Page 329
ਕਵਨੁ ਸੁ ਮੁਨਿ ਜੋ ਮਨੁ ਮਾਰੈ ॥
ਉਹ ਕਿਹੜਾ ਚੁੱਪ ਕੀਤਾ ਰਿਸ਼ੀ ਹੈ, ਜਿਸ ਨੇ ਆਪਣੇ ਮਨੂਏ ਦਾ ਅਭਾਵ ਕਰ ਦਿਤਾ ਹੈ?

ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥
ਮਨੂਏ ਨੂੰ ਤਬਾਹ ਕਰਕੇ, ਦੱਸੋ ਉਹ ਹੋਰ ਕੀਹਦਾ ਪਾਰ ਉਤਾਰਾ ਕਰਾਏਗਾ? ਠਹਿਰਾਉ।

ਮਨ ਅੰਤਰਿ ਬੋਲੈ ਸਭੁ ਕੋਈ ॥
ਮਨੁਏ ਦੇ ਰਾਹੀਂ ਹੀ ਹਰ ਕੋਈ ਬੋਲਦਾ ਹੈ।

ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥
ਮਨੁਏ ਦੀ ਬਦੀ ਤਬਾਹ ਕੀਤੇ ਬਗੈਰ ਸੁਆਮੀ ਦੀ ਪ੍ਰੇਮ-ਮਈ ਸੇਵਾ ਨਹੀਂ ਹੁੰਦੀ।

ਕਹੁ ਕਬੀਰ ਜੋ ਜਾਨੈ ਭੇਉ ॥
ਕਬੀਰ ਜੀ ਆਖਦੇ ਹਨ, ਜੋ ਇਸ ਭੇਤ ਨੂੰ ਸਮਝਦਾ ਹੈ,

ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥
ਉਹ ਆਪਣੇ ਮਨੂਏ ਅੰਦਰ ਹੀ ਤਿੰਨਾਂ ਜਹਾਨਾਂ ਦੇ ਸੁਆਮੀ ਵਾਹਿਗੁਰੂ ਨੂੰ ਵੇਖ ਲੈਦਾ ਹੈ।

ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।

ਓਇ ਜੁ ਦੀਸਹਿ ਅੰਬਰਿ ਤਾਰੇ ॥
ਉਹ ਜੋ ਦਿਸ ਰਹੇ ਅਸਮਾਨ ਵਿੱਚ ਨਛਤ੍ਰ ਹਨ,

ਕਿਨਿ ਓਇ ਚੀਤੇ ਚੀਤਨਹਾਰੇ ॥੧॥
ਉਹ ਕਿਹੜੇ ਚਿੱਤਰਕਾਰ ਨੇ ਚਿਤਰੇ ਹਨ?

ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥
ਦੱਸ ਹੇ ਪੰਡਤ! ਅਸਮਾਨ ਕਾਹਦੇ ਨਾਲ ਜੁੜਿਆ ਹੋਇਆ ਹੈ।

ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥
ਵੱਡੇ ਭਾਗਾਂ ਵਾਲਾ ਹੈ ਉਹ ਜਾਨਣ ਵਾਲਾ ਜੋ ਇਸ ਨੂੰ ਜਾਣਦਾ ਹੈ। ਠਹਿਰਾਉ।

ਸੂਰਜ ਚੰਦੁ ਕਰਹਿ ਉਜੀਆਰਾ ॥
ਸੂਰਜ ਅਤੇ ਚੰਦ੍ਰਮਾ ਚਾਨਣ ਕਰਦੇ ਹਨ।

ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥
ਹਰ ਸ਼ੈ ਅੰਦਰ ਪ੍ਰਭੂ ਦਾ ਹੀ ਪਸਾਰਾ ਫੈਲਿਆ ਹੋਇਆ ਹੈ।

ਕਹੁ ਕਬੀਰ ਜਾਨੈਗਾ ਸੋਇ ॥
ਕਬੀਰ ਜੀ ਆਖਦੇ ਹਨ, ਕੇਵਲ ਓਹੀ ਇਸ ਨੂੰ ਸਮਝੇਗਾ,

ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥
ਜਿਸ ਦੇ ਦਿਲ ਵਿੱਚ ਪ੍ਰਭੂ ਹੈ ਅਤੇ ਜਿਸ ਦੇ ਮੂੰਹ ਵਿੱਚ ਭੀ ਪ੍ਰਭੂ ਹੈ।

ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।

ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥
ਸਿੰਮ੍ਰਤੀ, ਵੇਦਾਂ ਦੀ ਲੜਕੀ ਹੈ, ਹੇ ਵੀਰ!

ਸਾਂਕਲ ਜੇਵਰੀ ਲੈ ਹੈ ਆਈ ॥੧॥
ਉਹ ਆਦਮੀਆਂ ਲਈ ਜੰਜੀਰ ਤੇ ਰੱਸਾ ਲੈ ਕੇ ਆਈ ਹੈ।

ਆਪਨ ਨਗਰੁ ਆਪ ਤੇ ਬਾਧਿਆ ॥
ਉਸ ਨੇ ਖੁਦ ਉਨ੍ਹਾਂ ਨੂੰ ਆਪਣੇ ਸ਼ਹਿਰ ਵਿੱਚ ਕੈਦ ਕਰ ਲਿਆ ਹੈ।

ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥
ਉਸ ਨੇ ਸੰਸਾਰੀ ਮਮਤਾ ਦੀ ਫਾਹੀ ਲਾਈ ਹੈ, ਅਤੇ ਮੌਤ ਦਾ ਤੀਰ ਚਲਾਇਆ ਹੈ। ਠਹਿਰਾਉ।

ਕਟੀ ਨ ਕਟੈ ਤੂਟਿ ਨਹ ਜਾਈ ॥
ਵਢਿਆਂ ਉਹ ਵੱਢੀ ਨਹੀਂ ਜਾ ਸਕਦੀ ਅਤੇ ਟੁਟਦੀ ਭੀ ਨਹੀਂ।

ਸਾ ਸਾਪਨਿ ਹੋਇ ਜਗ ਕਉ ਖਾਈ ॥੨॥
ਨਾਗਣ ਬਣ ਕੇ ਉਹ ਸੰਸਾਰ ਨੂੰ ਖਾ ਰਹੀ ਹੈ।

ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥
ਜਿਸ ਨੇ ਮੇਰੀਆਂ ਅੱਖਾਂ ਦੇ ਸਾਮ੍ਹਣੇ ਸਾਰਾ ਜਹਾਨ ਲੁਟ ਲਿਆ ਹੈ,

ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥
ਮੈਂ ਉਸ ਤੋਂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਖਲਾਸੀ ਪਾਈ ਹੈ, ਕਬੀਰ ਜੀ ਆਖਦੇ ਹਨ।

ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।

ਦੇਇ ਮੁਹਾਰ ਲਗਾਮੁ ਪਹਿਰਾਵਉ ॥
ਸੰਸਾਰੀ ਮੌਹ ਨੂੰ ਸ਼ਿਕਸਤ ਦੇਣੀ ਆਪਣੇ ਮਨ-ਕੋਤਲ ਨੂੰ ਕੰਡਿਆਲਾ ਪਾਉਣਾ ਹੈ,

ਸਗਲ ਤ ਜੀਨੁ ਗਗਨ ਦਉਰਾਵਉ ॥੧॥
ਅਤੇ ਸਭ ਕੁਛ ਦਾ ਤਿਆਗ ਇਸ ਨੂੰ ਅਸਮਾਨ ਵਿੱਚ ਭਜਾਉਣਾ ਹੈ।

ਅਪਨੈ ਬੀਚਾਰਿ ਅਸਵਾਰੀ ਕੀਜੈ ॥
ਸਵੈ-ਸੋਚ-ਬੀਚਾਰ ਨੂੰ ਮੈਂ ਆਪਣੀ ਸਵਾਰੀ ਬਣਾਇਆ ਹੈ।

ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥
ਬ੍ਰਹਮ-ਗਿਆਨ ਦੀ ਰਕਾਬ ਵਿੱਚ ਮੈਂ ਆਪਣਾ ਪੈਰ ਟਿਕਾ ਲਿਆ ਹੈ। ਠਹਿਰਾਉ।

ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥
ਆ ਹੇ ਕੋਤਲ! ਮੈਂ ਤੈਨੂੰ ਮਾਲਕ ਦੇ ਮੰਦਰ ਨੂੰ ਲੈ ਚੱਲਾ।

ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥
ਜੇਕਰ ਤੂੰ ਅੜੀ ਕਰੇਗਾ ਤਾਂ ਮੈਂ ਤੈਨੂੰ ਪ੍ਰਭੂ ਦੀ ਪ੍ਰੀਤ ਦੀ ਚਾਬਕ ਮਾਰਾਂਗਾ।

ਕਹਤ ਕਬੀਰ ਭਲੇ ਅਸਵਾਰਾ ॥
ਕਬੀਰ ਜੀ ਆਖਦੇ ਹਨ, ਉਹ ਚੰਗੇ ਸਵਾਰ ਹਨ,

ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥
ਜੋ ਵੇਦਾਂ ਅਤੇ ਮੁਸਲਮਾਨੀ ਮਜ਼ਹਬੀ ਪੁਸਤਕਾਂ ਤੋਂ ਅਟੰਕ ਵਿਚਰਦੇ ਹਨ।

ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।

ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥
ਜਿਹੜਾ ਮੂੰਹ ਪੰਜ ਨਿਆਮ੍ਹਤਾਂ ਖਾਂਦਾ ਹੁੰਦਾ ਸੀ,

ਤਿਹ ਮੁਖ ਦੇਖਤ ਲੂਕਟ ਲਾਏ ॥੧॥
ਮੈਂ ਉਸ ਮੂੰਹ ਨੂੰ ਲਾਬੂ ਲਗਦਾ ਵੇਖਿਆ ਹੈ।

ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥
ਹੇ ਸ਼ਹਿਨਸ਼ਾਹ ਸੁਆਮੀ! ਮੇਰੀ ਇਕ ਤਕਲੀਫ ਰਫਾ ਕਰ ਦੇ,

ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ ॥
ਗਰਭ ਅੰਦਰ ਵਸਣ ਅਤੇ ਅੱਗ ਵਿੱਚ ਸੜਣ ਦੀ। ਠਹਿਰਾਉ।

ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥
ਅੰਤ ਨੂੰ ਸਰੀਰ ਅਨੇਕਾਂ ਢੰਗ ਅਤੇ ਤਰੀਕਿਆਂ ਨਾਲ ਖਤਮ ਕੀਤਾ ਜਾਂਦਾ ਹੈ।

ਕੋ ਜਾਰੇ ਕੋ ਗਡਿ ਲੇ ਮਾਟੀ ॥੨॥
ਕਈ ਇਸ ਨੂੰ ਫੁਕਦੇ ਹਨ ਅਤੇ ਕਈ ਇਸ ਨੂੰ ਜਮੀਨ ਵਿੱਚ ਦਬਦੇ ਹਨ।

ਕਹੁ ਕਬੀਰ ਹਰਿ ਚਰਣ ਦਿਖਾਵਹੁ ॥
ਕਬੀਰ ਜੀ ਆਖਦੇ ਹਨ, ਹੇ ਵਾਹਿਗੁਰੂ! ਮੈਨੂੰ ਆਪਣੇ ਪੈਰ ਵਿਖਾਲ।

ਪਾਛੈ ਤੇ ਜਮੁ ਕਿਉ ਨ ਪਠਾਵਹੁ ॥੩॥੩੨॥
ਮਗਰੋਂ ਭਾਵੇਂ ਮੌਤ ਹੀ ਕਿਉਂ ਨਾ ਘਲ ਦੇਈਂ?

ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।

ਆਪੇ ਪਾਵਕੁ ਆਪੇ ਪਵਨਾ ॥
ਹਰੀ ਖੁਦ ਅੱਗ ਹੈ, ਖੁਦ ਹੀ ਹਵਾ।

ਜਾਰੈ ਖਸਮੁ ਤ ਰਾਖੈ ਕਵਨਾ ॥੧॥
ਜਦ ਮਾਲਕ ਹੀ ਸਾੜਨਾ ਲੋੜਦਾ ਹੈ, ਤਦ ਕੌਣ ਬਚਾ ਸਕਦਾ ਹੈ?

ਰਾਮ ਜਪਤ ਤਨੁ ਜਰਿ ਕੀ ਨ ਜਾਇ ॥
ਸੁਆਮੀ ਦੇ ਨਾਮ ਦਾ ਉਚਾਰਨ ਕਰਦਿਆਂ, ਕੀ ਹੋਇਆ, ਭਾਵੇਂ ਮੇਰਾ ਸਰੀਰ ਭੀ ਬੇਸ਼ਕ ਸੜ ਜਾਵੇ?

ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥
ਮਾਲਕ ਦੇ ਨਾਮ ਅੰਦਰ ਮੇਰਾ ਮਨ ਲੀਨ ਰਹਿੰਦਾ ਹੈ। ਠਹਿਰਾਉ।

ਕਾ ਕੋ ਜਰੈ ਕਾਹਿ ਹੋਇ ਹਾਨਿ ॥
ਕੀਹਦਾ ਘਰ ਸੜਦਾ ਹੈ ਤੇ ਕਿਸ ਦਾ ਨੁਕਸਾਨ ਹੁੰਦਾ ਹੈ?

ਨਟ ਵਟ ਖੇਲੈ ਸਾਰਿਗਪਾਨਿ ॥੨॥
ਮਦਾਰੀ ਦੇ ਵੱਟੇ ਵਾਙੂ ਹਰੀ ਖੇਡਦਾ ਹੈ।

ਕਹੁ ਕਬੀਰ ਅਖਰ ਦੁਇ ਭਾਖਿ ॥
ਕਬੀਰ ਜੀ ਆਖਦੇ ਹਨ, ਤੂੰ (ਰਾਮ ਦੇ) ਦੋ ਅੱਖਰ ਉਚਾਰਨ ਕਰ।

ਹੋਇਗਾ ਖਸਮੁ ਤ ਲੇਇਗਾ ਰਾਖਿ ॥੩॥੩੩॥
ਜੇਕਰ ਵਾਹਿਗੁਰੂ ਮੇਰਾ ਮਾਲਕ ਹੈ, ਤਾਂ ਉਹ ਮੈਨੂੰ ਬਚਾ ਲਏਗਾ।

ਗਉੜੀ ਕਬੀਰ ਜੀ ਦੁਪਦੇ ॥
ਗਉੜੀ ਕਬੀਰ ਜੀ ਦੁਪਦੇ।

ਨਾ ਮੈ ਜੋਗ ਧਿਆਨ ਚਿਤੁ ਲਾਇਆ ॥
ਮੈਂ ਯੋਗ ਦੀ ਵਿਦਿਆ ਫਲ ਆਪਣਾ ਖਿਆਲ ਜਾ ਮਨ ਨਹੀਂ ਦਿਤਾ।

ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥
ਪ੍ਰਭੂ ਦੀ ਪ੍ਰੀਤ ਦੇ ਬਗੈਰ, ਮੈਂ ਮੋਹਨੀ ਪਾਸੋਂ ਖਲਾਸੀ ਨਹੀਂ ਪਾ ਸਕਦਾ।

ਕੈਸੇ ਜੀਵਨੁ ਹੋਇ ਹਮਾਰਾ ॥
ਮੇਰੀ ਜਿੰਦਗੀ ਕਿਸ ਤਰ੍ਹਾਂ ਬਤੀਤ ਹੋਵੇਗੀ,

ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥
ਜਦ ਕਿ ਸੁਆਮੀ ਦੇ ਨਾਮ ਦਾ ਆਸਰਾ ਮੇਰੇ ਪੱਲੇ ਨਹੀਂ। ਠਹਿਰਾਉ।

copyright GurbaniShare.com all right reserved. Email