ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਵੱਡੇ ਪੁਰਸ਼ ਕਿਸੇ ਆਤਿਮਿਕ ਮਨੋਰਥ ਦੇ ਸਬੰਧ ਵਿੱਚ ਸਿੱਖਿਆ ਉਚਾਰਨ ਕਰਦੇ ਹਨ, ਪ੍ਰੰਤੂ ਸਾਰਾ ਜਹਾਨ ਉਸ ਵਿੰਚ ਭਾਈਵਾਲ ਹੋ ਜਾਂਦਾ ਹੈ। ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਸਾਈਂ ਦਾ ਡਰ ਮੰਨਦਾ ਹੈ ਅਤੇ ਆਪਦੇ ਆਪ ਨੂੰ ਸਿਞਾਣ ਲੈਦਾ ਹੈ। ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜੇਕਰ ਗੁਰਾਂ ਦੀ ਦਇਆ ਦੁਆਰਾ ਬੰਦਾ ਜੀਉਂਦੇ ਜੀ ਮਰਿਆ ਰਹੇ, ਤਦ ਉਸ ਦੇ ਮਨ ਦੀ ਮਨ ਤੋਂ ਹੀ ਨਿਸ਼ਾ ਹੋ ਜਾਂਦੀ ਹੈ। ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ ਨਾਨਕ, ਜਿਨ੍ਹਾਂ ਦੇ ਚਿੱਤ ਅੰਦਰ ਭਰੋਸਾ ਨਹੀਂ, ਉਹ ਕਿਸੇ ਤਰ੍ਹਾਂ ਰੱਬੀ ਵੀਚਾਰ ਦੀ ਵਿਆਖਿਆ ਕਰ ਸਕਦੇ ਹਨ? ਮਃ ੩ ॥ ਤੀਜੀ ਪਾਤਿਸ਼ਾਹੀ। ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ ਜੋ ਗੁਰਾਂ ਦੇ ਰਾਹੀਂ ਆਪਦੇ ਮਨ ਨੂੰ ਵਾਹਿਗੁਰੂ ਨਾਲ ਨਹੀਂ ਜੋੜਦੇ, ਉਨ੍ਹਾਂ ਨੂੰ ਅਖੀਰ ਵਿੰਚ ਰੰਜ ਗਮ ਆ ਵਾਪਰਦਾ ਹੈ। ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ ਅੰਦਰਹੁ ਬਾਹਰੁ ਉਹ ਅੰਨ੍ਹੇ ਹਨ ਅਤੇ ਉਨ੍ਹਾਂ ਨੂੰ ਕੋਈ ਸਮਝ ਨਹੀਂ ਪੈਦੀ। ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ਹੇ ਪੰਡਤ! ਸਾਰਾ ਜਗ ਉਨ੍ਹਾਂ ਦੀ ਬਦੋਲਤ ਛਕਦਾ ਛਕਾਉਂਦਾ ਹੈ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ। ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੀ ਸਿਫ਼ਤ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋਏ ਰਹਿੰਦੇ ਹਨ। ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ਹੇ ਪੰਡਤ! ਦਵੈਤ-ਭਾਵ ਦੇ ਰਾਹੀਂ ਲਹਿਰ ਬਹਿਰ ਉਤਪੰਨ ਨਹੀਂ ਹੋਈ, ਨਾਂ ਹੀ ਸਾਹਿਬ ਦੀ ਦੌਲਤ ਪ੍ਰਾਪਤ ਹੋਈ ਹੈ। ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ਭਾਵੇਂ ਭੜ੍ਹ ਪੜ੍ਹ ਕੇ ਬੰਦੇ ਹਾਰ ਗਏ ਹਨ, ਪਰ ਉਨ੍ਹਾਂ ਨੂੰ ਰੱਜ ਨਹੀਂ ਆਉਂਦਾ ਅਤੇ ਉਹ ਆਪਦਾ ਜੀਵਨ ਰਾਤ ਦਿਨ ਸੜਦੇ ਕੁੜਦੇ ਬਿਤਾਉਂਦੇ ਹਨ। ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ਉਨ੍ਹਾਂ ਦੇ ਚੀਕ ਚਿਹਾੜੇ ਤੇ ਸ਼ਿਕਾਇਤਾ ਮੁਕਦੀਆਂ ਨਹੀਂ ਨਾਂ ਹੀ ਸ਼ੱਕੀ ਸੁਭਾ ਉਨ੍ਹਾਂ ਦੇ ਅੰਦਰੋ ਦੂਰ ਹੁੰਦਾ ਹੈ। ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ ਨਾਨਕ ਨਾਮ ਦੇ ਬਿਨਾ ਉਹ ਕਾਲੇ ਚਿਹੜੇ ਨਾਲ ਉੱਠ ਕੇ ਟੁਰ ਜਾਂਦੇ ਹਨ। ਪਉੜੀ ॥ ਪਉੜੀ। ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ਮੇਰੇ ਪ੍ਰੀਤਮਾਂ! ਮੈਨੂੰ ਵਾਹਿਗੁਰੂ ਦੇ ਮਿੱਤ੍ਰ, ਗੁਰਾਂ ਨੂੰ ਮਿਲਾ ਦੇ। ਉਨ੍ਹਾਂ ਨਾਲ ਮਿਲ ਕੇ, ਮੈਂ ਉਨ੍ਹਾਂ ਪਾਸੋ ਤੇਰਾ ਰਸਤਾ ਪੁਛਾਗਾ। ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ ਜਿਹੜਾ ਮਿੱਤ੍ਰ ਮੈਨੂੰ ਹਰੀ ਦਾ ਮਾਰਗ ਵਿਖਾਲਦਾ ਹੈ, ਉਸ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ ਉਸ ਦੇ ਨਾਲ ਮੈਂ ਉਸ ਦੀਆਂ ਨੇਕੀਆਂ ਦਾ ਭਾਈਵਾਲ ਹੋ ਜਾਵਾਗਾ ਅਤੇ ਸਾਈਂ ਦੇ ਨਾਮ ਦਾ ਸਿਮਰਨ ਕਰਾਗਾ। ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥ ਸਦਾ ਹੀ ਮੈਂ ਆਪਣੇ ਪ੍ਰੀਤਮ ਹਰੀ ਦੀ ਸੇਵਾ ਕਰਦਾ ਹਾਂ। ਹਰੀ ਦੀ ਸੇਵਾ ਕਰਨ ਦੁਆਰਾ ਮੈਂ ਸੁਖ ਪਾਉਂਦਾ ਹਾਂ। ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥ ਮੈਂ ਉਨ੍ਹਾਂ ਸੱਚੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਮੇਰੇ ਅੰਦਰ ਸੋਚ ਸਮਝ ਪਾਈ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥ ਭਾਵੇਂ ਤੂੰ ਚਾਰੇ ਹੀ ਯੁੱਗ ਵੇਦਾਂ ਨੂੰ ਵਾਚਦਾ ਰਹੇ, ਤੇਰੀ ਮਲੀਣਤਾ ਦੂਰ ਨਹੀਂ ਹੋਣੀ, ਹੇ ਪੰਡਤ! ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥ ਤਿੰਨੇ ਅਵਸਥਾਵਾਂ ਦਨਿਆਦਾਰੀ ਦੀ ਜੜ੍ਹ ਹਨ। ਹੰਕਾਰ ਅੰਦਰ ਪ੍ਰਾਣੀ ਨਾਮ ਨੂੰ ਭੁਲਾ ਦਿੰਦਾ ਹੈ। ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥ ਹੋਰਸ ਨਾਲ ਜੁੜ ਜਾਣ ਦੇ ਕਾਰਨ ਪੰਡਤ ਘੁੱਸੇ ਹੋਏ ਹਨ। ਉਹ ਸੰਸਾਰੀ ਪਦਾਰਥਾ ਦਾ ਵਣਜ ਕਰਦੇ ਹਨ। ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥ ਉਨ੍ਹਾਂ ਦੇ ਅੰਦਰ ਖਾਹਿਸ਼ ਤੇ ਲਾਲਸਾ ਹਨ। ਉਹ ਬੇਸਮਝ ਮੂੜ੍ਹ, ਭੁੱਖੇ ਮਰ ਜਾਂਦੇ ਹਨ। ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥ ਸੱਚੇ ਗੁਰਾਂ ਦੀ ਘਾਲ ਕਮਾਉਣ ਤੇ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੁਖ ਪਾ ਲਿਆ ਹੈ। ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥ ਸੱਚੇ ਨਾਮ ਨਾਲ ਪਿਰਹੜੀ ਪਾਉਣ ਦੁਆਰਾ, ਮੇਰੇ ਅੰਦਰੋ ਖਾਹਿਸ਼ ਤੇ ਲਾਲਸਾ ਦੂਰ ਹੋ ਗਈਆਂ ਹਨ। ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥੧॥ ਨਾਨਕ, ਜੋ ਨਾਮ ਨਾਲ ਰੰਗੇ ਹਨ ਅਤੇ ਜੋ ਪ੍ਰਭੂ ਨੂੰ ਆਪਦੇ ਦਿਲ ਨਾਲ ਲਾਈ ਰਖਦੇ ਹਨ ਉਹ ਕੁਦਰਤੀ ਤੌਰ ਉਤੇ ਸੰਤੁਸ਼ਟ ਹੋ ਜਾਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥ ਆਪ-ਹੁਦਰਾ ਪੁਰਸ਼ ਰੱਬ ਦੇ ਨਾਮ ਦੀ ਘਾਲ ਨਹੀਂ ਕਾਮਉਂਦਾ, ਇਸ ਲਈ ਉਸ ਨੂੰ ਡਾਢੀ ਪੀੜਾ ਆ ਪਕੜਦੀ ਹੈ। ਅੰਤਰਿ ਅਗਿਆਨੁ ਅੰਧੇਰੁ ਹੈ ਸੁਧਿ ਨ ਕਾਈ ਪਾਇ ॥ ਉਸ ਦੇ ਅੰਦਰ ਆਤਮਕ ਬੇਸਮਝੀ ਦਾ ਅਨ੍ਹੇਰਾ ਹੈ ਅਤੇ ਉਸ ਨੂੰ ਕੋਈ ਸਮਝ ਨਹੀਂ ਪੈਦੀ। ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ ॥ ਆਪਣੇ ਮਨ ਦੀ ਜ਼ਿਦ ਰਾਹੀਂ ਉਹ ਸੁਆਮੀ ਦੇ ਨਾਮ ਦਾ ਬੀਜ ਨਹੀਂ ਬੀਜਦਾ। ਉਹ ਭੁੱਖ ਲੱਗਣ ਸਮੇਂ ਐਦੂੰ ਮਗਰੋ ਕੀ ਖਾਉਗਾ? ਨਾਮੁ ਨਿਧਾਨੁ ਵਿਸਾਰਿਆ ਦੂਜੈ ਲਗਾ ਜਾਇ ॥ ਉਸ ਨੇ ਹੋਰਸ ਨਾਲ ਜੁੜਿਆ ਹੋਇਆ ਨਾਮ ਦੇ ਖਜਾਨੇ ਨੂੰ ਭੁਲਾ ਦਿੱਤਾ ਹੈ। ਨਾਨਕ ਗੁਰਮੁਖਿ ਮਿਲਹਿ ਵਡਿਆਈਆ ਜੇ ਆਪੇ ਮੇਲਿ ਮਿਲਾਇ ॥੨॥ ਨਾਨਕ, ਗੁਰੂ ਅਨੁਸਾਰੀ ਨੂੰ ਜਦ ਸੁਆਮੀ ਖੁਦ ਆਪਦੇ ਮਿਲਾਪ ਵਿੱਚ ਮਿਲਾ ਲੈਦਾ ਹੈ, ਤਾਂ ਉਹ ਮਾਨ ਇੱਜ਼ਤ ਪਾ ਲੈਦਾ ਹੈ। ਪਉੜੀ ॥ ਪਉੜੀ। ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥ ਬਹੁਤੀ ਹੀ ਸੁਹਣੀ ਹੈ ਉਹ ਜੀਭ ਜਿਹੜੀ ਸੁਆਮੀ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੀ ਹੈ। ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥ ਇਸਤਰੀ, ਜੋ ਆਪਦੇ ਚਿੱਤ, ਸਰੀਰ ਤੇ ਮੂੰਹ ਨਾਲ ਰੱਬ ਦੇ ਨਾਮ ਨੂੰ ਉਚਾਰਦੀ ਹੈ, ਉਹ ਸਾਈਂ ਨੂੰ ਚੰਗੀ ਲਗਦੀ ਹੈ। ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ ॥ ਜਿਹੜੀ ਗੁਰਾਂ ਦੀ ਦਇਆ ਦੁਆਰਾ ਸੁਆਮੀ ਦੇ ਸੁਆਦ ਨੂੰ ਮਾਣਦੀ ਹੈ, ਉਹ ਰੱਜ ਜਾਂਦੀ ਹੈ। ਗੁਣ ਗਾਵੈ ਪਿਆਰੇ ਨਿਤ ਗੁਣ ਗਾਇ ਗੁਣੀ ਸਮਝਾਵਣੀ ॥ ਆਪਣੇ ਆਪ ਨੂੰ ਸਧਾਰ ਕੇ ਉਹ ਨੇਕੀ ਨਿਪੁੰਨ ਪ੍ਰਭੂ ਦੀਆਂ ਨੇਕੀਆਂ ਨੂੰ ਅਲਾਪਦੀ ਅਤੇ ਸਦਾ ਹੀ ਆਪਣੇ ਪ੍ਰੀਤਮ ਦਾ ਜੱਸ ਗਾਇਨ ਕਰਦੀ ਹੈ। ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥ ਜਿਸ ਉਤੇ ਮਾਲਕ ਖੁਦ ਮਿਹਰਬਾਨ ਹੋ ਜਾਂਦਾ ਹੈ, ਉਹ ਵੱਡ ਸੱਚੇ ਗੁਰਾਂ ਦੀ ਬਾਣੀ ਦਾ ਉਚਾਰਨ ਕਰਦੀ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਜਿਸ ਤਰ੍ਹਾਂ ਹਾਥੀ ਕੁੰਡੇ ਹੇਠ ਸਿਰ ਦਿੰਦਾ ਹੈ। ਜਿਸ ਤਰ੍ਹਾਂ ਅਹਿਰਣ ਹਥੌੜੇ ਮੂਹਰੇ ਆਪਣੇ ਆਪ ਨੂੰ ਭੇਟ ਕਰ ਦਿੰਦੀ ਹੈ। ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਏਸੇ ਤਰ੍ਹਾਂ ਤੂੰ ਆਪਣੀ ਆਤਮਾ ਤੇ ਦੇਹ ਗੁਰਾਂ ਮੂਹਰੇ ਧਰ ਦੇ, ਅਤੇ ਸਦਾ ਖੜਾ ਹੋ ਉਨ੍ਹਾਂ ਦੀ ਚਾਕਰੀ ਕਮਾ। copyright GurbaniShare.com all right reserved. Email |