ਆਦੇਸੁ ਤਿਸੈ ਆਦੇਸੁ ॥
ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ। ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥ ਉਹ ਮੁੱਢਲਾ, ਪਵਿਤ੍ਰ, ਆਰੰਭ-ਰਹਿਤ, ਅਵਿਨਾਸੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ। ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਅਦੁੱਤੀ ਮਾਲਕ (ਜਾਂ ਮਾਤਾ) ਨੇ ਉਤਪਤੀ ਦੀ ਵਿਉਂਤ ਰਚ ਕੇ ਤਿੰਨ ਮੰਨੇ ਮੁਰੀਦ ਅਸਥਾਪਨ ਕੀਤੇ। ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਇਕ (ਬ੍ਰਹਮਾ) ਸੰਸਾਰ ਰਚਨਵਾਲਾ, ਇਕ (ਵਿਸ਼ਨੂ ਜਾਂ ਮੋਦੀ) ਰੋਜ਼ੀ ਦੇਣ ਵਾਲਾ, ਤੇ ਇਕ (ਸ਼ਿਵ) ਨੂੰ ਲਯ ਕਰਨ ਦੀ ਵਾਦੀ ਹੈ। ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਜਿਸ ਤਰ੍ਹਾਂ ਉਸ ਦਾ ਹੁਕਮ ਹੈ, ਅਤੇ ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਤੇ ਉਹ ਉਸੇ ਤਰ੍ਹਾਂ ਉਨ੍ਹਾਂ ਨੂੰ ਟੋਰਦਾ ਹੈ। ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ਉਹ ਉਨ੍ਹਾਂ ਨੂੰ ਤੱਕਦਾ ਹੈ ਪ੍ਰਤੂੰ ਉਹ ਉਸ ਨੂੰ ਨਹੀਂ ਦੇਖਦੇ। ਇਹ ਸਭ ਤੋਂ ਵੱਡੀ ਹੈਰਾਨੀ ਹੈ। ਆਦੇਸੁ ਤਿਸੈ ਆਦੇਸੁ ॥ ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ। ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥ ਉਹ ਮੁੱਢਲਾ, ਪਵਿਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰਿ ਉਸੇ ਇਕੋ ਲਿਬਾਸ ਵਾਲਾ ਹੈ। ਆਸਣੁ ਲੋਇ ਲੋਇ ਭੰਡਾਰ ॥ ਸਾਰਿਆਂ ਸੰਸਾਰਾਂ ਅੰਦਰ ਸੁਆਮੀ ਦਾ ਟਿਕਾਣਾ ਅਤੇ ਮਾਲ ਗੁਦਾਮ ਹਨ। ਜੋ ਕਿਛੁ ਪਾਇਆ ਸੁ ਏਕਾ ਵਾਰ ॥ ਜੋ ਕੁਝ ਭੀ ਉਨ੍ਹਾਂ ਵਿੱਚ ਪਾਇਆ ਗਿਆ ਸੀ, ਕੇਵਲ ਇਕੋ ਵਾਰੀ ਹੀ ਪਾਇਆ ਗਿਆ ਸੀ। ਕਰਿ ਕਰਿ ਵੇਖੈ ਸਿਰਜਣਹਾਰੁ ॥ ਰਚਨਾ ਨੂੰ ਰਚ ਕੇ ਰਚਨਹਾਰ ਇਸ ਨੂੰ ਦੇਖ ਰਿਹਾ ਹੈ। ਨਾਨਕ ਸਚੇ ਕੀ ਸਾਚੀ ਕਾਰ ॥ ਹੇ ਨਾਨਕ! ਸੱਚੇ ਸੁਆਮੀ ਦਾ ਕੰਮ ਸੱਚਾ ਹੈ। ਆਦੇਸੁ ਤਿਸੈ ਆਦੇਸੁ ॥ ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ। ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥ ਉਹ ਮੁਢਲਾ, ਪਵਿੱਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ। ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਮੇਰੀ ਇਕ ਜ਼ਬਾਨ ਤੋਂ ਇਕ ਲੱਖ ਜ਼ਬਾਨਾਂ ਹੋ ਜਾਣ ਅਤੇ ਇਕ ਲੱਖ ਵੀਹੇ ਲਖ ਹੋ ਵੰਞਣ। ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਹਰ ਇਕ ਜੀਭ ਨਾਲ ਮੈਂ ਲਖੂਖਾਂ ਵਾਰੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਾਂਗਾ। ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਪਤੀ ਦੇ ਇਸ ਰਸਤੇ ਅੰਦਰ ਪਾਉੜੀਆਂ ਹਨ, ਜਿਨ੍ਹਾਂ ਦੇ ਡੰਡਿਆਂ ਉਤੇ ਦੀ ਚੜ੍ਹ ਕੇ ਮੈਂ ਉਸ ਨਾਲ ਇਕ ਮਿਕ ਹੋ ਜਾਵਾਂਗੀ। ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਬੈਕੁੰਠੀ ਬਾਤਾਂ ਸ੍ਰਵਣ ਕਰਕੇ ਕੀੜੇ (ਨੀਚ) ਭੀ ਨਕਲ ਕਰਨੀ ਚਾਹੁੰਦੇ ਹਨ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥ ਹੇ ਨਾਨਕ! ਉਸਦੀ ਮਿਹਰ ਸਦਕਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਝੂਠੇ ਦੀ ਝੂਠੀ ਹੀ ਗੱਪ ਹੈ। ਆਖਣਿ ਜੋਰੁ ਚੁਪੈ ਨਹ ਜੋਰੁ ॥ ਮੇਰੇ ਵਿੱਚ ਬੋਲਣ ਦੀ ਕੋਈ ਤਾਕਤ ਨਹੀਂ ਅਤੇ ਨਾਂ ਹੀ ਤਾਕਤ ਹੈ ਖਾਮੋਸ਼ ਰਹਿਣ ਦੀ। ਜੋਰੁ ਨ ਮੰਗਣਿ ਦੇਣਿ ਨ ਜੋਰੁ ॥ ਮੇਰੇ ਕੋਲ ਯਾਚਨਾ ਕਰਨ ਦੀ ਕੋਈ ਸਤਿਆ ਨਹੀਂ ਹੈ ਤੇ ਨਾਂ ਹੀ ਸਤਿਆ ਹੈ ਦੇ ਦੇਣ ਦੀ। ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਮੇਰੇ ਵਿੱਚ ਜਿਉਣ ਦਾ ਬਲ ਨਹੀਂ ਅਤੇ ਨਾਂ ਹੀ ਮਰ ਜਾਣ ਦਾ ਬਲ ਹੈ। ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥ ਮੇਰੇ ਵਿੱਚ ਹਕੂਮਤ ਅਤੇ ਦੌਲਤ, ਜੋ ਚਿਤੋਂ ਅੰਦਰ ਸ਼ੋਰ ਸ਼ਰਾਬਾ ਪੈਦਾ ਕਰ ਦਿੰਦੀਆਂ ਹਨ, ਨੂੰ ਹਾਸਲ ਕਰਨ ਦਾ ਕੋਈ ਬਲ ਨਹੀਂ। ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਮੇਰੇ ਕੋਲਿ ਸਮਝ ਈਸ਼ਵਰੀ ਗਿਆਤ ਅਤੇ ਸਾਹਿਬ ਦਾ ਸਿਮਰਨ ਪਰਾਪਤ ਕਰਨ ਦੀ ਕੋਈ ਤਾਕਤ ਨਹੀਂ। ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ਮੇਰੇ ਅੰਦਰ ਦੁਨੀਆਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭਣ ਦੀ ਕੋਈ ਸ਼ਕਤੀ ਨਹੀਂ ਹੈ। ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਜੀਹਦੇ ਕਰ ਵਿੱਚ ਤਾਕਤ ਹੈ, ਉਹ ਇਸ ਨੂੰ ਵਰਤਦਾ ਅਤੇ ਦੇਖਦਾ ਹੈ। ਨਾਨਕ ਉਤਮੁ ਨੀਚੁ ਨ ਕੋਇ ॥੩੩॥ ਆਪਣੀ ਨਿਜ ਦੀ ਸਤਿਆ ਦੁਆਰਾ ਕੋਈ ਜਣਾ ਚੰਗਾ ਜਾਂ ਮੰਦਾ ਨਹੀਂ ਹੋ ਸਕਦਾ, ਹੇ ਨਾਨਕ! ਰਾਤੀ ਰੁਤੀ ਥਿਤੀ ਵਾਰ ॥ ਵਾਹਿਗੁਰੂ ਨੇ ਰਾਤਾਂ, ਮੌਸਮ, ਚੰਦ ਦੇ ਦਿਨ, ਹਫਤੇ ਦੇ ਦਿਹਾੜੇ, ਪਵਣ ਪਾਣੀ ਅਗਨੀ ਪਾਤਾਲ ॥ ਹਵਾ, ਜਲ, ਅੱਗ ਤੇ ਪਇਆਲ ਪੈਦਾ ਕੀਤੇ। ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਇਨ੍ਹਾਂ ਦੇ ਵਿਚਕਾਰ ਉਸ ਨੇ ਜ਼ਮੀਨ, ਸਾਈਂ ਦੇ ਸਿਮਰਨ ਦੇ ਘਰ ਵਜੋ, ਅਸਥਾਪਨ ਕੀਤੀ। ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਉਸ ਅੰਦਰ ਉਸ ਨੇ ਕਈ ਤਰ੍ਹਾਂ ਅਤੇ ਰੰਗਤਾਂ ਦੇ ਜੀਵ ਟਿਕਾ ਦਿੱਤੇ। ਤਿਨ ਕੇ ਨਾਮ ਅਨੇਕ ਅਨੰਤ ॥ ਅਨੇਕਾਂ ਅਤੇ ਹਦਬੰਨਾ-ਰਹਿਤ ਹਨ ਉਨ੍ਹਾਂ ਦੇ ਨਾਮ। ਕਰਮੀ ਕਰਮੀ ਹੋਇ ਵੀਚਾਰੁ ॥ ਉਨ੍ਹਾਂ ਦੇ ਕੰਮਾਂ ਤੇ ਅਮਲਾ ਅਨੁਸਾਰ ਉਨ੍ਹਾਂ ਦਾ ਫੈਸਲਾ ਹੁੰਦਾ ਹੈ। ਸਚਾ ਆਪਿ ਸਚਾ ਦਰਬਾਰੁ ॥ ਸੁਆਮੀ ਖੁਦ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਦਰਗਾਹ। ਤਿਥੈ ਸੋਹਨਿ ਪੰਚ ਪਰਵਾਣੁ ॥ ਉਥੇ ਕਬੂਲ ਪਏ ਹੋਏ ਸਾਧੁ ਸੁੰਦਰ ਲੱਗਦੇ ਹਨ ਨਦਰੀ ਕਰਮਿ ਪਵੈ ਨੀਸਾਣੁ ॥ ਅਤੇ ਉਨ੍ਹਾਂ ਉਤੇ ਮਿਹਰਬਾਨ ਮਾਲਕ ਦੀ ਮਿਹਰ ਦਾ ਚਿੰਨ੍ਹ ਪੈ ਜਾਂਦਾ ਹੈ। ਕਚ ਪਕਾਈ ਓਥੈ ਪਾਇ ॥ ਮੰਦੇ ਅਤੇ ਚੰਗੇ ਉਥੇ ਪਰਖੇ ਜਾਣਗੇ। ਨਾਨਕ ਗਇਆ ਜਾਪੈ ਜਾਇ ॥੩੪॥ ਹੇ ਨਾਨਕ! ਉਸ ਜਗ੍ਹਾ ਉਤੇ ਪੁਜਣ ਤੇ ਇਹ ਮਲੂਮ ਹੋ ਜਾਏਗਾ। ਧਰਮ ਖੰਡ ਕਾ ਏਹੋ ਧਰਮੁ ॥ ਇਹ ੳਪਰੋਕਤ ਦਸਿਆ ਇਖਲਾਕੀ ਫਰਜ਼ ਸਚਾਈ ਦੇ ਮੰਡਲ ਦਾ ਹੈ। ਗਿਆਨ ਖੰਡ ਕਾ ਆਖਹੁ ਕਰਮੁ ॥ ਹੁਣ ਮੈਂ ਗਿਆਤ ਦੇ ਮੰਡਲ ਦੇ ਅਮਲ ਬਿਆਨ ਕਰਦਾ ਹਾਂ। ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਘਨੇਰੇ ਹਨ ਹਵਾਵਾਂ, ਜਲ, ਅਗਾਂ ਅਤੇ ਘਨੇਰੇ ਕ੍ਰਿਸ਼ਨ ਤੇ ਸ਼ਿਵਜੀ। ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਬਹੁਤੇ ਹਨ ਬਰ੍ਹਮੇ, ਜੋ ਸ਼ਕਲਾਂ ਸਾਜ ਰਹੇ ਹਨ ਅਤੇ ਘਨੇਰੀਆਂ ਸੁੰਦ੍ਰਤਾਈਆਂ, ਰੰਗਤਾ ਤੇ ਲਿਬਾਸ। ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਅਣਗਿਣਤ ਹਨ ਧਰਤੀਆਂ ਤੇ ਪਹਾੜ ਨੇਕ ਅਮਲ ਕਮਾਉਣ ਦੇ ਵਾਸਤੇ ਅਤੇ ਅਣਗਿਣਤ ੳਤੇ ਅਣਗਿਣਤ ਸਿੱਖਿਆ ਲੈਣ ਵਾਲੇ ਧਰੂ। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਅਣਗਿਣਤ ਹਨ ਇੰਦ੍ਰ, ਚੰਦਰਮੇਂ ਅਤੇ ਸੂਰਜ, ਅਣਗਿਣਤ ਆਲਮ ਅਤੇ ਅਣਗਿਣਤ ਮੁਲਕ। ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਬੇਗਿਣਤ ਹਨ ਗੁਣੀ-ਜਨ, ਗੌਤਮ, ਵੱਡੇ ਯੋਗੀ ਅਤੇ ਬੇਗਿਣਤ ਉਤੇ ਬੇਗਿਣਤ ਭਵਾਨੀਆਂ ਦੇ ਸਰੂਪ। ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕਿੰਨੇ ਕੁ ਦੇਵਤੇ, ਰਾਖਸ਼ ਤੇ ਚੁੱਪ ਕੀਤੇ ਰਿਸ਼ੀ ਅਤੇ ਕਿੰਨਿਆਂ ਉਤੇ ਕਿੰਨੇ ਹੀ ਸਮੁੰਦਰ ਅਤੇ ਜਵਾਹਿਰਾਤ। ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕਿੰਨੀਆਂ ਹੀ ਉਤਪਤੀ ਦੀਆਂ ਕਾਨਾਂ, ਕਿੰਨੀਆਂ ਹੀ ਬੋਲੀਆਂ ਅਤੇ ਕਿੰਨੇ ਕੁ ਰਾਜਿਆਂ ਜਾਂ ਮਨੁੱਖਾਂ ਦਿਆਂ ਮਾਲਕਾਂ ਦੇ ਖਾਨਦਾਨ। ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥ ਬੇਸ਼ੁਮਾਰ ਹਨ ਗਿਆਨਵਾਨ ਅਤੇ ਬੇਸ਼ੁਮਾਰ ਵਾਹਿਗੁਰੂ ਦੇ ਟਹਿਲੂਏ। ਹੇ ਨਾਨਕ! ਉਸ ਦੇ ਹੱਦ ਬੰਨੇ ਦਾ ਕੋਈ ਓੜਕ ਨਹੀਂ। ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਗਿਆਤ ਦੇ ਮੰਡਲ ਅੰਦਰ ਬ੍ਰਹਮ ਵਿਚਾਰ ਬਹੁਤ ਹੀ ਪ੍ਰਕਾਸ਼ਵਾਨ ਹੁੰਦਾ ਹੈ। ਤਿਥੈ ਨਾਦ ਬਿਨੋਦ ਕੋਡ ਅਨੰਦੁ ॥ ਉਥੇ ਇਲਾਹੀ ਕੀਰਤਨ ਗੂੰਜਦਾ ਹੈ, ਜਿਸ ਤੋਂ ਕਰੋੜਾਂ ਹੀ ਦਿਲ ਪਰਚਾਵੇ ਤੇ ਖੁਸ਼ੀਆਂ ਉਤਪੰਨ ਹੁੰਦੀਆਂ ਹਨ। copyright GurbaniShare.com all right reserved. Email:- |