Page 492
ਗੂਜਰੀ ਮਹਲਾ ੩ ਤੀਜਾ ॥
ਗੂਜਰੀ ਤੀਜੀ ਪਾਤਿਸ਼ਾਹੀ।

ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ ॥
ਕੇਵਲ ਨਾਮ ਹੀ ਖਜਾਨਾ ਹੈ, ਹੇ ਭਗਵਾਨ! ਤੂੰ ਐਸੀ ਸੱਚੀ ਸਿੱਖਿਆ ਨੂੰ ਸ੍ਰਵਣ ਕਰ।

ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥੧॥
ਜਿੰਨਾ ਕੁਛ ਭੀ ਤੂੰ ਦਵੈਤ-ਭਾਵ ਦੇ ਰਾਹੀਂ ਵਾਚਦਾ ਹੈਂ, ਐਸੇ ਵਾਚਣ ਤੇ ਵਿਚਾਰਨ ਦੁਆਰਾ, ਤੈਨੂੰ ਹਮੇਸ਼ਾਂ ਕਸ਼ਟ ਹੁੰਦਾ ਹੈ।

ਹਰਿ ਚਰਣੀ ਤੂੰ ਲਾਗਿ ਰਹੁ ਗੁਰ ਸਬਦਿ ਸੋਝੀ ਹੋਈ ॥
ਤੂੰ ਵਾਹਿਗੁਰੂ ਦੇ ਪੈਰਾਂ ਨੂੰ ਚਿਮੜਿਆ ਰਹੁ। ਗੁਰਾਂ ਦੀ ਬਾਣੀ ਰਾਹੀਂ ਤੈਨੂੰ ਯਥਾਰਥ ਸਮਝ ਆ ਜਾਊਗੀ।

ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ ॥
ਆਪਣੀ ਜੀਭ੍ਹ ਨਾਲ ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ, ਤਦ ਤੇਰੀ ਆਤਮਾ ਪਵਿੱਤ੍ਰ ਥੀ ਵੰਞੇਗੀ। ਠਹਿਰਾਉ।

ਸਤਿਗੁਰ ਮਿਲਿਐ ਮਨੁ ਸੰਤੋਖੀਐ ਤਾ ਫਿਰਿ ਤ੍ਰਿਸਨਾ ਭੂਖ ਨ ਹੋਇ ॥
ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮਨ ਰੱਜ ਜਾਂਦਾ ਹੈ ਅਤੇ ਤਦ ਖਾਹਿਸ਼ ਤੇ ਖੁਦਿਆ, ਮੁੜ ਕੇ ਬੰਦੇ ਨੂੰ ਨਹੀਂ ਸਤਾਉਂਦੀਆਂ।

ਨਾਮੁ ਨਿਧਾਨੁ ਪਾਇਆ ਪਰ ਘਰਿ ਜਾਇ ਨ ਕੋਇ ॥੨॥
ਨਾਮ ਦੇ ਖਜਾਨੇ ਨੂੰ ਪ੍ਰਾਪਤ ਕਰ ਕੇ, ਕੋਈ ਭੀ ਹੋਰਸ ਦੇ ਬੂਹੇ ਤੇ ਨਹੀਂ ਜਾਂਦਾ।

ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ॥
ਭਾਵਨੂੰ ਪ੍ਰਤੀਕੂਲ ਪੁਰਸ਼ ਗੱਲਾਂ ਤੇ ਬਕੜਬਾ ਕਰਦਾ ਹੈ, ਤਾਂ ਵੀ ਉਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।

ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ ॥੩॥
ਗੁਰਾਂ ਦੇ ਉਪਦੇਸ਼ ਦੁਆਰਾ, ਜਿਸ ਦਾ ਹਿਰਦਾ ਪ੍ਰਕਾਸ਼ਵਾਨ ਹੋ ਜਾਂਦਾ ਹੈ, ਕੇਵਲ ਉਹ ਹੀ ਪ੍ਰਭੂ ਦੇ ਨਾਮ ਨੂੰ ਪਰਾਪਤ ਹੁੰਦਾ ਹੈ।

ਸੁਣਿ ਸਾਸਤ੍ਰ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ ॥
ਤੂੰ ਸ਼ਾਸਤ੍ਰ ਸੁਣਦਾ ਹੈ, ਪਰ ਵਾਹਿਗੁਰੂ ਨੂੰ ਅਨੁਭਵ ਨਹੀਂ ਕਰਦਾ। ਇਸ ਲਈ ਤੂੰ ਦਰ ਦਰ ਟੱਕਰਾਂ ਮਾਰਦਾ ਫਿਰਦਾ ਹੈ।

ਸੋ ਮੂਰਖੁ ਜੋ ਆਪੁ ਨ ਪਛਾਣਈ ਸਚਿ ਨ ਧਰੇ ਪਿਆਰੁ ॥੪॥
ਜਿਹੜਾ ਆਪਣੇ ਆਪ ਨੂੰ ਨਹੀਂ ਸਮਝਦਾ ਅਤੇ ਸੱਚੇ ਸੁਆਮੀ ਨਾਲ ਪ੍ਰੀਤ ਨਹੀਂ ਕਰਦਾ, ਉਹ ਬੇਵਕੂਫ ਹੈ।

ਸਚੈ ਜਗਤੁ ਡਹਕਾਇਆ ਕਹਣਾ ਕਛੂ ਨ ਜਾਇ ॥
ਸੱਚੇ ਸਾਹਿਬ ਨੇ ਜਹਾਨ ਨੂੰ ਗੁੰਮਰਾਹ ਕੀਤਾ ਹੋਇਆ ਹੈ। ਆਦਮੀ ਦੀ ਇਸ ਵਿੱਚ ਕੁਝ ਆਖਣ ਦੀ ਮਜਾਲ ਨਹੀਂ।

ਨਾਨਕ ਜੋ ਤਿਸੁ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਇ ॥੫॥੭॥੯॥
ਨਾਨਕ, ਜਿਹੜਾ ਕੁਝ ਉਸ (ਵਾਹਿਗੁਰੂ) ਨੂੰ ਚੰਗਾ ਲੱਗਦਾ ਹੈ, ਆਪਣੇ ਮਿੱਠੇ ਭਾਣੇ ਅਨੁਸਾਰ ਸਾਹਿਬ ਉਹੀ ਕੁਝ ਕਰਦਾ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧ ॥
ਰਾਗੁ ਗੂਜਰੀ ਚੌਥੀ ਪਾਤਿਸ਼ਾਹੀ। ਚਉਪਦੇ।

ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ ॥
ਹੇ ਸੁਆਮੀ ਦੇ ਸੇਵਕ! ਸੱਚੇ ਪੁਰਸ਼, ਮੇਰੇ ਵਿਸ਼ਾਲ ਸਤਿਗੁਰੂ! ਮੈਂ ਤੇਰੇ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ।

ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥
ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ। ਮਿਹਰ ਧਾਰ ਕੇ ਮੈਨੂੰ ਹਰੀ ਦੇ ਨਾਮ ਦੀ ਰੌਸ਼ਨੀ ਪ੍ਰਦਾਨ ਕਰ, ਹੇ ਸੱਚੇ ਗੁਰਦੇਵ ਜੀ!

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥
ਹੇ ਪ੍ਰਕਾਸ਼ਵਾਨ ਗੁਰੂ, ਮੈਂਡੇ ਮਿੱਤ੍ਰ! ਮੈਨੂੰ ਸਰਬ-ਵਿਆਪਕ ਸੁਆਮੀ ਦੇ ਨਾਮ ਨਾਲ ਰੋਸ਼ਨ ਕਰ।

ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥
ਗੁਰਾਂ ਦੀ ਸਿਖਮਤ ਦੁਆਰਾ ਦਰਸਾਇਆ ਹੋਇਆ ਨਾਮ ਮੇਰੀ ਜਿੰਦ-ਜਾਨ ਦਾ ਮਿੱਤ੍ਰ ਹੈ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾਉ।

ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥
ਪਰਮ ਭਾਰੀ ਚੰਗੀ ਕਿਸਮਤ ਹੈ ਰੱਬ ਦੇ ਬੰਦਿਆਂ ਦੀ, ਜਿਨ੍ਹਾਂ ਦੀ ਸੁਆਮੀ ਮਾਲਕ ਵਿੱਚ ਭਰੋਸਾ ਹੈ ਅਤੇ ਜਿਨ੍ਹਾਂ ਨੂੰ ਵਾਹਿੁਗਰੂ ਦੀ ਤ੍ਰੇਹ ਹੈ।

ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰ ਕੇ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਨ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੋਸ਼ਨ ਹੋ ਜਾਂਦੀਆਂ ਹਨ।

ਜਿਨ੍ਹ੍ਹ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥
ਜਿਨ੍ਹਾਂ ਨੇ ਵਾਹਿਗੁਰੂ, ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ, ਉਹ ਨਿਕਰਮਣ ਹਨ ਅਤੇ ਮੌਤ ਦੇ ਫਰੇਸ਼ਤੇ ਦੇ ਸੁਪਰਦ ਕੀਤੇ ਜਾਂਦੇ ਹਨ।

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥
ਥੂਹ ਹੈ ਉਨ੍ਹਾਂ ਦੀ ਜਿੰਦਗੀ ਨੂੰ ਅਤੇ ਲਾਨ੍ਹਤ ਹੈ, ਉਨ੍ਹਾਂ ਦੇ ਜੀਊਣ ਦੀ ਆਸ ਨੂੰ, ਜਿਹੜੇ ਸੱਚੇ ਗੁਰਾਂ ਦੀ ਸਭਾ ਅਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ।

ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥
ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦਾ ਮੇਲ ਮਿਲਾਪ ਪ੍ਰਾਪਤ ਹੋਇਆ ਹੈ, ਉਨ੍ਹਾਂ ਦੇ ਮੱਥੇ ਉਤੇ ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ।

ਧੰਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਨਾਨਕ ਨਾਮੁ ਪਰਗਾਸਿ ॥੪॥੧॥
ਮੁਬਾਰਕ! ਮੁਬਾਰਕ ਹੈ, ਸਾਧ ਸਮਾਗਮ, ਜਿਥੋਂ ਵਾਹਿਗੁਰੂ ਦਾ ਅੰਮ੍ਰਿਤ ਪਰਾਪਤ ਹੁੰਦਾ ਹੈ। ਰੱਬ ਦੇ ਗੋਲੇ ਨੂੰ ਮਿਲਣ ਦੁਆਰਾ, ਹੇ ਨਾਨਕ! ਪ੍ਰਗਟ ਹੋ ਵੰਞਦਾ ਹੈ, ਸੁਆਮੀ ਦਾ ਨਾਮ।

ਗੂਜਰੀ ਮਹਲਾ ੪ ॥
ਗੂਜਰੀ ਚੌਥੀ ਪਾਤਿਸ਼ਾਹੀ।

ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥
ਸੁਆਮੀ ਮਾਲਕ ਪਿਆਰਾ, ਪਿਆਰਾ ਲੱਗਦਾ ਹੈ ਉਨ੍ਹਾਂ ਦੀ ਆਤਮਾ ਨੂੰ ਜੋ ਸਾਧ ਸੰਗਤ ਨਾਲ ਜੁੜਦੇ ਹਨ। ਉਸ ਦਾ ਨਾਮ ਚਿੱਤ ਨੂੰ ਮੋਹਤ ਕਰ ਲੈਂਦਾ ਹੈ।

ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥੧॥
ਰੱਬ ਦਾ ਨਾਮ ਉਚਾਰਨ ਕਰ ਅਤੇ ਕੁਲ ਆਲਮ ਦੇ ਸੁਆਮੀ ਨੂੰ ਚੇਤੇ ਕਰ। ਉਹ ਸਾਹਿਬ ਹੀ ਸਾਰਿਆਂ ਨੂੰ ਦਾਤ ਦਿੰਦਾ ਹੈ।

ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ ॥
ਹੇ ਮੇਰੇ ਵੀਰ ਸਾਥੀਓ! ਵਾਹਿਗੁਰੂ, ਵਾਹਿਗੁਰੂ ਸ੍ਰਿਸ਼ਟੀ ਦੇ ਥੰਮਣਹਾਰ ਨੇ ਮੇਰੇ ਚਿੱਤ ਨੂੰ ਫਰੇਫਤਾ (ਮੋਹ) ਲਿਆ ਹੈ।

ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥
ਮੈਂ ਆਪਣੇ ਮਾਲਕ, ਮਾਲਕ ਦਾ ਜੱਸ ਗਾਇਨ ਕਰਦਾ ਹਾਂ। ਗੁਰਾਂ ਦੇ ਪਵਿੱਤਰ ਮੇਲ-ਮਿਲਾਪ ਅੰਦਰ ਜੁੜ ਕੇ ਤੇਰਾ ਗੋਲਾ ਸੁੰਦਰ ਜਾਪਦਾ ਹੈ। ਠਹਿਰਾਉ।

ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ ॥
ਵਾਹਿਗੁਰੂ ਦੀ ਪ੍ਰੇਮ-ਉਪਾਸ਼ਨਾ ਆਰਾਮ ਦਾ ਸਮੁੰਦਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਦੌਲਤ ਇਕਬਾਲ ਅਤੇ ਕਰਾਮਾਤੀ ਸ਼ਕਤੀਆਂ ਉਸ ਆਦਮੀ ਦੇ ਪੈਰਾਂ ਤੇ ਆ ਡਿੱਗਦੀਆਂ ਹਨ।

ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ ॥੨॥
ਸੁਆਮੀ ਦਾ ਨਾਮ ਉਸ ਦੇ ਨਫਰ ਦਾ ਆਸਰਾ ਹੈ। ਵਾਹਿਗੁਰੂ ਦਾ ਨਾਮ ਉਹ ਉਚਾਰਨ ਕਰਦਾ ਹੈ ਅਤੇ ਵਾਹਿਗੁਰੂ ਨਾਮ ਨਾਲ ਹੀ ਉਹ ਸਸ਼ੋਭਤ ਹੁੰਦਾ ਹੈ।

copyright GurbaniShare.com all right reserved. Email