ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸੋਰਠਿ ਮਹਲਾ ੧ ਘਰੁ ੧ ਚਉਪਦੇ ॥ ਸੋਰਠਿ ਪਹਿਲੀ ਪਾਤਿਸ਼ਾਹੀ। ਚਉਪਦੇ। ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ ਮੌਤ ਸਾਰਿਆਂ ਨੂੰ ਆਉਂਦੀ ਹੈ ਅਤੇ ਸਾਰਿਆਂ ਨੂੰ ਨਿਸ਼ਚਿਤ ਹੀ ਜੁਦਾਇਗੀ ਵਾਪਰਦੀ ਹੈ। ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ ॥ ਜਾ ਕੇ ਦਾਨਿਆਂ ਪਾਸੋਂ ਪਤਾ ਕਰ ਲਓ ਕਿ ਪ੍ਰਾਣੀਆਂ ਦਾ ਏਦੂੰ ਮਗਰੌ ਮਿਲਾਪ ਹੋਉਗਾ ਕਿ ਨਹੀਂ। ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥ ਜੋ ਮੇਰੇ ਸੁਆਮੀ ਨੂੰ ਭੁਲਾਉਂਦੇ ਹਨ, ਉਨ੍ਹਾਂ ਨੂੰ ਭਾਰੀ ਤਕਲੀਫ ਹੋਵੇਗੀ। ਭੀ ਸਾਲਾਹਿਹੁ ਸਾਚਾ ਸੋਇ ॥ ਤੂੰ ਸਦਾ ਹੀ ਉਸ ਸੱਚੇ ਸੁਆਮੀ ਦੀ ਸਿਫ਼ਤ ਕਰ। ਜਾ ਕੀ ਨਦਰਿ ਸਦਾ ਸੁਖੁ ਹੋਇ ॥ ਰਹਾਉ ॥ ਜਿਸ ਦੀ ਦਇਆ ਦੁਆਰਾ ਹਮੇਸ਼ਾਂ ਆਰਾਮ ਹੁੰਦਾ ਹੈ। ਠਹਿਰਾਉ। ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥ ਉਸ ਨੂੰ ਵਿਸ਼ਾਲ ਜਾਣ ਕੇ ਤੂੰ ਉਸ ਦੀ ਕੀਰਤੀ ਗਾਇਨ ਕਰ। ਉਹ ਹੈ ਵੀ ਅਤੇ ਹੋਵੇਗਾ ਭੀ। ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥ ਕੇਵਲ ਤੂੰ ਹੀ ਸਾਰਿਆਂ ਦਾ ਦਾਤਾਰ ਸੁਆਮੀ ਹੈਂ। ਜੀਵ ਕੋਈ ਬਖਸ਼ੀਸ਼ ਦੇ ਨਹੀਂ ਸਕਦਾ। ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥੨॥ ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਓਹੀ ਹੁੰਦਾ ਹੈ। ਜਨਾਨੀਆਂ ਵਾਂਞੂੰ ਵਿਰਲਾਪ ਕਰਨ ਨਾਲ ਕੀ ਪ੍ਰਾਪਤ ਹੋ ਸਕਦਾ ਹੈ? ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥ ਅਨੇਕ ਹੀ ਜਿਮੀ ਉਤੇ ਕਰੋੜਾਂ ਹੀ ਕਿਲਿਆਂ ਤੇ ਰਾਜ ਦੇ ਵਾਜੇ ਵਜਾ ਕੇ ਟੁਰ ਗਏ ਹਨ। ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥ ਜਿਹੜੇ ਅੰਬਰ ਅੰਦਰ ਨਹੀਂ ਸਮਾਉਂਦੇ ਸਨ, ਉਹਨਾਂ ਦਿਆਂ ਨੱਕਾਂ ਅੰਦਰ ਨਕੇਲਾਂ ਪਾ ਦਿੱਤੀਆਂ ਗਈਆਂ। ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥ ਹੇ ਬੰਦੇ! ਜੇਕਰ ਤੂੰ ਸੂਲਾਂ ਭਵਿੱਖਤ ਦੇ ਤਸੀਹਿਆਂ (ਕੰਡਿਆਂ) ਨੂੰ ਯਾਦ ਰੱਖੇ, ਤਾਂ ਤੂੰ ਕਿਉਂ ਵਿਸ਼ਿਆਂ ਨੂੰ ਭੋਗੇਂ ਜਾਂ ਪਾਪ ਦੇ ਮਿੱਠੇ ਨੂੰ ਖਾਵੇਂ। ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥ ਨਾਨਕ, ਜਿੰਨੇ ਪਾਪ ਹਨ, ਓਨੇ ਹੀ ਇਨਸਾਨ ਦੀ ਗਰਦਨ ਦੁਆਲੇ ਸੰਗਲ ਹਨ। ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥ ਜੇਕਰ ਉਸ ਦੇ ਕੋਲ ਨੇਕੀਆਂ ਹਨ, ਤਦ ਉਸ ਦੇ ਸੰਗਲ ਵੱਢੇ ਜਾਂਣੇ ਹਨ। ਉਹ ਨੇਕੀਆਂ ਹੀ ਉਸ ਦੇ ਭਰਾ ਹਨ ਅਤੇ ਓਹੀ ਉਸ ਦੇ ਅੰਮਾਂ ਜਾਏ। ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥ ਪਰਲੋਕ ਵਿੱਚ ਗਏ ਹੋਏ, ਜੋ ਗੁਰੂ ਵਿਹੂਣ ਹਨ, ਉਹ ਪਰਵਾਨ ਨਹੀਂ ਹੁੰਦੇ। ਕੁਟ ਮਾਰ ਕੇ ਉਹ ਕੱਢ ਦਿੱਤੇ ਜਾਂਦੇ ਹਨ। ਸੋਰਠਿ ਮਹਲਾ ੧ ਘਰੁ ੧ ॥ ਸੋਰਠਿ ਪਹਿਲੀ ਪਾਤਸ਼ਾਹੀ। ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਆਪਣੇ ਮਨ ਨੂੰ ਹਲ ਵਾਹੁਣ ਵਾਲਾ, ਚੰਗੇ ਅਮਲਾਂ ਨੂੰ ਖੇਤੀਬਾੜੀ, ਲੱਜਿਆ ਨੂੰ ਜਲ ਅਤੇ ਆਪਣੀ ਦੇਹ ਨੂੰ ਪੈਲੀ ਬਣਾ। ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਪ੍ਰਭੂ ਦਾ ਨਾਮ ਤੇਰਾ ਬੀ, ਸਬਰ ਪੈਲੀ ਪਧਰ ਕਰਨ ਵਾਲਾ ਸੁਹਾਗਾ ਅਤੇ ਨਿਮਰਤਾ ਦਾ ਬਾਣਾ ਤੇਰੀ ਵਾੜ ਹੋਵੇ। ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਪ੍ਰੇਮ ਦੇ ਕੰਮ ਕਰਨ ਨਾਲ ਬੀ ਉਗ ਪਊਗਾ। ਤਦ ਤੂੰ ਐਹੋ ਜੇਹੇ ਹਿਰਦੇ ਨੂੰ ਭਾਂਗਾਂ ਵਾਲਾ ਵਧਦਾ ਫੁਲਦਾ ਵੇਖੇਗਾ। ਬਾਬਾ ਮਾਇਆ ਸਾਥਿ ਨ ਹੋਇ ॥ ਹੇ ਬਾਬਾ! ਦੌਲਤ ਆਦਮੀ ਦੇ ਨਾਲ ਨਹੀਂ ਜਾਂਣੀ। ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਇਸ ਮੋਹਣੀ ਨੇ ਸੰਸਾਰ ਨੂੰ ਮੋਹਤ ਕਰ ਲਿਆ ਹੈ। ਕੋਈ ੳਾਂਵਾ-ਟੱਲਾ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਹੈ। ਠਹਿਰਾਓ। ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ ਸਦਾ ਘਟਣ ਵਾਲੀ ਉਮਰ ਨੂੰ ਆਪਣੀ ਦੁਕਾਨ ਬਣਾ ਤੇ ਸਾਈਂ ਦੇ ਸੱਚੇ ਨਾਮ ਨੂੰ ਆਪਣਾ ਸੌਦਾ-ਸੂਤ ਬਣਾ। ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਸਮਝ ਅਤੇ ਸਿਮਰਨ ਨੂੰ ਆਪਣਾ ਮਾਲ ਗੁਦਾਮ ਬਣਾ ਅਤੇ ਉਸ ਮਾਲ-ਗੁਦਾਮ ਅੰਦਰ ਤੂੰ ਉਸ ਸੱਚੇ ਨਾਮ ਨੂੰ ਟਿਕਾ। ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ ਪ੍ਰਭੂ ਦੇ ਵਾਪਾਰੀਆਂ ਨਾਲ ਵਾਪਾਰ ਕਰ ਅਤੇ ਨਫਾ ਉਠਾ ਕੇ ਆਪਣੇ ਚਿੱਤ ਵਿੱਚ ਖੁਸ਼ ਹੋ। ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ ਧਾਰਮਕ ਪੁਸਤਕਾਂ ਦਾ ਸੁਣਨਾਤੇਰਾ ਵਣਜ-ਵਪਾਰ ਹੋਵੇ ਅਤੇ ਵੇਚਣ ਨੂੰ ਲੈਜਾਣ ਲਈ ਸੱਚ ਤੇਰੇ ਘੋੜੇ। ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ ਰਸਤੇ ਦੇ ਖਰਚ ਲਈ ਤੂੰ ਨੇਕੀਆਂ ਪੱਲੇ ਬੰਨ੍ਹ ਲੈ ਤੇ ਆਪਣੇ ਚਿੱਤ ਵਿੱਚ ਆਉਣ ਵਾਲੀ ਸਵੇਰ ਦਾ ਖਿਆਲ ਨਾਂ ਕਰ। ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ ਜਦ ਤੂੰ ਰੂਪ-ਰਹਿਤ ਸਾਈਂ ਦੇ ਵਤਨ ਵਿੱਚ ਪੁਜੇਗਾ, ਤਦ ਤੂੰ ਉਸ ਦੇ ਮੰਦਰ ਅੰਦਰ ਆਰਾਮ ਪਾਵੇਗਾ। ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ ਬਿਰਤੀ ਜੋੜਨ ਨੂੰ ਆਪਣੀ ਨੌਕਰੀ ਬਣਾ ਅਤੇ ਨਾਮ ਦੇ ਵਿੱਚ ਭਰੋਸੇ ਨੂੰ ਆਪਣਾ ਕਾਰ-ਵਿਹਾਰ ਬਣਾ। copyright GurbaniShare.com all right reserved. Email |