ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ ॥ ਆਪ ਹੀ ਦਿਲਬਰ ਪ੍ਰਭੂ, ਪ੍ਰਾਣੀਆਂ ਦੀ ਗਰਦਨ ਦੁਆਲੇ ਸੰਗਲ ਪਾਉਂਦਾ ਹੈ ਅਤੇ ਜਿਸ ਤਰ੍ਹਾਂ ਸੁਆਮੀ ਉਨ੍ਹਾਂ ਨੂੰ ਖਿਚਦਾ ਹੈ, ਉਸੇ ਤਰ੍ਹਾਂ ਹੀ ਉਹ ਜਾਂਦੇ ਹਨ। ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ ॥੪॥੬॥ ਹੇ ਪ੍ਰੀਤਮ! ਜਿਹੜਾ ਹੰਕਾਰ ਕਰਦਾ ਹੈ, ਉਹ ਬਰਬਾਦ ਹੋ ਜਾਂਦਾ ਹੈ। ਸੁਆਮੀ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਸੰਤ ਉਸ ਵਿੱਚ ਲੀਨ ਹੋ ਜਾਂਦੇ ਹਨ। ਸੋਰਠਿ ਮਃ ੪ ਦੁਤੁਕੇ ॥ ਸੋਰਠਿ ਚੌਥੀ ਪਾਤਿਸ਼ਾਹੀ। ਦੁਤੁਕੇ। ਅਨਿਕ ਜਨਮ ਵਿਛੁੜੇ ਦੁਖੁ ਪਾਇਆ ਮਨਮੁਖਿ ਕਰਮ ਕਰੈ ਅਹੰਕਾਰੀ ॥ ਅਨੇਕਾਂ ਜਨਮਾਂ ਤੋਂ ਸਾਹਿਬ ਨਾਲੋਂ ਵਿਛੜਿਆ ਹੋਇਆ ਤੇ ਹੰਗਤਾ ਦੇ ਕਾਰਜਾਂ ਅੰਦਰ ਰੁਝਿਆ ਹੋਇਆ ਪ੍ਰਤੀਕੂਲ ਪੁਰਸ਼ ਤਕਲੀਫ ਉਠਾਉਂਦਾ ਹੈ। ਸਾਧੂ ਪਰਸਤ ਹੀ ਪ੍ਰਭੁ ਪਾਇਆ ਗੋਬਿਦ ਸਰਣਿ ਤੁਮਾਰੀ ॥੧॥ ਸਤਿਗੁਰਾਂ ਨੂੰ ਦੇਖਦੇ ਸਾਰ ਹੀ ਮੈਂ ਤੈਨੂੰ, ਹੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ! ਪ੍ਰਾਪਤ ਹੋ ਗਿਆ ਹਾਂ ਮੈਂ ਤੇਰੀ ਪਨਾਹ ਲਈ ਹੈ। ਗੋਬਿਦ ਪ੍ਰੀਤਿ ਲਗੀ ਅਤਿ ਪਿਆਰੀ ॥ ਪ੍ਰਭੂ ਦਾ ਪਿਆਰ, ਮੈਨੂੰ ਪਰਮ ਮਿੱਠੜਾ ਲੱਗਦਾ ਹੈ। ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਂਤਿ ਮੁਰਾਰੀ ॥ ਰਹਾਉ ॥ ਜਦ ਮੈਂ ਨੇਕ ਬੰਦਿਆਂ ਦੀ ਸੰਗਤ ਨਾਲ ਜੁੜ ਗਿਆ ਤਾਂ ਅਨੰਦ-ਸਰੂਪ ਹਰੀ ਮੇਰੇ ਮਨ ਅੰਦਰ ਆ ਗਿਆ। ਠਹਿਰਾਉ। ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ॥ ਤੂੰ ਹੇ ਸੁਆਮੀ! ਦਿਨ ਰਾਤ ਗੁਪਤ ਹੋ ਮੇਰੇ ਚਿੱਤ ਵਿੱਚ ਵਸਦਾ ਹੈ। ਤੇਰੀ ਪ੍ਰੀਤ ਨੂੰ ਮੂਰਖ ਨਹੀਂ ਸਮਝਦੇ। ਸਤਿਗੁਰੁ ਪੁਰਖੁ ਮਿਲਿਆ ਪ੍ਰਭੁ ਪ੍ਰਗਟਿਆ ਗੁਣ ਗਾਵੈ ਗੁਣ ਵੀਚਾਰੀ ॥੨॥ ਸਰਬ-ਸ਼ਕਤੀਵਾਨ ਸੱਚੇ ਗੁਰਾਂ ਨੂੰ ਮਿਲ ਕੇ ਸਾਹਿਬ ਨੂੰ ਮੈਂ ਪ੍ਰਤੱਖ ਵੇਖ ਲਿਆ ਹੈ। ਉਸ ਦੀ ਕੀਰਤੀ ਮੈਂ ਗਾਉਂਦਾ ਹਾਂ ਤੇ ਉਸ ਦੀ ਕੀਰਤੀ ਨੂੰ ਹੀ ਮੈਂ ਸੋਚਦਾ ਸਮਝਦਾ ਹਾਂ। ਗੁਰਮੁਖਿ ਪ੍ਰਗਾਸੁ ਭਇਆ ਸਾਤਿ ਆਈ ਦੁਰਮਤਿ ਬੁਧਿ ਨਿਵਾਰੀ ॥ ਗੁਰਾਂ ਦੇ ਰਾਹੀਂ ਮੇਰਾ ਮਨ ਪ੍ਰਕਾਸ਼ ਹੋ ਗਿਆ, ਤੇ ਮੈਨੂੰ ਸੁੱਖ ਸ਼ਾਂਤੀ ਪ੍ਰਾਪਤ ਹੋ ਗਈ ਹੈ ਅਤੇ ਮੇਰੇ ਮਨ ਵਿੱਚ ਖੋਟੀ ਮੱਤ ਦੂਰ ਹੋ ਗਈ ਹੈ। ਆਤਮ ਬ੍ਰਹਮੁ ਚੀਨਿ ਸੁਖੁ ਪਾਇਆ ਸਤਸੰਗਤਿ ਪੁਰਖ ਤੁਮਾਰੀ ॥੩॥ ਤੇਰੇ ਸੰਤ ਸਮਾਗਮ ਅੰਦਰ ਆਤਮਾ ਤੇ ਪ੍ਰਭੂ ਦੇ ਭੇਤ ਨੂੰ ਜਾਣ ਕੇ, ਹੇ ਵਾਹਿਗੁਰੂ! ਮੈਨੂੰ ਅਨੰਦ ਪ੍ਰਾਪਤ ਹੋਇਆ ਹੈ। ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ ॥ ਜਿਨ੍ਹਾਂ ਉਤੇ ਤੇਰੀ ਮਿਹਰ ਹੈ, ਹੇ ਵਾਹਿਗੁਰੂ ਉਹ ਬਲਵਾਨ ਗੁਰਾਂ ਨੂੰ ਪ੍ਰਾਪਤ ਹੋ ਬਲਵਾਨ ਮਾਲਕ ਨਾਲ ਮਿਲ ਜਾਂਦੇ ਹਨ। ਨਾਨਕ ਅਤੁਲੁ ਸਹਜ ਸੁਖੁ ਪਾਇਆ ਅਨਦਿਨੁ ਜਾਗਤੁ ਰਹੈ ਬਨਵਾਰੀ ॥੪॥੭॥ ਹੇ ਜਗਤ ਜੰਗਲ ਦੇ ਮਾਲੀ, ਨਾਨਕ ਰਾਤ ਦਿਨ ਜਾਗਦਾ ਰਹਿੰਦਾ ਹੈ ਅਤੇ ਉਸ ਨੇ ਬੇ-ਅੰਦਾਜ ਬੇਕੁੰਠੀ ਆਰਾਮ ਪ੍ਰਾਪਤ ਕਰ ਲਿਆ ਹੈ। ਸੋਰਠਿ ਮਹਲਾ ੪ ॥ ਸੋਰਠਿ ਚੌਥੀ ਪਾਤਿਸ਼ਾਹੀ। ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥ ਰੱਬ ਦੇ ਪ੍ਰੇਮ ਨਾਲ ਮੇਰਾ ਦਿਲ ਵਿੰਨਿ੍ਹਆ ਗਿਆ ਹੈ ਅਤੇ ਮੈਂ (ਹੁਣ) ਰੱਬ ਦੇ ਬਗੈਰ ਰਹਿ ਨਹੀਂ ਸਕਦਾ। ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥ ਜਿਸ ਤਰ੍ਹਾਂ ਮੱਛੀ ਪਾਣੀ ਦੇ ਬਗੈਰ ਨਾਸ ਹੋ ਜਾਂਦੀ ਹੈ, ਉਸੇ ਤਰ੍ਹਾਂ ਹੀ ਮੈਂ ਸਾਈਂ ਦੇ ਨਾਮ ਬਾਝੋਂ ਮਰ ਜਾਂਦਾ ਹਾਂ। ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ ॥ ਹੇ ਮੇਰੇ ਮਾਲਕ! ਆਪਣੀ ਰਹਿਮਤ ਦੁਆਰਾ, ਮੈਨੂੰ ਵਾਹਿਗੁਰੂ ਦੇ ਨਾਮ ਦਾ ਪਾਣੀ ਪ੍ਰਦਾਨ ਕਰ। ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥ ਆਪਣੇ ਮਨ ਅੰਦਰ ਦਿਨ ਰਾਤ ਮੈਂ ਨਾਮ ਦੀ ਜਾਚਨਾ ਕਰਦਾ ਹਾਂ। ਨਾਮ ਦੇ ਰਾਹੀਂ ਹੀ ਮੈਂ ਠੰਢ ਚੈਨ ਪਾਉਂਦਾ ਹਾਂ। ਠਹਿਰਾਉ। ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥ ਜਿਸ ਤਰ੍ਹਾਂ ਪਪੀਹਾ ਪਾਣੀ ਬਾਝੋਂ ਵਿਰਲਾਪ ਕਰਦਾ ਹੈ ਅਤੇ ਪਾਣੀ ਬਾਝੋਂ ਉਸ ਦੀ ਤ੍ਰੇਹ ਨਹੀਂ ਬੁਝਦੀ। ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥੨॥ ਉਸੇ ਤਰ੍ਹਾਂ ਹੀ ਕੇਵਲ ਗੁਰਾਂ ਦੇ ਰਾਹੀਂ ਹੀ ਈਸ਼ਵਰੀ ਅਨੰਦ ਦਾ ਪਾਣੀ ਪ੍ਰਾਪਤ ਹੁੰਦਾ ਹੈ ਅਤੇ ਬੰਦਾ ਪ੍ਰਭੂ ਦੀ ਪ੍ਰੀਤ ਨਾਲ ਸੁਖੈਨ ਹੀ ਸਰਸਬਜ਼ ਹੋ ਜਾਂਦਾ ਹੈ। ਮਨਮੁਖ ਭੂਖੇ ਦਹ ਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ ॥ ਅਧਰਮੀ ਸਦਾ ਭੁੱਖੇ ਰਹਿੰਦੇ ਹਨ ਤੇ ਦਸੀਂ ਪਾਸੀਂ ਭਟਕਦੇ ਹਨ। ਨਾਮ ਦੇ ਬਗੈਰ ਉਹ ਕਸ਼ਟ ਉਠਾਉਂਦੇ ਹਨ। ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹਿ ਮਿਲੈ ਸਜਾਈ ॥੩॥ ਉਹ ਜੰਮ ਕੇ ਤੇ ਮਰਦੇ ਹਨ, ਅਤੇ ਮੁੜ ਜੂਨੀਆਂ ਦੇ ਚੱਕਰ ਵਿੱਚ ਪੈਂਦੇ ਹਨ। ਸਾਈਂ ਦੇ ਦਰਬਾਰ ਅੰਦਰ ਉਨ੍ਹਾਂ ਨੂੰ ਦੰਡ ਮਿਲਦਾ ਹੈ। ਕ੍ਰਿਪਾ ਕਰਹਿ ਤਾ ਹਰਿ ਗੁਣ ਗਾਵਹ ਹਰਿ ਰਸੁ ਅੰਤਰਿ ਪਾਈ ॥ ਜੇਕਰ ਪ੍ਰਭੂ ਰਹਿਮਤ ਕਰੇ, ਤਦ ਬੰਦਾ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾ ਲੈਂਦਾ ਹੈ। ਨਾਨਕ ਦੀਨ ਦਇਆਲ ਭਏ ਹੈ ਤ੍ਰਿਸਨਾ ਸਬਦਿ ਬੁਝਾਈ ॥੪॥੮॥ ਸਾਈਂ ਮਸਕੀਨ ਨਾਨਕ ਤੇ ਮਿਹਰਬਾਨ ਹੋਇਆ ਹੈ ਅਤੇ ਉਸ ਦੀ ਤ੍ਰਿਸ਼ਨਾ ਸਾਈਂ ਨੇ ਨਾਮ ਦੁਆਰਾ ਮਿਟਾ ਦਿੱਤੀ ਹੈ। ਸੋਰਠਿ ਮਹਲਾ ੪ ਪੰਚਪਦਾ ॥ ਸੋਰਠਿ ਚੌਥੀ ਪਾਤਿਸ਼ਾਹੀ। ਪੰਚਪਦਾ। ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥ ਜੇਕਰ ਇਨਸਾਨ ਨਾਂ-ਖਾਧੇ ਜਾਣ ਵਾਲੇ ਨੂੰ ਖਾ ਲਵੇ, ਤਦ ਉਹ ਪੂਰਨ ਪੁਰਸ਼ ਥੀ ਵੰਞਦਾ ਹੈ ਅਤੇ ਪੂਰਨਤਾ ਦੇ ਰਾਹੀਂ ਸਿਆਣਪ ਪ੍ਰਾਪਤ ਕਰ ਲੈਂਦਾ ਹੈ। ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥ ਜਦ ਪ੍ਰਭੂ ਦੀ ਪ੍ਰੀਤ ਦੇ ਤੀਰ ਦੇਹ ਵਿੱਚ ਲੱਗਦੇ ਹਨ, ਤਦ ਹੀ ਸੰਦੇਹ ਦੂਰ ਹੁੰਦਾ ਹੈ। ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ! ਆਪਣੇ ਗੋਲੇ ਨੂੰ ਆਪਣੇ ਨਾਮ ਦੀ ਬਜ਼ੁਰਗੀ ਪ੍ਰਦਾਨ ਕਰ। ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥ ਰਹਾਉ ॥ ਹੇ ਸੁਆਮੀ! ਗੁਰਾਂ ਦੇ ਉਪਦੇਸ਼ ਦੁਆਰਾ ਮੇਰੇ ਅੰਦਰ ਆਪਣੇ ਨਾਮ ਦਾ ਪ੍ਰਕਾਸ਼ ਕਰ, ਤਾਂ ਜੋ ਮੈਂ ਹਮੇਸ਼ਾਂ ਤੇਰੀ ਸ਼ਰਣ ਵਿੱਚ ਵਸਾਂ। ਠਹਿਰਾਉ। ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ ॥ ਇਸ ਸਾਰਾ ਜਹਾਨ ਆਉਣ ਤੇ ਜਾਣ ਦੇ ਅਧੀਨ ਹੈ, ਹੇ ਮੇਰੀ ਨਦਾਨ ਮੂੜ੍ਹ ਜਿੰਨੇ ਸੋ ਤੂੰ ਸਾਈਂ ਦਾ ਸਿਮਰਨ ਕਰ। ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥ ਹੇ ਮਹਾਰਾਜ ਸੁਆਮੀ! ਮਿਹਰ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਵਾਂ। ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ ॥ ਉਹ ਜਿਸ ਦੀ ਵਸਤੂ ਇਹ ਨਾਮ ਹੈ। ਕੇਵਲ ਉਹ ਪ੍ਰਭੂ ਹੀ ਇਸ ਨੂੰ ਜਾਣਦਾ ਹੈ। ਜਿਸ ਨੂੰ ਉਹ ਦਿੰਦਾ ਹੈ ਉਹੀ ਉਸ ਨੂੰ ਪਾਉਂਦਾ ਹੈ। ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥ ਪਰਮ ਸੁੰਦਰ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੀ ਹੈ, ਇਹ ਨਾਮ ਦੀ ਵਸਤੂ। ਪੂਰਨ ਗੁਰਾਂ ਦੇ ਰਾਹੀਂ ਉਹ ਸਾਂਈਂ, ਜੋ ਗਿਆਤ ਤੋਂ ਪਰੇ ਹੈ, ਜਾਣਿਆ ਜਾਂਦਾ ਹੈ। ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥ ਜੋ ਇਸ ਨੂੰ ਚੱਖਦਾ ਹੈ, ਓਹੀ ਇਸ ਦੇ ਸੁਆਦ ਨੂੰ ਜਾਣਦਾ ਹੈ। ਇਹ ਗੁੰਗੇ ਦੀ ਮਿਠਿਆਈ ਵਾਕੁਰ ਹੈ। copyright GurbaniShare.com all right reserved. Email |