Page 339
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥
ਕਬੀਰ ਦਾ ਮਾਲਕ ਇਹੋ ਜਿਹਾ ਸਾਹਿਬ ਹੈ, ਜਿਸ ਦੀ ਨਾਂ ਕੋਈ ਮਾਤਾ ਹੈ ਤੇ ਨਾਂ ਹੀ ਪਿਤਾ।

ਗਉੜੀ ॥
ਗਉੜੀ।

ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥
ਦੂਸ਼ਨ ਲਾਓ, ਦੂਸ਼ਨ ਲਾਓ, ਮੈਨੂੰ ਤੁਸੀਂ ਲੋਕੋ ਦੂਸ਼ਨ ਲਾਓ।

ਨਿੰਦਾ ਜਨ ਕਉ ਖਰੀ ਪਿਆਰੀ ॥
ਬਦਖੋਈ ਰੱਬ ਦੇ ਨੌਕਰ ਨੂੰ ਬੜੀ ਮਿੱਠੀ ਲੱਗਦੀ ਹੈ।

ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥
ਬਦਖੋਈ ਮੇਰਾ ਪਿਤਾ ਹੈ ਅਤੇ ਬਦਖੋਈ ਹੀ ਮੇਰੀ ਮਾਤਾ। ਠਹਿਰਾਉ।

ਨਿੰਦਾ ਹੋਇ ਤ ਬੈਕੁੰਠਿ ਜਾਈਐ ॥
ਜੇ ਮੈਨੂੰ ਤੁਹਮਤ ਲੱਗੇ ਤਾਂ ਮੈਂ ਰੱਬ ਦੇ ਘਰ ਜਾਂਦਾ ਹਾਂ,

ਨਾਮੁ ਪਦਾਰਥੁ ਮਨਹਿ ਬਸਾਈਐ ॥
ਅਤੇ ਨਾਮ ਦੀ ਦੌਲਤ ਮੇਰੇ ਚਿੱਤ ਵਿੱਚ ਟਿਕ ਜਾਂਦੀ ਹੈ।

ਰਿਦੈ ਸੁਧ ਜਉ ਨਿੰਦਾ ਹੋਇ ॥
ਜੇਕਰ ਮੇਰੇ ਤੇ ਉਦੋਂ ਤੁਹਮਤ ਲੱਗਦੀ ਹੈ, ਜਦ ਮੇਰਾ ਮਨ ਪਵਿੱਤ੍ਰ ਹੈ,

ਹਮਰੇ ਕਪਰੇ ਨਿੰਦਕੁ ਧੋਇ ॥੧॥
ਤਾਂ ਕਲੰਕ ਲਾਉਣ ਵਾਲਾ ਮੇਰੇ ਕਪੜੇ ਧੋਂਦਾ ਹੈ।

ਨਿੰਦਾ ਕਰੈ ਸੁ ਹਮਰਾ ਮੀਤੁ ॥
ਜੋ ਮੈਨੂੰ ਕਲੰਕ ਲਾਉਂਦਾ ਹੈ, ਉਹ ਮੇਰਾ ਦੋਸਤ ਹੈ।

ਨਿੰਦਕ ਮਾਹਿ ਹਮਾਰਾ ਚੀਤੁ ॥
ਤੁਹਮਤ ਲਾਉਣ ਵਾਲੇ ਨਾਲ ਮੇਰਾ ਮਨ ਪ੍ਰਸੰਨ ਹੈ।

ਨਿੰਦਕੁ ਸੋ ਜੋ ਨਿੰਦਾ ਹੋਰੈ ॥
ਕਲੰਕ ਲਾਉਣ ਵਾਲਾ ਉਹ ਹੈ, ਜੋ ਮੇਰੀ ਬਦਖੋਈ ਹੁੰਦੀ ਨੂੰ ਹੋੜਦਾ ਹੈ।

ਹਮਰਾ ਜੀਵਨੁ ਨਿੰਦਕੁ ਲੋਰੈ ॥੨॥
ਇਲਜ਼ਾਮ ਲਾਉਣ ਵਾਲਾ ਮੇਰੀ ਲੰਮੀ ਉਮਰ ਲੋੜਦਾ ਹੈ।

ਨਿੰਦਾ ਹਮਰੀ ਪ੍ਰੇਮ ਪਿਆਰੁ ॥
ਮੈਂ ਉਸ ਨਾਲ ਪ੍ਰੀਤ ਤੇ ਨੇਹੂੰ ਕਰਦਾ ਹਾਂ, ਜੋ ਮੇਰੀ ਨਿੰਦਾ ਕਰਦਾ ਹੈ।

ਨਿੰਦਾ ਹਮਰਾ ਕਰੈ ਉਧਾਰੁ ॥
ਨਿੰਦਾ ਮੇਰੀ ਮੁਕਤੀ ਕਰਦੀ ਹੈ।

ਜਨ ਕਬੀਰ ਕਉ ਨਿੰਦਾ ਸਾਰੁ ॥
ਗੋਲੇ ਕਬੀਰ ਲਈ ਨਿੰਦਾ ਸਾਰਿਆਂ ਤੋਂ ਚੰਗੀ ਸ਼ੈ ਹੈ।

ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥
ਨਿੰਦਕ ਡੁੱਬ ਗਿਆ ਹੈ ਅਤੇ ਮੈਂ ਤਰ ਗਿਆ ਹਾਂ।

ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥੧॥ ਰਹਾਉ ॥
ਮੇਰੇ ਪਾਤਸ਼ਾਹ ਪ੍ਰਭੂ! ਤੂੰ ਬਹੁਤ ਹੀ ਨਿਡੱਰ ਹੈਂ। ਪਾਰ ਉਤਰਨ ਲਈ ਤੂੰ ਇਕ ਬੇੜੀ ਹੈ, ਹੇ ਵਾਹਿਗੁਰੂ ਰਾਜੇ! ਠਹਿਰਾਉ।

ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥
ਜਦ ਮੈਂ ਹੰਕਾਰੀ ਸਾਂ ਤੂੰ ਮੇਰੇ ਵਿੱਚ ਨਹੀਂ ਸੈਂ। ਹੁਣ ਜਦ ਤੂੰ ਮੇਰੇ ਵਿੱਚ ਹੈਂ ਮੈਂ ਮਗ਼ਰੂਰ ਨਹੀਂ ਹਾਂ।

ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ ॥੧॥
ਹੁਣ ਤੂੰ ਤੇ ਮੈਂ ਇਕ ਹੋ ਗਏ ਹਾਂ, ਇਹ ਵੇਖ ਕੇ ਕਿ ਅਸੀਂ ਦੋਨੋਂ ਇਕ ਮਿਕ ਹੋ ਗਏ ਹਾਂ, ਮੇਰਾ ਚਿੱਤ ਪਤੀਜ ਗਿਆ ਹੈ।

ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥
ਜਦ ਸੰਸਾਰੀ ਸਿਆਣਪ ਹੈ ਤਾਂ ਰੂਹਾਨੀ ਸੱਤਿਆਂ ਕਿਸ ਤਰ੍ਹਾਂ ਹੋ ਸਕਦੀ ਹੈ? ਹੁਣ (ਜਦ ਮੇਰੇ ਪੱਲੇ ਆਤਮਕ ਅਕਲਮੰਦੀ ਹੈ) ਤਾਂ ਦੁਨਿਆਵੀ ਤਾਕਤ ਰਹਿ ਨਹੀਂ ਸਕਦੀ।

ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
ਕਬੀਰ ਜੀ ਆਖਦੇ ਹਨ, ਪਰਮੇਸ਼ਰ ਨੇ ਮੇਰੀ ਸੰਸਾਰੀ ਸਿਆਣਪ ਲੈ ਲਈ ਹੈ ਅਤੇ ਉਸ ਦੀ ਥਾਂ ਮੈਨੂੰ ਪੂਰਨਤਾ ਪਰਾਪਤ ਹੋ ਗਈ ਹੈ।

ਗਉੜੀ ॥
ਗਉੜੀ।

ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥
ਸਿਰਜਣਹਾਰ ਨੇ ਛਿਆਂ ਚੱਕਰਾਂ ਵਾਲੀ ਸਰੀਰਕ ਕੋਠੜੀ ਬਣਾਈ ਹੈ ਅਤੇ ਇਸ ਵਿੱਚ ਉਸ ਨੇ ਇਕ ਲਾਸਾਨੀ ਸ਼ੈ ਪਾਈ ਹੈ।

ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥੧॥
ਜਿੰਦੇ ਅਤੇ ਚਾਬੀ ਦੀ ਤਰ੍ਹਾਂ ਜਿੰਦੜੀ ਉਸ ਦੀ ਚੌਕੀਦਾਰ ਬਣਾਈ ਗਈ ਹੈ। ਇਸ ਤਰ੍ਹਾਂ ਕਰਨ ਵਿੱਚ ਕਰਤਾਰ ਨੇ ਕੋਈ ਦੇਰੀ ਨਹੀਂ ਲਾਈ।

ਅਬ ਮਨ ਜਾਗਤ ਰਹੁ ਰੇ ਭਾਈ ॥
ਹੇ ਵੀਰ! ਹੁਣ ਤੂੰ ਆਪਣੀ ਆਤਮਾ ਨੂੰ ਜਾਗਦੀ ਰੱਖ।

ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
ਬੇਪਰਵਾਹ ਹੋ ਕੇ ਤੂੰ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ। ਤੇਰਾ ਘਰ ਚੋਰ ਲੁੱਟੀ ਜਾ ਰਹੇ ਹਨ। ਠਹਿਰਾਉ।

ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥
ਪੰਜ ਗਿਆਨ ਇੰਦਰੇ ਦਰਵਾਜੇ ਉਤੇ ਪਹਿਰੇਦਾਰ ਖੜੇ ਹਨ, ਪਰ ਉਨ੍ਹਾਂ ਉਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।

ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥
ਜਦ ਤਾਂਈ ਤੂੰ ਆਪਣੇ ਚੋਕਸ ਮਨ ਅੰਦਰ ਜਾਗਦਾ ਹੈ, ਤੈਨੂੰ ਨੂਰ ਤੇ ਚਾਨਣ ਪਰਾਪਤ ਹੋਵੇਗਾ।

ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥
ਪਤਨੀ ਜਿਹੜੀ ਨੌ ਗੋਲਕਾਂ ਵਾਲੀ ਦੇਹਿ ਨੂੰ ਵੇਖ ਕੇ ਕੁਰਾਹੇ ਪੈ ਗਈ ਹੈ, ਉਹ ਰੱਬ ਦੇ ਨਾਮ ਦੀ ਲਾਸਾਨੀ ਵਸਤੂ ਨੂੰ ਨਹੀਂ ਪਾਉਂਦੀ।

ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥੩॥੨੨॥੭੩॥
ਅਸਲ ਵਸਤੂ ਜੋ ਦਸਮ ਦੁਆਰ ਅੰਦਰ ਰਮੀ ਹੋਈ ਹੈ, ਦੇ ਬਿਨਾ ਚੋਰ ਨਵਾ ਗੋਲਕਾਂ ਵਾਲੇ ਸਰੀਰ ਨੂੰ ਲੁਟ ਲੈਂਦੇ ਹਨ, ਕਬੀਰ ਜੀ ਆਖਦੇ ਹਨ।

ਗਉੜੀ ॥
ਗਉੜੀ।

ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥
ਮੇਰੀ ਮਾਤਾ, ਮੈਂ ਪ੍ਰਭੂ ਦੇ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ।

ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥
ਮੇਰੀ ਆਤਮਾ ਉਸ ਅੰਦਰ ਰਹਿੰਦੀ ਹੈ, ਜਿਸ ਦੀ ਕੀਰਤੀ ਸ਼ਿਵਜੀ ਅਤੇ ਸਨਕ ਆਦਿਕ ਗਾਇਨ ਕਰਦੇ ਹਨ। ਠਹਿਰਾਉ।

ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥
ਗੁਰਾਂ ਨੂੰ ਮਿਲ ਪੈਣ ਤੇ ਬ੍ਰਹਿ-ਬੋਧ ਦਾ ਚਾਨਣ ਮੇਰੇ ਅੰਤਰਿ ਆਤਮੇ ਪ੍ਰਵੇਸ਼ ਕਰ ਗਿਆ ਹੈ ਅਤੇ ਮੇਰੀ ਬਿਰਤੀ ਦਸਮ ਦੁਆਰ ਅੰਦਰ ਸਥਿਰ ਹੋ ਗਈ ਹੈ।

ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥
ਪਾਪ ਦੀ ਬੀਮਾਰੀ, ਡਰ ਅਤੇ ਸੰਸਾਰੀ ਅਲਸੇਟੇ ਦੌੜ ਗਏ ਹਨ ਅਤੇ ਮੇਰੀ ਆਤਮਾ ਨੇ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਆਰਾਮ ਅਨੁਭਵ ਕਰ ਲਿਆ ਹੈ।

ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥
ਸਰੇਸ਼ਟ ਅਕਲ ਨਾਲ ਰੰਗੀਜਣ ਕਾਰਨ ਮੈਂ ਇਕ ਸੁਆਮੀ ਨੂੰ ਹੀ ਪਛਾਣਦਾ ਅਤੇ ਮੰਨਦਾ ਹਾਂ ਅਤੇ ਕਿਸੇ ਹੋਰਸ! ਆਪਦੇ ਚਿੱਤ ਅੰਦਰ ਨਹੀਂ ਆਉਣ ਦਿੰਦਾ।

ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥
ਆਪਣੇ ਮਾਨਸਕ ਹੰਕਾਰ ਨੂੰ ਛੱਡ ਕੇ, ਮੇਰੀ ਆਤਮਾ ਚੰਨਣ ਦੀ ਮਹਿਕ ਨਾਲ ਖੁਸ਼ਬੂਦਾਰ ਹੋ ਗਈ ਹੈ।

ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ ॥
ਜੋ ਪੁਰਸ਼ ਸੁਆਮੀ ਦੀਆਂ ਉਤਮਤਾਈਆਂ ਦਾ ਗਾਇਨ ਤੇ ਚਿੰਤਨ ਕਰਦਾ ਹੈ, ਉਸ ਦੇ ਅੰਦਰ ਮਾਲਕ ਦਾ ਨਿਵਾਸ ਹੈ।

ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥
ਜਿਸ ਦੇ ਦਿਲ ਅੰਦਰ ਸੁਆਮੀ ਵਸਦਾ ਹੈ, ਭਾਰੀ ਚੰਗੀ ਕਿਸਮਤ ਹੈ ਉਸ ਦੀ। ਪਰਮ ਪਰਸਿਧ ਹੈ ਉਸ ਦੇ ਮੱਥੇ ਤੇ (ਲਿਖੀ) ਪ੍ਰਾਲਬਧ।

ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥
ਮਾਇਆ ਨੂੰ ਮੈਂ ਮੇਟ ਸੁਟਿਆ ਹੈ। ਸਾਹਿਬ ਦੀ ਗਿਆਤ ਮੇਰੇ ਹਿਰਦੇ ਅੰਦਰ ਰੌਸ਼ਨ ਹੋ ਗਈ ਹੈ ਅਤੇ ਮੈਂ ਇਕ ਮਾਲਕ ਅੰਦਰ ਲੀਨ ਹੋ ਗਿਆ ਹਾਂ।

ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥
ਕਬੀਰ ਜੀ ਆਖਦੇ ਹਨ, ਗੁਰਾਂ ਨੂੰ ਮਿਲ ਕੇ ਮੈਨੂੰ ਪਰਮ ਆਨੰਦ ਪਰਾਪਤ ਹੋ ਗਿਆ ਹੈ। ਮੇਰਾ ਮਨੂਆ ਭਟਕਣੋ ਹੱਟ ਗਿਆ ਹੈ ਅਤੇ ਖੁਸ਼ ਹੋ ਗਿਆ ਹੈ।

copyright GurbaniShare.com all right reserved. Email