕਮਾਉਂਦੇ ਹਨ, ਭਾਵੇਂ ਉਹ ਆਪਣੇ ਬੇਦਾਂ ਦੇ ਵਾਚਣ ਦਾ ਢੰਡੋਰਾ ਪਿਟਦੇ ਹਨ। ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥੩॥ ਪਾਪ ਅੰਦਰ ਉਹ ਸੜ ਕੇ ਮਰ ਗਏ ਹਨ। ਨਾਂ ਉਹ ਉਰਲੇ ਕਿਨਾਰੇ ਹਨ ਤੇ ਨਾਂ ਹੀ ਪਾਰਲੇ। ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥ ਧਨ-ਦੌਲਤ ਦੇ ਪਿਆਰ ਵਿੱਚ ਉਨ੍ਹਾਂ ਨੇ ਸੰਸਾਰ ਦੇ ਪਾਲਣ-ਪੋਸਣਹਾਰ ਬਾਬਲ ਨੂੰ ਭੁਲਾ ਦਿੱਤਾ ਹੈ। ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥ ਗੁਰਾਂ ਦੇ ਬਗੈਰ ਸਾਰੇ ਪ੍ਰਾਣੀ ਗਾਫਲ ਹਨ ਅਤੇ ਮੌਤ ਦੇ ਫ਼ਰਿਸ਼ਤੇ ਦੀ ਕੈਦ ਅੰਦਰ ਹਨ। ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥੪॥੧੦॥੪੩॥ ਨਾਨਕ ਗੁਰਾਂ ਦੇ ਉਪਦੇਸ਼ ਤਾਬੇ ਸਤਿਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦੇ ਹਨ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥ ਤਿੰਨਾਂ ਮਿਜਾਜ਼ਾ ਵਿੱਚ ਧਨ ਦੌਲਤ ਦੀ ਲਗਣ ਹੀ ਹੈ। ਗੁਰੂ-ਪਿਆਰਾ ਚੋਥੀ ਬੈਕੁੰਠੀ ਪ੍ਰਸੰਨਤਾ ਦੀ ਅਵਸਥਾ ਨੂੰ ਪਾ ਲੈਂਦਾ ਹੈ। ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥ ਸੁਆਮੀ ਉਨ੍ਹਾਂ ਨੂੰ ਮਿਹਰਬਾਨੀ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਆ ਕੇ ਨਿਵਾਸ ਕਰ ਲੈਂਦਾ ਹੈ। ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥੧॥ ਜਿਨ੍ਹਾਂ ਦੇ ਖ਼ਜ਼ਾਨੇ ਅੰਦਰ ਬਖ਼ਸ਼ਿਸ਼ ਹੈ, ਉਨ੍ਹਾਂ ਨੂੰ ਪ੍ਰਭੂ ਸਾਧ ਸੰਗਤ ਨਾਲ ਜੋੜ ਦਿੰਦਾ ਹੈ। ਭਾਈ ਰੇ ਗੁਰਮਤਿ ਸਾਚਿ ਰਹਾਉ ॥ ਹੇ ਭਰਾ! ਗੁਰਾਂ ਦੀ ਸਿੱਖਿਆ ਦੁਆਰਾ, ਸੱਚ ਅੰਦਰ ਰਹੁ। ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥੧॥ ਰਹਾਉ ॥ ਨਿਰੋਲ ਸੱਚ ਦੀ ਕਮਾਈ ਕਰ ਅਤੇ ਸੱਚੇ ਨਾਮ ਨਾਲ ਜੁੜ ਜਾ। ਠਹਿਰਾਉ। ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ ॥ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਹਰੀ ਨਾਮ ਨੂੰ ਸਿੰਞਾਣਿਆ ਹੈ। ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥ ਆਪਣੀ ਸਵੇ-ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੇ ਪੈਰੀ ਪੈਦਾ ਅਤੇ ਉਨ੍ਹਾਂ ਦੇ ਭਾਣੇ ਅਨੁਸਾਰ ਟੁਰਦਾ ਹਾਂ। ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥੨॥ ਵਾਹਿਗੁਰੂ ਸੁਆਮੀ ਦੇ ਨਾਮ ਦਾ ਨਫਾ ਕਮਾ ਕੇ ਮੈਂ ਇਸ ਤਰ੍ਹਾਂ ਸੁਭਾਵਕ ਹੀ ਨਾਮ ਵਿੱਚ ਲੀਨ ਹੋ ਜਾਵਾਂਗਾ। ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥ ਗੁਰਾਂ ਦੇ ਬਗੈਰ ਜੀਵ ਹਰੀ ਦੇ ਮੰਦਰ ਨੂੰ ਨਹੀਂ ਪਾਉਂਦਾ ਅਤੇ ਨਾਂ ਹੀ ਉਸ ਦੇ ਨਾਮ ਨੂੰ ਹਾਸਲ ਕਰਦਾ ਹੈ। ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥ ਖੋਜ ਕੇ ਐਹੋ ਜੇਹੇ ਸਚੇ ਗੁਰਾਂ ਨੂੰ ਪਰਾਪਤ ਕਰ ਜਿਨ੍ਹਾਂ ਦੇ ਰਾਹੀਂ ਤੂੰ ਉਸ ਸਚੇ ਸਾਈਂ ਨੂੰ ਪਾ ਲਵੇ। ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥੩॥ ਜੋ ਆਪਣੇ ਮੰਦ-ਵਿਸ਼ੇ ਨੂੰ ਮਾਰਦਾ ਹੈ, ਉਹ ਆਰਾਮ ਅੰਦਰ ਰਹਿੰਦਾ ਹੈ। ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥ ਜਿਹੋ ਜਿਹਾ ਭਰੋਸਾ ਸਚੇ ਗੁਰਾਂ ਅੰਦਰ ਹੈ, ਉਹੋ ਜਿਹਾ ਹੀ ਆਰਾਮ ਜੀਵ ਪਾਉਂਦਾ ਹੈ। ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥ ਇਸ ਵਿੱਚ ਅਸਲੋਂ ਹੀ ਕੋਈ ਸੰਦੇਹ ਨਹੀਂ ਪ੍ਰੰਤੂ ਕੋਈ ਵਿਰਲਾ ਪੁਰਸ਼ ਹੀ ਗੁਰਾਂ ਨਾਲ ਪਿਰਹੜੀ ਪਾਉਂਦਾ ਹੈ। ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥੪॥੧੧॥੪੪॥ ਨਾਨਕ ਵਾਹਿਗੁਰੂ ਅਤੇ ਗੁਰੂ ਦੇ ਦੋ ਸਰੂਪ ਹਨ, ਪਰ ਉਨ੍ਹਾਂ ਦਾ ਐਨ ਓਹੀ ਇਕ ਨੂਰ ਹੈ। ਨਾਮ ਦੁਆਰਾ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। copyright GurbaniShare.com all right reserved. Email:- |