ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ। ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥ ਆਬਹਿਯਾਤ ਨੂੰ ਤਿਆਗ ਕੇ (ਮਨਮੁਖ) ਜ਼ਹਿਰ ਨੂੰ ਚਿਮੜੇ ਹੋਏ ਹਨ ਤੇ (ਪ੍ਰਭੂ ਦੇ ਬਗੈਰ) ਹੋਰਸ ਦੀ ਟਹਿਲ ਕਰਦੇ ਹਨ। ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥ ਉਹ ਆਪਣੇ ਈਮਾਨ ਵੰਞਾ ਲੈਂਦੇ ਹਨ, ਵਾਹਿਗੁਰੂ ਨੂੰ ਨਹੀਂ ਸਮਝਦੇ ਅਤੇ ਰੈਣ-ਦਿਹੁ ਤਕਲੀਫ ਵਿੱਚ ਗੁਜ਼ਾਰਦੇ ਹਨ। ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥ ਅੰਨ੍ਹੇ ਆਪ-ਹੁੰਦਰੇ ਸਾਹਿਬ ਨੂੰ ਯਾਦ ਨਹੀਂ ਕਰਦੇ ਅਤੇ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ। ਮਨ ਰੇ ਸਦਾ ਭਜਹੁ ਹਰਿ ਸਰਣਾਈ ॥ ਹੈ ਮੇਰੇ ਮਨ! ਸਦੀਵ ਹੀ ਵਾਹਿਗੁਰੂ ਦਾ ਆਰਾਧਨ ਕਰ ਅਤੇ ਉਸ ਦੀ ਸ਼ਰਣਾਗਤ ਸੰਭਾਲ। ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥੧॥ ਰਹਾਉ ॥ ਜੇਕਰ ਗੁਰ ਸ਼ਬਦ ਤੇਰੇ ਮਨ ਵਿੱਚ ਨਿਵਾਸ ਕਰ ਲਵੇ, ਤਦ ਤੂੰ ਵਾਹਿਗੁਰੂ ਨੂੰ ਨਹੀਂ ਭੁੱਲੇਗਾਂ। ਠਹਿਰਾਉ। ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥ ਇਸ ਦੇਹਿ ਮੋਹਨੀ ਦੀ ਗੁੱਡੀ ਹੈ। ਇਸ ਅੰਦਰ ਮੰਦਾ ਹੰਕਾਰ ਭਰਿਆ ਹੋਇਆ ਹੈ। ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥ ਆਉਣ ਜਾਣ, ਜਨਮ ਤੇ ਮਰਣ ਅੰਦਰ ਅਧਰਮੀ ਇਜ਼ਤ ਵੰਞਾ ਲੈਂਦਾ ਹੈ। ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ ॥੨॥ ਸੱਚੇ ਗੁਰਾਂ ਦੀ ਖਿਦਮਤ ਕਰਨ ਦੁਆਰਾ ਇਨਸਾਨ ਸਦੀਵੀ ਆਰਾਮ ਪਾ ਲੈਂਦਾ ਹੈ ਅਤੇ ਉਸ ਦੀ ਰੋਸ਼ਨੀ ਪਰਮ ਰੋਸ਼ਨੀ ਨਾਲ ਰਲ ਜਾਂਦੀ ਹੈ। ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥ ਸਤਿਗੁਰਾਂ ਦੀ ਚਾਕਰੀ ਪਰਮ ਆਰਾਮ ਦੇਣਹਾਰ ਹੈ ਤੇ ਇਸ ਦੁਆਰਾ ਬੰਦਾ ਉਹ ਮੁਰਾਦ ਪਾ ਲੈਂਦਾ ਹੈ ਜਿਹੜੀ ਉਹ ਚਾਹੁੰਦਾ ਹੈ। ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥ ਵਾਹਿਗੁਰੂ ਸੁਆਮੀ ਨੂੰ ਚਿੱਤ ਅੰਦਰ ਟਿਕਾਉਣ ਦੁਆਰਾ ਪ੍ਰਹੇਜ-ਗਾਰੀ, ਸੱਚਾਈ ਅਤੇ ਤਪੱਸਿਆ ਪਰਾਪਤ ਹੋ ਜਾਂਦੇ ਹਨ ਤੇ ਦੇਹਿ ਪਵਿੱਤ੍ਰ ਹੋ ਜਾਂਦੀ ਹੈ। ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥੩॥ ਐਸਾ ਪੁਰਸ਼ ਹਮੇਸ਼ਾਂ ਦਿਹੁ ਰੈਣ ਖੁਸ਼ ਰਹਿੰਦਾ ਹੈ ਅਤੇ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ। ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ ॥ ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਸੱਚੇ ਗੁਰਾਂ ਦੀ ਪਨਾਹ ਲਈ ਹੈ। ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ ॥ ਸੱਚੇ ਦਰਬਾਰ ਅੰਦਰ ਉਹ ਸੱਚਾ ਮਾਣ ਪਾਉਂਦੇ ਹਨ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ। ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥ ਨਾਨਕ ਮੁਖੀ ਗੁਰਾਂ ਦੀ ਸੰਗਤ ਨਾਲ ਜੁੜਨ ਦੇ ਰਾਹੀਂ ਬੰਦਾ ਉਸ ਦੀ ਮਿਹਰ ਸਦਕਾ ਸਾਈਂ ਨੂੰ ਮਿਲ ਪੈਦਾ ਹੈ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥ ਅਧਰਮੀ ਦਾ ਕਰਮ-ਕਾਂਡਾਂ ਦਾ ਕਰਨਾ, ਪਤੀ ਵਲੋ ਤਿਆਗੀ ਹੋਈ ਪਤਨੀ ਦੇ ਸਰੀਰ ਦੇ ਹਾਰ-ਸ਼ਿੰਗਾਰਾਂ ਦੀ ਮਾਨਿੰਦ ਹੈ। ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥ ਉਸ ਦੇ ਪਤੀ ਉਸ ਦੇ ਪਲੰਘ ਤੇ ਨਹੀਂ ਆਉਂਦਾ ਅਤੇ ਉਹ ਸਦੀਵ ਤੇ ਹਮੇਸ਼ਾਂ ਲਈ ਅਵਾਜ਼ਾਰ ਹੋ ਜਾਂਦੀ ਹੈ। ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ ॥੧॥ ਉਹ ਆਪਣੇ ਭਰਤੇ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦੀ ਅਤੇ ਉਸ ਦੇ ਮੰਦਰ ਦੇ ਬੂਹੇ ਨੂੰ ਭੀ ਨਹੀਂ ਵੇਖਦੀ। ਭਾਈ ਰੇ ਇਕ ਮਨਿ ਨਾਮੁ ਧਿਆਇ ॥ ਹੇ ਵੀਰ! ਇਕ ਚਿੱਤ ਹੋ ਕੇ ਹਰੀ ਦੇ ਨਾਮ ਦਾ ਸਿਮਰਨ ਕਰ। ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥ ਸਾਧ ਸੰਗਤ ਨਾਲ ਜੁੜੇ ਰਹਿਣ ਅਤੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਤੂੰ ਠੰਢ, ਚੈਨ ਨੂੰ ਪਰਾਪਤ ਹੋ ਜਾਏਗਾ। ਠਹਿਰਾਉ। ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ ॥ ਸਦੀਵੀ ਖੁਸ਼-ਬਾਸ਼ ਹੈ ਪਾਕ ਦਾਮਨ ਪਤਨੀ ਆਪਣੇ ਪਤੀ ਨੂੰ ਉਹ ਆਪਣੇ ਦਿਲ ਅੰਦਰ ਟਿਕਾਈ ਰੱਖਦੀ ਹੈ। ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥ ਮਿੱਠੀ ਹੈ ਉਸ ਦੀ ਬੋਲੀ, ਸੁਸ਼ੀਲ ਉਸ ਦੀ ਟੋਰ ਅਤੇ ਉਹ ਆਪਣੇ ਪਤੀ ਦੇ ਪਲੰਘ ਨੂੰ ਮਾਣਦੀ ਹੈ। ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥੨॥ ਉਪਮਾ-ਯੋਗ ਤੇ ਸਦੀਵੀ-ਵਿਆਹੁਤਾ ਜੀਵਨ ਹੈ ਉਹ ਵਹੁਟੀ ਦਾ, ਜੋ ਗੁਰਾਂ ਨੂੰ ਬੇਅੰਤ ਪ੍ਰੀਤ ਕਰਦੀ ਹੈ। ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥ ਜਦ ਕਿਸਮਤ ਜਾਗਦੀ ਹੈ ਤਾਂ ਬੰਦਾ ਪੂਰਨ ਚੰਗੇ ਨਸੀਬਾਂ ਰਾਹੀਂ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ। ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥ ਤਕਲੀਫ ਤੇ ਸੰਦੇਹ ਅੰਦਰੋਂ ਨਾਸ ਹੋ ਜਾਂਦੇ ਹਨ ਅਤੇ ਆਰਾਮ-ਚੈਨ ਹਾਸਲ ਹੋ ਜਾਂਦਾ ਹੈ। ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ ॥੩॥ ਜਿਹੈੜਾ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹੈ, ਉਹ ਕੋਈ ਤਕਲੀਫ ਨਹੀਂ ਉਠਾਉਂਦਾ। ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥ ਗੁਰਾਂ ਦੀ ਰਜਾ ਅੰਦਰ ਸੁਧਾ-ਰਸ ਹੈ। ਧੀਰਜ-ਭਾਅ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ। ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ ॥ ਜਿਨ੍ਹਾਂ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਹੈ, ਉਹ ਆਪਣੇ ਅੰਦਰੋ ਹੰਕਾਰ ਨੂੰ ਨਵਿਰਤ ਕਰਕੇ ਆਬਿਹਿਯਾਤ ਨੂੰ ਪਾਨ ਕਰਦੇ ਹਨ। ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ ॥੪॥੧੩॥੪੬॥ ਗੁਰਾਂ ਦੇ ਰਾਹੀਂ, ਨਾਮ ਦਾ ਅਰਾਧਨ ਕਰਨ ਦੁਆਰਾ ਹੈ ਨਾਨਕ! ਸੱਚੇ ਸਾਹਿਬ ਨਾਲ ਮਿਲਾਪ ਹੋ ਜਾਂਦਾ ਹੈ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥ ਜੇਕਰ ਤੂੰ ਉਸ ਨੂੰ ਆਪਣਾ ਪਤੀ ਅਨੁਭਵ ਕਰਦੀ ਹੈ ਤਾਂ ਆਪਣੀ ਦੇਹਿ ਤੇ ਆਤਮਾ ਉਹਦੇ ਮੁਹਰੇ ਰੱਖ ਦੇ। ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ ॥ ਤੂੰ ਉਹ ਕੰਮ ਕਰ ਜਿਹੜੇ ਕੰਮ ਪਤੀ-ਬ੍ਰਤਾ ਪਤਨੀਆਂ ਕਰਦੀਆਂ ਹਨ। ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥੧॥ ਸਬਰ ਸਿਦਕ ਦੁਆਰਾ ਤੇਰਾ ਸਤਿ-ਪੁਰਖ ਨਾਲ ਮਿਲਾਪ ਹੋ ਜਾਵੇਗਾ, ਜੋ ਤੈਨੂੰ ਸੱਚੀ ਮਾਨ-ਮਹੱਤਤਾ ਬਖਸ਼ ਦੇਵੇਗਾ। ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥ ਹੈ ਭਰਾ! ਗੁਰਾਂ ਦੇ ਬਾਝੋਂ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਨਹੀਂ ਹੁੰਦੀ। ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥੧॥ ਰਹਾਉ ॥ ਗੁਰਾਂ ਦੇ ਬਗੈਰ ਸਾਹਿਬ ਦਾ ਸਿਮਰਨ ਪਰਾਪਤ ਨਹੀਂ ਹੋ ਸਕਦਾ, ਭਾਵੇਂ ਸਾਰੇ ਜਣੇ ਇਸ ਦੀ ਤਾਂਘ ਪਏ ਕਰਨ। ਠਹਿਰਾਉ। ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥ ਹੋਰਸ ਦੀ ਪ੍ਰੀਤ ਦੇ ਕਾਰਨ ਵਹੁਟੀ ਚੁਰਾਸੀ ਲੱਖ ਜੂਨੀਆਂ ਦੇ ਗੇੜੇ ਅੰਦਰ ਚੱਕਰ ਕੱਟਦੀ ਹੈ। ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ ਗੁਰਾਂ ਦੇ ਬਾਝੋਂ ਉਸ ਨੂੰ ਨੀਂਦਰ ਨਹੀਂ ਪੈਂਦੀ ਅਤੇ ਉਹ ਆਪਣੀ ਰਾਤ ਤਕਲੀਫ ਵਿੱਚ ਗੁਜ਼ਾਰਦੀ ਹੈ। ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥੨॥ ਗੁਰਸ਼ਬਦ ਦੇ ਬਗੈਰ ਪ੍ਰੀਤਮ ਪਰਾਪਤ ਨਹੀਂ ਹੁੰਦਾ ਅਤੇ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੀ ਹੈ। copyright GurbaniShare.com all right reserved. Email:- |