ਸਰਮ ਖੰਡ ਕੀ ਬਾਣੀ ਰੂਪੁ ॥
ਰੂਹਾਨੀ ਉਦਮ ਦੇ ਮੰਡਲ ਦੀ ਬੋਲੀ ਸੁੰਦ੍ਰਤਾ ਹੈ। ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥ ਉਥੇ ਪ੍ਰੇਮ ਲਾਸਾਨੀ ਬਣਾਵਟ ਬਣਾਈ ਜਾਂਦੀ ਹੈ। ਤਾ ਕੀਆ ਗਲਾ ਕਥੀਆ ਨਾ ਜਾਹਿ ॥ ਉਸ ਥਾਂ ਦੀਆਂ ਕਾਰਵਾਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋ ਕਹੈ ਪਿਛੈ ਪਛੁਤਾਇ ॥ ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਉਹ ਮਗਰੋ ਪਸ਼ਚਾਤਾਪ ਕਰੇਗਾ। ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਉਥੇ ਅੰਤ੍ਰੀਵੀ ਗਿਆਤ, ਅਕਲ, ਆਤਮਾ ਅਤੇ ਸਮਝ ਸੋਚ ਨਵੇਂ ਸਿਰਿਓ ਢਾਲੇ ਜਾਂਦੇ ਹਨ। ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥ ਉਥੇ ਪਵਿੱਤ੍ਰ ਪੁਰਸ਼ਾਂ ਅਤੇ ਕਰਾਮਾਤੀ ਬੰਦਿਆਂ ਦੀ ਖਸਲਤ (ਨਵੇਂ ਸਿਰੀਓ) ਢਾਲੀ ਜਾਂਦੀ ਹੈ। ਕਰਮ ਖੰਡ ਕੀ ਬਾਣੀ ਜੋਰੁ ॥ ਬਖਸ਼ਿਸ਼ ਦੇ ਮੰਡਲ ਦੇ ਬੰਦੇ ਦੀ ਬੋਲੀ ਵਿੱਚ ਰੂਹਾਨੀ ਬਲ ਹੁੰਦਾ ਹੈ। ਤਿਥੈ ਹੋਰੁ ਨ ਕੋਈ ਹੋਰੁ ॥ ਹੇਠਾ ਦੱਸਿਆਂ ਹੋਇਆ ਦੇ ਬਾਝੋਂ) ਹੋਰ ਕੋਈ ਉਸ ਮੰਡਲ ਅੰਦਰ ਨਹੀਂ ਵੱਸਦਾ। ਤਿਥੈ ਜੋਧ ਮਹਾਬਲ ਸੂਰ ॥ ਪ੍ਰਮ ਬਲਵਾਨ ਜੋਧੇ ਅਤੇ ਸੂਰਮੇ ਉਥੇ ਨਿਵਾਸ ਰੱਖਦੇ ਹਨ। ਤਿਨ ਮਹਿ ਰਾਮੁ ਰਹਿਆ ਭਰਪੂਰ ॥ ਉਨ੍ਹਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰੀਪੂਰਨ ਹੋਇਆ ਰਹਿੰਦਾ ਹੈ। ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਜੋ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ ਮੁਕੰਮਲ ਤੌਰ ਤੇ ਸਿਉਂਤੇ ਹੋਏ ਹਨ, ਉਹ ਉਥੇ ਰਹਿੰਦੇ ਹਨ। ਤਾ ਕੇ ਰੂਪ ਨ ਕਥਨੇ ਜਾਹਿ ॥ ਉਨ੍ਹਾਂ ਦੀ ਸੁੰਦਰਤਾ ਵਰਨਣ ਨਹੀਂ ਕੀਤੀ ਜਾ ਸਕਦੀ। ਨਾ ਓਹਿ ਮਰਹਿ ਨ ਠਾਗੇ ਜਾਹਿ ॥ ਉਹ ਨਾਂ ਮਰਦੇ ਹਨ ਤੇ ਨਾਂ ਹੀ ਛਲੇ ਜਾਂਦੇ ਹਨ। ਜਿਨ ਕੈ ਰਾਮੁ ਵਸੈ ਮਨ ਮਾਹਿ ॥ ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ। ਤਿਥੈ ਭਗਤ ਵਸਹਿ ਕੇ ਲੋਅ ॥ ਅਨੇਕਾਂ ਪੁਰੀਆਂ ਦੇ ਸਾਧੂ ਉਥੇ ਰਹਿੰਦੇ ਹਨ। ਕਰਹਿ ਅਨੰਦੁ ਸਚਾ ਮਨਿ ਸੋਇ ॥ ਉਹ ਮੌਜਾਂ ਮਾਣਦੇ ਹਨ। ਉਹ ਸੱਚਾ ਸੁਆਮੀ ਉਨ੍ਹਾਂ ਦੇ ਦਿਲਾਂ ਅੰਦਰ ਹੈ। ਸਚ ਖੰਡਿ ਵਸੈ ਨਿਰੰਕਾਰੁ ॥ ਸੱਚਾਈ ਦੇ ਮੰਡਲ ਵਿੱਚ ਸ਼ਕਲ ਸੂਰਤ-ਰਹਿਤ ਸੁਆਮੀ ਨਿਵਾਸ ਰੱਖਦਾ ਹੈ। ਕਰਿ ਕਰਿ ਵੇਖੈ ਨਦਰਿ ਨਿਹਾਲ ॥ ਰਚਨਾ ਨੂੰ ਰਚ ਕੇ ਵਾਹਿਗੁਰੂ ਉਸਨੂੰ ਤੱਕਦਾ ਹੈ ਜਦ ਉਹ ਜੀਵਾ ਉਤੇ ਆਪਣੀ ਦਿਆ-ਦ੍ਰਿਸ਼ਟੀ ਧਾਰਦਾ ਹੈ, ਉਹ ਉਨ੍ਹਾਂ ਨੂੰ ਖ਼ੁਸ਼ ਪ੍ਰਸੰਨ ਕਰ ਦਿੰਦਾ ਹੈ। ਤਿਥੈ ਖੰਡ ਮੰਡਲ ਵਰਭੰਡ ॥ ਉਸ ਮੰਡਲ ਵਿੱਚ ਮਹਾਂਦੀਪ, ਸੰਸਾਰ ਅਤੇ ਸੂਰਜ ਬੰਧਾਨ ਹਨ। ਜੇ ਕੋ ਕਥੈ ਤ ਅੰਤ ਨ ਅੰਤ ॥ ਜੇ ਕੋਈ ਉਨ੍ਹਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਸਮਝ ਲਵੇ ਕਿ ਉਨ੍ਹਾਂ ਦਾ ਕੋਈ ਓੜਕ ਜਾਂ ਹਦ-ਬੰਨਾਂ ਨਹੀਂ। ਤਿਥੈ ਲੋਅ ਲੋਅ ਆਕਾਰ ॥ ਉਥੇ ਆਲਮਾ ਉਤੇ ਆਲਮ, ਅਤੇ ਮਖਲੂਕਾਤਾਂ ਤੇ ਮਖਲੂਕਾਤਾਂ ਹਨ। ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਜਿਸ ਤਰ੍ਹਾਂ ਦਾ ਮਾਲਕ ਦਾ ਫੁਰਮਾਨ ਹੈ, ਉਸੇ ਤਰ੍ਹਾਂ ਦੇ ਹਨ ਉਨ੍ਹਾਂ ਦੇ ਕਾਰ ਵਿਹਾਰ। ਵੇਖੈ ਵਿਗਸੈ ਕਰਿ ਵੀਚਾਰੁ ॥ ਸੁਆਮੀ ਆਪਣੀ ਰਚਨਾ ਨੂੰ ਦੇਖਦਾ ਹੈ ਤੇ ਇਸ ਦਾ ਧਿਆਨ ਧਰ ਕੇ ਖੁਸ਼ ਹੁੰਦਾ ਹੈ। ਨਾਨਕ ਕਥਨਾ ਕਰੜਾ ਸਾਰੁ ॥੩੭॥ ਹੇ ਨਾਨਕ! ਸੱਚਾਈ ਦੇ ਮੰਡਲ ਨੂੰ ਬਿਆਨ ਕਰਨਾ ਲੋਹੇ ਵਰਗਾ ਸਖਤ ਹੈ। ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਬ੍ਰਹਿਮਚਰਜ ਨੂੰ ਆਪਣੀ ਭਠੀ, ਸਬਰ ਨੂੰ ਆਪਣਾ ਸੁਨਿਆਰਾ, ਅਹਰਣਿ ਮਤਿ ਵੇਦੁ ਹਥੀਆਰੁ ॥ ਸਮਝ ਨੂੰ ਆਪਣੀ ਆਰਣ, ਬ੍ਰਹਮ ਗਿਆਨ ਨੂੰ ਆਪਣੇ ਸੰਦ, ਭਉ ਖਲਾ ਅਗਨਿ ਤਪ ਤਾਉ ॥ ਰੱਬ ਦੇ ਡਰ ਨੂੰ ਆਪਣੀਆਂ ਧੋਂਕਣੀਆਂ, ਤਪੱਸਿਆ ਕਰਨ ਨੂੰ ਆਪਣੀ ਅੱਗ, ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਅਤੇ ਪ੍ਰਭੂ ਦੇ ਪਿਆਰ ਨੂੰ ਅਪਣਾ ਬਰਤਨ ਬਣਾ, ਜਿਸ ਅੰਦਰੋਂ ਰੱਬ ਦੇ ਨਾਮ ਦਾ ਸੁਧਾ ਰਸ ਚੋ। ਘੜੀਐ ਸਬਦੁ ਸਚੀ ਟਕਸਾਲ ॥ ਇਸ ਤਰ੍ਹਾਂ ਸੱਚੀ ਸਿਕਸ਼ਾਲਾ ਅੰਦਰ ਰੱਬੀ ਕਲਾਮ ਰਚੀ ਜਾਂਦੀ ਹੈ। ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਇਹ ਉਨ੍ਹਾਂ ਦਾ ਨਿੱਤਕ੍ਰਮ ਹੈ ਜਿਨ੍ਹਾਂ ਉਤੇ ਵਾਹਿਗੁਰੂ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ। ਨਾਨਕ ਨਦਰੀ ਨਦਰਿ ਨਿਹਾਲ ॥੩੮॥ ਹੇ ਨਾਨਕ! ਮਿਹਰਬਾਨ ਮਾਲਕ, ਆਪਣੀ ਮਿਹਰ ਦੀ ਨਿਗ੍ਹਾ ਨਾਲ ਉਨ੍ਹਾਂ ਨੂੰ ਅਨੰਦ ਪ੍ਰਸੰਨ ਕਰ ਦਿੰਦਾ ਹੈ। ਸਲੋਕੁ ॥ ਸਲੋਕ (ਅਖੀਰਲਾ ਉਪਦੇਸ)। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ, ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਅਤੇ ਦਿਨ ਤੇ ਰੈਣ ਦੋਨੋ, ਉਪ-ਪਿਤਾ ਤੇ ਉਪ-ਮਾਤਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ। ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਨੇਕੀਆਂ ਤੇ ਬਦੀਆਂ, ਧਰਮ ਰਾਜ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣਗੀਆਂ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਆਪੋ ਆਪਣੇ ਅਮਲਾਂ ਅਨੁਸਾਰ ਕਈ ਸੁਆਮੀ ਦੇ ਨਜ਼ਦੀਕ ਤੇ ਕਈ ਦੁਰੇਡੇ ਹੋਣਗੇ। ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਜਿਨ੍ਹਾਂ ਨੇ ਨਾਮ ਸਿਮਰਿਆ ਹੈ ਤੇ ਜੋ ਕਰੜੀ ਘਾਲ ਕਮਾ ਕੇ ਤੁਰੇ ਹਨ, ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ ਹੇ ਨਾਨਕ! ਉਨ੍ਹਾਂ ਦੇ ਚੇਹਰੇ ਰੋਸ਼ਨ ਹੋਣਗੇ, ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਖਲਾਸੀ ਪਾ ਜਾਣਗੇ। ਸੋ ਦਰੁ ਰਾਗੁ ਆਸਾ ਮਹਲਾ ੧ ਸੋ ਦਰ ਆਸਾ ਰਾਗ ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ। ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਉਹ ਤੇਰਾ ਦਰਵਾਜ਼ਾ ਕੇਹੋ ਜੇਹਾ ਹੈ ਅਤੇ ਉਹ ਮੰਦਰ ਕੈਸਾ ਹੈ, ਜਿਸ ਵਿੱਚ ਬੈਠ ਕੇ (ਤੂੰ) ਸਾਰਿਆਂ ਦੀ ਸੰਭਾਲ ਕਰਦਾ ਹੈ। (ਹੇ ਸਾਂਈਂ)! ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ ਬਹੁਤੀਆਂ ਕਿਸਮਾਂ ਦੇ ਤੇਰੇ ਅਣਗਿਣਤ ਸੰਗੀਤਕ ਸਾਜ਼ ਉਥੇ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਤੇਰੇ ਰਾਗ ਕਰਨ ਵਾਲੇ। ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ ਅਨੇਕਾਂ ਹਨ ਤੇਰੇ ਤਰਾਨੇ ਆਪਣੀਆਂ ਰਾਗਨੀਆਂ ਸਮੇਤ ਅਤੇ ਅਨੇਕਾਂ ਹੀ ਰਾਗੀ ਤੇਰਾ ਜਸ ਗਾਉਂਦੇ ਹਨ। ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ। ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥ ਚਿਤ੍ਰ ਗੁਪਤ (ਲਿਖਣ ਵਾਲੇ ਫ਼ਰਿਸ਼ਤੇ), ਜੋ ਲਿਖਣਾ ਜਾਣਦੇ ਹਨ, ਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮ ਰਾਜ ਨਿਆਇ ਕਰਦਾ ਹੈ, ਤੇਰਾ ਜਸ ਗਾਇਨ ਕਰਦੇ ਹਨ। ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ, ਮਹਾਂ ਦੇਉ, ਬਰ੍ਹਮਾ ਅਤੇ ਭਵਾਨੀ, ਤੈਨੂੰ ਗਾਇਨ ਕਰਦੇ ਹਨ। ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਆਪਣੇ ਤਖ਼ਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜ਼ੇ ਤੇ ਸੁਰਾਂ ਸਮੇਤ ਤੈਨੂੰ ਗਾਉਂਦਾ ਹੈ। ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥ ਆਪਣੀ ਧਿਆਨ ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿਬ-ਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ। copyright GurbaniShare.com all right reserved. Email:- |