Page 495
ਗੂਜਰੀ ਮਹਲਾ ੫ ਚਉਪਦੇ ਘਰੁ ੧
ਗੂਜਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥
ਤੂੰ ਕਿਉਂ ਹੇ ਬੰਦੇ! (ਚਿੰਤਾ ਭਰਪੂਰ) ਉਦਮ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ ਫਿਕਰ ਵਿੱਚ ਲੱਗਾ ਹੋਇਆ ਹੈ।

ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
ਚਟਾਨਾਂ ਅਤੇ ਪੱਥਰਾਂ ਅੰਦਰ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਰੋਜ਼ੀ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸਿ ਤਰਿਆ ॥
ਹੇ ਮੈਂਡੇ ਪੂਜਯ ਮਾਇਆ ਦੇ ਸੁਆਮੀ! ਜੋ ਕੋਈ ਸਾਧ ਸੰਗਤ ਨਾਲ ਜੁੜਦਾ ਹੈ, ਉਹ ਪਾਰ ਉਤੱਰ ਜਾਂਦਾ ਹੈ।

ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ, ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ (ਇਕ ਤਰ੍ਹਾਂ ਨਾਲ) ਸੁੱਕੀ ਲੱਕੜ ਪ੍ਰਫੁਲਤ ਥੀ ਵੰਞਦੀ ਹੈ। ਠਹਿਰਾਉ।

ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥
ਮਾਂ, ਪਿਓ, ਜਨਤਾ, ਪੁੱਤ੍ਰ ਅਤੇ ਪਤਨੀ ਵਿਚੋਂ ਕੋਈ ਭੀ ਕਿਸੇ ਦਾ ਆਸਰਾ ਨਹੀਂ।

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥
ਹਰ ਇਕਸ ਇਨਸਾਨ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ। ਤੂੰ ਕਿਉਂ ਡਰਦੀ ਹੈਂ, ਹੇ ਮੇਰੀ ਜਿੰਦੜੀਏ!

ਊਡੈ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
ਸੈਂਕੜੇ ਮੀਲ ਉਡਾਰੀ ਮਾਰ ਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ।

ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥
ਉਨ੍ਹਾਂ ਨੂੰ ਕੌਣ ਖੁਆਲਦਾ ਹੈ ਅਤੇ ਕੌਣ ਚੋਗਾ ਦਿੰਦਾ ਹੈ? ਕੀ ਤੂੰ ਆਪਣੇ ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?

ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥
ਸਮੂਹ ਖਜਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ।

ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੧॥
ਗੋਲਾ ਨਾਨਕ ਤੇਰੇ ਉਤੋਂ, ਹੇ ਸੁਆਮੀ! ਸਦਾ ਸਦਕੇ, ਅਤੇ ਕੁਰਬਾਨ ਜਾਂਦਾ ਹੈ। ਤੇਰੇ ਪਰਮ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ।

ਗੂਜਰੀ ਮਹਲਾ ੫ ਚਉਪਦੇ ਘਰੁ ੨
ਗੂਜਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥
ਇਨਸਾਨ ਚਾਰ ਕਰਮ ਕਾਂਢ ਅਤੇ ਛੇ ਧਾਰਮਕ ਸੰਸਕਾਰ ਕਰਦੇ ਹਨ। ਇਨ੍ਹਾਂ ਅੰਦਰ ਦੁਨਿਆਵੀ ਬੰਦੇ ਖੱਚਤ ਹੋਏ ਹੋਏ ਹਨ।

ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥
ਉਨ੍ਹਾਂ ਨੂੰ ਅੰਦਰੋਂ ਹੰਕਾਰ ਦੀ ਗਿਲਾਜਤ ਦੂਰ ਨਹੀਂ ਹੁੰਦੀ ਅਤੇ ਗੁਰਾਂ ਦੇ ਬਾਝੋਂ ਉਹ ਜੀਵਨ-ਖੇਡ ਹਾਰ ਜਾਂਦੇ ਹਨ।

ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥
ਹੇ ਮੈਂਡੇ ਸੁਆਮੀ! ਮਿਹਰ ਧਾਰ ਕੇ ਮੇਰੀ ਰੱਖਿਆ ਕਰ।

ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥
ਕ੍ਰੋੜਾਂ ਵਿਚੋਂ ਕੋਈ ਟਾਵਾਂ ਬੰਦਾ ਹੀ ਵਾਹਿਗੁਰੂ ਦਾ ਦਾਸ ਹੈ। ਹੋਰ ਸਾਰੇ ਨਿਰੇ-ਪੁਰੇ ਸੌਦੇ-ਬਾਜ ਹੀ ਹਨ। ਠਹਿਰਾਉ।

ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥
ਸ਼ਾਸਤਰਾਂ, ਵੇਦਾਂ ਅਤੇ ਸਿਮ੍ਰਤੀਆਂ ਨੂੰ ਮੈਂ ਖੋਜਿਆ ਹੈ। ਉਹ ਸਾਰੇ ਕੇਵਲ ਇਕੋ ਹੀ ਗੱਲ ਦੱਸਦੇ ਹਨ।

ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥
ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਮੋਖਸ਼ ਪਰਾਪਤ ਨਹੀਂ ਹੁੰਦੀ। ਆਪਣੇ ਚਿੱਤ ਅੰਦਰ ਇਸ ਨੂੰ ਸੋਚ ਸਮਝ ਕੇ ਦੇਖ ਲੈ।

ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ ॥
ਜੇਕਰ ਬੰਦਾ ਅਠਾਹਟ ਤੀਰਥਾਂ ਤੇ ਨਹਾ ਲਵੇ ਅਤੇ ਟੁੱਭੇ ਲਾ ਲਵੇ ਅਤੇ ਸਾਰੀ ਧਰਤੀ ਉਤੇ ਫਿਰ ਆਵੇ,

ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ ॥੩॥
ਅਤੇ ਜੇਕਰ ਉਹ ਰਾਤ ਦਿਨ ਘਣੇਰੀਆਂ ਸੁੱਚਮਤਾਈਆਂ ਰੱਖੇ, ਪ੍ਰੰਤੂ ਸੱਚੇ ਗੁਰਾਂ ਦੇ ਬਾਝੋਂ ਸਾਰੇ (ਅਗਿਆਨਤਾ ਦਾ) ਅਨ੍ਹੇਰਾ ਹੀ ਹੋਵੇਗਾ।

ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ ॥
ਭਟਕਦੇ ਤੇ ਭਰਮਦੇ ਹੋਏ ਨੇ, ਮੈਂ ਸਾਰੇ ਜਹਾਨ ਦਾ ਚੱਕਰ ਕੱਟ ਲਿਆ ਹੈ, ਪ੍ਰੰਤੂ ਹੁਣ ਮੈਂ ਵਾਹਿਗੁਰੂ ਦੇ ਦਰ ਤੇ ਆ ਪੁੱਜਾਂ ਹਾਂ।

ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥੪॥੧॥੨॥
ਸੁਆਮੀ ਨੇ ਮੇਰੀ ਮੰਦੀ ਅਕਲ ਮੇਟ ਦਿੱਤੀ ਹੈ ਅਤੇ ਮੇਰੀ ਸਮਝ ਨੂੰ ਉਜਲਾ ਕਰ ਦਿੱਤਾ ਹੈ। ਮਹਾਨ ਗੁਰਾਂ ਨੇ ਗੋਲੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ।

ਗੂਜਰੀ ਮਹਲਾ ੫ ॥
ਗੂਜਰੀ ਪੰਜਵੀਂ ਪਾਤਿਸ਼ਾਹੀ।

ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ ॥
ਰੱਬ ਦੇ ਨਾਮ ਦੀ ਦੌਲਤ ਮੇਰੀ ਉਪਾਸ਼ਨਾ ਹੈ, ਰੱਬ ਦੇ ਨਾਮ ਦੀ ਦੌਲਤ ਹੀ ਮੇਰਾ ਖਾਣਾ ਹੈ, ਜਿਹੜਾ ਮੈਨੂੰ ਚੰਗਾ ਲੱਗਦਾ ਹੈ।

ਨਿਮਖ ਨ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥੧॥
ਇਕ ਮੁਹਤ ਭਰ ਲਈ ਭੀ ਮੈਂ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਨੂੰ ਨਹੀਂ ਭਲਾਉਂਦਾ, ਜਿਸ ਨੂੰ ਮੈਂ ਸਤਿ ਸੰਗਤ ਅੰਦਰ ਪਰਾਪਤ ਕੀਤਾ ਹੈ।

ਮਾਈ ਖਾਟਿ ਆਇਓ ਘਰਿ ਪੂਤਾ ॥
ਮੇਰੀ ਮਾਤਾ, ਤੇਰਾ ਪੁੱਤ੍ਰ ਮੁਨਾਫਾ ਕਮਾ ਕੇ ਘਰ ਪਰਤਿਆ ਹੈ।

ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥
ਮੇਰੇ ਪਾਸ ਹਰੀ-ਪਦਾਰਥ ਤੁਰਦਿਆਂ, ਹਰੀ-ਪਦਾਰਥ ਬਹਿੰਦਿਆਂ ਅਤੇ ਹਰੀ-ਪਦਾਰਥ ਹੀ ਜਾਗਦਿਆਂ ਅਤੇ ਸੁੱਤਿਆਂ ਹੈ। ਠਹਿਰਾਉ।

ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ ॥
ਹਰੀ-ਪਦਾਰਥ ਮੇਰਾ ਨ੍ਹਾਉਣਾ ਹੈ, ਹਰੀ-ਪਦਾਰਥ ਮੇਰਾ ਬ੍ਰਹਿਮ-ਵੀਚਾਰ ਤੇ ਵਾਹਿਗੁਰੂ ਨਾਲ ਹੀ ਮੈਂ ਆਪਣੀ ਬਿਰਤੀ ਜੋੜਦਾ ਹਾਂ।

ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥੨॥
ਵਾਹਿਗੁਰੂ ਦੇ ਨਾਮ ਦੀ ਦੌਲਤ ਮੇਰੀ ਨਉਕਾ ਅਤੇ ਸੁਆਮੀ ਮਾਲਕ ਹੀ ਮੈਨੂੰ ਪਾਰ ਕਰਨ ਲਈ ਇਕ ਜਹਾਜ਼ ਹੈ।

copyright GurbaniShare.com all right reserved. Email