ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥
ਜੋ ਰੱਬੀ ਕਲਾਮ ਦਾ ਰਸ ਨਹੀਂ ਜਾਣਦਾ, ਸਾਹਿਬ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ, ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ ਅਤੇ ਆਪਣੀ ਜੀਭ੍ਹ ਨਾਲ ਰੁੱਖੇ ਬਚਨ ਉਚਾਰਦਾ ਹੈ, ਉਹ ਸਦੀਵ ਦੇ ਹਮੇਸ਼ਾਂ ਲਈ ਬਰਬਾਦ ਹੋ ਜਾਂਦਾ ਹੈ। ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਨਾਨਕ, ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦਾ ਹੈ ਅਤੇ ਕੋਈ ਭੀ ਉਨ੍ਹਾਂ ਨੂੰ ਮਿਟਾ ਨਹੀਂ ਸਕਦਾ। ਪਉੜੀ ॥ ਪਉੜੀ। ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥ ਸੁਲੱਖਣਾ! ਸੁਲੱਖਣਾ! ਹੈ ਸੱਚਾ ਪੁਰਸ਼ ਮੇਰਾ ਸਤਿਗੁਰੂ ਜਿਸ ਨੂੰ ਮਿਲਣ ਦੁਆਰਾ ਮੈਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ। ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥ ਧੰਨ! ਧੰਨ! ਹੈ, ਸੱਚਾ ਪੁਰਸ਼ ਮੇਰਾ ਸਤਿਗੁਰੂ ਜਿਸ ਨੂੰ ਭੇਟਣ ਦੁਆਰਾ ਮੈਨੂੰ ਸਾਹਿਬ ਦਾ ਸਿਮਰਨ ਪ੍ਰਾਪਤ ਹੋਇਆ ਹੈ। ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ ਮੁਬਾਰਕ! ਮੁਬਾਰਕ! ਹੈ ਸੁਆਮੀ ਦਾ ਸਾਧੂ, ਸਾਧੂ, ਮੇਰਾ ਸੱਚਾ ਗੁਰੂ, ਜਿਸ ਦੀ ਟਹਿਲ ਕਰਨ ਦੁਆਰਾ ਮੇਰਾ ਵਾਹਿਗੁਰੂ ਦੇ ਨਾਮ ਨਾਲ ਪਿਆਰ ਪੈ ਗਿਆ ਹੈ। ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥ ਧਨਯ! ਧਨਯ! ਹਨ ਹਰੀ ਦੇ ਜਾਣੂ ਮੇਰੇ ਸੱਚੇ ਗੁਰਦੇਵ ਜਿਨ੍ਹਾਂ ਨੇ ਮੈਨੂੰ ਦੁਸ਼ਮਣ ਤੇ ਦੋਸਤ ਇਕੋ ਜੇਹੀ ਨਜ਼ਰ ਨਾਲ ਵਿਖਾਲ ਦਿੱਤੇ ਹਨ। ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥ ਸ਼ਲਾਘਾਯੋਗ! ਸ਼ਲਾਘਾਯੋਗ ਹੈ, ਮੇਰਾ ਮਿੱਤ੍ਰ ਸੱਚਾ ਗੁਰੂ, ਜਿਸ ਨੇ ਪ੍ਰਭੂ ਦੇ ਨਾਮ ਨਾਲ ਮੇਰਾ ਪ੍ਰੇਮ ਪਾ ਦਿੱਤਾ ਹੈ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥ ਪਤਨੀ ਗ੍ਰਿਹ ਵਿੱਚ ਹੈ, ਉਸ ਦਾ ਪਤੀ ਪ੍ਰਦੇਸ਼ ਵਿੱਚ। ਉਹ ਸਦਾ ਉਸ ਨੂੰ ਯਾਦ ਕਰਦੀ ਹੈ ਤੇ ਸੁੱਕਦੀ ਜਾਂਦੀ ਹੈ। ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ ਉਸ ਨੂੰ ਆਪਣੇ ਪਤੀ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ, ਜੇਕਰ ਉਹ ਆਪਣੇ ਮਨ ਨੂੰ ਦਵੈਤ-ਭਾਵ ਗੁਆ ਕੇ ਸੱਚੇ ਰਸਤੇ ਤੇ ਪਾ ਲਵੇ। ਮਃ ੧ ॥ ਪਹਿਲੀ ਪਾਤਿਸ਼ਾਹੀ। ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥ ਨਾਨਕ ਝੂਠੀ ਹੈ ਉਹ ਗੱਲਬਾਤ, ਜੋ ਆਦਮੀ ਪ੍ਰਭੂ ਦੇ ਪ੍ਰੇਮ ਤੋਂ ਸੱਖਣਾ ਕਰਦਾ ਹੈ। ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥ ਜਦ ਤਾਂਈਂ ਸੁਆਮੀ ਦੇਈ ਜਾਂਦਾ ਹੈ, ਤੇ ਉਹ ਲਈ ਜਾਂਦਾ ਹੈ, ਤਦ ਤਾਈਂ ਹੀ ਪ੍ਰਾਣੀ ਚੰਗੇ ਨੂੰ ਚੰਗਾ ਕਰ ਕੇ ਜਾਣਦਾ ਹੈ। ਪਉੜੀ ॥ ਪਉੜੀ। ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥ ਜਿਸ ਪ੍ਰਭੂ ਨੇ ਜੀਵ-ਜੰਤੂ ਪੈਦਾ ਕੀਤੇ ਹਨ, ਉਹੀ ਪ੍ਰਭੂ ਉਨ੍ਹਾਂ ਦੀ ਰੱਖਿਆ ਕਰਦਾ ਹੈ। ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥ ਮੈਂ ਅੰਮ੍ਰਿਤ ਸਰੂਪ ਸੱਚੇ ਨਾਮ ਦਾ ਖਾਣਾ ਖਾਧਾ ਹੈ। ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥ ਮੈਂ ਸੰਤੁਸ਼ਟ ਹੋ ਕੇ ਰੱਜ ਗਿਆ ਹਾਂ, ਅਤੇ ਮੇਰੀ ਖਾਣ ਦੀ ਇੱਛਿਆ ਨਵਿਰਤ ਹੋ ਗਈ ਹੈ। ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥ ਸਾਰਿਆ ਵਿੱਚ ਇਕ ਸਾਹਿਬ ਵਿਆਪਕ ਹੋ ਰਿਹਾ ਹੈ। ਕੋਈ ਟਾਵਾਂ ਟੱਲਾ ਹੀ ਇਸ ਗੱਲ ਨੂੰ ਅਨੁਭਵ ਕਰਦਾ ਹੈ। ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥ ਸੁਆਮੀ ਦੀ ਸ਼ਰਨ ਲੈ ਕੇ, ਗੋਲਾ ਨਾਨਕ ਪਰਮ ਪ੍ਰਸੰਨ ਹੋ ਗਿਆ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਦੁਨੀਆਂ ਦੇ ਸਾਰੇ ਪ੍ਰਾਣੀ, ਜਿੰਨੇ ਭੀ ਹਨ, ਸੱਚੇ ਗੁਰਾਂ ਨੂੰ ਦੇਖਦੇ ਹਨ। ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ ਪ੍ਰੰਤੂ ਕੇਵਲ ਗੁਰਾਂ ਨੂੰ ਵੇਖਣ ਨਾਲ ਬੰਦੇ ਦੀ ਕਲਿਆਣ ਨਹੀਂ ਹੁੰਦੀ, ਜਿੰਨਾ ਚਿਰ ਉਹ ਗੁਰਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ। ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ ਉਸ ਦੀ ਹੰਗਤਾ ਦੀ ਮੈਲ ਦੂਰ ਨਹੀਂ ਹੁੰਦੀ ਅਤੇ ਨਾਂ ਹੀ ਨਾਮ ਨਾਲ ਪ੍ਰੀਤ ਪੈਂਦੀ ਹੈ। ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥ ਕਈਆਂ ਨੂੰ ਸਾਹਿਬ ਮੇਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਹੋਰਸ ਦੀ ਪ੍ਰੀਤ ਤੇ ਪਾਪ ਨੂੰ ਛੱਡ ਦਿੰਦੇ ਹਨ। ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥ ਨਾਨਕ, ਕਈ ਪ੍ਰੇਮ ਤੇ ਪ੍ਰੀਤ ਨਾਲ ਸਤਿਗੁਰਾਂ ਦਾ ਦੀਦਾਰ ਵੇਖ ਕੇ ਅਤੇ ਆਪਣੇ ਆਪੇ ਤੋਂ ਮਰ ਕੇ, ਸੁਆਮੀ ਨੂੰ ਮਿਲ ਪੈਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥ ਮਤ-ਹੀਣ ਅਤੇ ਅੰਨ੍ਹਾਂ ਉੱਜਡ ਸੱਚੇ ਗੁਰਾਂ ਦੀ ਸੇਵਾ ਨਹੀਂ ਕਮਾਉਂਦਾ। ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥ ਦਵੈਤ-ਭਾਵ ਰਾਹੀਂ ਉਹ ਘਣਾ ਕਸ਼ਟ ਉਠਾਉਂਦਾ ਹੈ ਅਤੇ ਉਸ ਅੰਦਰ ਮਚਦਾ ਹੋਇਆ ਚੀਕਾਂ ਮਾਰਦਾ ਹੈ। ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥ ਜਿਨ੍ਹਾਂ ਮਨੋਰਥਾਂ ਦੀ ਖਾਤਿਰ ਉਹ ਗੁਰੂ ਨੂੰ ਭੁਲਾਉਂਦਾ ਹੈ, ਉਹ ਭੀ ਅਖੀਰ ਨੂੰ ਉਸ ਦੀ ਸਹਾਇਤਾ ਲਈ ਨਹੀਂ ਆਉਂਦੇ। ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥ ਗੁਰਾਂ ਦੇ ਉਪਦੇਸ਼ ਦੁਆਰਾ ਨਾਨਕ ਨੂੰ ਸੁੱਖ ਪ੍ਰਾਪਤ ਹੋਇਆ ਹੈ, ਮਾਫੀ ਦੇਣਹਾਰ ਮਾਲਕ ਨੇ ਉਸ ਨੂੰ ਮਾਫ ਕਰ ਦਿੱਤਾ ਹੈ। ਪਉੜੀ ॥ ਪਉੜੀ। ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥ ਤੂੰ ਨਿਰੋਲ ਖੁਦ-ਬ-ਖੁਦ ਹੀ ਸਾਰਿਆਂ ਦਾ ਸਿਰਜਣਹਾਰ ਹੈਂ। ਜੇਕਰ ਕੋਈ ਦੂਸਰਾ ਹੁੰਦਾ ਤਾਂ ਮੈਂ ਉਸ ਹੋਰਸ ਦਾ ਜਿਕਰ ਕਰਦਾ। ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥ ਹਰੀ ਖੁਦ ਬੋਲਦਾ ਹੈ ਤੇ ਖੁਦ ਹੀ ਸਾਨੂੰ ਬੁਲਾਉਂਦਾ ਹੈ। ਵਾਹਿਗੁਰੂ ਖਚੁਦ ਹੀ ਸਮੁੰਦਰ ਤੇ ਧਰਤੀ ਵਿੰਚ ਰਮ ਰਿਹਾ ਹੈ। ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥ ਵਾਹਿਗੁਰੂ ਆਪ ਨਾਸ ਕਰਦਾ ਹੈ ਤੇ ਆਪ ਹੀ ਰਿਹਾਈ ਬਖਸ਼ਦਾ ਹੈ। ਇਸ ਲਈ ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦੀ ਪਨਾਹ ਹੇਠਾ ਪਈ ਰਹੁ। ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥ ਵਾਹਿਗੁਰੂ ਦੇ ਬਾਝੋਂ ਕੋਈ ਮਾਰ ਜਾਂ ਜੁਆ ਨਹੀਂ ਸਕਦਾ। ਇਸ ਲੲ, ਹੇ ਮੇਰੀ ਜਿੰਦੜੀਏ! ਬੇਫਿਕਰ ਥੀ ਵੰਞ ਅਤੇ ਨਿੱਡਰ ਹੋ ਕੇ ਵੱਸ। ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ ਖੋਲਤਿਆਂ, ਬੈਠਿਆ ਅਤੇ ਸੁੱਤੇ ਪਿਆ, ਸਦੀਵ ਤੇ ਹਮੇਸ਼ਾਂ ਹੀ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਅਤੇ ਗੁਰਾਂ ਦੇ ਰਾਹੀਂ ਵਾਹਿਗੁਰੂ ਨੂੰ ਪ੍ਰਪਾਤ ਹੋ, ਹੇ (ਹਰੀ ਦੇ) ਗੋਲੇ ਨਾਨਕ! copyright GurbaniShare.com all right reserved. Email |