Page 341
ਰਹਿਓ ਝਝਕਿ ਨਾਹੀ ਪਰਵਾਨਾ ॥
ਤੂੰ ਝਿਜਕ ਰਿਹਾ ਹੈਂ ਅਤੇ ਵਾਹਿਗੁਰੂ ਦਾ ਮਕਬੂਲ ਨਹੀਂ ਹੋਇਆ।

ਕਤ ਝਖਿ ਝਖਿ ਅਉਰਨ ਸਮਝਾਵਾ ॥
ਹੋਰਨਾ ਦੀ ਤਸੱਲੀ ਕਰਾਉਣ ਲਈ ਤੂੰ ਕਿਉਂ ਬਕਵਾਸ ਕਰਦਾ ਹੈਂ?

ਝਗਰੁ ਕੀਏ ਝਗਰਉ ਹੀ ਪਾਵਾ ॥੧੫॥
ਬਖੇੜਾ ਖੜਾ ਕਰਨ ਦੁਆਰਾ ਬਖੇੜਾ ਹੀ ਤੇਰੇ ਪੱਲੇ ਪਵੇਗਾ।

ਞੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥
ਉਹ ਪ੍ਰਭੂ ਤੇਰੇ ਨੇੜੇ ਤੇਰੇ ਦਿਲ ਵਿੱਚ ਵਸਦਾ ਹੈ, ਉਸ ਨੂੰ ਛੱਡ ਤੂੰ ਉਸ ਨੂੰ ਲੱਭਣ ਲਈ ਦੁਰੇਡੇ ਕਿਉਂ ਜਾਂਦਾ ਹੈਂ?

ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬॥
ਜਿਸ ਦੇ ਲਈ ਮੈਂ ਸਾਰਾ ਜਹਾਨ ਛਾਣ ਮਾਰਿਆ ਹੈ, ਉਸ ਨੂੰ ਮੈਂ ਨੇੜਿਓ ਹੀ ਲੱਭ ਲਿਆ ਹੈ।

ਟਟਾ ਬਿਕਟ ਘਾਟ ਘਟ ਮਾਹੀ ॥
ਟ-ਵਾਹਿਗੁਰੂ ਦਾ ਔਖਾ ਮਾਰਗ ਇਨਸਾਨ ਦੇ ਮਨ ਵਿੱਚ ਹੀ ਹੈ।

ਖੋਲਿ ਕਪਾਟ ਮਹਲਿ ਕਿ ਨ ਜਾਹੀ ॥
ਕਿਵਾੜ ਖੋਲ੍ਹ ਕੇ ਤੂੰ ਕਿਉਂ ਉਸ ਦੀ ਹਜ਼ੂਰੀ ਵਿੱਚ ਨਹੀਂ ਪੁੱਜਦਾ?

ਦੇਖਿ ਅਟਲ ਟਲਿ ਕਤਹਿ ਨ ਜਾਵਾ ॥
ਅਹਿੱਲ ਪੁਰਖ ਨੂੰ ਤੱਕ ਕੇ ਤੂੰ ਤਿਲਕ ਕੇ ਹੋਰ ਕਿਧਰੇ ਨਹੀਂ ਜਾਵੇਗਾ।

ਰਹੈ ਲਪਟਿ ਘਟ ਪਰਚਉ ਪਾਵਾ ॥੧੭॥
ਤੂੰ ਵਾਹਿਗੁਰੂ ਨਾਲ ਚਿਮੜਿਆ ਰਹੇਗਾ ਅਤੇ ਤੇਰਾ ਦਿਲ ਪ੍ਰਸੰਨ ਹੋਵੇਗਾ।

ਠਠਾ ਇਹੈ ਦੂਰਿ ਠਗ ਨੀਰਾ ॥
ਠ- ਇਸ ਮਾਇਆ ਦੇ ਮਿਰਗ-ਤ੍ਰਿਸ਼ਨਾ ਦੇ ਜਲ ਤੋਂ ਆਪਣੇ ਆਪ ਨੂੰ ਦੂਰੇਡੇ ਰੱਖ।

ਨੀਠਿ ਨੀਠਿ ਮਨੁ ਕੀਆ ਧੀਰਾ ॥
ਬੜੀ ਮੁਸ਼ਕਲ ਨਾਲ ਮੈਂ ਆਪਣੇ ਮਨੂਏ ਨੂੰ ਧੀਰਜਵਾਨ ਕੀਤਾ ਹੈ।

ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥
ਜਿਸ ਛਲੀਏ ਨੇ ਸਾਰੇ ਜਹਾਨ ਨੂੰ ਛਲ ਕੇ ਹੜੱਪ ਕਰ ਲਿਆ ਹੈ,

ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥
ਮੈਂ ਉਸ ਛਲੀਏ ਨੂੰ ਛਲ ਲਿਆ ਹੈ, ਮੇਰਾ ਚਿੱਤ ਹੁਣ ਆਰਾਮ ਵਿੱਚ ਹੈ।

ਡਡਾ ਡਰ ਉਪਜੇ ਡਰੁ ਜਾਈ ॥
ਡ - ਜਦ ਪ੍ਰਭੂ ਦਾ ਭੈ ਉਤਪੰਨ ਹੋ ਜਾਂਦਾ ਹੈ, ਤਾਂ ਹੋਰ ਭੈ ਦੂਰ ਹੋ ਜਾਂਦੇ ਹਨ।

ਤਾ ਡਰ ਮਹਿ ਡਰੁ ਰਹਿਆ ਸਮਾਈ ॥
ਉਸ ਭੈ ਅੰਦਰ ਹੋਰ ਭੈ ਲੀਨ ਰਹਿੰਦੇ ਹਨ।

ਜਉ ਡਰ ਡਰੈ ਤ ਫਿਰਿ ਡਰੁ ਲਾਗੈ ॥
ਜਦ ਪ੍ਰਾਣੀ ਪ੍ਰਭੂ ਦੇ ਭੈ ਨੂੰ ਛੱਡ ਦਿੰਦਾ ਹੈ, ਤਦ ਉਸ ਨੂੰ ਹੋਰ ਡਰ ਆ ਚਿਮੜਦੇ ਹਨ।

ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥
ਜੇਕਰ ਉਹ ਡਰ-ਰਹਿਤ ਹੋ ਜਾਵੇ, ਤਾਂ ਉਸ ਦੇ ਮਨ ਦਾ ਡਰ ਭਜ ਜਾਂਦਾ ਹੈ।

ਢਢਾ ਢਿਗ ਢੂਢਹਿ ਕਤ ਆਨਾ ॥
ਢ-ਤੂੰ ਉਸ ਨੂੰ ਹੋਰ ਥਾਂ ਹੋਰਨੀ ਪਾਸੀਂ ਕਿਉਂ ਲੱਭਦਾ ਹੈ?

ਢੂਢਤ ਹੀ ਢਹਿ ਗਏ ਪਰਾਨਾ ॥
ਹੋਰਸ ਥਾਵਾਂ ਤੇ ਉਸ ਨੂੰ ਲੱਭਦਿਆਂ ਹੋਇਆ ਜਿੰਦਗੀ ਖਤਮ ਹੋ ਜਾਂਦੀ ਹੈ।

ਚੜਿ ਸੁਮੇਰਿ ਢੂਢਿ ਜਬ ਆਵਾ ॥
ਉਸ ਨੂੰ ਭਾਲਦਾ ਹੋਇਆ ਜਦ ਮੈਂ ਪਹਾੜ ਉਤੇ ਚੜ੍ਹ ਕੇ ਵਾਪਸ ਆਇਆ,

ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥੨੦॥
ਤਾਂ ਮੈਂ ਉਸ ਨੂੰ ਦੇਹਿ ਦੇ ਕਿਲ੍ਹੇ ਅੰਦਰ ਪਾ ਲਿਆ, ਜਿਹੜਾ ਕਿਲ੍ਹਾ ਕਿ ਉਸ ਨੇ ਖੁਦ ਬਣਾਇਆ ਸੀ।

ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥
ਣ-ਲੜਾਈ ਵਿੱਚ ਰੁੱਝੇ ਹੋਏ ਆਦਮੀ ਨੂੰ ਸਿਰੜ ਧਾਰਨਾ ਉਚਿਤ ਹੈ।

ਨਾ ਨਿਵੈ ਨਾ ਫੁਨਿ ਸੰਚਰੈ ॥
ਉਸ ਨੂੰ ਨਾਂ ਦਬਣਾ ਚਾਹੀਦਾ ਹੈ ਅਤੇ ਮੁੜ ਨਾਂ ਹੀ ਪਿਛੇ ਹਟਣਾ ਚਾਹੀਦਾ ਹੈ।

ਧੰਨਿ ਜਨਮੁ ਤਾਹੀ ਕੋ ਗਣੈ ॥
ਮੁਬਾਰਕ ਗਿਣਿਆ ਜਾਂਦਾ ਹੈ ਉਸ ਦਾ ਆਗਮਨ,

ਮਾਰੈ ਏਕਹਿ ਤਜਿ ਜਾਇ ਘਣੈ ॥੨੧॥
ਜੋ ਆਪਣੇ ਇਕ ਮਨੂਏ ਤੇ ਫ਼ਤਿਹ ਪਾਉਂਦਾ ਹੈ ਅਤੇ ਅਨੇਕਾਂ ਖ਼ਾਹਿਸ਼ਾਂ ਨੂੰ ਛੱਡ ਦਿੰਦਾ ਹੈ।

ਤਤਾ ਅਤਰ ਤਰਿਓ ਨਹ ਜਾਈ ॥
ਤ - ਨਾਂ-ਤਰੇ ਜਾਣ ਵਾਲਾ ਸੰਸਾਰ ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ।

ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥
ਮਨੁੱਖੀ ਦੇਹਿ ਤਿੰਨਾਂ ਜਹਾਨਾਂ ਅੰਦਰ ਖਚਤ ਹੋ ਰਹੀ ਹੈ।

ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥
ਜਦ ਤਿੰਨਾਂ ਜਹਾਨਾਂ ਦਾ ਸੁਆਮੀ ਮੇਰੀ ਦੇਹਿ ਅੰਦਰ ਪ੍ਰਵੇਸ਼ ਕਰਦਾ ਹੈ,

ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥੨੨॥
ਤਾਂ ਮੇਰਾ ਅਸਲਾ ਅਸਲੀਅਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸੱਚੇ ਸਾਈਂ ਨੂੰ ਪਾ ਲੈਦਾ ਹੈ।

ਥਥਾ ਅਥਾਹ ਥਾਹ ਨਹੀ ਪਾਵਾ ॥
ਥ-ਸੁਆਮੀ ਓੜਕ-ਰਹਿਤ ਹੈ। ਉਸ ਦੀ ਡੂੰਘਾਈ ਜਾਣੀ ਨਹੀਂ ਜਾ ਸਕਦੀ।

ਓਹੁ ਅਥਾਹ ਇਹੁ ਥਿਰੁ ਨ ਰਹਾਵਾ ॥
ਉਹ ਹੱਦ ਬੰਨਾ-ਰਹਿਤ ਹੈ। ਇਹ ਦੇਹਿ ਸਥਿਰ ਨਹੀਂ ਰਹਿੰਦੀ।

ਥੋੜੈ ਥਲਿ ਥਾਨਕ ਆਰੰਭੈ ॥
ਥੋੜੀ ਜੇਹੀ ਜਗ੍ਹਾ ਉਤੇ ਇਨਸਾਨ ਬਸਤੀ ਬਣਾਉਣੀ ਸ਼ੁਰੂ ਕਰ ਦਿੰਦਾ ਹੈ।

ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩॥
ਥੰਮਿ੍ਹਆਂ ਦੇ ਬਗੈਰ ਉਹ ਮਹਿਲ ਨੂੰ ਠਹਿਰਾਉਣਾ ਚਾਹੁੰਦਾ ਹੈ।

ਦਦਾ ਦੇਖਿ ਜੁ ਬਿਨਸਨਹਾਰਾ ॥
ਦ-ਜੋ ਕੁਛ ਅਸੀਂ ਵੇਖਦੇ ਹਾਂ, ਨਾਸਵੰਤ ਹੈ।

ਜਸ ਅਦੇਖਿ ਤਸ ਰਾਖਿ ਬਿਚਾਰਾ ॥
ਉਸ ਨੂੰ ਚੇਤੇ ਕਰ ਜੋ ਦਿਸਦਾ ਨਹੀਂ।

ਦਸਵੈ ਦੁਆਰਿ ਕੁੰਚੀ ਜਬ ਦੀਜੈ ॥
ਜਦ ਦਸਵੇ ਦਰਵਾਜ਼ੇ ਨੂੰ ਬ੍ਰਹਿਮ-ਗਿਆਨ ਦੀ ਕੁੰਜੀ ਲਾਈ ਜਾਂਦੀ ਹੈ,

ਤਉ ਦਇਆਲ ਕੋ ਦਰਸਨੁ ਕੀਜੈ ॥੨੪॥
ਤਦ ਮਿਹਰਬਾਨ ਮਾਲਕ ਦਾ ਦੀਦਾਰ ਦੇਖਿਆ ਜਾਂਦਾ ਹੈ।

ਧਧਾ ਅਰਧਹਿ ਉਰਧ ਨਿਬੇਰਾ ॥
ਧ - ਜੇਕਰ ਆਦਮੀ ਨੀਵੇ ਮੰਡਲ ਤੋਂ ਉਚੇ ਨੂੰ ਉਡਾਰੀ ਮਾਰ ਜਾਵੇ, ਤਾਂ ਸਾਰੀ ਗੱਲ ਮੁੱਕ ਜਾਂਦੀ ਹੈ।

ਅਰਧਹਿ ਉਰਧਹ ਮੰਝਿ ਬਸੇਰਾ ॥
ਧਰਤੀ ਅਤੇ ਅਸਮਾਨ ਵਿੱਚ ਸੁਆਮੀ ਦਾ ਵਸੇਬਾ ਹੈ।

ਅਰਧਹ ਛਾਡਿ ਉਰਧ ਜਉ ਆਵਾ ॥
ਜਦ ਧਰਤੀ ਨੂੰ ਤਿਆਗ ਆਤਮਾ ਅਸਮਾਨੀ ਜਾਂਦੀ ਹੈ,

ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥
ਤਾਂ ਆਤਮਾ ਤੇ ਵਾਹਿਗੁਰੂ ਮਿਲ ਪੈਦੇ ਹਨ, ਅਤੇ ਆਰਾਮ ਪਰਾਪਤ ਹੁੰਦਾ ਹੈ।

ਨੰਨਾ ਨਿਸਿ ਦਿਨੁ ਨਿਰਖਤ ਜਾਈ ॥
ਨ - ਵਾਹਿਗੁਰੂ ਨੂੰ ਦੇਖਦਿਆਂ ਮੇਰੀਆਂ ਰਾਤਾਂ ਤੇ ਦਿਨ ਗੁਜ਼ਰਦੇ ਹਨ।

ਨਿਰਖਤ ਨੈਨ ਰਹੇ ਰਤਵਾਈ ॥
ਇਸ ਤਰ੍ਹਾਂ ਵੇਖਣ ਦੁਆਰਾ ਮੇਰੀਆਂ ਅੱਖੀਆਂ ਲਹੂ-ਵਰਗੀਆਂ ਲਾਲ ਹੋ ਗਈਆਂ ਹਨ।

ਨਿਰਖਤ ਨਿਰਖਤ ਜਬ ਜਾਇ ਪਾਵਾ ॥
ਜਦ ਬਹੁਤ ਇੰਤਜਾਰ ਮਗਰੋਂ ਬੰਦਾ, ਵਾਹਿਗੁਰੂ ਨੂੰ ਆਪਣੇ ਦਿਲ ਦੇ ਟਿਕਾਣੇ ਅੰਦਰ ਪਾ ਲੈਦਾ ਹੈ,

ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥
ਤਦ ਦੇਖਣਹਾਰ, ਦੇਖੇ ਜਾਣ ਵਾਲੇ ਨਾਲ ਅਭੇਦ ਹੋ ਜਾਂਦਾ ਹੈ।

ਪਪਾ ਅਪਰ ਪਾਰੁ ਨਹੀ ਪਾਵਾ ॥
ਪ - ਪਰਮੇਸ਼ਰ ਹੱਦਬੰਨਾ-ਰਹਿਤ ਹੈ ਤੇ ਉਸ ਦਾ ਹੱਦਬੰਨਾ ਜਾਣਿਆ ਨਹੀਂ ਜਾ ਸਕਦਾ।

ਪਰਮ ਜੋਤਿ ਸਿਉ ਪਰਚਉ ਲਾਵਾ ॥
ਮੈਂ ਮਹਾਨ ਪ੍ਰਕਾਸ਼ ਨਾਲ ਮਿਤ੍ਰਤਾਈ ਗੰਢ ਲਈ ਹੈ।

ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥
ਜੋ ਕੋਈ ਆਪਣੇ ਪੰਜੇ ਇੰਦ੍ਰਿਆਂ ਨੂੰ ਕਾਬੂ ਕਰ ਲੈਦਾ ਹੈ,

ਪਾਪੁ ਪੁੰਨੁ ਦੋਊ ਨਿਰਵਰਈ ॥੨੭॥
ਉਹ ਬਦੀ ਤੇ ਨੇਕੀ ਦੋਨਾਂ ਦੇ ਖਿਆਲ ਤੋਂ ਖਲਾਸੀ ਪਾ ਜਾਂਦਾ ਹੈ।

ਫਫਾ ਬਿਨੁ ਫੂਲਹ ਫਲੁ ਹੋਈ ॥
ਫ - ਫੁਲ ਦੇ ਬਗੈਰ ਹੀ ਫਲ ਪੈਦਾ ਹੋਇਆ ਹੈ।

ਤਾ ਫਲ ਫੰਕ ਲਖੈ ਜਉ ਕੋਈ ॥
ਜੇਕਰ ਕੋਈ ਜਣਾ ਉਸ ਫਲ ਦੀ ਫਾੜੀ ਨੂੰ ਵੇਖ ਲਵੇ,

ਦੂਣਿ ਨ ਪਰਈ ਫੰਕ ਬਿਚਾਰੈ ॥
ਅਤੇ ਉਸ ਫਾੜੀ ਦਾ ਚਿੰਤਨ ਕਰੇ, ਉਹ ਆਵਾਗਉਣ ਵਿੱਚ ਨਹੀਂ ਪੈਦਾ।

ਤਾ ਫਲ ਫੰਕ ਸਭੈ ਤਨ ਫਾਰੈ ॥੨੮॥
ਫਲ ਦੀ ਉਹ ਫਾਂਕੜੀ ਸਾਰੀਆਂ ਦੇਹਾਂ ਨੂੰ ਪਾੜ ਸੁੱਟਦੀ ਹੈ।

ਬਬਾ ਬਿੰਦਹਿ ਬਿੰਦ ਮਿਲਾਵਾ ॥
ਬ - ਜਦ ਬੂੰਦ ਨਾਲ ਬੂੰਦ ਅਭੇਦ ਹੋ ਜਾਂਦੀ ਹੈ,

ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥
ਤਾਂ ਇਹ ਬੂੰਦਾ ਮੁੜ ਵੱਖਰੀਆਂ ਨਹੀਂ ਹੁੰਦੀਆਂ।

ਬੰਦਉ ਹੋਇ ਬੰਦਗੀ ਗਹੈ ॥
ਸਾਹਿਬ ਦਾ ਗੁਮਾਸ਼ਤਾ ਬਣ ਕੇ, ਇਨਸਾਨ ਨੂੰ ਉਸ ਦਾ ਸਿਮਰਨ ਫੜੀ ਰੱਖਣਾ ਉਚਿਤ ਹੈ।

ਬੰਦਕ ਹੋਇ ਬੰਧ ਸੁਧਿ ਲਹੈ ॥੨੯॥
ਜੇਕਰ ਬੰਦਾ ਸਾਹਿਬ ਦਾ ਸਿਮਰਨ ਕਰਨ ਵਾਲਾ ਹੋ ਜਾਏ ਤਾਂ ਉਹ ਉਸ ਦੀ ਰਿਸ਼ਤੇਦਾਰ ਦੀ ਤਰ੍ਹਾਂ ਖ਼ਬਰਸਾਰ ਲੈਦਾ ਹੈ।

copyright GurbaniShare.com all right reserved. Email