ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ ਨਾਨਕ, ਜਿਹੜਾ ਕੁਝ, ਗੁਰੂ-ਸਮਰਪਣੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਕਰਦੇ ਹਨ, ਉਹ ਕਬੂਲ ਪੈ ਜਾਂਦਾ ਹੈ। ਪਉੜੀ ॥ ਪਉੜੀ। ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ ਮੈਂ ਉਨ੍ਹਾਂ ਉਤੋਂ ਕੁਰਬਾਨ ਵੰਞਦਾ ਹਾਂ ਜਿਹੜੇ ਰੱਬ ਨੂੰ ਜਾਨਣ ਵਾਲੇ ਗੁਰਸਿੱਖ ਹਨ। ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ ਮੈਂ ਉਨ੍ਹਾਂ ਦਾ ਦੀਦਾਰ ਵੇਖਦਾ ਹਾਂ, ਜਿਹੜੇ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ। ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ ਸੁਆਮੀ ਦੀ ਉਸਤਤੀ ਸ੍ਰਵਣ ਕਰਕੇ ਮੈਂ ਉਸ ਦੀਆਂ ਵਡਿਆਈਆਂ ਨੂੰ ਉਚਾਰਦਾ ਹਾਂ ਅਤੇ ਵਾਹਿਗੁਰੂ ਦੀ ਕੀਰਤੀ ਨੂੰ ਆਪਣੇ ਹਿਰਦੇ ਅੰਦਰ ਉਕਰਦਾ ਹਾਂ। ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ ਮੈਂ ਪਿਆਰ ਨਾਲ ਪ੍ਰਭੂ ਦੇ ਨਾਮ ਦੀ ਪ੍ਰਸੰਸਾ ਕਰਦਾਹਾਂ ਅਤੇ ਆਪਣੇ ਸਾਰੇ ਪਾਪਾਂ ਨੂੰ ਜੜੋਂ ਪੁੱਟਦਾ ਹਾਂ। ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥ ਸੁਲੱਖਣੀ, ਸੁਲੱਖਣੀ ਅਤੇ ਸੁਹਣੀ ਹੈ ਉਹ ਦੇਹ ਤੇ ਥਾਂ ਜਿਸ ਉਤੇ ਮੇਰਾ ਗੁਰੂ ਆਪਣਾ ਪੈਰ ਟੋਕਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ ਗੁਰਾਂ ਦੇ ਬਾਝੋਂ ਬ੍ਰਹਮ-ਬੋਧ ਪ੍ਰਾਪਤ ਨਹੀਂ ਹੁੰਦਾ, ਨਾਂ ਹੀ ਠੰਢ-ਚੈਨ ਆ ਕੇ ਅੰਤਰ ਆਤਮੇ ਟਿਕਦੀ ਹੈ। ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥ ਨਾਨਕ, ਨਾਮ ਦੇ ਬਗੈਰ, ਮਨ-ਮੱਤੀਏ ਆਪਣਾ ਜੀਵਨ ਗੁਆ ਕੇ ਟੁਰ ਜਾਣਗੇ। ਮਃ ੩ ॥ ਤੀਜੀ ਪਾਤਿਸ਼ਾਹੀ। ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ ਸਮੂਹ ਪੂਰਨ ਪੁਰਸ਼ ਤੇ ਅਭਿਆਸੀ, ਨਾਮ ਦੀ ਪ੍ਰਾਪਤੀ ਦੀ ਖੋਜ ਕਰਦੇ ਤੇ ਆਪਣੀ ਬਿਰਤੀ ਜੋੜ ਜੋੜ ਹੰਭ ਗਏ ਹਨ। ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ ਸੱਚੇ ਗੁਰਾਂ ਦੇ ਬਾਝੋਂ ਕੋਈ ਭੀ ਨਾਮ ਨੂੰ ਹਾਸਲ ਨਹੀਂ ਕਰਦੇ। ਕੇਵਲ ਗੁਰਾਂ ਦੇ ਰਾਹੀਂ ਹੀ ਨਾਮ ਹੀ ਪ੍ਰਾਪਤ ਹੁੰਦਾ ਹੈ। ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ ਨਾਮ ਦੇ ਬਗੈਰ ਬੇਫਾਇਦਾ ਹਨ ਸਮੂਹ ਪੁਸ਼ਾਕੇ ਤੇ ਖਾਣੇ ਅਤੇ ਲਾਨ੍ਹਤ-ਯੋਗ ਹੈ ਕਾਮਯਾਬੀ ਅਤੇ ਲਾਨ੍ਹਤ-ਯੋਗ ਕਰਾਮਾਤੀ ਸ਼ਕਤੀ। ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ ਓਹੀ ਪੂਰਨਤਾ ਹੈ ਅਤੇ ਓਹੀ ਗੈਬੀ ਤਾਕਤ, ਜੋ ਚਿੰਤਾ-ਰਹਿਤ ਸੁਆਮੀ ਆਪਣੀ ਬਖਸ਼ੀਸ਼ ਵੱਜੋਂ ਦਿੰਦਾ ਹੈ। ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥ ਨਾਨਕ, ਗੁਰਾਂ ਦੇ ਰਾਹੀਂ ਪ੍ਰਭੂ ਦਾ ਨਾਮ ਅੰਤਰ ਆਤਮੇ ਟਿੱਕ ਜਾਂਦਾ ਹੈ। ਕੇਵਲ ਏਹੀ ਕਰਾਮਾਤੀ-ਸ਼ਕਤੀ ਅਤੇ ਏਹੀ ਅਦਭੁਤ ਸੱਤਿਆ ਹੈ। ਪਉੜੀ ॥ ਪਉੜੀ। ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥ ਮੈਂ, ਆਪਣੇ ਸੁਆਮੀ ਮਾਲਕ ਵਾਹਿਗੁਰੂ ਦਾ ਭੱਟ ਹਾਂ, ਤੇ ਨਿਤਾਪ੍ਰਤੀ ਵਾਹਿਗੁਰੂ ਦੇ ਜੱਸ ਦੇ ਗੀਤ ਆਲਾਪਦਾ ਹਾਂ। ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥ ਮੈਂ ਵਾਹਿਗੁਰੂ ਦੀ ਕੀਰਤੀ ਗਾਉਂਦਾ ਹਾਂ ਅਤੇ ਮਾਇਆ ਦੇ ਸੁਆਮੀ ਵਾਹਿਗੁਰੂ ਦੇ ਗੁਣ ਸ੍ਰਵਣ ਕਰਦਾ ਹਾਂ। ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥ ਕੇਵਲ ਸੁਆਮੀ ਹੀ ਦਾਤਾਰ ਹੈ ਅਤੇ ਸਾਰਾ ਸੰਸਾਰ ਨਿਰਾ ਮੰਗਤਾ ਹੈ। ਪ੍ਰਾਣੀ ਤੇ ਹੋਰ ਜੀਵ ਉਸ ਦੇ ਜਾਚਕ ਹਨ। ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥ ਮੇਰੇ ਵਾਹਿਗੁਰੂ ਤੂੰ ਮਿਹਰਬਾਨ ਹੋ, ਪੱਥਰ ਅੰਦਰ ਦੇ ਕੀੜਿਆਂ ਤੇ ਮਕੋੜਿਆਂ ਨੂੰ ਭੀ ਦਾਤਾਂ ਦਿੰਦਾ ਹੈ। ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰ ਕੇ ਗੋਲਾ ਨਾਨਕ ਘਨਾਢ ਹੋ ਗਿਆ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਵਾਚਣ ਤੇ ਵਿਚਾਰਣਾ ਜਗਤ ਦੇ ਧੰਦੇ ਹਨ, ਜੇਕਰ ਅੰਦਰ ਲਾਲਚ ਤੇ ਪਾਪ ਹਨ। ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਹੰਕਾਰ ਵਿੱਚ ਵਾਚਣ ਰਾਹੀਂ ਸਾਰੇ ਹੰਭ ਗਏ ਹਨ ਅਤੇ ਦੂਜੇ ਭਾਵ ਦੇ ਪ੍ਰੀਤ ਦੁਆਰਾ ਬਰਬਾਦ ਹੋ ਗਏ ਹਨ। ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਓਹੀ ਵਿਦਵਾਨ ਹੈ ਅਤੇ ਓਹੀ ਸਿਆਣਾ ਪੰਡਤ, ਜੋ ਗੁਰੂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ। ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਉਹ ਆਪਣੇ ਮਨ ਨੂੰ ਖੋਜਦਾ, ਭਾਲਦਾ ਹੈ, ਸਾਰ ਵਸਤੂ ਨੂੰ ਪਾ ਲੈਦਾ ਹੈ ਤੇ ਮੁਕਤੀ ਦੇ ਦਰਵਾਜੇ ਨੂੰ ਪ੍ਰਾਪਤ ਹੋ ਜਾਂਦਾ ਹੈ। ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਉਹ ਨੇਕੀ ਦੇ ਖਜਾਨੇ ਪ੍ਰਭੂ ਨੂੰ ਪਾ ਲੈਦਾ ਹੈ ਅਤੇ ਸ਼ਾਂਤੀ ਨਾਲ ਉਸ ਦਾ ਸਿਮਰਨ ਕਰਦਾ ਹੈ। ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਮੁਬਾਰਕ ਹੈ ਉਹ ਵਣਜਾਰਾ, ਹੇ ਨਾਨਕ! ਜੋ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਨੂੰ ਆਪਣੇ ਆਸਰੇ ਵਜੋਂ ਪ੍ਰਾਪਤ ਕਰਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਆਪਣੇ ਮਨ ਨੂੰ ਵੱਸ ਵਿੱਚ ਕੀਤੇ ਬਗੈਰ ਕਿਸੇ ਬੰਦੇ ਨੂੰ ਭੀ ਕਾਮਯਾਬੀ ਹਾਸਲ ਨਹੀਂ ਹੁੰਦੀ। ਕੋਈ ਜਣਾ ਡੂੰਘੀ ਵੀਚਾਰ ਰਾਹੀਂ ਇਸ ਨੂੰ ਵੇਖ ਲਵੇ। ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਸੰਪ੍ਰਦਾਈ ਧਾਰਮਕ ਅਸਥਾਨਾਂ ਉਤੇ ਰਟਨ ਕਰਦੇ ਹਾਰ ਗਏ ਹਨ, ਪਰ ਇਹ ਮਨੂਆ ਕਾਬੂ ਨਹੀਂ ਆਉਂਦਾ। ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਗੁਰਾਂ ਦੇ ਰਾਹੀਂ ਇਹ ਮਨੂਆ ਜਿਉਦਿਆਂ ਹੀ ਬੰਦੇ ਦੇ ਵੱਸ ਵਿੱਚ ਆ ਜਾਂਦਾ ਹੈ ਤੇ ਫਿਰ ਉਹ ਸੱਚੇ ਸਾਈਂ ਦੀ ਪ੍ਰੀਤ ਵਿੱਚ ਲੀਨ ਰਹਿੰਦਾ ਹੈ। ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ਨਾਨਕ, ਇਸ ਤਰ੍ਹਾਂ ਏਸ ਮਨ ਦੀ ਮੈਲ ਲਹਿ ਜਾਂਦੀ ਹੈ, ਨਾਮ ਹੰਕਾਰ ਨੂੰ ਸਾੜ ਸੁਟਦਾ ਹੈ। ਪਉੜੀ ॥ ਪਉੜੀ। ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਮੈਨੂੰ ਮਿਲੋ, ਹੇ ਸੁਆਮੀ ਵਾਹਿਗੁਰੂ ਦੇ ਸਾਧੂਓ! ਮੇਰੇ ਭਰਾਓ! ਅਤੇ ਮੇਰੇ ਅੰਦਰ ਇੱਕ ਭੋਰਾ ਭਰ ਹੀ ਸੁਆਮੀ ਦਾ ਨਾਮ ਪੱਕਾ ਕਰੋ। ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਹੇ ਰੱਬ ਦੇ ਗੋਲਿਓ! ਮੈਨੂੰ ਹਰੀ ਨਾਮ ਦੇ ਹਾਰ-ਸ਼ਿੰਗਾਰ ਨਾਲ ਸਜਾਓ! ਤੇ ਮੈਨੂੰ ਮੁਆਫੀ ਦੀ ਰੱਬੀ ਪੁਸ਼ਾਕ ਪਵਾਓ। ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਐਹੋ ਜਿਹਾ ਹਹਾਰ-ਸ਼ਿੰਗਾਰ ਮੇਰੇ ਸਾਹਿਬ ਨੂੰ ਚੰਗਾ ਲੱਗਦਾ ਹੈ। ਪ੍ਰੀਤ ਦੀ ਸਜਾਵਟ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ। ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਸੁਆਮੀ ਮਾਲਕ ਦਾ ਨਾਮ ਮੈਂ ਦਿਨ ਰਾਤ ਉਚਾਰਨ ਕਰਦਾ ਹਾਂ, ਤੇ ਉਹ ਅੱਖ ਦੇ ਇੱਕ ਫੋਰੇ ਵਿੱਚ ਸਾਰੇ ਪਾਪਾਂ ਨੂੰ ਮੇਟ ਦਿੰਦਾ ਹੈ। ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥ ਜਿਸ ਉਤੇ ਸੁਆਮੀ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਦਾ ਸਿਮਰਨ ਕਰਕੇ ਆਪਣੀ ਜੀਵਨ ਖੇਡ ਨੂੰ ਜਿੱਤ ਲੈਦਾ ਹੈ। copyright GurbaniShare.com all right reserved. Email |