ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ ਇਸ ਤਰੀਕੇ ਨਾਲ ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਗੁਰੂ-ਅਨੁਸਾਰੀ ਸਾਰੇ ਸੰਸਾਰ ਦੀ ਪਾਤਿਸ਼ਾਹੀ ਪ੍ਰਾਪਤ ਕਰ ਲੈਂਦਾ ਹੈ। ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ ਨਾਨਕ, ਜਦੋਂ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਕੇਵਲ ਤਦ ਹੀ ਬੰਦਾ ਗੁਰਾਂ ਦੇ ਰਾਹੀਂ ਇਸ (ਭੇਤ) ਨੂੰ ਸਮਝਦਾ ਹੈ। ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਜੋ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦਾ ਇਸ ਜੱਗ ਵਿੱਚ ਆਉਣਾ ਕਬੂਲ ਹੋ ਜਾਂਦਾ ਹੈ। ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ ਨਾਨਕ, ਉਹ ਆਪਣੀਆਂ ਪੀੜ੍ਹੀਆਂ ਨੂੰ ਬਚਾ ਲੈਂਦੇ ਹਨ, ਅਤੇ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਪਾਉਂਦੇ ਹਨ। ਪਉੜੀ ॥ ਪਉੜੀ। ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਪਵਿੱਤ੍ਰ ਸਿੱਖ ਸਹੇਲੀਆਂ ਨੂੰ, ਗੁਰੂ ਜੀ ਸੁਆਮੀ ਨਾਲ ਮਿਲਾ ਦਿੰਦੇ ਹਨ। ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਕਈਆਂ ਦਾਸਾਂ ਨੂੰ ਗੁਰੂ ਜੀ ਆਪਣੀ ਹਜ਼ੂਰੀ ਵਿੱਚ ਰੱਖਦੇ ਹਨ ਅਤੇ ਕਈਆਂ ਨੂੰ ਗੁਰੂ ਜੀ ਆਪਣੀ ਆਪਣੀ ਸੇਵਾ ਵਿੱਚ ਜੋੜਦੇ ਹਨ। ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਜੋ ਆਪਣੇ ਹਿਰਦੇ ਤੇ ਦਿਲ ਵਿੱਚ ਪ੍ਰੀਤਮ ਗੁਰਾਂ ਨੂੰ ਅਸਥਾਪਨ ਕਰਦੇ ਹਨ, ਉਨ੍ਹਾਂ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਪ੍ਰਦਾਨ ਕਰਦੇ ਹਨ। ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੂ ਜੀ ਸਾਰੇ ਸਿੱਖਾਂ ਨੂੰ ਆਪਣੇ ਮਿੱਤਰਾਂ, ਪੁੱਤਰਾਂ ਅਤੇ ਵੀਰਾਂ ਦੀ ਮਾਨੰਦ ਇਕ ਜੈਸੀ ਮੁਹੱਬਤ ਕਰਦੇ ਹਨ। ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥ ਤੁਸੀਂ ਸਾਰੇ ਵਿਸ਼ਾਲ ਸੱਚੇ ਗੁਰਾਂ ਦੇ ਨਾਮ ਦਾ ਉਚਾਰਨ ਕਰੋ। ਵਿਸ਼ਾਲ ਗੁਰਾਂ ਨੂੰ ਆਰਾਧਨ ਦੁਆਰਾ ਇਨਸਾਨ ਮੁੜ ਸੁਰਜੀਤ ਹੋ ਜਾਂਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ ਨਾਨਕ, ਬੇਸਮਝ, ਅੰਨ੍ਹੇ ਇਨਸਾਨ ਨਾਮ ਦਾ ਆਰਾਧਨ ਨਹੀਂ ਕਰਦੇ ਅਤੇ ਹੋਰ ਕੰਮ ਕਾਜ ਕਰਦੇ ਹਨ। ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥ ਮੌਤ ਦੇ ਦੂਤ ਦੇ ਬੂਹੇ ਤੇ ਬੰਨ੍ਹੇ ਹੋਏ ਉਹ ਸਜ਼ਾ ਪਾਉਂਦੇ ਹਨ ਅਤੇ ਅੰਤ ਨੂੰ ਉਹ ਗੰਦਗੀ ਅੰਦਰ ਸੜ ਜਾਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥ ਨਾਨਕ, ਸੱਚੇ ਦੇ ਪ੍ਰਮਾਣੀਕ ਹਨ ਉਹ ਪੁਰਸ਼, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ। ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥ ਵਾਹਿਗੁਰੂ ਦੇ ਨਾਮ ਵਿੱਚ ਉਹ ਲੀਨ ਹੋਏ ਰਹਿੰਦੇ ਹਨ ਅਤੇ ਉਨ੍ਹਾਂ ਦੇ ਜਨਮ ਤੇ ਮਰਨ ਮੁੱਕ ਜਾਂਦੇ ਹਨ। ਪਉੜੀ ॥ ਪਉੜੀ। ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥ ਦੌਲਤ, ਜਾਇਦਾਦ ਅਤੇ ਮਾਲ-ਮਿਲਖ ਦਾ ਇਕੱਤ੍ਰ ਕਰਨਾ ਅਖੀਰ ਨੂੰ ਤਕਲੀਫ-ਦਿਹ ਹੋ ਜਾਂਦਾ ਹੈ। ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥ ਸ਼ਿੰਗਾਰੇ ਹੋਏ ਮਕਾਨ, ਰਾਜਭਵਨ ਅਤੇ ਮਹਿਲ-ਮਾੜੀਆਂ ਜਿਨ੍ਹਾਂ ਵਿਚੋਂ ਕੋਈ ਵੀ ਇਨਸਾਨ ਦੇ ਨਾਲ ਨਹੀਂ ਜਾਂਦਾ। ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥ ਪ੍ਰਾਣੀ, ਸਦਾ, ਅਨੇਕਾਂ ਰੰਗਤਾ ਅਤੇ ਘੋੜੇ ਹੀ ਪਾਲਦਾ ਹੈ, ਪ੍ਰੰਤੂ ਉਹ ਕਿਸੇ ਕੰਮ ਭੀ ਨਹੀਂ ਆਉਂਦੇ। ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥ ਹੇ ਬੰਦੇ! ਤੂੰ ਆਪਣਾ ਮਨ ਰੱਬ ਦੇ ਨਾਮ ਨਾਲ ਜੋੜ ਅਤੇ ਅਖੀਰ ਨੂੰ ਇਹ ਤੇਰਾ ਸਹਾਇਕ ਹੋਵੇਗਾ। ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥ ਗੁਰਾਂ ਦੀ ਮਿਹਰ ਸਕਦਾ, ਗੋਲੇ ਨਾਨਕ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥ ਵਾਹਿਗੁਰੂ ਦੀ ਰਹਿਮਤ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਕੇਵਲ ਪੂਰਨ ਪ੍ਰਾਲਭਧ ਰਾਹੀਂ ਹੀ ਇਹ ਪ੍ਰਾਪਤ ਹੋ ਸਕਦਾ ਹੈ। ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥ ਨਾਨਕ, ਜੇਕਰ ਸੁਆਮੀ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਪ੍ਰਾਣੀ, ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਕਈ ਸਾੜੇ ਜਾਂਦੇ ਹਨ, ਕਈ ਦੱਬੇ ਜਾਂਦੇ ਹਨ ਅਤੇ ਕਈਆਂ ਨੂੰ ਕੂਕਰ ਖਾਂਦੇ ਹਨ। ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਕਈ ਜਲ ਵਿੱਚ ਪ੍ਰਵਾਹ ਕੀਤੇ ਜਾਂਦੇ ਹਨ ਅਤੇ ਮੁੜ ਕਈਆਂ ਨੂੰ ਸੁੰਨਸਾਨ ਵਲਗਣ ਵਿੱਚ ਸੁੱਟਿਆ ਜਾਂਦਾ ਹੈ। ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ ਨਾਨਕ, ਇਹ ਕੁਝ ਪਤਾ ਨਹੀਂ ਲੱਗਦਾ ਕਿ ਉਹ ਕਿਥੇ ਜਾ ਕੇ ਅਲੋਪ ਹੋ ਜਾਂਦੇ ਹਨ। ਪਉੜੀ ॥ ਪਉੜੀ। ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥ ਪਵਿੱਤਰ ਹੈ, ਉਨ੍ਹਾਂ ਦਾ ਸਮੂਹ ਖਾਣਾ, ਪਹਿਨਣਾ ਅਤੇ ਦੌਲਤ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ। ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥ ਪਵਿੱਤਰ ਹਨ ਸਾਰੇ ਧਾਮ, ਰਾਜਭਵਨ, ਮਹਲਿ ਮਾੜੀਆਂ ਅਤੇ ਸਰਾਵਾਂ ਉਨ੍ਹਾਂ ਦੀਆਂ, ਜਿਨ੍ਹਾਂ ਵਿੱਚ ਪਵਿੱਤਰ ਪੁਰਸ਼, ਵਾਹਿਗੁਰੂ ਦੇ ਗੋਲੇ, ਗੁਰੂ ਦੇ ਸਿੱਖ ਅਤੇ ਜਗਤ-ਤਿਆਗੀ ਜਾ ਕੇ ਵਿਸਰਾਮ ਕਰਦੇ ਹਨ। ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥ ਪਵਿੱਤਰ ਹਨ। ਉਨ੍ਹਾਂ ਦੇ ਸਮੂਹ ਘੋੜੇ, ਕਾਠੀਆਂ ਅਤੇ ਤਾਹਰੂ ਉਨ੍ਹਾਂ ਦੇ, ਜਿਨ੍ਹਾਂ ਉਤੇ ਸਵਾਰ ਹੋ, ਗੁਰੂ-ਅਨੁਸਾਰੀ, ਗੁਰੂ ਦੇ ਸਿੱਖ, ਸੱਚੇ ਪੁਰਸ਼ ਅਤੇ ਭਗਤ ਆਪਣੇ ਮਾਰਗ ਜਾਂਦੇ ਹਨ। ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥ ਪਾਵਨ ਹਨ ਸਾਰੇ ਸੰਸਕਾਰ, ਈਮਾਨ ਅਤੇ ਕੰਮ ਕਾਜ ਉਨ੍ਹਾਂ ਦੇ ਜੋ ਸੁਆਮੀ ਵਾਹਿਗੁਰੂ ਅਤੇ ਸੱਚੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ। ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥ ਪਵਿੱਤ੍ਰ ਗੁਰਸਿੱਖ, ਜਿਨ੍ਹਾਂ ਦੇ ਖਜਾਨੇ ਵਿੱਚ ਪਵਿੱਤਰਤਾ ਹੈ, ਉਹ ਹੀ ਗੁਰਾਂ ਕੋਲ ਜਾਂਦੇ ਹਨ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ ਨਾਨਕ, ਨਾਮ ਨੂੰ ਤਿਆਗ ਕੇ, ਇਨਸਾਨ, ਆਪਣੇ ਇਸ ਲੋਕ ਅਤੇ ਪ੍ਰਲੋਕ ਸਭ ਨੂੰ ਗੁਆ ਲੈਂਦਾ ਹੈ। ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ ਉਸ ਦੀ ਉਪਾਸ਼ਨਾ ਅਤੇ ਸਵੈ-ਜਬਤ ਸਾਰੇ ਵਿਅਰਥ ਜਾਂਦੇ ਹਨ। ਉਸ ਨੂੰ ਹੋਰਸ ਦੀ ਪ੍ਰੀਤ ਨੇ ਠੱਗ ਲਿਆ ਹੈ। ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥ ਮੌਤ ਦੇ ਦੂਤ ਦੇ ਬੂਹੇ ਤੇ ਬੱਝਾ ਹੋਇਆ ਉਹ ਕੁੱਟਿਆ ਫਾਂਟਿਆ ਜਾਂਦਾ ਹੈ ਤੇ ਘਣੇਰੀ ਸਜ਼ਾ ਪਾਉਂਦਾ ਹੈ। copyright GurbaniShare.com all right reserved. Email |